ਸਾਬਕਾ ਵਿਧਾਇਕਾਂ ਦੀ ਪੈਨਸ਼ਨ ’ਚ ਹੋਇਆ 3600 ਦਾ ਵਾਧਾ, ਹੁਣ ਮਿਲੇਗੀ 80 ਹਜ਼ਾਰ 400 ਰੁਪਏ ਪ੍ਰਤੀ ਮਹੀਨਾ ਪੈਨਸ਼ਨ

Pension

ਮੌਜ਼ੂਦਾ ਵਿਧਾਇਕਾਂ ਦੀ ਤਨਖਾਹ ’ਚ ਨਹੀਂ ਹੋਵੇਗਾ ਕੋਈ ਵਾਧਾ, ਪਹਿਲਾਂ ਵਾਂਗ ਹੀ ਮਿਲਦੀ ਰਹੇਗੀ ਤਨਖ਼ਾਹ

  • ਡੀਏ ਲਾਗੂ ਹੋਣ ਕਰਕੇ ਸਾਬਕਾ ਵਿਧਾਇਕਾਂ ਦੀ ਪੈਨਸ਼ਨ (Pension) ਵਿੱਚ ਹੋਇਆ ਵਾਧਾ
  • ਇੱਕ ਵਿਧਾਇਕ ਇੱਕ ਪੈਨਸ਼ਨ ਲਾਗੂ ਹੋਣ ਦੇ ਬਾਵਜ਼ੂਦ ਸਾਬਕਾ ਵਿਧਾਇਕ ਦੀ ਪੈਨਸ਼ਨ ਮੌਜ਼ੂਦਾ ਵਿਧਾਇਕ ਦੀ ਤਨਖਾਹ ਤੋਂ ਵੀ ਵੱਧ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ 400 ਤੋਂ ਜ਼ਿਆਦਾ ਸਾਬਕਾ ਵਿਧਾਇਕਾਂ ਦੀ ਪੈਨਸ਼ਨ (Pension)ਵਿੱਚ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਵੱਲੋਂ ਵਾਧਾ ਕਰ ਦਿੱਤਾ ਗਿਆ ਹੈ। ਇਨ੍ਹਾਂ ਸਾਬਕਾ ਵਿਧਾਇਕਾਂ ਨੂੰ ਹਰ ਮਹੀਨੇ 3600 ਰੁਪਏ ਤੱਕ ਦੀ ਜ਼ਿਆਦਾ ਪੈਨਸ਼ਨ ਮਿਲੇਗੀ ਅਤੇ ਇਹ ਵਾਧਾ ਵੀ ਪਹਿਲੀ 1 ਅਕਤੂਬਰ ਤੋਂ ਲਾਗੂ ਹੋਵੇਗਾ। ਇਸ ਲਈ ਪਹਿਲੀ ਨਵੰਬਰ ਨੂੰ ਆਉਣ ਵਾਲੀ ਪੈਨਸ਼ਨ 76 ਹਜ਼ਾਰ 800 ਰੁਪਏ ਦੀ ਥਾਂ ’ਤੇ 80 ਹਜ਼ਾਰ 400 ਰੁਪਏ ਮਿਲੇਗੀ। ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਵਿੱਚ ਇਹ ਵਾਧਾ ਪੰਜਾਬ ਸਰਕਾਰ ਵੱਲੋਂ ਐਲਾਨ ਕੀਤੀ ਗਈ 6 ਫੀਸਦੀ ਡੀਏ ਦੀ ਕਿਸ਼ਤ ਕਰਕੇ ਹੋਇਆ ਹੈ।

ਸੂਬੇ ਵਿੱਚ 400 ਦੇ ਲਗਭਗ ਸਾਬਕਾ ਵਿਧਾਇਕ ਲੈ ਰਹੇ ਹਨ ਪੈਨਸ਼ਨ

ਪੰਜਾਬ ਦੇ ਸਾਬਕਾ ਵਿਧਾਇਕਾਂ ਨੂੰ ਪੈਨਸ਼ਨ ਦੇ ਨਾਲ ਹੀ ਡੀਏ ਦਾ ਫਾਇਦਾ ਵੀ ਮਿਲਦਾ, ਜਦੋਂਕਿ ਮੌਜ਼ੂਦਾ ਵਿਧਾਇਕਾਂ ਨੂੰ ਤਨਖ਼ਾਹ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਡੀਏ ਨਹੀਂ ਮਿਲਦਾ ਹੈ। ਜਿਸ ਕਾਰਨ ਵਿਧਾਇਕਾਂ ਦੀ ਤਨਖ਼ਾਹ ਵਿੱਚ ਕੋਈ ਵੀ ਵਾਧਾ ਦਰਜ ਨਹੀਂ ਹੋਵੇਗਾ। ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਕੇ ਆਉਣ ਵਾਲੇ ਵਿਧਾਇਕਾਂ ਨੂੰ ਸਾਬਕਾ ਵਿਧਾਇਕ ਹੋਣ ’ਤੇ ਪੈਨਸ਼ਨ ਦਿੱਤੀ ਜਾਂਦੀ ਹੈ। ਸੂਬੇ ਵਿੱਚ ਇਸ ਸਮੇਂ 400 ਦੇ ਲਗਭਗ ਸਾਬਕਾ ਵਿਧਾਇਕ ਪੈਨਸ਼ਨ ਲੈ ਰਹੇ ਹਨ।

Pension Sachkahoon

ਪਿਛਲੀ ਸਰਕਾਰਾਂ ਦੌਰਾਨ ਸਾਬਕਾ ਵਿਧਾਇਕਾਂ ਨੂੰ ਇੱਕ ਤੋਂ ਵੱਧ ਪੈਨਸ਼ਨ ਦਿੱਤੀ ਜਾਂਦੀ ਸੀ ਤਾਂ ਇਸ ਸਰਕਾਰ ਵਿੱਚ ਇੱਕੋ ਹੀ ਪੈਨਸ਼ਨ ਦਿੱਤੀ ਜਾ ਰਹੀ ਹੈ। ਇਹ ਫੈਸਲੇ ਲੈਣ ਮੌਕੇ ਭਗਵੰਤ ਮਾਨ ਦੀ ਸਰਕਾਰ ਵੱਲੋਂ ਬੇਸਿਕ ਪੈਨਸ਼ਨ 15 ਹਜ਼ਾਰ ਤੋਂ ਵਧਾ ਕੇ 60 ਹਜ਼ਾਰ ਰੁਪਏ ਕਰ ਦਿੱਤੀ ਗਈ ਸੀ ਅਤੇ ਇਸ ਦੇ ਨਾਲ ਹੀ ਮਹਿੰਗਾਈ ਭੱਤੇ ਵੀ ਦੇਣ ਦਾ ਐਲਾਨ ਕੀਤਾ ਗਿਆ ਸੀ। ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨਾਲ ਜੁੜਨ ਕਰਕੇ ਹੀ 60 ਹਜ਼ਾਰ ਰੁਪਏ ਵਾਲੀ ਪੈਨਸ਼ਨ ਸਾਬਕਾ ਵਿਧਾਇਕਾਂ ਨੂੰ 76 ਹਜ਼ਾਰ 800 ਰੁਪਏ ਮਿਲ ਰਹੀ ਸੀ।

ਸਾਬਕਾ ਵਿਧਾਇਕਾਂ ਨੂੰ 60 ਹਜ਼ਾਰ ਰੁਪਏ ’ਤੇ ਪਹਿਲਾਂ 28 ਫੀਸਦੀ ਮਹਿੰਗਾਈ ਭੱਤਾ ਮਿਲਦਾ ਸੀ ਪਰ ਹੁਣ ਸਰਕਾਰ ਵੱਲੋਂ 6 ਫੀਸਦੀ ਮਹਿੰਗਾਈ ਭੱਤੇ ਵਿੱਚ ਵਾਧਾ ਕਰਨ ਨਾਲ ਇਹ 28 ਫੀਸਦੀ ਤੋਂ 32 ਫੀਸਦੀ ਹੋ ਗਿਆ ਹੈ, ਜਿਸ ਕਾਰਨ ਸਾਬਕਾ ਵਿਧਾਇਕਾਂ ਨੂੰ 3600 ਪ੍ਰਤੀ ਮਹੀਨੇ ਦੇ ਵਾਧੇ ਨਾਲ ਅਗਲੇ ਮਹੀਨੇ ਪੈਨਸ਼ਨ ਵਿੱਚ 80 ਹਜ਼ਾਰ 400 ਰੁਪਏ ਆਉਣਗੇ। ਇਥੇ ਹੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੌਜ਼ੂਦਾ ਵਿਧਾਇਕਾਂ ਨੂੰ ਤਨਖ਼ਾਹ ਨਾਲ ਮਹਿੰਗਾਈ ਭੱਤਾ ਨਾ ਜੁੜਨ ਕਰਕੇ ਉਨ੍ਹਾਂ ਦੀ ਤਨਖ਼ਾਹ ਵਿੱਚ ਕੋਈ ਵੀ ਵਾਧਾ ਨਹੀਂ ਹੋਵੇਗਾ ਇਸ ਕਰਕੇ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਮੌਜ਼ੂਦਾ ਵਿਧਾਇਕਾਂ ਦੀ ਤਨਖ਼ਾਹ ਤੋਂ ਵੀ ਕਾਫ਼ੀ ਜ਼ਿਆਦਾ ਹੋ ਰਹੀ ਹੈ।

ਹਰ 6 ਮਹੀਨਿਆਂ ਬਾਅਦ ਵਧੇਗੀ ਸਾਬਕਾ ਵਿਧਾਇਕਾਂ ਦੀ ਪੈਨਸ਼ਨ (Pension )

ਕੇਂਦਰ ਸਰਕਾਰ ਵੱਲੋਂ ਹਰ 6 ਮਹੀਨਿਆਂ ਬਾਅਦ ਮਹਿੰਗਾਈ ਭੱਤੇ ਵਿੱਚ ਵਾਧਾ ਕੀਤਾ ਜਾਂਦਾ ਹੈ ਅਤੇ ਨਵੀਂ ਕਿਸ਼ਤ ਦਾ ਐਲਾਨ ਕੀਤਾ ਜਾਂਦਾ ਹੈ। ਇਸੇ ਤਰਜ਼ ’ਤੇ ਹੀ ਪੰਜਾਬ ਵਿੱਚ ਵੀ ਮਹਿੰਗਾਈ ਭੱਤੇ ਵਿੱਚ ਵਾਧਾ ਕੀਤਾ ਜਾਂਦਾ ਹੈ। ਇਸ ਲਈ ਮਹਿੰਗਾਈ ਭੱਤੇ ਵਿੱਚ ਹਰ 6 ਮਹੀਨਿਆਂ ਜਾਂ ਫਿਰ ਜਦੋਂ ਵੀ ਪੰਜਾਬ ਸਰਕਾਰ ਮਹਿੰਗਾਈ ਭੱਤੇ ਵਿੱਚ ਵਾਧਾ ਕਰੇਗੀ, ਉਸੇ ਅਨੁਸਾਰ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਵਿੱਚ ਵੀ ਵਾਧਾ ਹੁੰਦਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ