Building Collapse: ਜੈੱਕਾਂ ਨਾਲ ਚੁੱਕਿਆ ਜਾ ਰਿਹਾ ਮਕਾਨ ਡਿੱਗਿਆ, 3 ਮਜ਼ਦੂਰਾਂ ਦੀ ਮੌਤ

Sach Kahoon Punjabi Desk Picture
Published On

ਜ਼ਿਲ੍ਹਾ ਬਰਨਾਲਾ ਦੇ ਪਿੰਡ ਫਰਵਾਹੀ ਵਿਖੇ ਵਾਪਰਿਆ ਭਿਆਨਕ ਹਾਦਸਾ

Building Collapse: (ਜਸਵੀਰ ਗਹਿਲ) ਬਰਨਾਲਾ। ਜ਼ਿਲ੍ਹਾ ਬਰਨਾਲਾ ਦੇ ਨਜ਼ਦੀਕੀ ਪਿੰਡ ਫਰਵਾਹੀ ਵਿਖੇ ਐਤਵਾਰ ਤੜਕਸਾਰ ਇੱਕ ਦਰਦਨਾਕ ਹਾਦਸਾ ਵਾਪਰਿਆ। ਜਿਸ ’ਚ ਜੈੱਕਾਂ ਦੀ ਮੱਦਦ ਨਾਲ ਉੱਚੇ ਚੁੱਕੇ ਜਾ ਰਹੇ ਮਕਾਨ ਹੇਠਾਂ ਸੁੱਤੇ ਪਏ 3 ਮਜ਼ਦੂਰਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪ੍ਰਸ਼ਾਸਨ ਤੇ ਸਥਾਨਕ ਲੋਕਾਂ ਦੁਆਰਾ ਮਲਬੇ ਨੂੰ ਹਟਾਉਣ ਦਾ ਕੰਮ ਆਰੰਭ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਪਿੰਡ ਫਰਵਾਹੀ ਦੇ ਨਿਵਾਸੀ ਵਿਸ਼ਾਲ ਪੁੱਤਰ ਸਵ. ਜੀਵਨ ਕੁਮਾਰ ਦੇ ਮਕਾਨ ਦੀਆਂ ਕੰਧਾਂ ਸੀਵਰੇਜ਼ ਦਾ ਪਾਣੀ ਪੈਣ ਕਾਰਨ ਇੱਕ ਪਾਸੇ ਤੋਂ ਬੈਠ ਗਈਆਂ ਸਨ। ਇਸ ਦੀ ਉਨ੍ਹਾਂ ਵੱਲੋਂ ਮੁਰੰਮਤ ਵਜੋਂ ਮੋਗਾ ਦੇ ਰਣਜੀਤ ਠੇਕੇਦਾਰ ਪਾਸੋਂ ਜੈੱਕ ਲਗਾ ਕੇ ਘਰ ਨੂੰ ਉੱਚਾ ਚੁਕਵਾਏ ਜਾਣ ਦਾ ਕੰਮ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਸੀ। ਐਤਵਾਰ ਸਵੇਰੇ ਕਰੀਬ 4 ਕੁ ਵਜੇ ਜਦੋਂ ਮਕਾਨ ਅੰਦਰ ਚਾਰ ਮਜ਼ਦੂਰ ਸੁੱਤੇ ਹੋਏ ਸਨ ਤਾਂ ਅਚਾਨਕ ਇੱਕ ਪਾਸੇ ਦੀ ਕੰਧ ਝੁਕਣ ਕਾਰਨ ਪੂਰਾ ਲੈਂਟਰ ਤੇ ਇਮਾਰਤ ਉਨ੍ਹਾਂ ਦੇ ਉੱਪਰ ਆ ਡਿੱਗੀ। ਇਸ ਤੋਂ ਪਹਿਲਾਂ ਕਿ ਸੁੱਤੇ ਪਏ ਮਜ਼ਦੂਰ ਬਾਹਰ ਨਿੱਕਲਦੇ ਕੁੱਝ ਮਿੰਟਾਂ ’ਚ ਪੂਰਾ ਮਕਾਨ ਅਚਾਨਕ ਢਹਿ ਢੇਰੀ ਹੋ ਗਿਆ। ਮਕਾਨ ਦੇ ਡਿੱਗਣ ਦੀ ਅਵਾਜ਼ ਇੰਨੀ ਜ਼ਿਆਦਾ ਸੀ ਕਿ ਵੱਡੀ ਗਿਣਤੀ ਪਿੰਡ ਵਾਸੀ ਆਪ- ਮੁਹਾਰੇ ਹੀ ਘਟਨਾ ਸਥਾਨ ’ਤੇ ਪੁੱਜ ਗਏ। ਜਦੋਂ ਕਿ ਤੁਰੰਤ ਮੱਦਦ ਦੇ ਮੱਦੇਨਜ਼ਰ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਸਮੈਂਟ ਕਰਵਾਈ ਗਈ ਤੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ: Road Accident: ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਦੋ ਨੌਜਵਾਨਾਂ ਦੀ ਮੌਤ, ਤਿੰਨ ਔਰਤਾਂ ਸਮੇਤ ਛੇ ਜ਼ਖਮੀ

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਡਿਊਟੀ ਅਫ਼ਸਰ ਕੁਲਵੰਤ ਸਿੰਘ ਪੁਲਿਸ ਪਾਰਟੀ ਸਣੇ ਮੌਕੇ ’ਤੇ ਪਹੁੰਚੇ ਤੇ ਜੇਸੀਬੀ ਮਸ਼ੀਨਾਂ ਤੇ ਸਥਾਨਕ ਲੋਕਾਂ ਦੀ ਮੱਦਦ ਨਾਲ ਰਾਹਤ ਕਾਰਜ ਸ਼ੁਰੂ ਕੀਤੇ ਗਏ। ਭਾਰੀ ਮੁਸ਼ੱਕਤ ਨਾਲ ਤਿੰਨ ਮਜ਼ਦੂਰਾਂ ਨੂੰ ਕੱਢ ਕੇ ਬੇਹੋਸ਼ੀ ਦੀ ਹਾਲਤ ਵਿੱਚ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਪਰ ਹਾਲੇ ਵੀ ਮਲਬੇ ਹੇਠੋਂ ਮੱਦਦ ਲਈ ਦੀਆਂ ਅਵਾਜ਼ਾਂ ਆ ਰਹੀਆਂ ਸਨ। ਜਿਸ ਕਰਕੇ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਗਈ। ਉੱਧਰ ਹਸਪਤਾਲ ਪਹੁੰਚਾਏ ਗਏ ਤਿੰਨੋਂ ਮਜ਼ਦੂਰਾਂ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਿੰਨ੍ਹਾਂ ਦੀ ਪਛਾਣ ਬੋਬੀ ਸਿੰਘ, ਪ੍ਰਿੰਸ ਤੇ ਗੁਰਜੀਤ ਸਿੰਘ ਵਾਸੀਆਨ ਮੋਗਾ ਵਜੋਂ ਹੋਈ ਹੈ। ਖ਼ਬਰ ਲਿਖੇ ਜਾਣ ਤੱਕ ਚੌਥੇ ਮਜ਼ਦੂਰ ਦੀ ਭਾਲ ਲਈ ਮਲਬੇ ਨੂੰ ਹਟਾਉਣ ਦਾ ਕੰਮ ਲਗਾਤਾਰ ਜਾਰੀ ਸੀ।

ਜਾਣਕਾਰੀ ਅਨੁਸਾਰ ਮਕਾਨ ਨੂੰ ਚੁੱਕਣ ਲਈ ਕੁੱਲ ਚਾਰ ਮਜ਼ਦੂਰ ਕੰਮ ਕਰ ਰਹੇ ਸਨ, ਜਿੰਨ੍ਹਾਂ ਵਿੱਚ ਇੱਕ ਮਜ਼ਦੂਰ ਖੁਸ਼ਕਿਸਮਤੀ ਨਾਲ ਹਾਦਸੇ ਤੋਂ ਪਹਿਲੀ ਸ਼ਾਮ ਘਰ ਚਲਾ ਗਿਆ ਸੀ, ਜਿਸ ਸਦਕਾ ਉਸਦੀ ਜਾਨ ਬਚ ਗਈ। ਉਪ ਕਪਤਾਨ ਪੁਲਿਸ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਮਕਾਨ ਦੀ ਹਾਲਤ ਖਸਤਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਤਿੰਨ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

About The Author

Related Posts