ਨੌਜਵਾਨਾਂ ਦਾ ਜੋਸ਼ ਤੇ ਬਜ਼ੁਰਗਾਂ ਦਾ ਹੋਸ਼ ਸਮਾਜ ਦੀ ਤਰੱਕੀ ਲਈ ਜ਼ਰੂਰੀ

Youth, Consciousness, Elders, Essential, Progress, Society

ਮਨਪ੍ਰੀਤ ਸਿੰਘ ਮੰਨਾ

ਸਮਾਜ ਦੀ ਤਰੱਕੀ ਲਈ ਨੌਜਵਾਨ ਵਰਗ ਦਾ ਜੋਸ਼ ਅਤੇ ਬਜ਼ੁਰਗਾਂ ਦਾ ਹੋਸ਼ ਬਹੁਤ ਜਰੂਰੀ ਹੁੰਦਾ ਹੈ। ਜੋਸ਼ ਤੇ ਹੋਸ਼ ‘ਕੱਲੇ-‘ਕੱਲੇ ਕੁਝ ਵੀ ਨਹੀਂ ਹਨ। ਇਨ੍ਹਾਂ ਦੋਹਾਂ ਦੀ ਆਪਣੇ-ਆਪਣੇ ਪੱਧਰ ‘ਤੇ ਆਪਣੀ ਭੁਮਿਕਾ ਹੈ ਆਪਣਾ-ਆਪਣਾ ਯੋਗਦਾਨ ਹੈ। ਇਨ੍ਹਾਂ ਦੇ ਆਪਸੀ ਤਾਲਮੇਲ ਦੇ ਘਟਣ ਦੇ ਪਿੱਛੇ ਕਈ ਕਾਰਨ ਅਹਿਮ ਹਨ, ਜਿਨ੍ਹਾਂ ਕਾਰਨ ਨੌਜਵਾਨਾਂ ਦਾ ਹੋਸ਼ ਜਿਸ ਪਾਸੇ ਲੱਗਣਾ ਚਾਹੀਦਾ ਸੀ ਉਸ ਪਾਸੇ ਨਾ ਲੱੱਗ ਕੇ ਸਮਾਜਿਕ ਬੁਰਾਈਆਂ ਵੱਲ ਨੂੰ ਦੌੜ ਰਿਹਾ ਹੈ। ਬਜ਼ੁਰਗਾਂ ਦੇ ਤਜ਼ਰਬਿਆਂ ਤੋਂ ਕੋਈ ਕੁਝ ਸਿੱਖਣਾ ਹੀ ਨਹੀਂ ਚਾਹੁੰਦਾ, ਜਿਸ ਕਾਰਨ ਨੌਜਵਾਨਾਂ ਦਾ ਜੋਸ਼ ਤੇ ਬਜ਼ੁਰਗਾਂ ਦੇ ਹੋਸ਼ ਦਾ ਤਾਲਮੇਲ ਨਾ ਦੇ ਬਰਾਬਰ ਹੀ ਦਿਖਾਈ ਦੇ ਰਿਹਾ ਹੈ।

ਬੇਰੁਜ਼ਗਾਰੀ ਤੇ ਨਸ਼ਿਆਂ ਨੇ ਨੌਜਵਾਨਾਂ ਦਾ ਜੋਸ਼ ਕੀਤਾ ਠੰਢਾ:

ਆਮ ਹੀ ਸਿਆਣਿਆਂ ਦੀ ਇੱਕ ਗੱਲ ਸੁਣਨ ਨੂੰ ਮਿਲਦੀ ਹੈ ਕਿ ਬਚਪਨ ਤਾਂ ਹੱਸ-ਖੇਡ ਕੇ ਲੰਘ ਜਾਂਦਾ ਹੈ ਪਰ ਜਵਾਨੀ ਵਿਚ ਨੌਜਵਾਨਾਂ ਨੂੰ ਜੇਕਰ ਸਹੀ ਰਸਤਾ ਨਾ ਮਿਲੇ ਤਾਂ ਨੌਜਵਾਨਾਂ ਦਾ ਜੋਸ਼ ਗਲਤ ਪਾਸੇ ਲੱਗ ਜਾਂਦਾ ਹੈ, ਉਸਦਾ ਸਹੀ ਪ੍ਰਯੋਗ ਨਹੀਂ ਹੁੰਦਾ। ਇਸ ਲਈ ਇਸ ਸਮੇਂ ਦੋ ਮੁੱਖ ਕਾਰਨ ਸਾਹਮਣੇ ਆ ਰਹੇ ਹਨ। ਪਹਿਲਾ ਕਾਰਨ ਇਸਦੇ ਪਿੱਛੇ ਬੇਰੁਜ਼ਗਾਰੀ ਦੇਖਣ ਨੂੰ ਮਿਲ ਰਹੀ ਹੈ। ਜਦੋਂ ਬੱਚਾ ਸਕੂਲਾਂ ਤੇ ਕਾਲਜਾਂ ‘ਚੋਂ ਪੜ੍ਹਾਈ ਪੂਰੀ ਕਰਕੇ ਨਿੱਕਲਦਾ ਹੈ ਤਾਂ ਉਹ ਚਾਹੁੰਦਾ ਹੈ ਕਿ ਉਹ ਕਿਸੇ ਕੰਮ-ਕਾਰ ‘ਤੇ ਲੱਗੇ ਤੇ ਦੇਸ਼ ਦੀ ਤਰੱਕੀ ਲਈ ਦੇ ਨਾਲ-ਨਾਲ ਆਪਣੇ ਪਰਿਵਾਰ ਦਾ ਸਹਾਰਾ ਬਣ ਸਕੇ ਪਰ ਹੁੰਦਾ ਕੀ ਹੈ, ਨੌਕਰੀ ਨਹੀਂ ਮਿਲਦੀ, ਜਿਸਦੇ ਚਲਦੇ ਨੌਜਵਾਨਾਂ ਦਾ ਜੋਸ਼ ਠੰਢਾ ਪੈ ਜਾਂਦਾ ਹੈ ਜੇਕਰ ਨੌਜਵਾਨਾਂ ਨੂੰ ਨੌਕਰੀ ਮਿਲੇ ਤਾਂ ਉਹ ਪੂਰੀ ਮਿਹਨਤ ਤੇ ਪੂਰੇ ਜੋਸ਼ ਨਾਲ ਆਪਣਾ ਕੰਮ ਕਰਕੇ ਜਿੱਥੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕਦਾ ਹੈ, Àੁੱਥੇ ਹੀ ਉਹ ਦੇਸ਼ ਦੇ ਵਿਕਾਸ ਵਿਚ ਕੁਝ ਯੋਗਦਾਨ ਦੇਣ ਵਿਚ ਸਮੱਰਥ ਹੋ ਸਕਦਾ ਹੈ। ਦੂਸਰਾ ਵੱਡਾ ਕਾਰਨ ਨਸ਼ੇ ਹਨ, ਜੋ ਇਸ ਵੇਲੇ ਪੂਰੇ ਦੇਸ਼ ਨੂੰ ਆਪਣੀ ਚਪੇਟ ਵਿਚ ਲੈ ਕੇ ਨੌਜਵਾਨੀ ਨੂੰ ਖਤਮ ਕਰਨ ‘ਤੇ ਤੁਲੇ ਹੋਏ ਹਨ। ਬੇਰੁਜ਼ਗਾਰੀ ਕਾਰਨ ਨੌਜਵਾਨ ਆਪਣੇ ਸਹੀ ਰਸਤੇ ਤੋਂ ਭਟਕ ਕੇ ਨਸ਼ਿਆਂ ਵਰਗੇ ਗਲਤ ਰਸਤੇ ‘ਤੇ ਪੈਰ ਧਰ ਲੈਂਦਾ ਹੈ ਅਤੇ ਇਹ ਜਿੰਦਗੀ ਦੀ ਸਭ ਤੋਂ ਵੱਡੀ ਸੱਚਾਈ ਹੈ ਕਿ ਗਲਤ ਕੰਮ ਦਾ ਗਲਤ ਨਤੀਜਾ। ਜਦੋਂ ਨੌਜਵਾਨ ਪੀੜ੍ਹੀ ਗਲਤ ਰਸਤੇ ‘ਤੇ ਚੱਲ ਪੈਂਦੀ ਹੈ, ਫਿਰ ਉਸਦੇ ਨਤੀਜੇ ਵੀ ਤਾਂ ਗਲਤ ਹੀ ਸਾਹਮਣੇ ਆਉਂਦੇ ਹਨ। ਇਸਦੀ ਗਵਾਹੀ ਅਖਬਾਰਾਂ ਦੀਆਂ ਖਬਰਾਂ ਅਤੇ ਚੈਨਲਜ਼ ਭਰਦੇ ਹਨ, ਜਿੱਥੇ ਓਵਰ ਡੋਜ਼ ਨਾਲ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਜਿਸ ਵਿਚ ਜਿਆਦਾਤਰ ਮਰਨ ਵਾਲੇ ਨੌਜਵਾਨਾਂ ਦੀ ਉਮਰ 18 ਤੋਂ ਲੈ ਕੇ 25-26 ਸਾਲ ਦੇ ਵਿਚਕਾਰ ਹੁੰਦੀ ਹੈ ਇਹੀ ਉਮਰ ਆਪਣੇ, ਆਪਣੇ ਪਰਿਵਾਰ ਅਤੇ ਦੇਸ਼ ਦੇ ਲੇਖੇ ਲਾਉਣ ਦੀ ਹੁੰਦੀ ਹੈ, ਜਿਸ ਵਿਚ ਨੌਜਵਾਨ ਗਲਤ ਰਸਤਾ ਚੁਣ ਕੇ ਆਪਣੀ ਵੱਡਮੁੱਲੀ ਨੌਜਵਾਨੀਂ ਨੂੰ ਖਤਮ ਕਰ ਲੈਂਦੇ ਹਨ।

ਬਜ਼ੁਰਗਾਂ ਦੀ ਕੋਈ ਸੁਣਨ ਨੂੰ ਹੀ ਤਿਆਰ ਨਹੀਂ:

ਅਕਸਰ ਹੀ ਇਕ ਗੱਲ ਸੁਣਨ ਨੂੰ ਮਿਲਦੀ ਹੈ ਕਿ ਜਿਸ ਘਰ ਦੇ ਵਿਚ ਬਜ਼ੁਰਗਾਂ ਦਾ ਸਤਿਕਾਰ ਨਹੀਂ ਹੁੰਦਾ ਉਸ ਘਰ ਦੀ ਤਰੱਕੀ ਹੋਣਾ ਤਾਂ ਦੂਰ ਉਸ ਘਰ ਨਾਲ ਪਰਮਾਤਮਾ ਨਰਾਜ਼ ਹੋ ਜਾਂਦਾ ਹੈ ਤੇ ਉਸ ਘਰ ਦੇ ਹਾਲਾਤ ਦਿਨ-ਪ੍ਰਤੀਦਿਨ ਡਿੱਗਦੇ-ਡਿੱਗਦੇ ਇੰਨੇ ਡਿੱਗ ਜਾਂਦੇ ਹਨ ਕਿ ਇੱਕ ਦਿਨ ਉਸ ਘਰ ਵਿਚ ਰੋਟੀ ਦੇ ਵੀ ਲਾਲੇ ਪੈ ਜਾਂਦੇ ਹਨ। ਇਸ ਦੇ ਕਈ ਉਦਾਹਰਨ ਹਨ, ਪਹਿਲਾ ਉਦਾਹਰਨ ਜੋ ਕਿ ਸਭ ਤੋਂ ਵੱਡਾ ਦੇਖਣ ਨੂੰ ਮਿਲ ਰਿਹਾ ਹੈ ਬਜ਼ੁਰਗਾਂ ਨੂੰ ਬਣਦਾ ਮਾਣ-ਸਨਮਾਨ ਨਾ ਦੇਣ ਦਾ, ਜੋ ਅੱਜ-ਕੱਲ੍ਹ ਬਿਰਧ ਆਸ਼ਰਮ ਅਤੇ ਹੋਰਨਾਂ ਸਮਾਜ ਸੇਵੀ ਸੰਗਠਨਾਂ ਵੱਲੋਂ ਖੋਲ੍ਹੇ ਗਏ ਆਸ਼ਰਮਾਂ ਵਿਚ ਬਜ਼ੁਰਗਾਂ ਦੀ ਗਿਣਤੀ ਵਿਚ ਵਾਧਾ ਹੋਣਾ ਹੈ। ਜ਼ਮੀਨ-ਜਾਇਦਾਦ ਦੀ ਭੁੱਖ ਕਹਿ ਲਓ, ਪੈਸੇ ਦੀ ਦੌੜ ਕਹਿ ਲਓ ਜਾਂ ਸੰਸਕਾਰਾਂ ਨੂੰ ਨਜ਼ਰ ਲੱਗਣਾ ਇਸਦਾ ਮੁੱਖ ਕਾਰਨ ਮੰਨਿਆ ਜਾ ਸਕਦਾ ਹੈ। ਇਸ ਤੋਂ ਬਾਅਦ ਲੋਕਾਂ ਦਾ ਪਿੰਡਾਂ ਨੂੰ ਛੱਡ ਕੇ, ਜ਼ਮੀਨਾਂ ਵੇਚ-ਵਚਾ ਕੇ ਸ਼ਹਿਰਾਂ ਵਿਚ ਆ ਕੇ ਵੱਡੀਆਂ-ਵੱਡੀਆਂ ਕੋਠੀਆਂ ਪਾਉਣਾ ਵੀ ਇੱਕ ਕਾਰਨ ਸਾਹਮਣੇ ਆਉਂਦਾ ਹੈ। ਲੋਕਾਂ ਦੀਆਂ ਕੋਠੀਆਂ ਵਿਚ ਹਰੇਕ ਚੀਜ਼ ਲਈ ਅਲੱਗ-ਅਲੱਗ ਕਮਰਿਆਂ ਦਾ ਨਿਰਮਾਣ ਕੀਤਾ ਜਾਂਦਾ ਹੈ ਪਰ ਉੱਥੇ ਅਜਿਹਾ ਕੋਈ ਕਮਰਾ ਨਹੀਂ ਹੁੰਦਾ ਜੋ ਬਜ਼ੁਰਗਾਂ ਨੂੰ ਰਹਿਣ ਲਈ ਦਿੱਤਾ ਹੋਵੇ ਜੇਕਰ ਕੋਈ ਕਮਰਾ ਹੁੰਦਾ ਵੀ ਤਾਂ ਬਜ਼ੁਰਗਾਂ ਦਾ ਰਹਿਣਾ ਉੱਥੇ ਬਹੁਤ ਮੁਸ਼ਕਲ ਹੁੰਦਾ ਹੈ ਕਿਉਂਕਿ ਸਾਰੀ ਉਮਰ ਦਾ ਪਿੰਡਾਂ ਦੇ ਖੁੱਲ੍ਹੇ-ਡੁੱਲੇ ਮਾਹੌਲਾਂ ਵਿਚ ਕੱਟੀ ਹੁੰਦੀ ਹੈ ਫਿਰ ਸ਼ਹਿਰਾਂ ਦੇ ਘੁਟਵੇਂ ਮਾਹੌਲ ‘ਚ ਉਨ੍ਹਾਂ ਦਾ ਰਹਿਣਾ ਬਹੁਤ ਮੁਸ਼ਕਲ ਹੁੰਦਾ ਹੈ। ਤੀਸਰਾ ਕਾਰਨ ਜੋ ਸਭ ਤੋਂ ਅਹਿਮ ਮੰਨਿਆ ਜਾ ਸਕਦਾ ਹੈ ਕਿ ਸਮੇਂ ਦੀ ਕਮੀ। ਅੱਜ-ਕੱਲ੍ਹ ਲੋਕਾਂ ਨੇ ਕੰਮ ਹੀ ਇੰਨੇ ਜਿਆਦਾ ਵਧਾ ਲਏ ਹਨ ਕਿ ਉਨ੍ਹਾਂ ਕੋਲ ਬਜ਼ੁਰਗਾਂ ਕੋਲ ਬੈਠਣ ਦਾ ਸਮਾਂ ਹੀ ਨਹੀਂ ਹੈ। ਜੇਕਰ ਮੌਜੂਦਾ ਪੀੜ੍ਹੀ ਹੀ ਬਜ਼ੁਰਗਾਂ ਕੋਲ ਨਹੀਂ ਬੈਠੇਗੀ ਤਾਂ ਆਉਣ ਵਾਲੀ ਪੀੜ੍ਹੀ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਹੁਣ ਵੀ ਸਮਾਂ ਹੈ ਸੰਭਲੋ! ਉਕਤ ਸਮੱਸਿਆ ਨੇ ਇਸ ਵੇਲੇ ਕਾਫੀ ਗੰਭੀਰ ਰੂਪ ਧਾਰਨ ਕਰ ਲਿਆ ਹੈ, ਜਿਸਦੇ ਨਤੀਜੇ ਦੇਖਣ ਨੂੰ ਮਿਲ ਹੀ ਜਾਂਦੇ ਹਨ। ਫਿਰ ਵੀ ਹਾਲੇ ਵੀ ਸਮਾਂ ਹੈ, ਨੌਜਵਾਨ ਪੀੜ੍ਹੀ ਨੂੰ ਸੰਭਲਣਾ ਹੋਵੇਗਾ।

ਰਲ-ਮਿਲ ਕੇ ਇਸਦਾ ਹੱਲ ਕੱਢਣਾ ਬਹੁਤ ਹੀ ਜਰੂਰੀ:

ਹੁਣ ਤੋਂ ਹੀ ਇਸ ਸਮੱਸਿਆ ਦਾ ਹੱਲ ਕਿਸ ਤਰੀਕੇ ਨਾਲ ਹੋ ਸਕਦਾ ਹੈ, ਬਾਰੇ ਸਾਰਿਆਂ ਨੂੰ ਪਤਾ ਹੈ ਇਸ ‘ਤੇ ਹੁਣ ਤੋਂ ਹੀ ਕੰਮ ਕਰਨਾ ਸ਼ੁਰੂ ਕਰਨਾ ਪਵੇਗਾ ਤਾਂ ਜਾ ਕੇ ਜੋ ਇਹ ਦਰਾਰ ਦਿਨ-ਪ੍ਰਤੀਦਿਨ ਵਧਦੀ ਜਾ ਰਹੀ ਹੈ, ਨੂੰ ਪੂਰਿਆ ਜਾ ਸਕਦਾ ਹੈ।

ਵਾਰਡ ਨੰਬਰ 5, ਗੜਦੀਵਾਲਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।