ਚੋਰਾਂ ਨੇ ਬਣਾਇਆ ਸੇਵਾ ਕੇਂਦਰ ਨੂੰ ਨਿਸ਼ਾਨਾ, ਸੇਵਾ ਕੇਂਦਰ ਦਾ ਸਾਰਾ ਸਮਾਨ ਚੋਰੀ

ਚੋਰਾਂ ਨੇ ਪੁਲਿਸ ਵੱਲੋਂ ਵਧਾਈ ਗਸ਼ਤ ਅਤੇ ਨਾਕਾਬੰਦੀ ਨੂੰ ਟਿੱਚ ਜਾਣਿਆ

(ਗੁਰਜੀਤ) ਭੁੱਚੋ ਮੰਡੀ । ਭੁੱਚੋ ਮੰਡੀ ਅੰਦਰ ਹੋ ਰਹੀਆਂ ਲਗਾਤਾਰ ਚੋਰੀਆਂ, ਝਪਟਾਂ ਅਤੇ ਲੁੱਟਾਂ-ਖੋਹਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਨਾਕਾਬੰਦੀ ਅਤੇ ਰਾਤ ਸਮੇਂ ਗਸ਼ਤ ’ਚ ਵਾਧਾ ਕੀਤਾ ਹੋਇਆ ਹੈ। ਪਰ ਚੋਰਾਂ ਵੱਲੋਂ ਸਥਾਨਕ ਪੁਲਿਸ ਨੂੰ ਚਕਮਾ ਦਿੰਦੇ ਹੋਏ ਆਪਣੀਆਂ ਵਾਰਦਾਤਾਂ ਨੂੰ ਜਾਰੀ ਰੱਖਦਿਆਂ ਸਥਾਨਕ ਸੇਵਾ ਕੇਂਦਰ (Service Center) ਨੂੰ ਨਿਸ਼ਾਨਾ ਬਣਾਇਆ ਗਿਆ। ਚੋਰਾਂ ਨੇ ਪੁਲਿਸ ਵੱਲੋਂ ਵਧਾਈ ਗਸ਼ਤ ਅਤੇ ਨਾਕਾਬੰਦੀ ਨੂੰ ਟਿੱਚ ਜਾਣਦਿਆਂ ਬੀਤੀ ਰਾਤ ਸੇਵਾ ਕੇਂਦਰ ਦਾ ਲਗਭਗ ਸਾਰਾ ਸਮਾਨ ਚੋਰੀ ਕਰ ਲਿਆ।

ਇਸ ਮੌਕੇ ਕੇਂਦਰ ਦੇ ਅਧਿਕਾਰੀ ਮਨਜੀਤ ਕੁਮਾਰ ਨੇ ਦੱਸਿਆ ਕਿ ਸੇਵਾ ਕੇਂਦਰ (Service Center) ’ਚ ਲੱਗੇ ਪੰਜ ਸਿਸਟਮਾਂ ’ਚੋਂ ਚੋਰਾਂ ਵੱਲੋਂ ਚਾਰ ਸਿਸਟਮ ਚੋਰੀ ਕਰਨ ਨਾਲ ਕੇਂਦਰ ਦਾ ਸਾਰਾ ਡਾਟਾ ਚੋਰੀ ਹੋ ਗਿਆ। ਸੇਵਾ ਕੇਂਦਰ ਦੇ ਦਰਵਾਜੇ ਦੇ ਜ਼ਿੰਦਰੇ ਤੋੜ ਕੇ ਚਾਰ ਕੰਪਿਊਟਰ, ਸੀਪੀਯੂ, ਐਨਵੀਆਰ, ਪਿ੍ਰੰਟਰ ਅਤੇ ਕੰਧ ’ਤੇ ਲੱਗੀ ਐਲ ਈ ਡੀ ਚੋਰੀ ਕਰ ਲਈ। ਇਸ ਦਾ ਪਤਾ ਸਵੇਰੇ ਸੇਵਾ ਕੇਂਦਰ ਖੋਲ੍ਹਣ ਸਮੇਂ ਲੱਗਾ। ਇਹ ਵੀ ਪਤਾ ਲੱਗਾ ਹੈ ਕਿ ਕੇਂਦਰ ਦੇ ਬਾਹਰ ਅਣਪਛਾਤੇ ਲੋਕਾਂ ਨੂੰ ਦੇਖ ਕੇ ਭੌਂਕਣ ਵਾਲੇ ਕੁੱਤੇ ਨੂੰ ਵੀ ਇਨ੍ਹਾਂ ਅਣਪਛਾਤਿਆਂ ਨੇ ਕੋਈ ਚੀਜ਼ ਮਾਰ ਕੇ ਜ਼ਖ਼ਮੀ ਕਰ ਦਿੱਤਾ।

ਇਸ ਦੀ ਸੂਚਨਾ ਪੁਲਿਸ ਨੂੰ ਦੇਣ ’ਤੇ ਪੁਲਿਸ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪੁੱਜ ਕੇ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨ ਤੋਂ ਕੰਨਾਂ ਦੀਆਂ ਵਾਲੀਆਂ ਝਪਟਣ ਵਾਲੇ ਸ਼ਰਾਰਤੀ ਅਨਸਰ ਵੀ ਸਰਗਰਮ ਹਨ। ਇਸ ਸਬੰਧੀ ਪੁਲਿਸ ਚੌਂਕੀ ਦੇ ਇੰਚਾਰਜ ਗੋਬਿੰਦ ਸਿੰਘ ਨੇ ਕਿਹਾ ਕਿ ਚੋਰਾਂ ਨੂੰ ਫੜਨ ਲਈ ਅਨੇਕਾਂ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਚੈੱਕ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ