ਵਰਚੂਅਲ ਪ੍ਰਾਈਵੇਟ ਨੈੱਟਵਰਕ (ਵੀ.ਪੀ.ਐਨ.) ਕੀ ਹੈ?

ਵਰਚੂਅਲ ਪ੍ਰਾਈਵੇਟ ਨੈੱਟਵਰਕ (ਵੀ.ਪੀ.ਐਨ.) ਕੀ ਹੈ?

ਵਰਚੁਅਲ ਪ੍ਰਾਈਵੇਟ ਨੈੱਟਵਰਕ ਇੱਕ ਡਿਵਾਈਸ ਤੋਂ ਨੈੱਟਵਰਕ ਤੱਕ ਇੰਟਰਨੈਟ ’ਤੇ ਇੱਕ ਇਨਕਿ੍ਰਪਡ ਕੁਨੈਕਸ਼ਨ ਹੈ। ਇਹ ਇਨਕਿ੍ਰਪਡ ਕੁਨੈਕਸ਼ਨ ਇਹ ਯਕੀਨੀ ਕਰਦਾ ਹੈ ਕਿ ਸੰਵੇਦਨਸ਼ੀਲ ਡਾਟਾ ਸੁਰੱਖਿਅਤ ਸੰਚਾਰਿਤ ਹੋਵੇ। ਇਹ ਅਣਅਧਿਕਾਰਤ ਲੋਕਾਂ ਨੂੰ ਇਸ ਸੰਵੇਦਨਸ਼ੀਲ ਡਾਟੇ ਨੂੰ ਦੇਖਣ ਤੋਂ ਰੋਕਦਾ ਹੈ। ਇਹ ਤੁਹਾਨੂੰ ਦੂਰ ਬੈਠ ਕੇ ਕੰਮ ਕਰਨ ਦੀ ਆਗਿਆ ਦਿੰਦਾ ਹੈ। ਵਰਚੁਅਲ ਪ੍ਰਾਈਵੇਟ ਨੈੱਟਵਰਕ ਜਨਤਕ ਨੈੱਟਵਰਕ ਨੂੰ ਨਿੱਜੀ ਨੈੱਟਵਰਕ ਬਣਾ ਕੇ ਤੁਹਾਨੂੰ ਆਨਲਾਈਨ ਗੋਪਨੀਅਤਾ ਤੇ ਗੁਮਨਾਮਤਾ ਪ੍ਰਦਾਨ ਕਰਦਾ ਹੈ।
ਵਰਚੂਅਲ ਪ੍ਰਾਈਵੇਟ ਨੈੱਟਵਰਕ ਕਿਵੇਂ ਕੰਮ ਕਰਦੈ?

ਵੀਪੀਐਨ ਟਨਲ (ਸੁਰੰਗ) ਰਾਹੀਂ ਪੁਆਇੰਟ-ਟੂ-ਪੁਆਇੰਟ ਕੁਨੈਕਸ਼ਨ ਬਣਾਉਂਦਾ ਹੈ ਇਸ ਨੂੰ ਅਣਅਧਿਕਾਰਤ ਯੂਜ਼ਰਾਂ ਵੱਲੋਂ ਵਰਤਿਆ ਨਹੀਂ ਜਾ ਸਕਦਾ। ਸੁਰੰਗ ਬਣਾਉਣ ਲਈ ਡਿਵਾਈਸ ਤੇ ਵੀਪੀਐਨ ਕਲਾਇੰਟ (ਇੱਕ ਸਾਫਟਵੇਅਰ ਐਪਲੀਕੇਸ਼ਨ) ਕੰਮ ਕਰ ਰਿਹਾ ਹੋਣਾ ਜਰੂਰੀ ਹੈ। ਇਸ ਵੱਲ ਯੂਜ਼ਰ ਨੂੰ ਧਿਆਨ ਦੇਣ ਦੀ ਲੋੜ ਨਹੀਂ ਹੈ ਜਦੋਂ ਤੱਕ ਇਸ ਦੀ ਕਾਰਗੁਜਾਰੀ ਪ੍ਰਭਾਵਿਤ ਨਹੀਂ ਹੁੰਦੀ। ਕਾਰਗੁਜ਼ਾਰੀ ਕਈ ਕਾਰਨਾਂ ਕਰਕੇ ਪ੍ਰਭਾਵਿਤ ਹੁੰਦੀ ਹੈ ਜਿਵੇਂ ਕਿ ਯੂਜ਼ਰ ਦੇ ਇੰਟਰਨੈਟ ਕੁਨੈਕਸ਼ਨ ਦੀ ਗਤੀ, ਪ੍ਰੋਟੋਕਾਲ ਦੀਆਂ ਕਿਸਮਾਂ ਜੋ ਇੰਟਰਨੈਟ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਵੱਲੋਂ ਵਰਤੀਆਂ ਜਾਂਦੀਆਂ ਹਨ, ਇਨਕਿ੍ਰਪਸ਼ਨ ਦੀਆਂ ਕਿਸਮਾਂ ਜੋ ਵਰਤੋਂ ਕੀਤੀਆਂ ਜਾਂਦੀਆਂ ਹਨ ਆਦਿ।

ਵਰਚੂਅਲ ਪ੍ਰਾਈਵੇਟ ਨੈੱਟਵਰਕ ਵਿੱਚ ਵਰਤੇ ਜਾਣ ਵਾਲੇ ਪ੍ਰੋਟੋਕਾਲ

ਵਰਚੂਅਲ ਪ੍ਰਾਈਵੇਟ ਨੈੱਟਵਰਕ ਦਾ ਮੁੱਖ ਉਦੇਸ਼ ਉਸ ਨਾਲ ਜੁੜੇ ਹੋਏ ਕੰਪਿਊਟਰ ਸਿਸਟਮਾਂ ਵਿੱਚ ਸੁਰੱਖਿਅਤ ਸੰਚਾਰ ਕਰਨਾ ਹੁੰਦਾ ਹੈ ਇਸ ਉਦੇਸ਼ ਨੂੰ ਪੂਰਾ ਕਰਨ ਲਈ ਵਰਚੁਅਲ ਪ੍ਰਾਈਵੇਟ ਨੈੱਟਵਰਕ ਵੱਲੋਂ ਕਈ ਤਰ੍ਹਾਂ ਦੇ ਪ੍ਰੋਟੋਕਾਲ ਵਰਤੇ ਜਾਂਦੇ ਹਨ ਜੋ ਹੇਠ ਲਿਖੇ ਹਨ:-

  • IPSec
  • Secure Socket Layer (SSL) and Transport Layer Security (TLS)
  • Point-To-Point Tunneling Protocol (PPTP)
  • Layer 2 Tunneling Protocol (L2TP)
  • OpenVPN

ਵਰਚੂਅਲ ਪ੍ਰਾਈਵੇਟ ਨੈੱਟਵਰਕ ਦੀਆਂ ਕਿਸਮਾਂ:

1. ਰਿਮੋਟ ਐਕਸਸ ਵੀਪੀਐਨ: ਰਿਮੋਟ ਐਕਸਸ ਕਲਾਇੰਟ ਸੰਸਥਾ ਦੇ ਨੈੱਟਵਰਕ ਤੇ ਇੱਕ ਵੀਪੀਐਨ ਗੇਟਵੇ ਸਰਵਰ ਦੇ ਨਾਲ ਜੁੜਦੇ ਹਨ। ਗੇਟਵੇ ਲਈ ਇਹ ਜਰੂਰੀ ਹੈ ਕਿ ਉਹ ਅੰਦਰੂਨੀ ਨੈੱਟਵਰਕ ਸਰੋਤਾਂ ਤੱਕ ਪਹੁੰਚ ਦੇਣ ਤੋਂ ਪਹਿਲਾਂ ਡਿਵਾਈਸ ਦੀ ਪ੍ਰਮਾਣਿਕਤਾ ਦੀ ਜਾਂਚ ਕਰੇ। ਇਹ ਕਿਸਮ ਆਮ ਤੌਰ ’ਤੇ ਆਈਪੀਸੈਕ ਅਤੇ ਸਿਕਿਉਰ ਸਾਕਟ ਲੇਅਰ ਪ੍ਰੋਟੋਕੋਲ ’ਤੇ ਨਿਰਭਰ ਕਰਦੀ ਹੈ।

2. ਸਾਈਟ-ਟੂ-ਸਾਈਟ ਵੀਪੀਐਨ: ਸਾਈਟ-ਟੂ-ਸਾਈਟ ਵੀਪੀਐਨ ਇੱਕ ਥਾਂ ਦੇ ਪੂਰੇ ਨੈਟਵਰਕ ਨੂੰ ਕਿਸੇ ਹੋਰ ਥਾਂ ਦੇ ਨੈਟਵਰਕ ਨਾਲ ਜੋੜਨ ਲਈ ਗੇਟਵੇ ਦੀ ਵਰਤੋਂ ਕਰਦੀ ਹੈ। ਰਿਮੋਟ ਲੋਕੇਸ਼ਨ ਦੇ ਵਿੱਚ ਡਿਵਾਈਸਾਂ ਨੂੰ ਵੀਪੀਐਨ ਕਲਾਇੰਟਸ ਦੀ ਜਰੂਰਤ ਨਹੀਂ ਹੁੰਦੀ ਕਿਉਂਕਿ ਗੇਟਵੇ ਉਹਨਾਂ ਨੂੰ ਸੰਭਾਲਦਾ ਹੈ।

3. ਮੋਬਾਈਲ ਵੀਪੀਐਨ: ਮੋਬਾਈਲ ਵੀਪੀਐਨ ਵਿੱਚ ਸਰਵਰ ਕੰਪਨੀ ਨੈੱਟਵਰਕ ਦੇ ਆਧੀਨ ਹੁੰਦਾ ਹੈ ਜੋ ਪ੍ਰਮਾਣਿਤ ਯੂਜ਼ਰਾਂ ਨੂੰ ਸੁਰੱਖਿਅਤ ਸੁਰੰਗੀ ਪੁਹੰਚ ਦਿੰਦਾ ਹੈ। ਮੋਬਾਈਲ ਵੀਪੀਐਨ ਸੁਰੰਗਾਂ ਭੋਤਿਕ ਆਈ ਪੀ ਪਤਿਆਂ ਦੀ ਥਾਂ ’ਤੇ ਲਾਜ਼ੀਕਲ ਆਈ ਪੀ ਪਤਿਆਂ ’ਤੇ ਕੰਮ ਕਰਦਾ ਹੈ।

4. ਹਾਰਡਵੇਅਰ ਵੀਪੀਐਨ: ਹਾਰਡਵੇਅਰ ਵੀਪੀਐਨ ਸਾਫਟਵੇਅਰ ਅਧਾਰਿਤ ਸਖਤੀ ਨਾਲ ਬਹੁਤ ਸਾਰੇ ਫਾਇਦੇ ਦਿੰਦਾ ਹੈ। ਹਾਰਡਵੇਅਰ ਵੀਪੀਐਨ ਜ਼ਿਆਦਾ ਸੁਰੱਖਿਆ ਤੋਂ ਇਲਾਵਾ ਵੱਡੇ ਕਲਾਇੰਟ ਲੋਡ ਲਈ ਲੋਡ ਬੈਲੈਂਸਿੰਗ ਪ੍ਰਦਾਨ ਕਰਦਾ ਹੈ। ਇਸ ਵਿੱਚ ਪ੍ਰਸ਼ਾਸਨ ਨੂੰ ਇੱਕ ਵੈੱਬ ਬ੍ਰਾਊਜ਼ਰ ਦੇ ਨਾਲ ਪ੍ਰਬੰਧਿਤ ਕੀਤਾ ਜਾਂਦਾ ਹੈ।

5. ਵੀਪੀਐਨ ਉਪਕਰਨ: ਵੀਪੀਐਨ ਉਪਕਰਨ, ਜਿਸ ਨੂੰ ਵੀਪੀਐਨ ਗੇਟਵੇ ਉਪਕਰਨ ਵੀ ਕਿਹਾ ਜਾਂਦਾ ਹੈ, ਜੋ ਸੁਧਰੀ ਹੋਈ ਸੁਰੱਖਿਆ ਵਿਸ਼ੇਸ਼ਤਾਵਾਂ ਵਾਲਾ ਇੱਕ ਨੈੱਟਵਰਕ ਡਿਵਾਈਸ ਹੈ। ਇਹ ਇੱਕ ਸਿਕਿਉਰ ਸਾਕਟ ਲੇਅਰ ਵੀਪੀਐਨ ਉਪਕਰਨ ਹੈ ਜੋ ਰਾਊਟਰ ਦੇ ਰੂਪ ਵਿੱਚ ਵੀਪੀਐਨ ਨੂੰ ਸੁਰੱਖਿਆ, ਅਧਿਕਾਰ, ਪ੍ਰਮਾਣਿਕਤਾ ਤੇ ਇਨਕਿ੍ਰਪਸ਼ਨ ਪ੍ਰਦਾਨ ਕਰਦਾ ਹੈ।

6. ਗਤੀਸ਼ੀਲ ਮਲਟੀਪੁਆਇੰਟ ਵਰਚੁਅਲ ਪ੍ਰਾਈਵੇਟ ਨੈਟਵਰਕ: ਗਤੀਸ਼ੀਲ ਮਲਟੀਪੁਆਇੰਟ ਵਰਚੁਅਲ ਪ੍ਰਾਈਵੇਟ ਨੈਟਵਰਕ ਬਿਨਾਂ ਕਿਸੇ ਰਾਊਟਰ ਅਤੇ ਸੰਗਠਨ ਦੇ ਹੈੱਡਕੁਆਟਰ ਦੇ ਵੈੱਬ ਸਾਈਟਾਂ ਵਿੱਚ ਡਾਟੇ ਦਾ ਵਟਾਂਦਰਾ ਕਰਦਾ ਹੈ। ਗਤੀਸ਼ੀਲ ਮਲਟੀਪੁਆਇੰਟ ਵਰਚੁਅਲ ਪ੍ਰਾਈਵੇਟ ਨੈਟਵਰਕ ਇੱਕ ਜਾਅਲੀ ਵੀਪੀਐਨ ਸੇਵਾ ਬਣਾਉਂਦਾ ਹੈ ਜੋ ਵੀਪੀਐਨ ਰਾਊਟਰ ਅਤੇ ਫਾਇਰਵਾਲ ਕੰਸੇਨਟਰਾਂ ’ਤੇ ਕੰਮ ਕਰਦੀ ਹੈ।

7. ਵੀਪੀਐਨ ਰੀਕਨੈਕਟ: ਵੀਪੀਐਨ ਰੀਕਨੈਕਟ ਵਿੰਡੋਜ 7 ਅਤੇ ਵਿੰਡੋਜ ਸਰਵਰ 2008 ਆਰ 2 ਦੀ ਇੱਕ ਵਿਸ਼ੇਸ਼ਤਾ ਹੈ ਜੋ ਇੱਕ ਵਰਚੁਅਲ ਪ੍ਰਾਈਵੇਟ ਨੈਟਵਰਕ ਕੁਨੈਕਸ਼ਨ ਨੂੰ ਇੰਟਰਨੈਟ ਸੇਵਾ ਦੇ ਥੋੜ੍ਹੇ ਸਮੇਂ ਲਈ ਬੰਦ ਹੋਣ ’ਤੇ ਵੀ ਖੁੱਲ੍ਹਾ ਰੱਖਦਾ ਹੈ ਤਾਂ ਕਿ ਯੂਜ਼ਰ ਦੁਬਾਰਾ ਵਰਚੁਅਲ ਪ੍ਰਾਈਵੇਟ ਨੈੱਟਵਰਕ ਨਾਲ ਜੁੜ ਸਕੇ।

ਵਰਚੁਅਲ ਪ੍ਰਾਈਵੇਟ ਨੈੱਟਵਰਕ ਦੀਆਂ ਸੀਮਾਵਾਂ

  • 1. ਵਰਚੁਅਲ ਪ੍ਰਾਈਵੇਟ ਨੈਟਵਰਕ ਤੇ ਮਲਵੇਅਰ ਅਤੇ ਵਾਇਰਸ ਦੇ ਹਮਲੇ ਦਾ ਖਤਰਾ ਬਣਿਆ ਰਹਿੰਦਾ ਹੈ।
  • 2. ਵਰਚੁਅਲ ਪ੍ਰਾਈਵੇਟ ਨੈੱਟਵਰਕ ਰਾਹੀਂ ਹਮਲਾਵਰ ਅਸਾਨੀ ਨਾਲ ਯੂਜ਼ਰ ਦੇ ਕੰਪਿਊਟਰ ਸਿਸਟਮ ਦੇ ਵਿੱਚ ਦਾਖਲ ਹੋ ਕੇ ਉਸ ਨਾਲ ਛੇੜ-ਛਾੜ ਕਰ ਸਕਦੇ ਹਨ।
  • 3. ਕਾਰੋਬਾਰੀ ਯੂਜ਼ਰਾਂ ਲਈ ਵਰਚੁਅਲ ਪ੍ਰਾਈਵੇਟ ਨੈੱਟਵਰਕ ਸੈਟਅਪ ਕਰਨਾ ਬਹੁਤ ਔਖਾ ਅਤੇ ਗੁੰਝਲਦਾਰ ਹੈ।
  • 4. ਵਰਚੁਅਲ ਪ੍ਰਾਈਵੇਟ ਨੈਟਵਰਕ ਤੁਹਾਡੀ ਇੰਟਰਨੈਟ ਗਤੀ ਹੌਲੀ ਕਰ ਦਿੰਦਾ ਹੈ।
  • 5. ਵਰਚੁਅਲ ਪ੍ਰਾਈਵੇਟ ਨੈਟਵਰਕ ਪੂਰੀ ਤਰ੍ਹਾਂ ਗੋਪਨੀਅਤਾ ਪ੍ਰਦਾਨ ਨਹੀਂ ਕਰ ਸਕਦਾ।
  • 6. ਵਰਚੁਅਲ ਪ੍ਰਾਈਵੇਟ ਨੈਟਵਰਕ ਨਾਲ ਤੁਹਾਡੀ ਨਿੱਜਤਾ ਖਤਰੇ ਵਿੱਚ ਪੈ ਸਕਦੀ ਹੈ।

ਅੰਮ੍ਰਿਤਬੀਰ ਸਿੰਘ
ਮੋ. 98770-94504

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ