ਟਰੇਡ ਯੂਨੀਅਨਾਂ ਵੱਲੋਂ ਹੜਤਾਲ, ਕੰਮ-ਕਾਜ ਹੋਇਆ ਪ੍ਰਭਾਵਿਤ 

Trade, Unions, Strike, Work, Done

ਸ਼ਿਕਾਇਤ ਕੇਂਦਰਾਂ ਤੇ ਕੈਸ਼ ਕਾਊਂਟਰ ‘ਤੇ ਪਿਆ ਫਰਕ

ਬਿਜਲੀ ਦਫ਼ਤਰਾਂ ਅੱਗੇ ਕੀਤੀਆਂ ਰੋਸ ਰੈਲੀਆਂ

ਪਟਿਆਲਾ (ਖੁਸ਼ਵੀਰ ਸਿੰਘ ਤੂਰ)| ਕੌਮੀ ਪੱਧਰ ਦੀਆਂ ਟਰੇਡ ਯੂਨੀਅਨਾਂ ਤੇ ਬਿਜਲੀ ਕਰਮਚਾਰੀਆਂ ਤੇ ਇੰਜੀਨੀਅਰਾਂ ਦੀਆਂ ਕੌਮੀ ਫੈਡਰੇਸ਼ਨਾਂ ‘ਤੇ ਅਧਾਰਿਤ ਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਦੇ ਸੱਦੇ ‘ਤੇ ਦੋ ਦਿਨਾਂ ਅੱਜ ਅਤੇ ਕੱਲ 9 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਸਬੰਧੀ ਬਿਜਲੀ ਕਾਮਿਆਂ ਵੱਲੋਂ ਵੀ ਮੁਕੰਮਲ ਹੜਤਾਲ ਕੀਤੀ। ਉਂਜ ਇਸ ਹੜਤਾਲ ਕਾਰਨ ਆਮ ਲੋਕਾਂ ਦੇ ਕੰਮ ਨਾ ਹੋਣ ਕਾਰਨ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੁੱਖ ਜੱਥੇਬੰਦੀਆਂ ਟੈਕਨੀਕਲ ਸਰਵਿਸ ਯੂਨੀਅਨ, ਪੀਐਸਈਬੀ ਇੰਪਲਾਈਜ਼ ਫੈਡਰੇਸ਼ਨ, ਮਨਿਸਟੀਰੀਅਲ ਸਰਵਿਸ ਯੂਨੀਅਨ, ਵਰਕਰਜ਼ ਫੈਡਰੇਸ਼ਨ ਇੰਟਕ, ਥਰਮਲ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ ਨੇ ਸੂਬਾ ਪੱਧਰ ‘ਤੇ ਮੁਕੰਮਲ ਹੜਤਾਲ ‘ਚ ਭਾਗ ਲਿਆ। ਸੂਬੇ ਦੇ ਵੱਖ-ਵੱਖ ਸਰਕਲ ਦਫਤਰਾਂ ਤੋਂ ਮਿਲੀ ਰਿਪੋਰਟ ਅਨੁਸਾਰ ਫਿਰੋਜਪੁਰ ਅੰਦਰ 55 ਫੀਸਦੀ, ਮੁਕਤਸਰ ਜ਼ਿਲ੍ਹੇ ਅੰਦਰ 40 ਫੀਸਦੀ, ਬਠਿੰਡਾ ਅਤੇ ਫਰੀਦਕੋਟ ‘ਚ 50 ਫੀਸਦੀ, ਹੁਸ਼ਿਆਰਪੁਰ ‘ਚ 36 ਫੀਸਦੀ, ਜਲੰਧਰ ਅਤੇ ਨਵਾਂ ਸ਼ਹਿਰ 38 ਫੀਸਦੀ, ਕਪੂਰਥਲਾ ਅਤੇ ਅੰਮ੍ਰਿਤਸਰ 51 ਫੀਸਦੀ, ਗੁਰਦਾਸਪੁਰ 40 ਫੀਸਦੀ , ਤਰਨਤਾਰਨ, ਅੰਮ੍ਰਿਤਸਰ ਦਿਹਾਤੀ 50 ਫੀਸਦੀ , ਸ਼ਹਿਰੀ ਅਤੇ ਲੁਧਿਆਣਾ (ਸ) 56 ਫੀਸਦੀ, ਲੁਧਿਆਣਾ ਵੈਸਟ, ਲੁਧਿਆਣਾ ਈਸਟ 33 ਫੀਸਦੀ, ਖੰਨਾ 33 ਫੀਸਦੀ, ਪਟਿਆਲਾ 38 ਫੀਸਦੀ, ਮੁਹਾਲੀ 58 ਫੀਸਦੀ, ਰੋਪੜ 60 ਫੀਸਦੀ, ਬਰਨਾਲਾ 67 ਫੀਸਦੀ, ਸੰਗਰੂਰ 32 ਫੀਸਦੀ ਹੜਤਾਲ ਕੀਤੀ ਗਈ। ਇਸ ਤੋਂ ਇਲਾਵਾ ਬਠਿੰਡਾ ਥਰਮਲ, ਲਹਿਰਾ ਥਰਮਲ, ਰੋਪੜ ਥਰਮਲ, ਪਣ ਬਿਜਲੀ ਪ੍ਰਾਜੈਕਟ ਰਣਜੀਤ ਸਾਗਰ ਡੈਮ, ਸਾਨਨ ਪਾਵਰ ਹਾਊਸ ਵਿਖੇ ਮੁਕੰਮਲ ਹੜਤਾਲ ਕੀਤੀ ਗਈ। ਜੱਥੇਬੰਦੀਆਂ ਦੇ ਸੂਬਾਈ ਆਗੂਆਂ ਕਰਮਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਜੈਲ ਸਿੰਘ, ਹਰਭਜਨ ਸਿੰਘ, ਬਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਬਿਜਲੀ ਕਾਮਿਆਂ ਨੇ ਸਮੁੱਚੇ ਸੂਬੇ ਵਿੱਚ ਬਿਜਲੀ ਦਫਤਰਾਂ ਅੱਗੇ ਰੋਸ ਰੈਲੀਆਂ ਕਰਕੇ ਮੁਕੰਮਲ ਹੜਤਾਲ ਕੀਤੀ। ਅਦਾਰੇ ਦੀਆਂ ਹੋਰ ਜੱਥੇਬੰਦੀਆਂ ਨੇ ਹੜਤਾਲ ਨੂੰ ਭਰਪੂਰ ਸਮਰਥਨ ਦਿੱਤਾ। ਇਹ ਹੜਤਾਲ 9 ਜਨਵਰੀ ਨੂੰ ਵੀ ਜਾਰੀ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਹੜਤਾਲ ਕਾਰਨ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣ ਲਈ ਸ਼ਿਕਾਇਤ ਕੇਂਦਰਾਂ ਅਤੇ ਕੈਸ਼ ਕਾਊਟਰਾਂ ਤੇ ਅਸਰ ਪਿਆ। ਬਿਜਲੀ ਮੁਲਾਜਮਾਂ ਦੇ ਨਾਲ ਮਜਦੂਰਾਂ, ਕਿਸਾਨਾਂ, ਸਨਅਤੀ ਕਾਮਿਆਂ, ਰੋਡਵੇਜ਼ ਕਾਮਿਆਂ, ਬੈਂਕ ਕਰਮਚਾਰੀਆਂ ਨੇ ਵੀ ਹੜਤਾਲ ਦੀ ਕਾਮਯਾਬੀ ਲਈ ਸ਼ਮੂਲੀਅਤ ਕੀਤੀ। ਆਗੂਆਂ ਨੇ ਕਿਹਾ ਕਿ ਇਹ ਦੇਸ਼ ਵਿਆਪੀ ਹੜਤਾਲ ਕੇਂਦਰ ਸਰਕਾਰ ਦੀਆਂ ਆਰਥਿਕ ਅਤੇ ਉਦਾਰੀਕਰਨ ਦੀਆਂ ਨੀਤੀਆਂ ਵਿਰੁੱਧ ਕੀਤੀ ਗਈ ਜਿਸ ਤਹਿਤ ਦੇਸ਼ ਦੇ ਬਿਜਲੀ ਬੋਰਡ ਤੋੜੇ ਗਏ ਹਨ ਜੋ ਆਰਥਿਕ ਘਾਟੇ ਵਿੱਚ ਜਾ ਰਹੇ ਹਨ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੀ 30000 ਕਰੋੜ ਦੇ ਘਾਟੇ ਵਿੱਚ ਚੱਲ ਰਹੀ ਹੈ। ਬਿਜਲੀ ਦੇ ਸਮੁੱਚੇ ਕੰਮ ਪ੍ਰਾਈਵੇਟ ਹੱਥਾਂ ‘ਚ ਦੇਣ ਲਈ ਬਿਜਲੀ ਸੋਧ ਐਕਟ ਪਾਸ ਕੀਤਾ ਜਾ ਰਿਹਾ ਹੈ। ਸਰਕਾਰੀ ਥਰਮਲ ਪਲਾਟਾਂ ਦੇ ਯੂਨਿਟ ਬੰਦ ਕੀਤੇ ਜਾ ਰਹੇ ਹਨ ਅਤੇ ਕਾਰਪੋਰੇਟ ਘਰਾਣਿਆਂ ਨੂੰ ਖੁੱਲ੍ਹੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਲੋਕ ਸਭਾ ਚੋਣਾਂ ਦੌਰਾਨ ਆਮ ਲੋਕਾਂ ਦੇ ਵਿਦਰੋਹ ਦਾ ਸਾਮਹਣਾ ਕਰਨਾ ਪਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ