ਮੋਤੀ ਮਹਿਲਾਂ ਵੱਲ ਜਾਣ ਮੌਕੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਖਿੱਚ-ਧੂਹ

Traffic, Between, Teachers, Police Move, Towards, Pearl Palaces

ਰੈਗੂਲਰ ਦੀ ਮੰਗ ਨੂੰ ਲੈ ਕੇ 5178 ਅਧਿਆਪਕਾਂ ਕੀਤੀ ਜੋਨ ਪੱਧਰੀ ਰੈਲੀ, ਕੱਢਿਆ ਮਾਰਚ

ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਲੰਮੇ ਸਮੇਂ ਤੋਂ ਰੈਗੂਲਰ ਕਰਨ ਦੀ ਹੱਕੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ 5178 ਮਾਸਟਰ ਕਾਡਰ ਯੂਨੀਅਨ ਵੱਲੋਂ ਸੀਐੱਮ ਸਿਟੀ ਵਿਖੇ ਛੇ ਜ਼ਿਲ੍ਹਿਆਂ ਦੇ ਅਧਿਆਪਕਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਅਧਿਆਪਕਾਂ ਵੱਲੋਂ ਮੋਤੀ ਮਹਿਲਾਂ ਵੱਲ ਜਾਣ ਦਾ ਐਲਾਨ ਕੀਤਾ ਹੋਇਆ ਸੀ ਤੇ ਜਦੋਂ ਅਧਿਆਪਕ ਮੋਤੀ ਮਹਿਲਾਂ ਵੱਲ ਜਾ ਰਹੇ ਸਨ ਤਾਂ ਵੱਡੀ ਗਿਣਤੀ ਪੁਲਿਸ ਫੋਰਸ ਵੱਲੋਂ ਉਨ੍ਹਾਂ ਨੂੰ ਬੈਰੀਕੇਟ ਲਾਕੇ ਫੁਹਾਰਾ ਚੌਂਕ ਨੇੜੇ ਰੋਕ ਲਿਆ। ਇਸ ਦੌਰਾਨ ਅਧਿਆਪਕਾਂ ਵੱਲੋਂ ਬੈਰੀਕੇਟ ਤੋੜ ਕੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਧੱਕਾ ਮੁੱਕੀ ਵੀ ਹੋਈ।

ਇਸ ਧਰਨੇ ‘ਚ ਜਿਆਦਾਤਰ ਮਹਿਲਾ ਅਧਿਆਪਕਾਂ ਪੁੱਜੀਆਂ ਹੋਈਆਂ ਸਨ। ਜਾਣਕਾਰੀ ਅਨੁਸਾਰ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਅਤੇ ਸੂਬਾ ਮੀਤ ਪ੍ਰਧਾਨ ਵਿਕਰਮਜੀਤ ਸਿੰਘ ਦੀ ਅਗਵਾਈ ਵਿੱਚ ਇੱਥੇ ਜੋਨ ਪੱਧਰੀ ਰੈਲੀ ਕੀਤੀ ਗਈ। ਇਸ ਵਿੱਚ ਪਟਿਆਲਾ ਜ਼ਿਲ੍ਹੇ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ, ਰੋਪੜ, ਬਰਨਾਲਾ, ਸੰਗਰੂਰ, ਫਤਹਿਗੜ੍ਹ ਸਾਹਿਬ, ਮੋਹਾਲੀ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ‘ਚ 5178 ਅਧਿਆਪਕ ਸ਼ਾਮਲ ਹੋਏ।

ਇਸ ਮੌਕੇ ਸਟੇਟ ਕਮੇਟੀ ਮੈਂਬਰ ਦੀਪ ਰਾਜਾ ਲੁਧਿਆਣਾ, ਲਖਵੀਰ ਸਿੰਘ ਬਰਨਾਲਾ ਤੇ ਸ਼ੈਲੀ ਸ਼ਰਮਾ ਨੇ ਕਿਹਾ ਕਿ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ 5178 ਅਧਿਆਪਕ ਪੰਜਾਬ ਸਰਕਾਰ ਵੱਲੋਂ 2011 ‘ਚ ਲਿਆ ਪਹਿਲਾ ਟੈੱਟ ਦਾ ਟੈਸਟ ਪਾਸ ਕਰਨ ਉਪਰੰਤ ਸਿੱਖਿਆ ਵਿਭਾਗ ਦੀਆਂ ਮਨਜ਼ੂਰਸ਼ੁਦਾ ਪੋਸਟਾਂ ‘ਤੇ ਨਵੰਬਰ 2014 ਤੋਂ 3 ਸਾਲ ਦੀ ਠੇਕੇ ਦੀ ਸ਼ਰਤ ‘ਤੇ 6000 ਰੁਪਏ ਮਹੀਨਾ ਤਨਖਾਹ ‘ਤੇ ਭਰਤੀ ਕੀਤੇ ਗਏ ਸਨ।

ਨਿਯੁਕਤੀ ਪੱਤਰ ਦੀਆਂ ਸ਼ਰਤਾਂ ਮੁਤਾਬਕ ਇਹਨਾਂ ਅਧਿਆਪਕਾਂ ਤੋਂ ਨਵੰਬਰ 2017 ‘ਚ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿੱ.) ਵੱਲੋਂ ਰੈਗੂਲਰ ਦੀਆਂ ਫਾਈਲਾਂ ਵੀ ਲੈ ਲਈਆਂ ਗਈਆਂ ਹਨ ਪਰ 10 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਜਦ ਕਿ ਵਿੱਤ ਵਿਭਾਗ ਵੱਲੋਂ ਪੱਤਰ ਜਾਰੀ ਕਰਕੇ ਨਾ ਮਾਤਰ ਦਿੱਤੀ ਜਾ ਰਹੀ ਤਨਖਾਹ ਵੀ ਬੰਦ ਕਰ ਦਿੱਤੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਮੀਟਿੰਗਾਂ ‘ਚ ਜਾਂ ਤਾਂ ਪੂਰੀ ਤਨਖਾਹ ਹੋਣ ਤੱਕ 10000 ਰੁਪਏ ਸਲਾਨਾ ਵਾਧਾ ਜਾਂ ਅਪਰੈਲ 2019 ਤੋਂ ਰੈਗੂਲਰ ਕਰਨ ਦੀਆਂ ਅਜੀਬੋ ਗਰੀਬ ਸ਼ਰਤਾਂ ਦਾ ਪ੍ਰਸਤਾਵ ਸਾਡੇ ਸਾਹਮਣੇ ਰੱਖਿਆ ਗਿਆ, ਜਿਸ ਨੂੰ ਅਸੀਂ ਮੁੱਢੋਂ ਰੱਦ ਕਰਦੇ ਹਾਂ ਤੇ ਆਪਣੇ 3 ਸਾਲ ਪੂਰੇ ਹੋਣ ‘ਤੇ ਪੂਰੀ ਤਨਖਾਹ ਦੀ ਮੰਗ ਕਰਦੇ ਹਾਂ।

ਜੇਕਰ ਸਾਡੀਆਂ ਜਾਇਜ਼ ਮੰਗਾਂ ਵੱਲ ਪੰਜਾਬ ਸਰਕਾਰ ਧਿਆਨ ਨਹੀਂ ਦਿੰਦੀ ਤੇ ਸਾਨੂੰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤਾਂ 5178 ਅਧਿਆਪਕਾਂ ਦੁਆਰਾ ਜਲਦੀ ਹੀ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ। ਮਾਰਚ ਦੌਰਾਨ ਜਦੋਂ ਅਧਿਆਪਕ ਮੋਤੀ ਮਹਿਲਾਂ ਵੱਲ ਵਧ ਰਹੇ ਸਨ ਤਾਂ ਪੁਲਿਸ ਨੇ ਬੈਰੀਗੇਡ ਲਾਕੇ ਰੋਕ ਦਿੱਤਾ।

ਇਸ ਮੌਕੇ ਪੁਲਿਸ ਨਾਲ ਅਧਿਆਪਕਾਂ ਦੀ ਧੱਕਾ-ਮੁੱਕੀ ਵੀ ਹੋਈ। ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਐੱਸਪੀ ਸਿਟੀ ਕੇਸਰ ਸਿੰਘ, ਡੀਐੱਸਪੀ-2 ਸਮੇਤ ਥਾਣਾ ਸਬਜੀ ਮੰਡੀ ਦੇ ਮੁਖੀ ਗੁਰਨਾਮ ਸਿੰਘ, ਐੱਸਐੱਚਓ ਸੁਖਵਿੰਦਰ ਸਿੰਘ ਟਿਵਾਣਾ ਸਮੇਤ ਹੋਰ ਅਧਿਕਾਰੀਆਂ ਨੇ ਮੋਰਚਾ ਸੰਭਾਲਿਆ ਹੋਇਆ ਹੈ। ਇਸ ਮੌਕੇ ਕਰਮਜੀਤ ਨਦਾਮਪੁਰ ਸੰਗਰੂਰ, ਹਰਦੀਪ ਸਿੰਘ ਫਤਹਿਗੜ੍ਹ ਸਾਹਿਬ, ਗੁਰਪ੍ਰੀਤ ਸਿੰਘ ਰੋਪੜ, ਗੁਰਜੀਤ ਕੌਰ ਮੋਹਾਲੀ, ਦਵਿੰਦਰ ਘੱਗਾ, ਗੁਰਪ੍ਰੀਤ ਘੱਗਾ, ਅੰਗਰੇਜ਼, ਸੁਧੀਰ ਸ਼ਰਮਾ, ਸੰਦੀਪ ਵਰਮਾ, ਚੰਦਰ ਮਨੀ ਸਮੇਤ ਵੱਡੀ ਗਿਣਤੀ ਅਧਿਆਪਕ ਹਾਜ਼ਰ ਸਨ।

ਸਿੱਖਿਆ ਮੰਤਰੀ ਨਾਲ  ਮੀਟਿੰਗ 8 ਨੂੰ

ਇੱਧਰ ਧਰਨੇ ਨੂੰ ਦੇਖਦਿਆਂ ਪਟਿਆਲਾ ਦੇ ਐੱਸਡੀਐੱਮ ਅਨਮੋਲ ਸਿੰਘ ਧਾਲੀਵਾਲ ਖੁਦ ਪੁੱਜੇ ਤੇ ਉਨ੍ਹਾਂ ਦੀ ਸਿੱਖਿਆ ਮੰਤਰੀ ਓ ਪੀ ਸੋਨੀ ਨਾਲ 8 ਅਕਤੂਬਰ ਨੂੰ ਮੀਟਿੰਗ ਸਬੰਧੀ ਪੱਤਰ ਦਿੱਤਾ ਗਿਆ। ਆਗੂਆਂ ਕਿਹਾ ਕਿ ਜੇਕਰ 8 ਅਕਤੂਬਰ ਨੂੰ ਉਨ੍ਹਾਂ ਦੀ ਗੱਲ ਸਿਰੇ ਨਾ ਚੜ੍ਹੀ ਤਾਂ ਉਹ ਇਸ ਤੋਂ ਵੀ ਤਕੜਾ ਸੰਘਰਸ਼ ਕਰਨਗੇ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਧਰਨਾ ਚੁੱਕ ਲਿਆ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।