Punjab
Screen Addiction: ਸਕਰੀਨ ਦੀ ਗੁਲਾਮੀ ਤੇ ਨਵੀਂ ਪੀੜ੍ਹੀ ਦੀ ਚੁਣੌਤੀ
Screen Addiction: ਅੱਜ ਸਾਡਾ ਦੇਸ਼ ਭਾਰਤ ਤੇਜ਼ੀ ਨਾਲ ਡਿਜ਼ੀਟਲੀਕਰਨ ਵੱਲ ਵਧ ਰਿਹਾ ਹੈ। ਇਸ ਬਦਲਾਅ ਵਿੱਚ ਸਮਾਰਟਫੋਨ, ਖਾਸ ਕਰਕੇ ਐਂਡਰਾਇਡ ਫੋਨ ਦਾ ਸਭ ਤੋਂ ਵੱਡਾ ਯੋਗਦਾਨ ਹੈ। ਵਿਸ਼ਵ ਪੱਧਰ ’ਤੇ ਐਂਡਰਾਇਡ ਵਰਤੋਂਕਾਰਾਂ ਦੀ ਗਿਣਤੀ ਲਗਭਗ 3.9 ਅਰਬ ਹੈ, ਜਦੋਂਕਿ ਭਾਰਤ ਵਿੱਚ ਸਾਲ 2025-26 ਦੇ ਅਨੁਮਾਨ ਅਨੁਸਾਰ ਕੁੱਲ ਸਮਾਰਟਫੋਨ ਵਰਤੋਂਕਾਰਾਂ ਦੀ ਗਿਣਤੀ ਲਗਭਗ 75 ਕਰੋੜ ਤੱਕ ਪਹੁੰਚ ਚੁੱਕੀ ਹੈ। ਇਨ੍ਹਾਂ ਵਿੱਚੋਂ ਲਗਭਗ 89 ਫੀਸਦੀ ਤੋਂ 90 ਫੀਸਦੀ ਸਮਾਰਟਫੋਨ ਐਂਡਰਾਇਡ ਆਧਾਰਿਤ ਹਨ। ਇਸ ਦਾ ਮਤਲਬ ਹੈ ਕਿ ਭਾਰਤ ਵਿੱਚ ਲਗਭਗ 65 ਤੋਂ 70 ਕਰੋੜ ਲੋਕ ਐਂਡਰਾਇਡ ਫੋਨ ਵਰਤ ਰਹੇ ਹਨ। ਸਿੱਧੇ ਸ਼ਬਦਾਂ ਵਿੱਚ ਆਖੀਏ ਤਾਂ ਹਰ 10 ਵਿੱਚੋਂ ਲਗਭਗ 9 ਜਣੇ ਐਂਡਰਾਇਡ ਫੋਨ ਦੀ ਵਰਤੋਂ ਕਰ ਰਹੇ ਹਨ। ਸਸਤੇ ਡਾਟਾ ਪਲਾਨ, ਕਿਫਾਇਤੀ ਸਮਾਰਟਫੋਨ ਅਤੇ ਡਿਜ਼ੀਟਲ ਸੇਵਾਵਾਂ ਦਾ ਵਿਸਥਾਰ ਇਸ ਤੇਜ਼ੀ ਦੇ ਮੁੱਖ ਕਾਰਨ ਹਨ।
ਇਹ ਖਬਰ ਵੀ ਪੜ੍ਹੋ : ਜਦੋਂ ਏਟੀਐੱਮ ਮਸ਼ੀਨ ਲੈ ਕੇ ਭੱਜੇ ਚੋਰ…
ਹਾਲਾਂਕਿ ਇਸ ਡਿਜ਼ੀਟਲ ਕ੍ਰਾਂਤੀ ਦਾ ਇੱਕ ਚਿੰਤਾਜਨਕ ਪਹਿਲੂ ਵੀ ਸਾਹਮਣੇ ਆ ਰਿਹਾ ਹੈ। ਇਹ ਹੈ ਮੋਬਾਇਲ ਅਤੇ ਸਕ੍ਰੀਨ ਦੀ ਵਧਦੀ ਆਦਤ, ਜਿਸ ਨੂੰ ਮਾਹਿਰਾਂ ਵੱਲੋਂ ‘ਡਿਜ਼ੀਟਲ ਜ਼ਹਿਰ’ ਕਿਹਾ ਜਾ ਰਿਹਾ ਹੈ। ਇਹ ਸਮੱਸਿਆ ਖਾਸ ਤੌਰ ’ਤੇ ਬੱਚਿਆਂ ਅਤੇ ਨਾਬਾਲਗਾਂ ਲਈ ਗੰਭੀਰ ਸਮਾਜਿਕ ਅਤੇ ਸਿਹਤ ਸੰਕਟ ਬਣਦੀ ਜਾ ਰਹੀ ਹੈ। ਅੰਕੜੇ ਇਸ ਸਮੱਸਿਆ ਦੀ ਭਿਆਨਕਤਾ ਨੂੰ ਸਪੱਸ਼ਟ ਕਰਦੇ ਹਨ। ਸਾਡੇ ਦੇਸ਼ ਵਿੱਚ 0 ਤੋਂ 5 ਸਾਲ ਦੇ ਬੱਚੇ ਰੋਜ਼ਾਨਾ ਔਸਤਨ 2.2 ਘੰਟੇ ਸਕ੍ਰੀਨ ’ਤੇ ਬਿਤਾਉਂਦੇ ਹਨ, ਜੋ ਵਿਸ਼ਵ ਸਿਹਤ ਸੰਸਥਾ ਵੱਲੋਂ ਨਿਰਧਾਰਤ ਸੁਰੱਖਿਅਤ ਹੱਦ ਤੋਂ ਲਗਭਗ ਦੁੱਗਣਾ ਹੈ। ਉੱਥੇ ਹੀ, 2 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਔਸਤਨ 1.2 ਘੰਟੇ ਸਕ੍ਰੀਨ ਦੇਖਦੇ ਹਨ।
ਜਦੋਂਕਿ ਉਨ੍ਹਾਂ ਲਈ ਸਕ੍ਰੀਨ ਟਾਈਮ ਸਿਫ਼ਰ ਹੋਣਾ ਚਾਹੀਦਾ ਹੈ। ਸਕੂਲ ਜਾਣ ਵਾਲੇ ਬੱਚਿਆਂ ਦੀ ਸਥਿਤੀ ਵੀ ਚਿੰਤਾਜਨਕ ਹੈ। ਇੱਕ ਅਧਿਐਨ ਅਨੁਸਾਰ 62 ਫੀਸਦੀ ਤੋਂ ਵੱਧ ਬੱਚਿਆਂ ਵਿੱਚ ਮੱਧਮ ਤੋਂ ਉੱਚ ਪੱਧਰ ਦੀ ਸਕ੍ਰੀਨ ਆਦਤ ਪਾਈ ਗਈ ਹੈ ਅਤੇ ਉਨ੍ਹਾਂ ਦਾ ਔਸਤ ਸਕ੍ਰੀਨ ਟਾਈਮ ਰੋਜ਼ਾਨਾ ਲਗਭਗ 4 ਘੰਟੇ ਹੈ। ਇੱਕ ਹੋਰ ਰਿਪੋਰਟ ਦੱਸਦੀ ਹੈ ਕਿ ਭਾਰਤ ਦੇ 74 ਫੀਸਦੀ ਵਿਦਿਆਰਥੀ ਰੋਜ਼ਾਨਾ 2 ਘੰਟੇ ਤੋਂ ਵੱਧ ਸਕ੍ਰੀਨ ਦੀ ਵਰਤੋਂ ਕਰਦੇ ਹਨ। ਇਨ੍ਹਾਂ ਵਿੱਚੋਂ 21 ਫੀਸਦੀ ਬੱਚੇ 4 ਘੰਟੇ ਤੋਂ ਵੀ ਵੱਧ ਸਮਾਂ ਮੋਬਾਇਲ, ਗੇਮਿੰਗ ਜਾਂ ਸੋਸ਼ਲ ਮੀਡੀਆ ’ਤੇ ਬਿਤਾਉਂਦੇ ਹਨ। ਲਗਭਗ 70 ਫੀਸਦੀ ਮਾਪੇ ਮੰਨਦੇ ਹਨ ਕਿ ਉਨ੍ਹਾਂ ਦੇ ਬੱਚੇ ਵੀਡੀਓ ਅਤੇ ਓਟੀਟੀ ਪਲੇਟਫਾਰਮਾਂ ਦੇ ਆਦੀ ਹੋ ਚੁੱਕੇ ਹਨ।
64 ਫੀਸਦੀ ਬੱਚੇ ਸੋਸ਼ਲ ਮੀਡੀਆ ਅਤੇ ਗੇਮਿੰਗ ਦੇ ਆਦੀ ਹਨ, ਜਦਕਿ ਸਿਰਫ਼ 20 ਫੀਸਦੀ ਬੱਚਿਆਂ ਵਿੱਚ ਕਿਸੇ ਤਰ੍ਹਾਂ ਦੀ ਡਿਜ਼ੀਟਲ ਆਦਤ ਨਹੀਂ ਪਾਈ ਗਈ। ਅੱਜ ਦੇ ਸਮੇਂ ਵਿੱਚ ਭਾਰਤ ਵਿੱਚ ਲਗਭਗ 90 ਫੀਸਦੀ ਨਾਬਾਲਗਾਂ ਕੋਲ ਸਮਾਰਟਫੋਨ ਦੀ ਪਹੁੰਚ ਹੈ ਅਤੇ 76 ਫੀਸਦੀ ਬੱਚੇ ਮਨੋਰੰਜਨ ਲਈ ਸੋਸ਼ਲ ਮੀਡੀਆ ਵਰਤਦੇ ਹਨ। ਆਰਥਿਕ ਸਰਵੇਖਣ 2025-26 ਨੇ ਵੀ ਡਿਜ਼ੀਟਲ ਆਦਤ ਨੂੰ ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਲਈ ਗੰਭੀਰ ਖ਼ਤਰਾ ਦੱਸਿਆ ਹੈ। ਇਹ ਉਨ੍ਹਾਂ ਦੀ ਪੜ੍ਹਾਈ, ਇਕਾਗਰਤਾ ਅਤੇ ਵਿਹਾਰ ’ਤੇ ਨਕਾਰਾਤਮਕ ਅਸਰ ਪਾ ਰਹੀ ਹੈ। ਇਸ ਡਿਜ਼ੀਟਲ ਆਦਤ ਦੇ ਮਾੜੇ ਨਤੀਜੇ ਵੀ ਸਪੱਸ਼ਟ ਤੌਰ ’ਤੇ ਸਾਹਮਣੇ ਆ ਰਹੇ ਹਨ।
ਧਿਆਨ ਵਿੱਚ ਕਮੀ, ਚਿੜਚਿੜਾਪਣ, ਨੀਂਦ ਦੀ ਸਮੱਸਿਆ, ਪੜ੍ਹਾਈ ਵਿੱਚ ਗਿਰਾਵਟ, ਸਮਾਜਿਕ ਦੂਰੀ, ਇਕੱਲਾਪਣ, ਮਾਨਸਿਕ ਤਣਾਅ ਅਤੇ ਉਦਾਸੀ ਵਰਗੀਆਂ ਸਮੱਸਿਆਵਾਂ ਤੇਜ਼ੀ ਨਾਲ ਵਧ ਰਹੀਆਂ ਹਨ। ਹਾਲ ਹੀ ਵਿੱਚ ਰਾਜ ਸਭਾ ਵਿੱਚ ਵੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ ਗਿਆ ਸੀ। ਉੱਥੇ ਦੱਸਿਆ ਗਿਆ ਕਿ ਕਈ ਬੱਚੇ ਰੋਜ਼ਾਨਾ 7 ਤੋਂ 8 ਘੰਟੇ ਮੋਬਾਇਲ ਸਕ੍ਰੀਨ ’ਤੇ ਬਿਤਾ ਰਹੇ ਹਨ। ਇਸ ਨਾਲ ਉਨ੍ਹਾਂ ਦੀ ਵਿੱਦਿਆ, ਸਮਾਜਿਕ ਜੀਵਨ ਤੇ ਨੀਂਦ ’ਤੇ ਡੂੰਘਾ ਨਕਾਰਾਤਮਕ ਅਸਰ ਪੈ ਰਿਹਾ ਹੈ। ਮਾਹਿਰਾਂ ਨੇ ਇਸ ਸਥਿਤੀ ਨੂੰ ‘ਡਿਜ਼ੀਟਲ ਗੁਲਾਮੀ’ ਤੱਕ ਕਿਹਾ ਹੈ, ਕਿਉਂਕਿ ਬੱਚੇ ਮੋਬਾਇਲ ਤੋਂ ਬਿਨਾਂ ਆਪਣੇ-ਆਪ ਨੂੰ ਅਸਹਿਜ਼ ਮਹਿਸੂਸ ਕਰਦੇ ਹਨ। Screen Addiction
ਸੋਸ਼ਲ ਮੀਡੀਆ ’ਤੇ ਲਾਈਕਸ ਤੇ ਕੁਮੈਂਟਸ ਦੀ ਦੌੜ ਬੱਚਿਆਂ ਵਿੱਚ ਹੀਣ ਭਾਵਨਾ, ਤਣਾਅ ਅਤੇ ਉਦਾਸੀ ਨੂੰ ਵਧਾ ਰਹੀ ਹੈ। ਆਨਲਾਈਨ ਬੁਲਿੰਗ ਵਰਗੀਆਂ ਸਮੱਸਿਆਵਾਂ ਵੀ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਹਾਲ ਹੀ ਵਿੱਚ ਇੱਕ ਅਮਰੀਕੀ ਅਦਾਲਤ ਨੇ ਵੀ ਮੰਨਿਆ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਵਰਤੋਂਕਾਰ ਵਾਰ-ਵਾਰ ਉਨ੍ਹਾਂ ਨੂੰ ਵਰਤਣ ਲਈ ਮਜ਼ਬੂਰ ਹੋਣ। ਇਸ ਨਾਲ ਆਦਤ ਦਾ ਰੁਝਾਨ ਵਧਦਾ ਹੈ। ਇਸ ਵਧਦੀ ਸਮੱਸਿਆ ਦੇ ਹੱਲ ਲਈ ਕਈ ਮਹੱਤਵਪੂਰਨ ਸੁਝਾਅ ਸਾਹਮਣੇ ਆਏ ਹਨ। ਰਾਜ ਸਭਾ ਵਿੱਚ ਰਾਸ਼ਟਰੀ ਪੱਧਰ ’ਤੇ ਨੀਤੀ ਬਣਾਉਣ, ਸਕੂਲਾਂ ਵਿੱਚ ‘ਡਿਜ਼ੀਟਲ ਹੈਲਥ’ ਨੂੰ ਕੋਰਸ ਵਿੱਚ ਸ਼ਾਮਲ ਕਰਨ ਤੇ ਸੋਸ਼ਲ ਮੀਡੀਆ ’ਤੇ ਗੇਮਿੰਗ ਕੰਪਨੀਆਂ ’ਤੇ ਸਖ਼ਤ ਨਿਯਮ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ। Screen Addiction
ਮਾਪਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬੱਚਿਆਂ ’ਤੇ ਸਿਰਫ਼ ਪਾਬੰਦੀਆਂ ਲਾਉਣ ਦੀ ਬਜਾਏ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ, ਉਨ੍ਹਾਂ ਨਾਲ ਸਮਾਂ ਬਿਤਾਉਣ ਅਤੇ ਉਨ੍ਹਾਂ ਨੂੰ ਖੇਡਾਂ ਤੇ ਰਚਨਾਤਮਕ ਗਤੀਵਿਧੀਆਂ ਵੱਲ ਪ੍ਰੇਰਿਤ ਕਰਨ। ਸਪੱਸ਼ਟ ਹੈ ਕਿ ਡਿਜ਼ੀਟਲ ਆਦਤ ਹੁਣ ਸਿਰਫ਼ ਇੱਕ ਆਦਤ ਨਹੀਂ ਰਹੀ, ਇਹ ਸਮਾਜ ਦੇ ਸਾਹਮਣੇ ਖੜ੍ਹੀ ਇੱਕ ਗੰਭੀਰ ਚੁਣੌਤੀ ਬਣ ਚੁੱਕੀ ਹੈ। ਸੋਸ਼ਲ ਮੀਡੀਆ ਅਤੇ ਡਿਜ਼ੀਟਲ ਮਾਧਿਅਮਾਂ ਨੇ ਜਿੱਥੇ ਪ੍ਰਗਟਾਵੇ ਅਤੇ ਜਾਣਕਾਰੀ ਦੇ ਨਵੇਂ ਦਰਵਾਜ਼ੇ ਖੋਲ੍ਹੇ ਹਨ, ਉੱਥੇ ਹੀ ਉਨ੍ਹਾਂ ਦੀ ਵਧੇਰੇ ਵਰਤੋਂ ਬੱਚਿਆਂ ਤੇ ਨਾਬਾਲਗਾਂ ਦੇ ਮਾਨਸਿਕ, ਸਰੀਰਕ ਤੇ ਸਮਾਜਿਕ ਵਿਕਾਸ ਨੂੰ ਪ੍ਰਭਾਵਿਤ ਕਰ ਰਹੀ ਹੈ। Screen Addiction
ਜੇਕਰ ਸਮੇਂ ਸਿਰ ਪ੍ਰਭਾਵਸ਼ਾਲੀ ਤੇ ਸੰਤੁਲਿਤ ਕਦਮ ਨਾ ਚੁੱਕੇ ਗਏ ਤਾਂ ਇਸ ਦਾ ਅਸਰ ਆਉਣ ਵਾਲੀਆਂ ਪੀੜ੍ਹੀਆਂ ’ਤੇ ਡੂੰਘਾ ਤੇ ਲੰਮੇ ਸਮੇਂ ਤੱਕ ਰਹਿਣ ਵਾਲਾ ਹੋਵੇਗਾ। ਸਰਕਾਰ, ਵਿੱਦਿਅਕ ਸੰਸਥਾਵਾਂ, ਮਾਪੇ ਅਤੇ ਸਮਾਜ ਸਭ ਨੂੰ ਮਿਲ ਕੇ ਜਾਗਰੂਕਤਾ, ਸੰਤੁਲਿਤ ਵਰਤੋਂ ਅਤੇ ਸਕਾਰਾਤਮਕ ਗੱਲਬਾਤ ਰਾਹੀਂ ਇਸ ਡਿਜ਼ੀਟਲ ਜ਼ਹਿਰ ਤੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਬਚਾਉਣ ਦੀ ਦਿਸ਼ਾ ਵਿੱਚ ਠੋਸ ਯਤਨ ਕਰਨੇ ਪੈਣਗੇ। ਇਹ ਸਿਰਫ਼ ਸਿਹਤ ਦਾ ਸਵਾਲ ਨਹੀਂ ਹੈ, ਸਗੋਂ ਭਵਿੱਖ ਦੀਆਂ ਪੀੜ੍ਹੀਆਂ ਦੇ ਸੰਪੂਰਨ ਵਿਕਾਸ ਦਾ ਮਸਲਾ ਹੈ।
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਸੁਨੀਲ ਕੁਮਾਰ ਮਹਿਲਾ
