ਪੈਟਰੋਲ ਪੰਪ ਲੁਟੇਰੇ ਗਿਰੋਹ ਦੇ ਤਿੰਨ ਮੈਂਬਰ ਅਸਲੇ ਸਮੇਤ ਕਾਬੂ

Robbery, Petrol Pump, Arrested, Punjab Police

ਖੁਸ਼ਵੀਰ ਸਿੰਘ ਤੂਰ,ਪਟਿਆਲਾ: ਸਮਾਜ ਵਿਰੋਧੀ ਅਨਸਰਾਂ ਵਿਰੁੱਧ ਪਟਿਆਲਾ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਥਾਣਾ ਪਸਿਆਣਾ ਦੀ ਪੁਲਿਸ ਨੇ ਤਿੰਨ  ਕਥਿਤ ਪੈਟਰੋਲ ਪੰਪ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਪੁਲਿਸ ਨੇ ਇਨ੍ਹਾਂ ਕੋਲੋਂ 32 ਬੋਰ ਦੇ ਪਿਸਤੌਲ, 9 ਜਿੰਦਾ ਕਾਰਤੂਸ, ਚੋਰੀਸ਼ੁਦਾ ਮੋਟਰਸਾਈਕਲ ਤੇ  22 ਹਜ਼ਾਰ ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਹੈ ਇਸ ਤੋਂ ਇਲਾਵਾ ਪੁਲਿਸ ਨੇ ਜੇਬ ਤਰਾਸ਼ ਗਿਰੋਹ ਦੇ ਪੰਜ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਲੋਕਾਂ ਦੀਆਂ ਜੇਬਾਂ ਕੱਟ ਕੇ ਚੋਰੀ ਕੀਤੀ ਰਕਮ ‘ਚੋਂ 52 ਹਜ਼ਾਰ ਰੁਪਏ ਬਰਾਮਦ ਕੀਤੇ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐੱਸਐੱਸਪੀ ਡਾ. ਐੱਸ. ਭੂਪਤੀ ਨੇ ਦੱਸਿਆ ਕਿ 22 ਜੁਲਾਈ ਨੂੰ ਕ੍ਰਿਸ਼ਨਾ ਫਿਲਿੰਗ ਸਟੇਸ਼ਨ ਕਕਰਾਲਾ ‘ਤੇ ਸ਼ਾਮ ਨੂੰ ਤਿੰਨ ਨਕਾਬਪੋਸ਼ ਨੌਜਵਾਨ ਇੱਕ ਬਿਨਾ ਨੰਬਰੀ ਮੋਟਰਸਾਈਕਲ ‘ਤੇ ਤੇਲ ਪੁਆਉਣ ਦੇ ਬਹਾਨੇ ਪੰਪ ‘ਤੇ ਆਏ ਤੇ ਹਥਿਆਰਾਂ ਦੀ ਨੋਕ ‘ਤੇ ਪੰਪ ਦੇ ਕਰਿੰਦੇ ਸੰਜੇ ਕੁਮਾਰ ਵਾਸੀ ਗੁਰਬਖ਼ਸ਼ ਕਲੋਨੀ ਤੋਂ ਕੁੱਲ 35 ਹਜ਼ਾਰ ਰੁਪਏ ਤੇ ਇੱਕ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ ਸਨ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕੀਤਾ ਸੀ

ਉਨ੍ਹਾਂ ਦੱਸਿਆ ਕਿ ਸਹਾਇਕ ਥਾਣੇਦਾਰ ਸੂਰਜ ਪ੍ਰਕਾਸ਼ ਸਮੇਤ ਪੁਲਿਸ ਪਾਰਟੀ ਸੀਆਈਏ ਸਟਾਫ ਪਟਿਆਲਾ ਤੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਥਾਣਾ ਪਸਿਆਣਾ ਦੀ ਪੁਲਿਸ ਪਾਰਟੀ ਨਾਲ ਸਾਂਝੇ ਅਪਰੇਸ਼ਨ ਦੌਰਾਨ ਡਕਾਲਾ ਚੁੰਗੀ ਪਟਿਆਲਾ ਤੋਂ ਕੋਈ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮਦੇ ਫਿਰਦੇ ਹਰਵਿੰਦਰ ਸਿੰਘ ਉਰਫ ਲੱਖੀ ਪੁੱਤਰ ਜਗਨ ਸਿੰਘ ਵਾਸੀ ਖੱਤਰੀਵਾਲਾ ਥਾਣਾ ਬਰੇਟਾ ਜ਼ਿਲ੍ਹਾ ਮਾਨਸਾ, ਗਗਨਦੀਪ ਸਿੰਘ ਉਰਫ ਗਗਨੀ ਪੁੱਤਰ ਵਾਸੀ ਮੇਘ ਸਿੰਘ ਵਾਸੀ ਨਮੋੜ ਥਾਣਾ ਚੀਮਾ ਜ਼ਿਲ੍ਹਾ ਸੰਗਰੂਰ ਤੇ ਮਨੀ ਦਾਸ ਉਰਫ ਮਨੀ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਅਗੇਤੀ ਥਾਣਾ ਸਦਰ ਨਾਭਾ  ਨੂੰ ਮੋਟਰਸਾਈਕਲ ਹੀਰੋ ਹੋਡਾ ਸਪਲੈਂਡਰ ਰੰਗ ਕਾਲਾ ਐੱਚ. ਆਰ. 29. ਏ. ਬੀ. 5708 ‘ਤੇ ਕਾਬੂ ਕੀਤਾ ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ ਇੱਕ ਪਿਸਤੌਲ 32 ਬੋਰ ਸਮੇਤ 9 ਰੌਂਦ 32 ਬੋਰ ਜ਼ਿੰਦਾ, ਲੋਹੇ ਦੀ ਰਾਡ ਤੇ ਇੱਕ ਕਿਰਚ ਬਰਾਮਦ ਕੀਤੀ ਗਈ ਇਸ ਤੋਂ ਇਲਾਵਾ ਤਿੰਨਾਂ ਕੋਲੋਂ 22 ਹਜ਼ਾਰ ਦੀ ਨਗਦੀ ਵੀ ਬਰਾਮਦ ਕੀਤੀ ਹੈ ਪੁਲਿਸ ਇਨ੍ਹਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ

ਜੇਬ ਤਰਾਸ਼ ਗਿਰੋਹ ਦੇ ਪੰਜ ਮੈਂਬਰ ਵੀ ਗ੍ਰਿਫ਼ਤਾਰ

ਐੱਸਐੱਸਪੀ ਡਾ. ਐੱਸ. ਭੂਪਤੀ ਨੇ ਦੱਸਿਆ ਕਿ ਬੀਤੀ 25 ਜੁਲਾਈ  ਨੂੰ ਰਾਜ ਮਾਤਾ ਮਹਿੰਦਰ ਕੌਰ ਦੀ ਅੰਤਿਮ ਯਾਤਰਾ ਮੌਕੇ ਸ਼ੇਰਾਂ ਵਾਲਾ ਗੇਟ ਕੋਲ ਲੋਕਾਂ ਦੇ ਇਕੱਠ ‘ਚ ਖੜ੍ਹੇ ਅਸ਼ੀਸ਼ ਕਟਾਰੀਆ ਵਾਸੀ ਪਟਿਆਲਾ ਦੀ ਕੁੜਤੇ ਦੀ ਜੇਬ ‘ਚੋਂ 38,900 ਰੁਪਏ ਤੇ ਕੁਝ ਹੋਰ ਵਿਅਕਤੀਆਂ ਦੀਆਂ ਜੇਬਾਂ ‘ਚੋਂ ਪੈਸੇ ਤੇ ਮੋਬਾਇਲ ਚੋਰੀ ਹੋ ਗਏ ਸਨ, ਜਿਸ ਸਬੰਧੀ ਪੁਲਿਸ ਨੇ ਥਾਣਾ ਕੋਤਵਾਲੀ ‘ਚ ਮਾਮਲਾ ਦਰਜ ਕੀਤਾ ਸੀ।  ਤਫ਼ਤੀਸ਼ ਦੌਰਾਨ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਸੀਆਈਏ ਪਟਿਆਲਾ ਨੇ ਸਮੇਤ ਪੁਲਿਸ ਪਾਰਟੀ ਦੇ 28 ਜੁਲਾਈ 2017 ਨੂੰ ਪੰਚਮੀ ਵਾਲੇ ਦਿਨ ਬੱਸ ਸਟਾਪ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਪਾਸੋਂ ਅਮਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮ: ਨੰ: 247 ਕਮਲਾ ਨਹਿਰੂ ਕਲੋਨੀ ਬਠਿੰਡਾ ਤੇ ਸੰਤੋਸ਼ ਕੁਮਾਰ ਉਰਫ ਪੰਡਤ ਪੁੱਤਰ ਮਾਮ ਚੰਦ ਵਾਸੀ ਮਹਾਵੀਰ ਕਲੋਨੀ ਨੇੜੇ ਯੋਗ ਹਾਈ ਸਕੂਲ ਹਿਸਾਰ ਨੂੰ ਗ੍ਰਿਫਤਾਰ ਕੀਤਾ

ਤਫ਼ਤੀਸ਼ ਦੌਰਾਨ ਅਮਨਪ੍ਰੀਤ ਸਿੰਘ ਪਾਸੋਂ 30 ਹਜ਼ਾਰ ਰੁਪਏ ਤੇ ਸੰਤੋਸ਼ ਕੁਮਾਰ ਪਾਸੋਂ 10 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਤੇ 30 ਜੁਲਾਈ 2017 ਨੂੰ ਵਾਈਪੀਐੱਸ ਚੌਂਕ ਸ਼ਾਮ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਮ: ਨੰ: 330 ਮੁਹੱਲਾ ਰਾਮਗੜ੍ਹੀਆ ਗੁਰਾਇਆ ਜ਼ਿਲ੍ਹਾ ਜਲੰਧਰ, ਗੋਬਿੰਦ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਮ: ਨੰ: 28 ਗਲੀ ਨੰ: 5, ਮਰੁੱਬੇ ਵਾਲੀ ਗਲੀ ਕ੍ਰਿਸ਼ਨਾ ਨਗਰ ਤਰਨਤਾਰਨ ਰੋਡ ਅੰਮ੍ਰਿਤਸਰ ਤੇ ਬਲਵਿੰਦਰ ਸਿੰਘ ਉਰਫ ਕਾਲਾ ਕੱਟਾ ਪੁੱਤਰ ਜੋਗਿੰਦਰ ਸਿੰਘ ਵਾਸੀ ਗਲੀ ਨੰ: 2, ਸ਼ਹੀਦ ਊਧਮ ਸਿੰਘ ਨਗਰ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਸ਼ਾਮ ਸਿੰਘ ਪਾਸੋਂ 12 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਪਾਸੋਂ ਕੁੱਲ 52 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ ਐਸ.ਐਸ.ਪੀ.  ਨੇ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here