ਅਧਿਆਪਕ ਧਿਰਾਂ ‘ਚ ਫੁੱਟ ਵਧੀ, ਸਾਂਝੇ ਅਧਿਆਪਕ ਮੋਰਚੇ ਨੇ ਧਰਨੇ ਨੂੰ ਨਕਾਰਿਆ

Teachers, Split, Joint, Teacher, Morcha, Rejected, Dharna

ਮਹਿਮਦਪੁਰ ਮੰਡੀ ਵਿਖੇ ਧਰਨਾ ਜਾਰੀ, ਪੁਲਿਸ ਬਲ ਭਾਰੀ ਗਿਣਤੀ ‘ਚ ਤੈਨਾਤ

ਪਟਿਆਲਾ । ਪਟਿਆਲਾ ਤੋਂ ਦੂਰ ਪਿੰਡ ਮਹਿਮਦਪੁਰ ਦੀ ਦਾਣਾ ਵਿੱਚ ਮੰਡੀ ਵਿੱਚ ਸਾਂਝਾ ਅਧਿਆਪਕ ਮੋਰਚਾ ਦੀ ਬਾਗੀ ਧਿਰ ਵੱਲੋਂ ਲਾਇਆ ਗਿਆ ਪੱਕਾ ਮੋਰਚਾ ਜਾਰੀ ਹੈ। ਉਂਜ ਪਟਿਆਲਾ ਪ੍ਰਸ਼ਾਸਨ ਵੱਲੋਂ ਇਸ ਥਾਂ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਅਮਲਾ ਤੈਨਾਤ ਕੀਤਾ ਹੋਇਆ ਹੈ। ਇੱਧਰ ਸਿੱਖਿਆ ਮੰਤਰੀ ਦੇ ਭਰੋਸੇ ਤੋਂ ਬਾਅਦ ਧਰਨਾ ਖਤਮ ਕਰਨ ਵਾਲੇ ਸਾਂਝੇ ਅਧਿਆਪਕ ਮੋਰਚਾ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਸ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਨ੍ਹਾਂ ਦਾ ਕੋਈ ਵੀ ਅਧਿਆਪਕ ਇਸ ਮੋਰਚੇ ਵਿੱਚ ਸ਼ਾਮਲ ਨਹੀਂ ਹੈ।
ਜਾਣਕਾਰੀ ਅਨੁਸਾਰ ਸਾਂਝੇ ਅਧਿਆਪਕ ਮੋਰਚੇ ਦੀ ਬਾਗੀ ਧਿਰ ਐਸਐਸਏ/ਰਮਸਾ ਅਤੇ ਮਾਡਲ ਤੇ ਆਦਰਸ਼ ਸਕੂਲਜ਼ ਕਰਮਚਾਰੀ ਐਸੋਸੀਏਸ਼ਨ ਪੰਜਾਬ ਸਮੇਤ ਕਿਸਾਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਇੱਥੇ ਵੱਡੀ ਗਿਣਤੀ ਵਿੱਚ ਇਕੱਠੇ ਹੋਕੇ ਆਪਣਾ ਮੋਰਚਾ ਲਾਇਆ ਗਿਆ ਹੈ। ਇਨ੍ਹਾਂ ਵੱਲੋਂ ਵੀ ਆਪਣੇ ਮੋਰਚੇ ਨੂੰ ਸਾਂਝੇ ਅਧਿਆਪਕ ਮੋਰਚੇ ਦੇ ਨਾਅ ਦਿੱਤਾ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਸਾਂਝੇ ਅਧਿਆਪਕ ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਆਪਣਾ ਧਰਨਾ 56ਵੇਂ ਦਿਨ ਸਿੱਖਿਆ ਮੰਤਰੀ ਦੇ ਦਿੱਤੇ ਭਰੋਸੇ ਤੋਂ ਬਾਅਦ ਖਤਮ ਕਰ ਦਿੱਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਹੁਣ ਕੋਈ ਪੱਕਾ ਮੋਰਚਾ ਨਹੀਂ ਲਗਾਇਆ ਗਿਆ। ਇੱਧਰ ਅੱਜ ਦੇ ਧਰਨੇ ਵਿੱਚ ਬਾਗੀ ਧਿਰ ਦੇ ਅਧਿਆਪਕ ਆਗੂਆਂ ਦੀਦਾਰ ਸਿੰਘ ਮੁੱਦਕੀ, ਡਾ. ਅੰਮ੍ਰਿਤਪਾਲ ਸਿੰਘ ਸਿੱਧੂ, ਤਲਵਿੰਦਰ ਸਿੰਘ ਖਰੌੜ, ਰਾਜਵੀਰ ਸਿੰਘ ਸਮਰਾਲਾ ਨੇ ਕਿਹਾ ਕਿ ਕੱਲ੍ਹ ਨੂੰ ਸਿੱਖਿਆ ਮੰਤਰੀ ਨਾਲ ਹੋਣ ਜਾ ਰਹੀ ਸਾਂਝਾ ਅਧਿਆਪਕ ਮੋਰਚਾ ਦੀ ਮੀਟਿੰਗ ਯਕੀਨੀ ਕਰਾਉਣ ਤੇ ਉਸ ਵਿੱਚ ਮੰਗਾਂ ਲਈ ਦਬਾਅ ਬਣਾਉਣ ਖਾਤਰ ਵਿਸਾਲ ਰੈਲੀ ਕੀਤੀ ਜਾਵੇਗੀ ਤੇ ਧਰਨੇ ਚ ਜੁੜੇ ਅਧਿਆਪਕਾਂ ਨੇ ਪੰਜਾਬ ਦੇ ਸਭਨਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਕਾਫ਼ਲੇ ਬੰਨ੍ਹ ਕੇ ਕੱਲ੍ਹ ਨੂੰ ਧਰਨੇ ਚ ਪੁੱਜਣ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ 24 ਸੂਤਰੀ ਮੰਗ ਪੱਤਰ ‘ਚ ਸਿਰਫ 5178 ਅਧਿਆਪਕਾਂ ਨੂੰ ਰੈਗੂਲਰ ਕਰਨਾ, ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੀਆਂ ਵਲੰਟੀਅਰ ਕੈਟਾਗਿਰੀਆਂ ਦੇ ਭੱਤੇ ਵਿੱਚ ਮਾਮੂਲੀ ਵਾਧਾ ਕਰਨਾ, ਵਿਕਟੇਮਾਈਜੇਸ਼ਨਾਂ ਰੱਦ ਕਰਨ ਤੇ 8886 ਅਧਿਆਪਕਾਂ ਦੀ ਤਨਖਾਹ ਕਟੌਤੀ ਰੱਦ ਕਰਨ ਬਾਰੇ ਮੁੱਖ ਮੰਤਰੀ ਨੂੰ ਬੇਨਤੀ ਕਰਨ ਦਾ ਜ਼ੁਬਾਨੀ ਕਲਾਮੀ ਐਲਾਨ ਕੀਤਾ ਹੈਜਦਕਿ ਮੋਰਚੇ ਦੀਆਂ ਬਾਕੀ ਸਭਨਾਂ ਮੰਗਾਂ ਤੇ ਚੁੱਪ ਵੱਟੀ ਹੋਈ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਦੇ ਅੱਜ ਛਪੇ ਬਿਆਨ ਚ ਵੀ ਉਸ ਦੇ ਇਰਾਦਿਆਂ ਦੀ ਅਸਲੀਅਤ ਉੱਘੜ ਆਈ ਹੈ ਕਿ ਜਿਸ ਵਿੱਚ ਉਸਨੇ ਵਿਕਟੇਮਾਈਜੇਸ਼ਨਾਂ ਰੱਦ ਕਰਨ ਦੀ ਆਪਣੀ ਕਹੀ ਗੱਲ ਤੋਂ ਪੱਲਾ ਝਾੜਨਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਨੂੰ ਮੁਸ਼ਕਿਲ ਕਾਰਜ ਕਰਾਰ ਦੇ ਦਿੱਤਾ ਹੈ। ਮੰਚ ਤੋਂ ਹੋਰ ਬੁਲਾਰਿਆਂ ਨੇ ਇੱਕ ਮੱਤ ਹੋ ਕੇ ਪਟਿਆਲਾ ਪ੍ਰਸ਼ਾਸਨ ਤੇ ਹਕੂਮਤ ਵੱਲੋਂ ਸੰਘਰਸ਼ ਨੂੰ ਦਬਾਉਣ ਲਈ ਅਪਣਾਏ ਜਾ ਰਹੇ ਰਵੱਈਏ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਜਗਾ ਦੀ ਮਨਜੂਰੀ ਦੇ ਕੇ ਮਗਰੋਂ ਵਾਪਸ ਲਈ ਜਾ ਰਹੀ ਹੈ,ਪਰ ਸੰਘਰਸ਼ੀ ਅਧਿਆਪਕਾਂ ਦੀ ਹਮਾਇਤ ‘ਚ ਨਿੱਤਰੇ ਲੋਕ ਇਨ੍ਹਾਂ ਧਮਕੀਆਂ ਦੀ ਪ੍ਰਵਾਹ ਨਹੀਂ ਕਰਨਗੇ।
ਇਸ ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਲੰਗਰ ਚਲਾਇਆ ਜਾ ਰਿਹਾ ਹੈ ਅਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂ ਤੇ ਕਾਰਕੁਨ ਵੀ ਧਰਨੇ ਦੇ ਪ੍ਰਬੰਧਾਂ ‘ਚ ਜੁਟੇ ਹੋਏ ਹਨ। ਆਗੂਆਂ ਨੇ ਐਲਾਨ ਕੀਤਾ ਕਿ ਅਧਿਆਪਕਾਂ ਦੀਆਂ ਮੰਗਾਂ ਦੀ ਪ੍ਰਾਪਤੀ ਤੱਕ ਅਧਿਆਪਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਵੱਖ ਵੱਖ ਭਰਾਤਰੀ ਜਥੇਬੰਦੀਆਂ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ, ਹਰਿੰਦਰ ਬਿੰਦੂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਜੋਰਾ ਸਿੰਘ ਨਸਰਾਲੀ, ਲਛਮਣ ਸਿੰਘ ਸੇਵੇਵਾਲ, ਜਲ ਸਪਲਾਈ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਤੋਂ ਹਾਕਮ ਸਿੰਘ ਧਨੇਠਾ ਆਦਿ ਮੌਜੂਦ ਸਨ। ਇੱਧਰ ਇਸ ਥਾਂ ਤੇ ਵੱਡੀ ਗਿਣਤੀ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।