ਅਜ਼ਾਦੀ ਦੀ ਉਡੀਕ

Freedom

ਅਜ਼ਾਦੀ ਦੀ ਉਡੀਕ

ਸਕੂਲ ਨੂੰ ਜਾ ਰਿਹਾ ਮਾਸਟਰ ਜਸਕਰਨ ਸਿੰਘ ਜਦ ਸ਼ਹਿਰ ਦੇ ਚੌਕ ਵਿੱਚ ਦੀ ਲੰਘਣ ਲੱਗਾ ਤਾਂ ਉਸਦੀ ਨਿਗ੍ਹਾ ਅਚਾਨਕ ਸੜਕ ‘ਤੇ ਖੜ੍ਹੇ ਬੱਗੋ ਵੱਲ ਪਈ ਜੋ ਭੱਜ-ਭੱਜ ਰਾਹਗੀਰਾਂ ਨੂੰ ਤਿਰੰਗੇ ਝੰਡੇ ਵੇਚ ਰਿਹਾ ਸੀ। ਮਾਸਟਰ ਗੱਡੀ ਇੱਕ ਪਾਸੇ ਲਾ ਬੱਗੋ ਕੋਲ ਜਾ ਖੜ੍ਹਾ ਤਾਂ ਬੱਗੋ ਨੇ ਡਰਦੇ-ਡਰਦੇ ਸਤਿ ਸ੍ਰੀ ਅਕਾਲ ਬੁਲਾਈ। ਜਸਕਰਨ ਨੇ ਬਿਨਾ ਬੋਲਿਆਂ ਉਹਦੀ ਬਾਂਹ ਫੜੀ ਤੇ ਗੱਡੀ ਵੱਲ ਜਾਣ ਲੱਗਿਆ। ”ਮਾਸਟਰ ਜੀ ਜੀਤੋ ਵੀ ਹੈ!” ਬੱਗੋ ਦੀ ਗੱਲ ਸੁਣ ਜਸਕਰਨ ਸੜਕ ਦੇ ਦੂਜੇ ਪਾਸੇ ਦੇਖਣ ਲੱਗਾ ਤਾਂ ਜੀਤੋ ਇੱਕ ਗੱਡੀ ਵਾਲੇ ਤੋਂ ਝੰਡੇ ਦੇ ਪੈਸੇ ਲੈ ਰਹੀ ਸੀ।

ਉਹ ਭੱਜ ਕੇ ਦੂਜੇ ਪਾਸੇ ਗਿਆ ਤੇ ਜੀਤੋ ਨੂੰ ਨਾਲ ਲੈ ਆਇਆ। ਮਾਸਟਰ ਨੂੰ ਦੇਖ ਦੋਨਾਂ ਦੇ ਚਿਹਰੇ ‘ਤੇ ਡਰ ਛਾ ਗਿਆ। ਦੋਨਾਂ ਨੂੰ ਗੱਡੀ ਵਿੱਚ ਬਿਠਾ ਇੱਕ ਦੁਕਾਨ ਤੋਂ ਪਾਣੀ ਤੇ ਕੁੱਝ ਹੋਰ ਖਾਣ ਲਈ ਲੈ ਆਇਆ। ”ਬੇਟਾ ਤੁਸੀਂ ਤਿੰਨ-ਚਾਰ ਦਿਨ ਤੋਂ ਸਕੂਲ ਕਿਉਂ ਨਹੀਂ ਆ ਰਹੇ? ਨਾਲੇ ਇਹ ਕਿਹੜੇ ਕੰਮ ਲੱਗੇ ਹੋਏ ਹੋ, ਕੌਣ ਕਰਵਾ ਰਿਹਾ ਹੈ ਤੁਹਾਡੇ ਤੋਂ ਇਹ ਕੰਮ?” ਜਸਕਰਨ ਨੇ ਜੀਤੋ ਤੇ ਬੱਗੋ ਨੂੰ ਖਾਣ ਵਾਲਾ ਸਾਮਾਨ ਦਿੰਦੇ ਹੋਏ ਕਿਹਾ।

ਇਹ ਵੀ ਪੜ੍ਹੋ : SYL ਮੁੱਦੇ ’ਤੇ ਸੁਪਰੀਮ ਕੋਰਟ ਦੀ ਅਹਿਮ ਟਿੱਪਣੀ

ਜੀਤੋ ਕੁੱਝ ਨਾ ਬੋਲੀ ਤਾਂ ਬੱਗੋ ਦੱਸਣ ਲੱਗਾ, ”ਸਰ ਜੀ ਅਸੀਂ ਬਹੁਤ ਗਰੀਬ ਹਾਂ। ਹਰ ਸਾਲ ਮੈਂ, ਜੀਤੋ ਤੇ ਮੇਰੇ ਦਾਦਾ-ਦਾਦੀ 15 ਅਗਸਤ ਤੋਂ ਪਹਿਲਾਂ ਮਾਂ ਵੱਲੋਂ ਬਣਾਏ ਝੰਡੇ ਸ਼ਹਿਰ ਆ ਕੇ ਵੇਚਦੇ ਹਾਂ। ਮਾਂ ਕਹਿੰਦੀ ਹੈ ਕਿ 15 ਅਗਸਤ ਕਰਕੇ ਲੋਕਾਂ ਦੇ ਦਿਲਾਂ ਵਿੱਚ ਦੇਸ਼ ਭਗਤੀ ਜਾਗਦੀ ਹੈ ਏਸ ਕਰਕੇ ਅਸੀਂ ਚੰਗੇ ਪੈਸੇ ਕਮਾ ਲੈਂਦੇ ਹਾਂ ਤੇ ਸਾਡਾ ਅਗਸਤ ਮਹੀਨਾ ਸੌਖਾ ਲੰਘ ਜਾਂਦਾ ਹੈ।” ਬੱਗੋ ਦੀ ਗੱਲ ਸੁਣ ਜਸਕਰਨ ਨੇ ਸਕੂਲ ਦੀ ਬਜਾਏ ਗੱਡੀ ਸਿੱਧੀ ਉਹਨਾਂ ਦੇ ਘਰ ਅੱਗੇ ਜਾ ਰੋਕੀ। ਜੀਤੋ ਗੱਡੀ ‘ਚੋਂ ਉੱਤਰ ਭੱਜ ਕੇ ਜਾ ਨਿੰਮ ਹੇਠਾਂ ਬੈਠ ਝੰਡੇ ਬਣਾ ਰਹੀ ਆਪਣੀ ਮਾਂ ਮਿੰਦੋ ਨੂੰ ਦੱਸਦੀ ਹੈ ਕਿ ਉਨ੍ਹਾਂ ਦੇ ਮਾਸਟਰ ਜੀ ਆਏ ਨੇ। ਜਸਕਰਨ ਅੰਦਰ ਜਾਂਦੇ ਸਮੇਂ ਖੰਡਰ ਬਣੇ ਘਰ ਵੱਲ ਧਿਆਨ ਮਾਰਦਾ ਹੈ। (Freedom)

ਅਜ਼ਾਦੀ ਦੀ ਉਡੀਕ | Freedom

ਮਾਸਟਰ ਜੀ ਨੂੰ ਆਉਂਦੇ ਦੇਖ ਮਿੰਦੋ ਕੰਮ ਛੱਡ ਖੜ੍ਹੀ ਹੋ ਗਈ ਤੇ ਸਤਿ ਸ੍ਰੀ ਅਕਾਲ ਬੁਲਾ ਪੀਣ ਲਈ ਪਾਣੀ ਦਿੰਦੇ ਹੋਏ ਬੈਠਣ ਲਈ ਕਿਹਾ। ਜਸਕਰਨ ਨੇ ਪਾਣੀ ਪੀਂਦੇ ਹੋਏ ਰੋਹਬ ਨਾਲ ਕਿਹਾ, ”ਭਾਈ ਬੀਬਾ ਤੁਹਾਡੇ ਲਈ ਬਹੁਤ ਮਾੜੀ ਗੱਲ ਹੈ, ਤੁਸੀਂ ਬੱਚਿਆਂ ਨੂੰ ਸਕੂਲ ਭੇਜਣ ਦੀ ਬਜਾਏ ਉਨ੍ਹਾਂ ਤੋਂ ਕੰਮ ਕਰਵਾ ਰਹੇ ਹੋ, ਸ਼ਾਇਦ ਤੁਹਾਨੂੰ ਪਤਾ ਨਹੀਂ ਇਹ ਕਾਨੂੰਨੀ ਅਪਰਾਧ ਹੈ!” ਮਾਸਟਰ ਦੀ ਗੱਲ ਸੁਣ ਮਿੰਦੋ ਨੇ ਕਿਹਾ, ”ਵੀਰ ਜੀ ਮਰਦੇ ਇਨਸਾਨ ਨੂੰ ਅੱਕ ਚੱਬਣਾ ਪੈਂਦਾ ਹੈ, ਮੇਰਾ ਕਿਹੜਾ ਦਿਲ ਕਰਦਾ ਹੈ ਇਨ੍ਹਾਂ ਨੂੰ ਧੁੱਪ ‘ਚ ਸੜਕਾ ‘ਤੇ ਧੱਕੇ ਖਾਣ ਲਈ ਭੇਜਣ ਵਾਸਤੇ। ਇਹੀ ਚਾਰ ਦਿਨ ਹੁੰਦੇ ਨੇ ਜਦ ਚਾਰ ਪੈਸੇ ਵੱਧ ਬਣ ਜਾਂਦੇ ਨੇ, ਨਹੀਂ ਤਾਂ ਸੱਤ ਘਰਾਂ ਦਾ ਕੰਮ ਕਰਕੇ ਸੱਸ-ਸਹੁਰੇ ਦੀ ਦਵਾਈ ਵੀ ਨਹੀਂ ਪੂਰੀ ਆਉਂਦੀ।”

”ਭਾਈ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਬੱਚਿਆਂ ਤੋਂ ਕੰਮ ਕਰਾਓ!” ਮਾਸਟਰ ਨੇ ਮਿੰਦੋ ਦੀ ਗੱਲ ਵਿੱਚ ਕੱਟਦੇ ਹੋਏ ਕਿਹਾ। ”ਵੀਰ ਜੀ ਹੋਰ ਕੀ ਕਰਾਂ? ਜੇ ਮੈਂ ਜਾਨੀ ਆਂ ਤਾਂ ਹਰ ਲੰਘਦਾ-ਟੱਪਦਾ ਮੇਰੀ ਇੱਜ਼ਤ ਵੱਲ ਮਾੜੀ ਨਜ਼ਰ ਨਾਲ ਦੇਖਦਾ। ਝੰਡਿਆਂ ਤੋਂ ਜ਼ਿਆਦਾ ਧਿਆਨ ਲੋਕਾਂ ਦਾ ਮੇਰੇ ਔਰਤ ਹੋਣ ਵਿੱਚ ਹੁੰਦਾ।” ਮਿੰਦੋ ਨੇ ਸਫਾਈ ਦਿੰਦੇ ਹੋਏ ਲੋਕਾਂ ਦੀ ਸੋਚ ਬਾਰੇ ਦੱਸਦੇ ਕਿਹਾ। ”ਬੀਬਾ ਤੁਹਾਡੇ ਘਰਵਾਲਾ ਕਿੱਥੇ ਹੈ, ਉਹ ਨਹੀਂ ਕਰਦਾ ਕੋਈ ਕੰਮ, ਨਸ਼ੇ-ਪੱਤੇ ਕਰਦਾ ਹੋਣਾ?” ਜਸਕਰਨ ਪੁੱਛ ਹੀ ਰਿਹਾ ਸੀ ਕਿ ਏਨੇ ਨੂੰ ਮਿੰਦੋ ਦਾ ਚਾਚਾ ਸਹੁਰਾ ਨਾਜਰ ਸਿੰਘ ਆ ਗਿਆ। ਉਸਨੇ ਹੱਥ ਜੋੜ ਫਤਹਿ ਬੁਲਾਈ ਤੇ ਕਹਿਣ ਲੱਗਿਆ। (Freedom)

”ਅਫਸਰੋ ਹਰ ਸਾਲ ਜਨਵਰੀ, ਅਗਸਤ ਵਿੱਚ ਬੁਲਾ ਕੇ ਵਿਚਾਰੀ ਦਾ ਸਨਮਾਨ ਕਰਕੇ ਵਾਹ-ਵਾਹ ਖੱਟ ਲੈਂਦੇ ਹੋ ਪਰ ਇਸ ਨੂੰ ਲੋਹੇ ਦੇ ਸਨਮਾਨ ਤੇ ਕੁੱਝ ਅੱਖਰ ਲਿਖੇ ਕਾਗਜ਼ ਦੀ ਲੋੜ ਨਹੀਂ ਹੈ। ਇਸ ਨੂੰ ਤਾਂ ਆਰਥਿਕ ਮੱਦਦ ਦੀ ਲੋੜ ਹੈ। ਬਾਰ੍ਹਾਂ ਸਾਲ ਹੋ ਗਏ ਨੇ ਬੰਟੀ ਨੂੰ ਮਰੇ ਹੋਏ ਨਾ ਤਾਂ ਵਿਚਾਰੀ ਨੂੰ ਨੌਕਰੀ ਮਿਲੀ ਤੇ ਨਾ ਹੀ ਪੈਸਾ।” ”ਚਾਚਾ ਜੀ ਇਹ ਅਫਸਰ ਨਹੀਂ ਹਨ ਇਹ ਤਾਂ ਜੀਤੋ ਦੇ ਸਕੂਲ ਦੇ ਮਾਸਟਰ ਨੇ!” ਮਿੰਦੋ ਨੇ ਆਪਣੇ ਚਾਚੇ ਨੂੰ ਜਸਕਰਨ ਬਾਰੇ ਦੱਸਦੇ ਹੋਏ ਕਿਹਾ। (Freedom)

ਮੰਤਰੀਆਂ ਨੇ ਅਖਬਾਰਾਂ ਵਿੱਚ ਖ਼ਬਰਾਂ ਲਵਾ ਵਾਹ-ਵਾਹ ਖੱਟ ਲਈ | Freedom

ਨਾਜਰ ਸਿੰਘ ਦੀਆਂ ਗੱਲਾਂ ਸੁਣ ਜਸਕਰਨ ਹੈਰਾਨ ਹੋ ਗਿਆ, ਉਸਨੂੰ ਸਮਝ ਨਾ ਆਈ ਕਿ ਬਾਬਾ ਕਿਹੜੀ ਨੌਕਰੀ, ਕਿਹੜੇ ਸਨਮਾਨ ਤੇ ਆਰਥਿਕ ਮੱਦਦ ਦੀ ਗੱਲ ਕਰ ਰਿਹਾ ਹੈ। ਉਸਨੇ ਮਿੰਦੋ ਤੋਂ ਇਸ ਬਾਰੇ ਪੁੱਛਿਆ ਤਾਂ ਮਿੰਦੋ ਨੇ ਦੱਸਿਆ, ”ਵੀਰ ਜੀ ਮੇਰਾ ਪਤੀ ਨਸ਼ੇੜੀ ਨਹੀਂ ਸੀ, ਉਹ ਤਾਂ ਫੌਜੀ ਸੀ ਤੇ ਬਾਰਾਂ ਸਾਲ ਪਹਿਲਾਂ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋ ਗਿਆ ਸੀ। ਉਦੋਂ ਸਰਕਾਰ ਨੇ ਮੈਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਤੇ ਅਜੇ ਤੱਕ ਉਹ ਵਾਅਦਾ ਪੂਰਾ ਨਹੀਂ ਕੀਤਾ, ਨਾ ਹੀ ਸਰਕਾਰ ਵੱਲੋਂ ਦਿੱਤਾ ਗਿਆ ਚੈੱਕ ਪਾਸ ਹੋਇਆ ਸੀ। ਉਸਨੇ ਕਈ ਮਹੀਨੇ ਸਰਕਾਰੀ ਦਫਤਰਾਂ ਦੇ ਚੱਕਰ ਲਾਏ ਪਰ ਕੁੱਝ ਨਾ ਹੋਇਆ। (Freedom)

ਮੰਤਰੀਆਂ ਨੇ ਅਖਬਾਰਾਂ ਵਿੱਚ ਖ਼ਬਰਾਂ ਲਵਾ ਵਾਹ-ਵਾਹ ਖੱਟ ਲਈ ਤੇ ਉਹਨਾਂ ਪੱਲੇ ਆਏ ਆਹ ਦਿਨ!’ ਮਿੰਦੋ ਦੀਆਂ ਗੱਲਾਂ ਸੁਣ ਜਸਕਰਨ ਸਰਕਾਰਾਂ ਤੇ ਸਿਸਟਮ ਨੂੰ ਦੋਸ਼ ਦਿੰਦਾ ਹੋਇਆ ਕਹਿਣ ਲੱਗਿਆ, ”ਜਿਹੜੀ ਆਜ਼ਾਦੀ ਦੇ ਜਸ਼ਨ ਅਸੀਂ ਮਨਾਉਂਦੇ ਹਾਂ ਦਰਅਸਲ ਇਹ ਆਜ਼ਾਦੀ ਆਮ ਲੋਕਾਂ ਲਈ ਨਹੀਂ ਹੈ ਇਹ ਤਾਂ ਲੀਡਰਾਂ ਦੀ ਆਜ਼ਾਦੀ ਹੈ ਤੇ ਉਹੀ ਇਸ ਨੂੰ ਮਨਾਉਂਦੇ ਨੇ। ਗਰੀਬ ਮਜ਼ਦੂਰ ਤੇ ਕਿਸਾਨ ਤਾਂ ਅੱਜ ਵੀ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਭੁੱਖਮਰੀ, ਅਫਸਰਸ਼ਾਹੀ ਤੇ ਲੀਡਰਾਂ ਦੇ ਗੁਲਾਮ ਨੇ। ਆਮ ਲੋਕਾਂ ਲਈ ਅਜੇ ਆਜ਼ਾਦੀ ਨਹੀਂ ਆਈ, ਉਸ ਲਈ ਤਾਂ ਸਾਨੂੰ ਹੋਰ ਸੰਘਰਸ਼ ਕਰਨਾ ਪਵੇਗਾ।” (Freedom)

ਗਰੀਬ ਬੰਦਾ ਤਾਂ ਅੱਜ ਵੀ ਆਜ਼ਾਦੀ ਦੀ ਉਡੀਕ ਵਿੱਚ | Freedom

ਬਿਲਕੁਲ ਸਹੀ ਕਿਹਾ ਮਾਸਟਰਾ ਤੂੰ, ਇਹ ਆਜ਼ਾਦੀ ਤਾਂ ਮੰਤਰੀਆਂ-ਸੰਤਰੀਆਂ ਦੀ ਹੈ। ਗਰੀਬ ਬੰਦਾ ਤਾਂ ਅੱਜ ਵੀ ਆਜ਼ਾਦੀ ਦੀ ਉਡੀਕ ਵਿੱਚ ਸਰਕਾਰਾਂ ਵੱਲੋਂ ਪੈਦਾ ਕੀਤੇ ਮਾੜੇ ਹਲਾਤਾਂ ਨਾਲ ਲੜ ਰਿਹਾ ਹੈ, ਪਰ ਇਹ ਲੀਡਰ ਵੀ ਤਾਂ ਸਾਡੇ ਹੀ ਚੁਣੇ ਹੋਏ ਨੇ, ਕਸੂਰ ਆਮ ਲੋਕਾਂ ਦਾ ਵੀ ਹੈ ਜੋ ਵੋਟਾਂ ਸਮੇਂ ਚੰਗੇ ਲੀਡਰਾਂ ਦੀ ਪਹਿਚਾਣ ਨਹੀਂ ਕਰ ਪਾਉਂਦੇ ਤੇ ਆਪਣੀ ਵੋਟ ਚੰਦ ਪੈਸਿਆਂ, ਨਸ਼ਿਆਂ ਲਈ ਵੇਚ ਦਿੰਦੇ ਨੇ!” ਨਾਜਰ ਸਿੰਘ ਨੇ ਜਸਕਰਨ ਦੀ ਗੱਲ ਸੁਣ ਕਿਹਾ। ਬਾਬੇ ਦੀਆਂ ਗੱਲਾਂ ਨੇ ਜਸਕਰਨ ਨੂੰ ਡੂੰਘੀ ਚਿੰਤਾ ਵਿੱਚ ਪਾ ਦਿੱਤਾ, ਉਹ ਚੁੱਪ-ਚਾਪ ਆਪਣੀ ਗੱਡੀ ਵੱਲ ਜਾਂਦਾ ਹੋਇਆ ਜੀਤੋ ਤੇ ਬੱਗੋ ਦੇ ਹੱਥ ਵਿੱਚ ਫੜੇ ਤਿਰੰਗਿਆਂ ਵਿੱਚੋਂ ਆਜ਼ਾਦੀ ਲੱਭ ਰਿਹਾ ਸੀ।