6 ਦਿਨਾਂ ’ਚ ਹੀ ਵਿਧਾਇਕ ਬਲਵਿੰਦਰ ਲਾਡੀ ਨੇ ਭਾਜਪਾ ਛੱਡੀ,  ਮੁੜ ਕਾਂਗਰਸ ’ਚ ਹੋਏ ਸ਼ਾਮਲ

ਘਰ ਵਾਪਸੀ ’ਤੇ ਮੁੱਖ ਮੰਤਰੀ ਚੰਨੀ ਤੇ ਵਿੱਤ ਮੰਤਰੀ ਮਨਪ੍ਰੀਤ ਨੇ ਕੀਤਾ ਸਵਾਗਤ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ‘ਚ ਚੋਣਾਂ ਸਿਰ ’ਤੇ ਹਨ। ਪਾਰਟੀਆਂ ਦੇ ਆਗੂ ਇੱਕ-ਦੂਜੀਆਂ ਪਾਰਟੀਆਂ ’ਚ ਸ਼ਾਮਲ ਹੋ ਰਹੇ ਹਨ। ਕਾਂਗਰਸ ਛੱਡਕੇ ਭਾਜਪਾ ’ਚ ਸ਼ਾਮਲ ਹੋਏ ਬਲਵਿੰਦਰ ਲਾਡੀ ਨੂੰ ਆਖਰ ਭਾਜਪਾ ਜ਼ਿਆਦਾ ਰਾਸ ਨਹੀਂ ਆਈ ਤੇ ਸਿਰਫ 6 ਦਿਨਾਂ ਬਾਅਦ ਹੀ ਮੁੜ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ।  6 ਦਿਨ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਬਲਵਿੰਦਰ ਲਾਡੀ ਦੀ ਮੁੜ ਘਰ ਵਾਪਸੀ ਹੋ ਗਈ ਹੈ। ਉਨ੍ਹਾਂ ਖ਼ੁਦ ਇਹ ਐਲਾਨ ਕੀਤਾ ਕਿ ਉਹ ਕਾਂਗਰਸ ਵਿੱਚ ਹੀ ਰਹਿਣਗੇ। ਪਾਰਟੀ ’ਚ ਮੁੜ ਵਾਪਸ ਆਉਣ ’ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਉਨਾਂ ਦਾ ਸਵਾਗਤ ਕੀਤਾ।

ਦਿੱਲੀ ਜਾ ਕੇ ਭਾਜਪਾ ’ਚ ਹੋਏ ਸਨ ਸ਼ਾਮਲ

ਜਿਕਰਯੋਗ ਹੈ ਕਿ ਬਲਵਿੰਦਰ ਲਾਡੀ ਦਿੱਲੀ ਜਾ ਕੇ ਭਾਜਪਾ ਵਿਚ ਸ਼ਾਮਲ ਹੋਏ ਸਨ। ਹਾਲਾਂਕਿ ਜਦੋਂ ਉਹ ਦਿੱਲੀ ਤੋਂ ਪਰਤਿਆ ਤਾਂ ਉਸ ਦਾ ਇਲਾਕੇ ਦੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਲਾਡੀ ਨੂੰ ਕਿਸਾਨ ਅੰਦੋਲਨ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਗਲਤ ਫੈਸਲਾ ਲਿਆ ਹੈ। ਇਸ ਤੋਂ ਬਾਅਦ ਕਾਂਗਰਸ ਨੇ ਵੀ ਉਨ੍ਹਾਂ ਨੂੰ ਟਿਕਟ ਦੇਣ ਦਾ ਭਰੋਸਾ ਦਿੱਤਾ।ਬਲਵਿੰਦਰ ਸਿੰਘ ਲਾਡੀ ਕਾਦੀਆਂ ਤੋਂ ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ ਨਾਲ ਦਿੱਲੀ ਗਏ ਸਨ। ਜਿੱਥੇ ਭਾਜਪਾ ਦੇ ਪੰਜਾਬ ਚੋਣ ਇੰਚਾਰਜ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਕੀਤਾ ਸੀ। ਉਦੋਂ ਲਾਡੀ ਨੇ ਕਿਹਾ ਸੀ ਕਿ ਉਹ ਇਲਾਕੇ ਦੇ ਵਿਕਾਸ ਲਈ ਭਾਜਪਾ ਵਿਚ ਸ਼ਾਮਲ ਹੋਏ ਹਨ। ਹਾਲਾਂਕਿ, ਜਦੋਂ ਉਹ ਵਾਪਸ ਪਰਤਿਆ ਤਾਂ ਸ੍ਰੀ ਹਰਗੋਬਿੰਦਪੁਰ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ