ਵਾਤਾਵਰਨ ਦੇ ਹੱਕ ’ਚ ਮੁੜਨ ਲੱਗੀਆਂ ਨੇ ਕਿਸਾਨੀ ਦੀਆਂ ਮੁਹਾਰਾਂ

Agriculture and Environment

ਵਾਤਾਵਰਨ ਨੂੰ ਬਚਾਉਣ ਲਈ ਕਿਸਾਨ ਬਦਲਣ ਲੱਗੇ ਖੇਤੀ ਢੰਗ

ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਦਿਨੋਂ-ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਕਿਸਾਨਾਂ ਨੇ ਖੇਤੀ ਕਰਨ ਦੇ ਢੰਗ ’ਚ ਬਦਲਾਅ ਲਿਆਂਦਾ ਹੈ, ਜਿਸ ਦੀ ਖੇਤੀ ਮਾਹਿਰਾਂ ਵੱਲੋਂ ਜਿੱਥੇ ਪ੍ਰਸੰਸਾ ਕੀਤੀ ਜਾ ਰਹੀ ਹੈ। ਉੱਥੇ ਹੋਰ ਕਿਸਾਨ ਵੀ ਇਸ ਤੋਂ ਪ੍ਰੇਰਿਤ ਹੋ ਰਹੇ ਹਨ। ਪਿਛਲੇ ਮਹੀਨੇ ਹੀ ਕਿਸਾਨਾਂ ਨੇ ਆਪਣੀ ਹਾੜੀ ਦੀ ਫਸਲ ਕਣਕ ਦੀ ਬਿਜਾਈ ਕਰ ਦਿੱਤੀ ਹੈ ਤੇ ਇਸ ਵਾਰ ਕਿਸਾਨਾਂ ਨੇ ਜੀਰੀ ਦੇ ਨਾੜ ਨੂੰ ਅੱਗ ਲਗਾਉਣ ਦੀ ਬਜਾਏ ਖੜ੍ਹੇ ਕਰਚਿਆਂ ਨੂੰ ਵਾਹ ਕੇ ਹੀ ਕਣਕ ਦੀ ਫ਼ਸਲ ਦੀ ਸਿੱਧੀ ਬਿਜਾਈ ਵੱਡੇ ਪੱਧਰ ’ਤੇ ਕੀਤੀ ਹੈ।

Agriculture and Environment

ਬਲਾਕ ਗੋਬਿੰਦਗੜ੍ਹ ਜੇਜੀਆ ਦੇ ਪਿੰਡਾਂ ਦੇ ਇਕੱਤਰ ਕਿਸਾਨਾਂ ਦੇ ਸੁਝਾਅ ਅਨੁਸਾਰ ਪਿੰਡ ਗੋਬਿੰਦਗੜ੍ਹ ਜੇਜੀਆ ਦੇ ਸਫ਼ਲ ਕਿਸਾਨ ਗੁਰਚਰਨ ਸਿੰਘ ਆਹਲੂਵਾਲੀਆ ਦਾ ਕਹਿਣਾ ਹੈ ਕਿ ਉਸ ਨੇ ਪਿਛਲੇ ਸਾਲ ਸਿਰਫ਼ 14 ਏਕੜ ਕਣਕ ਹੈਪੀ ਸੀਡਰ ਨਾਲ ਬੀਜੀ ਸੀ, ਪਰ ਇਸ ਵਾਰ 55 ਏਕੜ ਕਣਕ ਸੁਪਰ ਸੀਡਰ ਨਾਲ ਬੀਜੀ ਹੈ। ਉਨ੍ਹਾਂ ਆਪਣੇ ਖੇਤਾਂ ਵਿੱਚ ਕਣਕ ਦੇ ਬੀਜਾਂ ਦੀ ਵਰਾਇਟੀ 327, 303, 332, 222, 826 ਦੀ ਹੀ ਬਿਜਾਈ ਕੀਤੀ।

ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਹਰ ਸਾਲ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਅੱਗ ਨਾ ਲਗਾਉਣ ਦੇ ਵਾਤਾਵਰਨ ਬਚਾਉਣ ਦੇ ਉਪਰਾਲੇ ਲਈ ਸੂਚਿਤ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਅਸੀਂ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਆਪਣੀ ਕਣਕ ਦੀ ਬਿਜਾਈ ਖੇਤ ’ਚ ਬਿਨਾਂ ਅੱਗ ਲਾਏ ਹੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅੱਗ ਲਾਉਣ ਨਾਲ ਦਰੱਖਤ ਸੜ ਜਾਂਦੇ ਹਨ, ਸਾਡੇ ਮਿੱਤਰ ਜਾਨਵਰ ਵੀ ਮੱਚ ਜਾਂਦੇ ਹਨ, ਵਾਤਾਵਰਨ ਖ਼ਰਾਬ ਹੋ ਜਾਂਦਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਕਣਕ ਦੀ ਬਿਜਾਈ ਬਿਨਾਂ ਨਾੜ ਨੂੰ ਅੱਗ ਲਾਏ ਕਰਨੀ ਚਾਹੀਦੀ ਹੈ ਉਨ੍ਹਾਂ ਦੱਸਿਆ ਕਿ ਉਹ ਆਪਣੀ ਬੇਟੀ ਜਿੰਦਰ ਕੌਰ ਛਾਪਿਆ ਵਾਲੀ ਦੇ ਖੇਤ ’ਚ ਵੀ 5 ਏਕੜ ਖੜ੍ਹੇ ਕਰਚੇ ਬੀਜ ਕੇ ਆਇਆ ਹੈ, ਉੱਥੇ ਵੀ ਕਣਕ ਦੀ ਫ਼ਸਲ ਬਹੁਤ ਜ਼ਿਆਦਾ ਵਧੀਆ ਖੜ੍ਹੀ ਹੈ।

ਦਰਜ਼ਨਾਂ ਪਿੰਡਾਂ ’ਚ ਇਸ ਵਾਰ ਬਗੈਰ ਅੱਗ ਲਾਇਆਂ ਕੀਤੀ ਕਣਕ ਦੀ ਸਿੱਧੀ ਬਿਜਾਈ

ਉਨ੍ਹਾਂ ਕਣਕ ਦੇ ਝਾੜ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਕਣਕ ਦਾ ਝਾੜ ਵਰਾਇਟੀ ’ਤੇ ਨਿਰਭਰ ਕਰਦਾ ਹੈ, ਕਿਉਕਿ ਕੁਝ ਬੀਜ ਗਰਮੀ ਸਹਿਣ ਕਰਦੇ ਹਨ ਤੇ ਕੁਝ ਨਹੀਂ ਕਰਦੇ। ਪਿੰਡ ਗੋਬਿੰਦਗੜ੍ਹ ਜੇਜੀਆ ਦੇ ਕਿਸਾਨ ਅਮਰੀਕ ਸਿੰਘ ਨੇ 14 ਏਕੜ, ਰਿੰਪੀ ਸਿੰਘ ਨੇ 16 ਏਕੜ ਕਣਕ ਬਿਨਾਂ ਅੱਗ ਲਾਏ ਬੀਜੀ ਹੈ। ਇਸ ਪਿੰਡ ਵਿੱਚ ਤਕਰੀਬਨ 250 ਏਕੜ ਕਣਕ ਦੀ ਬਿਜਾਈ ਬਿਨਾਂ ਅੱਗ ਲਾਏ ਖੜ੍ਹੇ ਨਾੜ ’ਚ ਹੀ ਕੀਤੀ ਹੈ ਪਿੰਡ ਛਾਜਲੀ ਦੇ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਿੰਡ ਦੇ ਕਿਸਾਨਾਂ ਨੇ 1000 ਏਕੜ ਦੇ ਕਰੀਬ ਬਿਨਾਂ ਅੱਗ ਲਾਏ ਕਣਕ ਦੀ ਬਿਜਾਈ ਕੀਤੀ ਹੈ ਉਨ੍ਹਾਂ ਦੱਸਿਆ ਕਿ ਉਹ 7 ਸਾਲਾਂ ਤੋਂ ਆਪਣੇ ਖੇਤ ਚ ਬਿਨਾਂ ਅੱਗ ਲਾਏ ਕਣਕ ਦੀ ਬਿਜਾਈ ਕਰ ਰਿਹਾ ਹੈ, ਇਸ ਨਾਲ ਕੀਟਨਾਸ਼ਕ ਦਵਾਈਆਂ ਦੀ ਵੀ ਜ਼ਰੂਰਤ ਘੱਟ ਪੈਂਦੀ ਹੈ ਅਤੇ ਕਣਕ ਦਾ ਝਾੜ ਵਧੀਆ ਨਿਕਲਦਾ ਹੈ।

Agriculture and Environment

ਪਿੰਡ ਨੰਗਲਾ ਦੇ ਕਿਸਾਨ ਜ਼ਰਾਵਰ ਸਿੰਘ ਦਾ ਕਹਿਣਾ ਹੈ ਕਿ ਉਹ ਕਈ ਸਾਲ ਤੋਂ ਲਗਾਤਾਰ ਕਣਕ ਦੀ ਬਿਜਾਈ ਖੜ੍ਹੇ ਕਰਚਿਆਂ ’ਚ ਬਿਨਾਂ ਅੱਗ ਲਾਏ ਕਰ ਰਿਹਾ ਹਾਂ, ਇਸ ਨਾਲ ਵਾਤਾਵਰਨ ਦੀ ਸ਼ੁੱਧਤਾ, ਖੇਤਾਂ ਨੂੰ ਕਰਚਿਆ ਦਾ ਬਣਿਆ ਰੇਹ, ਮਿੱਟੀ ਦੇ ਉੱਪਰਲੇ ਉਪਜਾਊ ਤੱਤ ਮਿਲਦੇ ਰਹਿੰਦੇ ਹਨ , ਸੜਕਾਂ ’ਤੇ ਆਵਾਜਾਈ ਦੇ ਸਾਧਨਾਂ ਨਾਲ ਹਾਦਸਿਆਂ ਤੋਂ ਕੀਮਤੀ ਜਾਨਾਂ ਬਚ ਜਾਂਦੀਆਂ ਹਨ, ਕਿਸਾਨਾਂ ਨੂੰ ਕੀਟਨਾਸ਼ਕ ਦਵਾਈਆਂ ਅਤੇ ਯੂਰੀਆ ਖਾਦ ਤੋਂ ਵੀ ਨਿਯਾਤ ਮਿਲਦੀ ਹੈ।ਕਿਸਾਨ ਆਗੂ ਸੁਖਤਾਰ ਸਿੰਘ ਦਾ ਕਹਿਣਾ ਹੈ ਕਿ ਕਣਕ ਦੀ ਸਿੱਧੀ ਬਿਜਾਈ ਕਿਸਾਨਾਂ ਲਈ ਇੱਕ ਲਾਹੇਵੰਦ ਸੌਦਾ ਹੈ, ਇਸ ਨਾਲ ਜ਼ਮੀਨ ’ਚ ਆਰਗੈਨਿਕ ਤੱਤ ਵੱਧਦੇ ਹਨ।

ਘਾਤਕ ਬਿਮਾਰੀਆਂ ਤੋਂ ਮਿਲਦੈ ਛੁਟਕਾਰਾ (Agriculture and Environment)

ਕਿਸਾਨ ਹਰਵੀਰ ਸਿੰਘ ਪਿੰਡ ਭਾਈ ਕੀ ਪਿਸ਼ੌਰ ਦਾ ਕਹਿਣਾ ਹੈ ਕਿ ਲੰਬੇ ਅਰਸੇ ਤੋਂ ਖੇਤ ’ਚ ਖੜ੍ਹੇ ਕਰਚਿਆਂ ਨੂੰ ਬਿਨਾਂ ਅੱਗ ਲਾਏ ਕਣਕ ਦੀ ਬਿਜਾਈ ਕਰਦੇ ਹਾਂ ਕਣਕ ਦਾ ਝਾੜ ਘੱਟ ਹੋਵੇ ਜਾਂ ਵੱਧ, ਪਰ ਕਰਚੇ ਸਾੜਨ ਨਾਲ ਇਨਸਾਨ ਦੀਆਂ ਬਿਮਾਰੀਆਂ ਵਿੱਚ ਜਿਵੇਂ ਸਾਹ, ਦਮਾ,ਖੰਘ, ਜ਼ੁਕਾਮ, ਅੱਖਾਂ ਵਿੱਚ ਲਾਲੀ, ਵਰਗੀਆਂ ਅਨੇਕਾਂ ਬਿਮਾਰੀਆਂ ਜਨਮ ਲੈਂਦੀਆਂ ਹਨ, ਜੋ ਕਿ ਮਨੁੱਖ ਲਈ ਘਾਤਕ ਸਿੱਧ ਹੁੰਦੀਆਂ ਹਨ ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੀਆਂ ਫ਼ਸਲਾਂ ਨਾੜ ਨੂੰ ਅੱਗ ਲਾਏ ਬਿਨਾ ਹੀ ਬਿਜਾਈ ਕੀਤੀ ਜਾਵੇ ਤਾਂ ਜੋ ਆਉਣ ਵਾਲਾ ਭਵਿੱਖ ਉੱਜਲਾ ਹੋਵੇ।

ਕਿਸਾਨ ਐੱਸਐੱਮਐੱਸ ਵਾਲੀ ਕੰਬਾਈਨ ਤੋਂ ਹੀ ਵਾਢੀ ਕਰਾਉਣ (Agriculture and Environment)

ਇਸ ਸਬੰਧੀ ਡਾ. ਮਨਦੀਪ ਸਿੰਘ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਸੰਗਰੂਰ ਨੇ ਦੱਸਿਆ ਕਿ ਕਿਸਾਨ ਖੜ੍ਹੇ ਨਾੜ ਅਤੇ ਸਮੇਤ ਫੂਸ ਹੀ ਸੀਡਰਾਂ ਨਾਲ ਬਿਜਾਈ ਕਰਨ ਇਹ ਬਹੁਤ ਵਧੀਆ ਤਕਨੀਕ ਹੈ, ਜਿਨ੍ਹਾਂ ਕਿਸਾਨਾਂ ਨੇ ਸਿੱਧੀ ਬਿਜਾਈ ਕੀਤੀ ਹੈ ਉਹ ਵਧਾਈ ਦੇ ਪਾਤਰ ਹਨ, ਕਿਸਾਨਾਂ ਨੂੰ ਸਮੇਂ-ਸਮੇਂ ਸਿਰ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਅਗਾਂਹ ਵਧੂ ਕਿਸਾਨਾਂ ਨਾਲ ਮਸ਼ਵਰਾ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਐਸ ਐਮ ਐਸ ਵਾਲੀ ਕੰਬਾਈਨ ਤੋਂ ਹੀ ਵਾਢੀ ਕਰਾਉਣੀ ਚਾਹੀਦੀ ਹੈ ਤਾਂ ਜੋ ਤਰ ਬੱਤਰ ’ਚ ਢਾਈ ਤਿੰਨ ਇੰਚ ਡੂੰਘੀ ਬਿਜਾਈ ਹੋ ਸਕੇ। ਇਸ ਨਾਲ ਕਣਕ ਨੂੰ ਉੱਗਣ ਵਿਚ ਕੋਈ ਦਿੱਕਤ ਨਹੀਂ ਆਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ