ਨਰਮੇ ਦੀ ਫਰਸ਼ੀ ਕੰਡੇ ‘ਤੇ ਤੁਲਾਈ ਕਰਨ ‘ਤੇ ਭੜਕੀ ਮਜ਼ਦੂਰ ਯੂਨੀਅਨ

ਯੂਨੀਅਨ ਵੱਲੋਂ ਧਰਨਾ ਲਗਾ ਕੇ ਸਰਕਾਰੀ ਖ੍ਰੀਦ ਏਜੰਸੀ ਤੇ ਕਾਟਨ ਫੈਕਟਰੀ ਮਾਲਕਾਂ ਵਿਰੁੱਧ ਕੀਤੀ ਨਾਅਰੇਬਾਜ਼ੀ

ਸੰਗਤ ਮੰਡੀ, (ਮਨਜੀਤ ਨਰੂਆਣਾ) ਨਰਮੇ ਦੀ ਫਰਸ਼ੀ ਕੰਡੇ ‘ਤੇ ਤੁਲਾਈ ਕਰਨ ਦੇ ਵਿਰੋਧ ‘ਚ ਤੋਲਾ ਵੈਲਫੇਅਰ ਸੋਸਾਇਟੀ ਮਜ਼ਦੂਰ ਯੂਨੀਅਨ ਵੱਲੋਂ ਪ੍ਰਧਾਨ ਦੇਵ ਰਾਜ ਦੀ ਅਗਵਾਈ ਹੇਠ ਖ੍ਰੀਦ ਕੇਂਦਰ ਦੇ ਸੈੱਡ ਥੱਲੇ ਧਰਨਾ ਲਗਾ ਕੇ ਸਰਕਾਰੀ ਖ੍ਰੀਦ ਏਜੰਸੀ ਤੇ ਕਾਟਨ ਫੈਕਟਰੀ ਮਾਲਕਾਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਮਜ਼ਦੂਰਾਂ ਵੱਲੋਂ ਚੇਤਾਵਨੀ ਭਰੇ ਲਹਿਜੇ ‘ਚ ਕਿਹਾ ਗਿਆ ਕਿ ਜੇਕਰ ਨਰਮੇ ਦੀ ਤੁਲਾਈ ਨੂੰ ਵੱਟਿਆਂ ਵਾਲੇ ਕੰਡੇ ਨਾਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ।

ਯੂਨੀਅਨ ਦੇ ਪ੍ਰਧਾਨ ਦੇਵ ਰਾਜ ਨੇ ਦੱਸਿਆ ਕਿ ਸਰਕਾਰੀ ਖ੍ਰੀਦ ਏਜੰਸੀ ਵੱਲੋਂ ਕਾਟਨ ਫੈਕਟਰੀ ਮਾਲਕਾਂ ਨਾਲ ਮਿਲੀਭੁਗਤ ਕਰਦਿਆਂ ਨਰਮੇ ਦੀ ਖ੍ਰੀਦ ਕਰਕੇ ਉਸ ਦੀ ਤੁਲਾਈ ਵੱਟਿਆਂ ਵਾਲੇ ਕੰਡੇ ਨਾਲ ਕਰਨ ਦੀ ਬਜਾਏ ਸਿੱਧੀ ਕੰਪਿਊਟਰ ਕੰਡੇ ਨਾਲ ਕੀਤੀ ਜਾ ਰਹੀ ਹੈ ਜਿਸ ਕਾਰਨ ਸੈਂਕੜੇ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰ ਕੰਮ ਤੋਂ ਵਿਹਲੇ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਦਾ ਕੰਮ ਕੋਰੋਨਾ ਮਹਾਂਮਾਰੀ ਕਾਰਨ ਪ੍ਰਭਾਵਿਤ ਹੁੰਦਾ ਰਿਹਾ ਸੀ, ਜੇਕਰ ਹੁਣ ਨਰਮੇ ਦਾ ਸੀਜਨ ਆਇਆ ਤਾਂ ਸਰਕਾਰੀ ਖ੍ਰੀਦ ਏਜੰਸੀ ਵੱਲੋਂ ਉਨ੍ਹਾਂ ਨੂੰ ਕੰਮ ਦੇਣ ਦੀ ਬਜਾਏ ਨਰਮੇ ਦੀ ਤੁਲਾਈ ਸਿੱਧੀ ਕੰਪਿਊਟਰ ਕੰਡੇ ਨਾਲ ਕਰਨੀ ਸ਼ੁਰੂ ਕਰ ਦਿੱਤੀ।

ਉਨ੍ਹਾਂ ਦੱਸਿਆ ਕਿ ਸੀਜਨ ਤੋਂ ਪਹਿਲਾਂ ਵੱਟਿਆਂ ਉਪਰ ਸਰਕਾਰੀ ਮੋਹਰ ਲਗਾ ਕੇ ਉਨ੍ਹਾਂ ਨੂੰ ਸਹੀ ਕੀਤਾ ਜਾਂਦਾ ਹੈ ਜਦਕਿ ਕੰਪਿਊਟਰ ਕੰਡੇ ਦੇ ਤੋਲ ‘ਚ ਫਰਕ ਪੈਣ ‘ਤੇ ਕਿਸਾਨ ਨੂੰ ਚੂਨਾ ਲੱਗ ਸਕਦਾ ਹੈ ਉਨ੍ਹਾਂ ਚੇਤਵਾਨੀ ਭਰੇ ਲਹਿਜੇ ‘ਚ ਕਿਹਾ ਕਿ ਜੇਕਰ ਸਰਕਾਰੀ ਖ੍ਰੀਦ ਏਜੰਸੀ ਵੱਲੋਂ ਨਰਮੇ ਦੀ ਤੁਲਾਈ ਕੰਪਿਊਟਰ ਕੰਡੇ ਨਾਲ ਜਾਰੀ ਰੱਖੀ ਗਈ ਤਾਂ ਯੂਨੀਅਨ ਵੱਲੋਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਸਰਕਾਰ ਅਤੇ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਦੇਵ ਰਾਜ, ਸਕੱਤਰ ਰਾਮ ਨਾਥ, ਜਗਸੀਰ ਸਿੰਘ, ਗੁਰਮੇਲ ਸਿੰਘ, ਕਰਮ ਸਿੰਘ ਤੇ ਸੁਰਿੰਦਰ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ‘ਚ ਮਜ਼ਦੂਰ ਮੌਜੂਦ ਸਨ।

ਵੱਟਿਆਂ ਨਾਲ ਤੁਲਾਈ ‘ਤੇ ਲੱਗਦਾ ਹੈ ਜ਼ਿਆਦਾ ਸਮਾਂ : ਅਧਿਕਾਰੀ

ਜਦ ਇਸ ਪੂਰੇ ਮਾਮਲੇ ਸਬੰਧੀ ਸਰਕਾਰੀ ਖ੍ਰੀਦ ਏਂਜਸੀ ਸੀ.ਸੀ.ਆਈ ਦੇ ਇੰਸਪੈਕਟਰ ਬੀ.ਐੱਨ ਤਿੜਾੜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜੇਕਰ ਉਹ ਨਰਮੇ ਦੀ ਮੰਡੀ ‘ਚ ਪਈ ਖੁੱਲ੍ਹੀ ਢੇਰੀ ਦੀ ਖ੍ਰੀਦ ਕਰਦੇ ਹਨ ਤਾਂ ਉਸ ਦੀ ਤੁਲਾਈ ਕਰਨ ‘ਤੇ ਬਹੁਤ ਜਿਆਦਾ ਸਮਾਂ ਲੱਗਦਾ ਹੈ ਉਨ੍ਹਾਂ ਵੱਲੋਂ ਨਰਮੇ ਦੀ ਖ੍ਰੀਦ ਕਰਕੇ ਸਾਰਾ ਰਿਕਾਰਡ ਬਠਿੰਡਾ ਭੇਜਣਾ ਹੁੰਦਾ ਹੈ ਉਸ ਤੋਂ ਬਾਅਦ ਹੀ ਕਿਸਾਨ ਨੂੰ ਨਰਮੇ ਦੇ ਪੈਸੇ ਮਿਲਦੇ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਜਲਦੀ ਭੁਗਤਾਨ ਲਈ ਕੰਪਿਊਟਰ ਕੰਡੇ ਨਾਲ ਨਰਮੇ ਦੀ ਤੁਲਾਈ ਕੀਤੀ ਜਾਂਦੀ ਹੈ, ਇਸ ਨਾਲ ਕਿਸਾਨ ਵੀ ਖੁਸ਼ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.