ਉੱਗਣ ਵਾਲੇ ਉੱਗ ਪੈਂਦੇ ਨੇ, ਪਾੜ ਕੇ ਸੀਨਾ ਪੱਥਰਾਂ ਦਾ!

ਉੱਗਣ ਵਾਲੇ ਉੱਗ ਪੈਂਦੇ ਨੇ, ਪਾੜ ਕੇ ਸੀਨਾ ਪੱਥਰਾਂ ਦਾ!

ਮਹਾਰਾਸ਼ਟਰ ਦੇ ਆਦਿਵਾਸੀ ਇਲਾਕੇ ’ਚ ਸਕਰੀ ਤਾਲੁਕਾ ਦੇ ਇੱਕ ਪਿੰਡ ‘ਸਾਮੋਦੇ’ ’ਚ ਆਦਿਵਾਸੀਆਂ ਦੀ ‘ਭੀਲ’ ਜਾਤੀ ਦੇ ਝੌਂਪੜੀ ’ਚ ਰਹਿੰਦੇ, ਬੇਹੱਦ ਗਰੀਬ, ਦੋ ਬੱਚਿਆਂ ਦੇ ਪਿਤਾ ਮਜ਼ਦੂਰ ‘ਬੰਧੂ ਭਰੂਦ’ ਦੀ ਮਲੇਰੀਆ ਕਾਰਨ 1987 ’ਚ ਮੌਤ ਹੋ ਗਈ, ਉਸ ਦੀ ਪਤਨੀ ਕਮਲਾ ਦੇ ਪੇਟ ’ਚ ਉਸ ਸਮੇਂ ਚਾਰ ਮਹੀਨੇ ਦਾ ਭਰੂਣ ਸੀ, ਪਰਿਵਾਰਕ ਲੋਕਾਂ ਨੇ ਗਰਭਪਾਤ ਕਰਵਾਉਣ ਬਾਰੇ ਫੈਸਲਾ ਲੈ ਹੀ ਲਿਆ ਸੀ ਪਰ ਕਮਲਾ ਦੀ ਭੈਣ ਅੜ ਗਈ ਤੇ ਅਖੀਰ ਆਪਣੇ ਪਿਤਾ ਦੀ ਮੌਤ ਤੋਂ ਛੇ ਮਹੀਨੇ ਬਾਅਦ ਜਿਸ ਮੁੰਡੇ ਨੇ ਜਨਮ ਲਿਆ

ਉਸ ਦਾ ਨਾਂਅ ਰੱਖਿਆ ਗਿਆ ‘ਰਾਜਿੰਦਰ ਭਰੂਦ’, ਬਾਕੀ, ਗਰੀਬਾਂ ਦਾ ਕਿਹੜਾ ‘ਰਾਜਿੰਦਰ’ ਹੁੰਦਾ, ‘ਰਾਜੂ’ ਹੀ ਆਖਦੇ ਸੀ ਸਾਰੇ, ਹਾਲਾਂਕਿ ਉਸ ਨੂੰ ਅੱਜ ਵੀ ਇਸ ਗੱਲ ਦਾ ਮਲਾਲ ਹੈ ਕਿ ਉਹ ਆਪਣੇ ਪਿਤਾ ਨੂੰ ਕਦੇ ਨਹੀਂ ਦੇਖ ਸਕਿਆ, ਕਿਉਂਕਿ ਉਸ ਸਮੇਂ ਉਸ ਦੇ ਪਿਤਾ ਦੀ ਫੋਟੋ ਖਿਚਾਉਣ ਦੀ ਹੈਸੀਅਤ ਹੀ ਨਹੀਂ ਸੀ। ਰਾਜੂ ਦੀ ਮਾਂ ਤੇ ਦਾਦੀ ਜਦੋਂ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਣ ’ਚ ਅਸਮਰੱਥ ਹੋ ਗਈਆਂ ਤਾਂ ਅਖੀਰ ਉਨ੍ਹਾਂ ਮਹੂਏ ਦੀ ਫੁੱਲਾਂ ਦੀ ਦੇਸੀ ਲਾਹਣ (ਤਾੜੀ) ਕੱਢਣੀ ਤੇ ਵੇਚਣੀ ਸ਼ੁਰੂ ਕਰ ਦਿੱਤੀ, ਜੋ ਉਸ ਖੇਤਰ ’ਚ ਕੋਈ ਖਾਸ ਜ਼ੁਰਮ ਨਹੀਂ ਮੰਨਿਆ ਜਾਂਦਾ ਸੀ

ਸਰਕਾਰੀ ਸਕੂਲ ਦੇ ਮਾਸਟਰਾਂ ਦੀ ਹਿੰਮਤ ਕਾਰਨ ਰਾਜੂ ਹੁਰੀਂ ਆਪਣੇ ਪਰਿਵਾਰ ’ਚ ਪਹਿਲੀ ਪੀੜ੍ਹੀ ਸੀ, ਜਿਸ ਨੇ ਸਕੂਲ, ਅੱਖਰ, ਸ਼ਬਦ ਤੇ ਕਿਤਾਬਾਂ ਦੇ ਦਰਸ਼ਨ ਕੀਤੇ। ਚੌਥੀ ਤੱਕ ਦੀ ਪੜ੍ਹਾਈ ਤੋਂ ਬਾਅਦ ਹੀ ਮਾਸਟਰਾਂ ਨੂੰ ਪਤਾ ਲੱਗ ਗਿਆ ਕਿ ਰਾਜੂ ਅਸਾਧਾਰਨ ਤੇ ਵਿਲੱਖਣ ਬੱਚਾ ਹੈ, ਜੋ ਬਹੁਤ ਕੁੱਝ ਕਰ ਸਕਦਾ ਹੈ, ਉਹਨਾਂ ਰਾਜੂ ਦੀ ਮਾਂ ਕਮਲਾ ਨੂੰ ਸਮਝਾਇਆ ਤੇ ‘ਜਵਾਹਰ ਨਵੋਦਿਆ ਵਿਦਿਆਲਿਆ’ ਦੇ ਫਾਰਮ ਭਰ ਦਿੱਤੇ, ਹਾਲਾਂਕਿ ਇਸੇ ਦੌਰਾਨ ਚੱਲਦੇ ਪੇਪਰਾਂ ਦੌਰਾਨ ਇੱਕ ਸ਼ਾਮ ਦੇ ਵਾਕਿਆ ਨੇ ਰਾਜੂ ਦੀ ਜ਼ਿੰਦਗੀ ਬਦਲ ਦਿੱਤੀ।

ਦਰਅਸਲ ਰਾਜੂ ਦੀ ਝੌਂਪੜੀ ’ਚ ਸ਼ਰਾਬ ਪੀਣ ਆਲੇ ਲੋਕ ਉਸ ਤੋਂ ਨਾਲ ਦੀ ਦੁਕਾਨ ਤੋਂ ਭੁਜੀਆ-ਨਮਕੀਨ ਮੰਗਵਾਉਂਦੇ ਤੇ ਬਦਲੇ ’ਚ ਰੁਪਈਆ-ਠਿਆਨੀ ਫੜਾ ਦਿੰਦੇ ਜਿਸ ਨਾਲ ਉਹ ਕਿਤਾਬਾਂ-ਕਾਪੀਆਂ ਖਰੀਦਦਾ ਸੀ। ਪਰ ਇੱਕ ਦਿਨ ਰਾਜੂ ਦਾ ਪੇਪਰ ਸੀ ਤੇ ਉਹ ਪੜ੍ਹ ਰਿਹਾ ਸੀ ਤਾਂ ਇੱਕ ਗ੍ਰਾਹਕ ਨੇ ਉਸ ਨੂੰ ਭੁਜੀਆ-ਨਮਕੀਨ ਲਿਆਉਣ ਲਈ ਕਿਹਾ ਤਾਂ ਉਸ ਨੇ ਇਨਕਾਰ ਕਰਦੇ ਹੋਏ ਪੇਪਰ ਦੀ ਤਿਆਰੀ ਦੀ ਗੱਲ ਆਖ ਦਿੱਤੀ, ਇਹ ਸੁਣ ਕੇ ਉਸ ਸ਼ਰਾਬੀ ਨੇ ਹੱਸਦੇ ਹੋਏ ਟੌਂਟ ’ਚ ਜੋ ਗੱਲ ਕਹੀ ਉਸਨੇ ਰਾਜੂ ਦੀ ਜ਼ਿੰਦਗੀ ਹੀ ਬਦਲ ਦਿੱਤੀ, ਉਸ ਨੇ ਕਿਹਾ, ਤੂੰ ਭੀਲ ਦੀ ਔਲਾਦ ਏਂ, ਪੜ੍ਹ ਕੇ ਤੂੰ ਕਿਹੜਾ ਡਾਕਟਰ ਜਾਂ ਕਲੈਕਟਰ ਲੱਗ ਜਾਣਾ ਏਂ, ਕੱਢਣੀ ਤਾਂ ਦਾਰੂ ਈ ਏ! ਗੱਲ ਸੁਣ ਕੇ ਕਿਰਤੀ ਮਾਂ ਦੀਆਂ ਭਰੀਆਂ ਅੱਖਾਂ ਵੇਖ ਰਾਜੂ ਨੇ ਉਸੇ ਦਿਨ ਸੋਚ ਲਿਆ ਕਿ ਉਹ ਡਾਕਟਰ ਬਣ ਕੇ ਹੀ ਵਿਖਾਵੇਗਾ।

ਹੁਸ਼ਿਆਰ ਤਾਂ ਸੀ ਹੀ, ਨਵੋਦਿਆ ’ਚ ਦਾਖਲਾ ਹੋ ਗਿਆ, ਘਰੋਂ 150 ਕਿਲੋਮੀਟਰ ਦੂਰ ਨਵੋਦਿਆ ’ਚ ਸਿਰੜ ਤੇ ਸਖਤ ਮਿਹਨਤ ਨਾਲ, 10ਵੀਂ ’ਚ ਟੌਪਰ, ਫੇਰ +2 ’ਚ ਤੇ ਫੇਰ ਬਿਨਾਂ ਕੋਚਿੰਗ ਸਿੱਧਾ ਨੀਟ ’ਚ ਬਹੁਤ ਜਬਰਦਸਤ ਪ੍ਰਦਰਸ਼ਨ ਤੇ ਮਹਾਂਰਾਸ਼ਟਰ ਦੇ ਨੰਬਰ-1 ਮੈਡੀਕਲ ਕਾਲਜ ’ਚ ਸਰਕਾਰੀ ਤੇ ਪ੍ਰਾਈਵੇਟ ਸਕਾਲਰਸ਼ਿਪ ਸਣੇ ਦਾਖਲਾ ਮਿਲ ਗਿਆ। ਉਹ ਦਾਖਲੇ ਦੇ ਪਹਿਲੇ ਦਿਨ ਜਦੋਂ ਡੀਨ ਦੇ ਸੰਬੋਧਨ ਦੌਰਾਨ ਆਡੀਟੋਰੀਅਮ ’ਚ ਥੋੜ੍ਹਾ ਦੇਰ ਨਾਲ ਪਹੁੰਚਿਆ ਤਾਂ ਬਹੁਤ ਭੀੜ ਸੀ, ਉਸ ਦੇ ਕੱਪੜੇ ਬੇਹੱਦ ਸਸਤੇ ਤੇ ਪੈਰਾਂ ’ਚ 40 ਰੁਪਈਆਂ ਆਲੀਆਂ ਚੱਪਲਾਂ ਨੇ ਬਹੁਤ ਆਵਾਜ਼ ਕੀਤੀ,

ਉੱਪਰੋਂ ਉਸ ਨੂੰ ਬਹੁਤ ਮੁੜ੍ਹਕਾ ਆਇਆ ਹੋਇਆ ਸੀ, ਕਿਸੇ ਨੇ ਉਸ ਨੂੰ ਨਾਲ ਨਾ ਬਿਠਾਇਆ ਤਾਂ ਉਹ ਅਖੀਰਲੀ ਖੂੰਜੇ ਆਲੀ ਸੀਟ ’ਤੇ ਜਾ ਬੈਠਾ ਤੇ ਉਸ ਦੇ ਬੈਠਦਿਆਂ ਹੀ, ਨਾਲ ਬੈਠੇ ਨੇ ਮੁੜ੍ਹਕੇ ਦੀ ਮੁਸ਼ਕ ਕਾਰਨ ਜਾਂ ਹੀਣ ਭਾਵਨਾ ਕਾਰਨ, ਮੂੰਹ ’ਤੇ ਰੁਮਾਲ ਲੈ ਕੇ ਥੋੜ੍ਹੀ ਵਿੱਥ ਬਣਾ ਲਈ, ਉਹ ਅੱਜ ਤੱਕ ਰਾਜੂ ਨੂੰ ਨਹੀਂ ਪਤਾ ਪਰ ਉਸਨੂੰ ਬਹੁਤ ਬੁਰਾ ਮਹਿਸੂਸ ਹੋਇਆ, ਉਹ ਵਾਪਸ ਆਉਣ ਲੱਗਾ। ਫੇਰ ਉਸ ਨੂੰ ਸ਼ਰਾਬੀ ਦੀ ਗੱਲ ਤੇ ਆਪਣੀ ਮਾਂ ਦਾ ਬਲਿਦਾਨ ਚੇਤੇ ਆ ਗਿਆ ਉਸ ਨੇ ਉਸੇ ਦਿਨ ਤੋਂ ਆਪਣੇ-ਆਪ ਨੂੰ ਸਿੱਖਿਆ ਨੂੰ ਸਮਰਪਿਤ ਕਰ ਦਿੱਤਾ।

ਉਹ ਲਗਾਤਾਰ ਤਿੰਨ ਸਾਲ ‘ਬੈਸਟ ਸਟੂਡੈਂਟ ਆਫ ਦ ਈਅਰ’ ਰਿਹਾ, ਉਹ ਹਰ ਸਾਲ ਟੌਪਰਾਂ ’ਚ ਰਿਹਾ, ਜਿਹੜੇ ਕਦੇ ਉਸ ਨੂੰ ਨਫ਼ਰਤ ਨਾਲ ਦੇਖਦੇ ਸੀ, ਹੁਣ ਮਗਰ-ਮਗਰ ਫਿਰਦੇ ਸਨ ਇਸੇ ਦੌਰਾਨ ਉਸ ਦੇ ਸਾਥੀ ਚੰਦਰਸ਼ੇਖਰ ਦੇ ਮਾਰਗਦਰਸ਼ਨ ਨਾਲ ਉਸ ਨੂੰ ਪਤਾ ਚੱਲਿਆ ਕਿ ਯੂਪੀਐਸਸੀ ਰਾਹੀਂ ਆਈ ਏ ਐਸ ਬਣਿਆ ਸ਼ਖਸ ਸਮਾਜ ਲਈ ਡਾਕਟਰ ਤੋਂ ਵੀ ਵੱਧ ਯੋਗਦਾਨ ਪਾ ਸਕਦਾ ਹੈ। ਉਸ ਨੇ ਪਹਿਲੇ ਹੀਲੇ ਹੀ, ਐਮਬੀਬੀਐਸ ਵਰਗੇ ਕੋਰਸ ਦੇ ਆਖਰੀ ਸਾਲ ਦੀ ਪੜ੍ਹਾਈ, ਇੰਟਰਨਸ਼ਿਪ ਦੇ ਨਾਲ-ਨਾਲ ਆਈਏਐਸ ਦੀ ਤਿਆਰੀ ਆਪਣੇ-ਆਪ ਬਿਨਾਂ ਕੋਚਿੰਗ ਕੀਤੀ ਤੇ ਪੇਪਰ ਤੇ ਇੰਟਰਵਿਊ ਦੇ ਆਇਆ।

ਉਹ ਆਪਣੇ ਪਿੰਡ ਝੌਂਪੜੇ ’ਚ ਸੀ, ਰਿਜ਼ਲਟ ਆਇਆ, ਉਸ ਨੇ ਮਾਂ ਨੂੰ ਦੱਸਿਆ, ਮਾਂ ਮੈਂ ਕਲੈਕਟਰ ਬਣ ਗਿਆ ਹਾਂ ਮਾਂ ਨੂੰ ਪਤਾ ਨਹੀਂ ਸੀ ਕਿ ਕਲੈਕਟਰ ਕੀ ਹੁੰਦਾ ਪਰ ਉਸਨੂੰ ਪਤਾ ਸੀ ਕਿ ਸ਼ਰਾਬੀ ਦੀ ਗੱਲ ਦਾ ਤੋੜ ਕੱਢਿਆ ਸੀ ਉਸਦੇ ਪੁੱਤਰ ਨੇ, ਉਹ ਡਾਕਟਰ ਵੀ ਹੈ ਤੇ ਕਲੈਕਟਰ ਵੀ ਹੈ, ਪਤਾ ਨਹੀਂ ਕਿੰਨੀ ਹੀ ਦੇਰ ਪੂਰਾ ਪਰਿਵਾਰ ਖੁਸ਼ੀ ’ਚ ਰੋਂਦਾ ਰਿਹਾ।

ਪਿਛਲੇ ਸਾਲ ਪੂਰੇ ਦੇਸ਼ ’ਚ ਕੋਰੋਨਾ ਦੌਰਾਨ ਸਭ ਤੋਂ ਬਿਹਤਰ ਪ੍ਰਬੰਧ ਲਈ ਇਸੇ ‘ਨੰਦੁਰਬਦਾਰ’ ਮਹਾਰਾਸ਼ਟਰ ਦੇ ਕਲੈਕਟਰ ‘ਡਾਕਟਰ ਰਾਜਿੰਦਰ ਭਰੂਦ ਨੂੰ ਪੂਰੇ ਦੇਸ਼ ’ਚ ਬਿਹਤਰੀਨ ਪ੍ਰਬੰਧਾਂ ਲਈ ਸ਼ਲਾਘਾ ਮਿਲੀ ਸੀ, ਆਪਣੇ ਸਰਕਾਰੀ ਬੰਗਲੇ ’ਚ ਮਾਂ, ਪਤਨੀ, ਬੱਚਿਆਂ ਤੇ ਪੂਰੇ ਪਰਿਵਾਰ ’ਚ ਰਹਿਣ ਵਾਲੇ ‘ਸ੍ਰੀ ਰਾਜਿੰਦਰ ਭਰੂਦ’ ਡੀ ਸੀ ਸਾਹਿਬ ਤਨਦੇਹੀ ਤੇ ਇਮਾਨਦਾਰੀ ਨਾਲ ਸੇਵਾ ਨਿਭਾਉਂਦੇ ਹੋਏ, ਗਰੀਬਾਂ ਦੇ ਹੋਰ ‘ਰਾਜੂ’, ‘ਰਾਜਿੰਦਰ’ ਬਣਾਉਣ ’ਚ ਵਿਅਸਤ ਨੇ, ਜੁਗ-ਜੁਗ ਜੀਓ, ਰਾਜਿੰਦਰ ਭਰੂਦ ਜੀ, ਮਾਤਾ ਕਮਲਾ ਦੇਵੀ ਨੂੰ ਦਿਲੋਂ ਸਲਾਮ।
ਖੂਈ ਖੇੜਾ, ਫਾਜ਼ਿਲਕਾ
ਮੋ. 98727-05078
ਅਸ਼ੋਕ ਸੋਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ