ਪੈਟਰੋਲ ਪੰਪਾਂ, ਠੇਕਿਆਂ ‘ਤੇ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰ ਕਾਬੂ

Gang, Involved, Petrol, Pumps, plots, Arrested

ਗੈਂਗ ਦੇ ਤਿੰਨ ਮੈਂਬਰ ਮੌਫਰਾਰ ਕੇ ‘ਤੋਂ ਹੋਏ

  • ਵੱਖਰੇ ਮਾਮਲੇ ‘ਚ ਸਾਢੇ 12 ਲੱਖ ਦੀ ਹੈਰੋਇਨ ਤੇ ਡਿਜਾਇਰ ਕਾਰ ਸਮੇਤ ਇੱਕ ਕਾਬੂ

ਬਰਨਾਲਾ, (ਜੀਵਨ ਰਾਮਗੜ/ਜਸਵੀਰ ਸਿੰਘ/ਸੱਚ ਕਹੂੰ ਨਿਊਜ਼)। ਬਰਨਾਲਾ ਪੁਲਿਸ ਨੇ ਇਲਾਕੇ ਅੰਦਰ ਪੈਟਰੋਲ ਪੰਪਾਂ, ਠੇਕਿਆਂ ‘ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਇੱਕ ਗੈਂਗ ਦੇ 3 ਮੈਂਬਰਾਂ ਨੂੰ ਦੋ ਨਜਾਇਜ਼ ਪਿਸਤੌਲਾਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਦਕਿ ਗੈਂਗ ਦੇ 3 ਮੈਂਬਰ ਪੁਲੀਸ ਦੀ ਗ੍ਰਿਫਤ ਵਿੱਚੋਂ ਬਾਹਰ ਹਨ। ਇੱਕ ਵੱਖਰੇ ਮਾਮਲੇ ‘ਚ ਪੁਲਿਸ ਨੇ ਸਾਢੇ 12 ਲੱਖ ਦੀ ਹੈਰੋਇਨ ਤੇ ਡਿਜਾਇਰ ਕਾਰ ਸਮੇਤ ਇੱਕ ਨੂੰ ਵੀ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸਪੀ (ਡੀ) ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਸੀਆਈਏ ਇੰਚਾਰਜ਼ ਬਰਨਾਲਾ ਬਲਜੀਤ ਸਿੰਘ ਨੇ ਥਾਣੇਦਾਰ ਸੁਰਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਤਪਾ ਸਮੇਤ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਕਿ ਇੱਕ ਜੈਨ ਕਾਰ ਨੰਬਰ ਪੀਬੀ-04 ਜੀ- 5354 ਪਿੰਡ ਖੁੱਡੀ ਖੁਰਦ ਤੋਂ ਢਿੱਲਵਾਂ ਵੱਲ ਨੂੰ ਜਾ ਰਹੀ ਹੈ।

ਜਿਸ ਦੀਆਂ ਨੰਬਰ ਪਲੇਟਾਂ ‘ਤੇ ਗਾਰਾ ਲਗਾਇਆ ਹੋਇਆ ਹੈ। ਬਲਜੀਤ ਸਿੰਘ ਨੇ ਸਮੇਤ ਪੁਲੀਸ ਪਾਰਟੀ ਨੇ ਖੁੱਡੀ ਖੁਰਦ ਤੋਂ ਆਉਂਦੀ ਉਕਤ ਜੈਨ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ‘ਚੋਂ ਨਿਕਲੇ ਨੌਜਵਾਨਾਂ ਨੇ ਪੁਲਿਸ ਵੱਲ ਨੂੰ ਹਵਾਈ ਫਾਇਰ ਕੀਤੇ। ਇਸ ਦਰਮਿਆਨ ਹੀ ਕਾਰ ‘ਚੋਂ 3 ਮੁਲਜ਼ਮ ਨਿਕਲ ਕੇ ਪਿੰਡ ਵੱਲ ਨੂੰ ਫਰਾਰ ਹੋ ਗਏ ਪ੍ਰੰਤੂ ਤਰਸੇਮ ਸਿੰਘ ਉਰਫ਼ ਸੇਮਾ ਵਾਸੀ ਜੈਤੋ, ਇਕਬਾਲ ਸਿੰਘ ਵਾਸੀ ਦੱਬੜੀ ਖਾਨਾਂ ਤੇ ਫਤਿਹ ਸਿੰਘ ਉਰਫ਼ ਯੁਵਰਾਜ ਵਾਸੀ ਨਾਗਰੀ (ਸੰਗਰੂਰ) ਨੂੰ ਕਾਰ ‘ਚੋਂ ਕਾਬੂ ਕਰ ਲਿਆ ਗਿਆ। ਜਿਨ੍ਹਾਂ ਪਾਸੋਂ ਮੌਕੇ ‘ਤੇ ਹੀ ਦੋ ਨਜਾਇਜ਼ ਪਿਸਤੌਲ 315 ਬੋਰ ਦੇਸੀ ਸਮੇਤ ਦੋ ਜਿੰਦਾ ਕਾਰਤੂਸ ਤੇ ਇੱਕ ਖੋਲ ਕਾਰਤੂਸ ਬਰਾਮਦ ਕੀਤੇ ਗਏ। ਕਾਬੂ ਮੁਲਜ਼ਮਾਂ ਖਿਲਾਫ਼ ਥਾਣਾ ਤਪਾ ਵਿਖੇ ਆਈਪੀਸੀ ਦੀ ਧਾਰਾ 399, 402, 307, 25 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਕਬਾਲ ਸਿੰਘ ਖਿਲਾਫ਼ ਪਹਿਲਾਂ ਵੀ ਥਾਣਾ ਜੈਤੋ ਵਿਖੇ ਇੱਕ ਚੋਰੀ ਦਾ ਮੁਕੱਦਮਾ ਤੇ ਫਤਿਹ ਸਿੰਘ ਖਿਲਾਫ਼ ਵੱਖ-ਵੱਖ ਜ਼ਿਲ੍ਹਿਆਂ ‘ਚ ਲੜਾਈ-ਝਗੜੇ ਤੇ ਲੁੱਟਾਂ-ਖੋਹਾਂ ਦੇ ਮਾਮਲੇ ਵੀ ਦਰਜ਼ ਹਨ।

ਉਨ੍ਹਾਂ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਗਗਨਦੀਪ ਸਿੰਘ ਉਰਫ਼ ਵਿੱਕੀ, ਬਲਕਰਨ ਸਿੰਘ ਉਰਫ਼ ਕਰਨੀ ਤੇ ਪ੍ਰਦੀਪ ਸਿੰਘ ਵਾਸੀਆਨ ਰਾਮਪੁਰਾ (ਬਠਿੰਡਾ) ਸਮੇਤ ਕਾਬੂ ਕੀਤੇ ਮੁਲਜ਼ਮਾਂ ਨੇ ਇੱਕ ਗੈਂਗ ਬਣਾਇਆ ਹੋਇਆ ਹੈ ਜੋ ਇਲਾਕੇ ਅੰਦਰ ਪੈਟਰੋਲ ਪੰਪਾਂ ਤੇ ਠੇਕਿਆਂ ‘ਤੇ ਅਸਲੇ ਦੀ ਨੋਕ ‘ਤੇ ਲੁੱਟਾਂ-ਖੋਹਾਂ ਕਰਦੇ ਹਨ। ਉਨ੍ਹਾਂ ਦੱਸਿਆ ਕਿ ਗੈਂਗ ਦੇ ਮੁੱਖ ਮੁਲਜ਼ਮ ਪੁਲੀਸ ਦੀ ਗ੍ਰਿਫਤ ‘ਚੋਂ ਬਾਹਰ ਹਨ। ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਇੱਕ ਵੱਖਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਵਿਰਕ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਸੀਆਈਏ ਬਰਨਾਲਾ ਨੇ ਸਮੇਤ ਪੁਲੀਸ ਪਾਰਟੀ ਖੁੱਡੀ ਕਲਾਂ ਤੋਂ ਇੱਕ ਸਵਿਫ਼ਟ ਡਿਜਾਇਰ ਕਾਰ  ਨੰਬਰ ਪੀਬੀ- 05 ਐਨ-8677 ਚੋਂ ਜਗਸੀਰ ਸਿੰਘ ਉਰਫ਼ ਸੀਰਾ ਵਾਸੀ ਦਿਆਲਪੁਰਾ ਭਾਈਕਾ (ਬਠਿੰਡਾ) ਨੂੰ ਕਾਬੂ ਕੀਤਾ ਹੈ। ਜਿਸ ਪਾਸੋਂ 250 ਗ੍ਰਾਮ ਹੈਰੋਇਨ (ਚਿੱਟਾ) ਬਰਾਮਦ ਕੀਤੀ ਗਈ ਹੈ। ਜੋ ਮੁਲਜ਼ਮ ਦਿੱਲੀ ਤੋਂ ਲੈ ਕੇ ਆਇਆ ਸੀ। ਕਾਬੂ ਮੁਲਜ਼ਮ ਖਿਲਾਫ਼ ਥਾਣਾ ਸਦਰ ਵਿਖੇ ਆਈਪੀਸੀ ਦੀ ਧਾਰਾ 21/25-61-85 ਐਨਪੀਡੀਐਸ ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਜਗਸੀਰ ਸਿੰਘ ਖਿਲਾਫ਼ ਐਨਡੀਪੀਐਸ ਐਕਟ ਤਹਿਤ ਦੋ ਮਾਮਲੇ ਦਰਜ਼ ਹਨ। ਉਨਾਂ ਦੱਸਿਆ ਕਿ ਬਰਾਮਦ ਹੈਰੋਇਨ ਦੀ ਕੀਮਤ 12.50 ਲੱਖ ਰੁਪਏ ਬਣਦੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡੀਐੱਸਪੀ (ਡੀ) ਕੁਲਦੀਪ ਸਿੰਘ ਵਿਰਕ, ਸੀਆਈਏ ਇੰਚਾਰਜ਼ ਬਰਨਾਲਾ ਬਲਜੀਤ ਸਿੰਘ ਤੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਹਾਜ਼ਰ ਸੀ।