ਇਨਸਾਫ਼ ਦੀ ਉਡੀਕ ਤੋਂ ਅੱਕਿਆ ਸਾਬਕਾ ਫੌਜੀ ਚੜਿ੍ਹਆ ਪ੍ਰਬੰਧਕੀ ਕੰਪਲੈਕਸ ਦੀ ਛੱਤ ’ਤੇ

ਰਿਵਾਲਵਰ ਤੇ ਪੈਟਰੌਲ ਵਾਲੀ ਬੋਤਲ ਕੋਲ ਹੋਣ ਕਾਰਨ ਪੁਲਿਸ ਨੂੰ ਪਈ ਭਾਜੜ

ਪੰਚਾਇਤੀ ਜ਼ਮੀਨ ਤੋਂ ਨਿੱਜੀ ਕਬਜ਼ਾ ਛੁਡਵਾਉਣ ਦਾ ਹੈ ਚਾਹਵਾਨ

ਬਠਿੰਡਾ, (ਸੁਖਜੀਤ ਮਾਨ) ਇੱਕ ਸਾਬਕਾ ਸੈਨਿਕ ਖ਼ੁਦਕੁਸ਼ੀ ਦੇ ਮਕਸਦ ਨਾਲ ਅੱਜ ਇੱਥੇ ਰਿਵਾਲਵਰ ਅਤੇ ਪੈਟਰੋਲ ਦੀ ਬੋਤਲ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਛੱਤ ’ਤੇ ਚੜ੍ਹ ਗਿਆ। ਸਾਬਕਾ ਸੈਨਿਕ ਦੇ ਇਸ ਫੈਸਲੇ ਕਾਰਨ ਪੁਲਿਸ ਪੱਬਾਂ ਭਾਰ ਹੋ ਗਈ ਉਸ ਨੂੰ ਬਚਾਉਣ ਦੇ ਯਤਨਾਂ ’ਚ ਜੁਟੀ ਪੁਲਿਸ ਝਕਾਨੀ ਦੇ ਕੇ ਉਸ ਕੋਲ ਅੱਪੜੀ ਤਾਂ ਉਸ ਨੂੰ ਕਾਬੂ ਕਰਕੇ ਦੋਵੇਂ ਮਾਰੂ ਚੀਜ਼ਾਂ ਉਸ ਤੋਂ ਖੋਹ ਕੇ ਕਬਜ਼ੇ ’ਚ ਲੈ ਲਈਆਂ। ਪ੍ਰਬੰਧਕੀ ਕੰਪਲੈਕਸ ਦੀ ਛੱਤ ’ਤੇ ਚੜ੍ਹੇ ਪਿੰਡ ਸੰਦੋਹਾ ਦੇ ਬੁੱਧ ਸਿੰਘ ਮਾਨ ਅਨੁਸਾਰ ਉਸ ਦੇ ਪਿੰਡ 2 ਕਨਾਲਾਂ 3 ਮਰਲੇ ਪੰਚਾਇਤੀ ਜ਼ਮੀਨ ’ਤੇ ਪਿੰਡ ਦੇ ਦੋ ਪਰਿਵਾਰ ਕਾਬਜ਼ ਹਨ

ਉਸ ਨੇ ਦੱਸਿਆ ਕਿ ਦਾਬੇ ਵਾਲੀ ਜ਼ਮੀਨ ਨੂੰ ਮੁਕਤ ਕਰਵਾ ਕੇ ਉਹ ਪੰਚਾਇਤ ਦੇ ਕਬਜ਼ੇ ’ਚ ਦੇਣਾ ਚਾਹੁੰਦਾ ਹੈ ਤਾਂ ਕਿ ਉਸ ਜਗ੍ਹਾ ’ਤੇ ਪਾਰਕ ਬਣਾਇਆ ਜਾਵੇ ਅਤੇ ਇਸ ਲਈ ਉਹ 11 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਵੀ ਦੇਣ ਲਈ ਤਿਆਰ ਹੈ। ਉਸ ਨੇ ਦੱਸਿਆ ਕਿ ਉਹ ਜ਼ਮੀਨ ਤੋਂ ਕਬਜ਼ਾ ਛੁਡਵਾਉਣ ਲਈ ਡੇਢ ਸਾਲ ਤੋਂ ਚਾਰਾਜੋਈ ਕਰ ਰਿਹਾ ਹੈ। ਉਸ ਅਨੁਸਾਰ ਇਸ ਸਮੇਂ ਦੌਰਾਨ ਉਹ ਬੀਡੀਪੀਓ, ਤਹਿਸੀਲਦਾਰ, ਐਸਡੀਐਮ, ਡੀਡੀਪੀਓ ਤੋਂ ਇਲਾਵਾ ਮਾਲ ਮੰਤਰੀ ਬ੍ਰਹਮ ਸ਼ੰਕਰ ਡਿੰਪਾ, ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚ ਕਰ ਚੁੱਕਾ ਹੈ। ਉਸ ਨੇ ਕਿਹਾ ਕਿ ਮਾਲ ਵਿਭਾਗ ਵੱਲੋਂ ਜ਼ਮੀਨ ਦੀ ਮਿਣਤੀ ਲਈ ਕਾਨੂੰਗੋ ਦੀ ਡਿਊਟੀ ਲਾਈ ਗਈ ਪਰ ਉਸ ਵੱਲੋਂ ਕਾਰਵਾਈ ਕਰਨ ਦੀ ਬਜਾਏ ਦਫ਼ਤਰ ’ਚ ਬੈਠ ਕੇ ਰਿਪੋਰਟਾਂ ਤਿਆਰ ਕਰੇ ਉੱਪਰ ਭੇਜ ਦਿੱਤੀਆਂ ਗਈਆਂ।

ਵਾਰ-ਵਾਰ ਉਜਰ ਕਰਨ ’ਤੇ ਹੁਣ 15 ਨਵੰਬਰ ਨੂੰ ਜ਼ਮੀਨ ਦੀ ਮਿਣਤੀ ਕੀਤੀ ਜਾਣੀ ਸੀ ਪਰ ਕਿਸੇ ਨੇ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਾਲ ਮਹਿਕਮਾ ਜ਼ਮੀਨ ਦੀ ਪੈਮਾਇਸ਼ ਨਹੀਂ ਕਰਦਾ, ਉਦੋਂ ਤੱਕ ਪੰਚਾਇਤ ਵਿਭਾਗ ਅਗਲੀ ਕਾਰਵਾਈ ਕਰਨ ਤੋਂ ਬੇਬੱਸ ਹੈ। ਬੁੱਧ ਸਿੰਘ ਨੇ ਮਾਲ ਵਿਭਾਗ ’ਚ ਭ੍ਰਿਸ਼ਟਾਚਾਰ ਦੇ ਪੈਰ ਪਸਰੇ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਅੱਜ ਅੱਕ ਕੇ ਉਹ ਆਤਮ ਹੱਤਿਆ ਦਾ ਅੱਕ ਚੱਬਣ ਲਈ ਇੱਥੇ ਪਹੁੰਚਿਆ ਤਾਂ ਕਿ ਸ਼ਾਸਕਾਂ ਅਤੇ ਪ੍ਰਸ਼ਾਸਕਾਂ ਨੂੰ ਅਸਲ ਤਸਵੀਰ ਦਾ ਪਤਾ ਲੱਗ ਸਕੇ। ਉਸ ਨੇ ਆਖਿਆ ਕਿ ਸਾਬਕਾ ਸੈਨਿਕ ਹੋਣ ਦੇ ਨਾਤੇ ਉਹ ਅਨੁਸਾਸ਼ਨੀ ਸ਼ਖ਼ਸ ਹੈ ਪਰ ਮਜ਼ਬੂਰ ਹੋ ਕੇ ਉਹ ਇਸ ਮੁਕਾਮ ’ਤੇ ਪੁੱਜਾ ਹੈ।

ਪੁਲੀਸ ਵੱਲੋਂ ਕਾਬੂ ਕੀਤੇ ਜਾਣ ਤੋਂ ਬਾਅਦ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੁੱਧ ਸਿੰਘ ਵੱਲੋਂ ਉਠਾਏ ਮਾਮਲੇ ਦੇ ਸਬੰਧ ’ਚ ਉਸ ਦੀ ਏਡੀਸੀ ਨਾਲ ਮੀਟਿੰਗ ਕਰਵਾਈ ਜਾਵੇਗੀ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਜੋ ਉਸ ਕੋਲੋਂ ਹਥਿਆਰ ਮਿਲਿਆ, ਉਸ ਦੇ ਲਾਇਸੰਸੀ ਹੋਣ ਜਾਂ ਨਾ ਹੋਣ ਬਾਰੇ ਵੀ ਪੜਤਾਲ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ