ਵਕਤ ਦੀ ਮਾਰ

Value of Time Sachkahoon

ਵਕਤ ਦੀ ਮਾਰ

ਐ ਵਕਤ
ਤੇਰੇ ਹੱਥ ਵਿਚ ਦੇ
ਆਪਣੇ ਸੁਪਨੇ
ਆਪਣਾ ਭਵਿੱਖ
ਮੈਂ ਤੁਰਿਆਂ ਸਾਂ
ਤੇਰੀ ਉਂਗਲੀ ਫੜ
ਪਰ ਤੂੰ ਇਹ ਕੀ ਕੀਤਾ?
ਤੇਰੇ ਹੱਥ ਵਿੱਚ
ਮੇਰਾ ਤਾਂ ਕੀ
ਕਿਸੇ ਦਾ ਵੀ
ਭਵਿੱਖ ਨਜ਼ਰ ਨਹੀਂ ਆ ਰਿਹਾ
ਤੇ ਤੂੰ ਰਾਜ ਭਵਨ ਵੱਲ ਮੂੰਹ ਕਰ
ਉਦਾਸ ਕਿਉਂ ਖੜ੍ਹਾ ਏਂ।

ਐ ਵਕਤ
ਇੱਥੇ ਇੱਕ ਨਦੀ ਹੈ
ਜੋ ਕਿਸੇ ਵਕਤ ਵਿੱਚ
ਪਵਿੱਤਰ ਅਖਵਾਉਂਦੀ ਸੀ
ਲੋਕ ਉਸਨੂੰ ਪੂਜਦੇ ਸੀ
ਮਾਂ ਆਖ ਕੇ…
ਅੱਜ ਜਦ ਮੈਂ
ਅੱਛੇ ਦਿਨਾਂ ਦੀ ਤਲਾਸ਼ ਵਿੱਚ
ਭਵਿੱਖ ਨੂੰ ਲੱਭਦਾ
ਉਹਦੇ ਕੋਲ ਦੀ ਲੰਘਿਆ
ਤਾਂ ਉਸ ਵਿੱਚੋਂ
ਮੁਰਦਿਆਂ ਦੀਆਂ ਅਵਾਜ਼ਾਂ
ਆ ਰਹੀਆਂ ਸਨ
ਬਚਾਓ! ਬਚਾਓ! ਦੇ ਸ਼ੋਰ ਨੇ
ਮੇਰੇ ਕੰਨ ਪਾੜ ਦਿੱਤੇ
ਤੂੰ ਸੱਚ ਦੱਸੀਂ
ਇਹ ਆਵਾਜ਼ਾਂ
ਉਸੇ ਮਾਂ ਦੀਆਂ ਸਨ।

ਐ ਵਕਤ
ਚੱਲ ਆ ਬੈਠ ਮੇਰੇ ਨਾਲ
ਇਸ ਨਦੀ ਦੇ ਕੰਢੇ
ਤੇ ਆਪਾਂ ਲੱਭੀਏ
ਪਾਣੀ ਨਾਲ ਭਰੀਆਂ ਲਾਸ਼ਾ ਵਿੱਚੋਂ
ਕੋਈ ਸ਼ਾਂਤੀ ਨਾਲ ਭਰਿਆ ਮੁਰਦਾ।
ਐ ਵਕਤ
ਇਹ ਤੂੰ ਕੈਸੀ ਮਾਰ ਮਾਰੀ ਏ
ਮੈਨੂੰ ਇਹਨਾਂ
ਰੁਲਦੀਆਂ ਲੋਥਾਂ ਵਿੱਚੋਂ
ਬਦਬੂ ਆਉਂਦੀ ਏ
ਮਰ ਗਈ ਇਨਸਾਨੀਅਤ ਦੀ।

ਐ ਵਕਤ
ਇਹ ਕੈਸਾ ਦੌਰ ਹੈ
ਜਿਸ ਵਿੱਚ ਮੈਂ
ਭਵਿੱਖ ਦੇ ਦਰਦ ਨੂੰ
ਸੀਨੇ ਵਿੱਚ ਦਫਨਾ
ਹੰਢਾਅ ਰਿਹਾ ਹਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ