ਬਹੁਤ ਬਦਲ ਗਿਐ ਹੁਣ ਦਾ ਤੇ ਨੱਬੇ ਦੇ ਦਹਾਕੇ ਦਾ ਫੋਟੋਗ੍ਰਾਫਰ

Photographer

ਫੋਟੋਗ੍ਰਾਫਰ (Photographer), ਇੱਕ ਅਜਿਹਾ ਪਾਤਰ ਹੈ ਜਿਸ ਨੂੰ ਨੱਬੇ ਦੇ ਦਹਾਕੇ ਦੇ ਵਿਆਹਾਂ ਵਿੱਚ ਬਹੁਤ ਜ਼ਿਆਦਾ ਇੱਜਤ-ਮਾਣ ਬਖਸ਼ਿਆ ਜਾਂਦਾ ਸੀ। ਵਿਆਹ ਵਾਲੇ ਮੁੰਡੇ ਨੂੰ ਛੱਡ ਕੇ ਵਿਚੋਲੇ ਤੋਂ ਬਾਅਦ ਫੋਟੋਗ੍ਰਾਫਰ ਦੀ ਹੀ ਪੁੱਛ-ਗਿੱਛ ਸੱਭ ਤੋਂ ਜ਼ਿਆਦਾ ਹੁੰਦੀ ਸੀ। ਖਾਸ ਕਰਕੇ ਨੌਜਵਾਨ ਮੁੰਡੇ ਫੋਟੋਗ੍ਰਾਫਰ ਦੇ ਪਿੱਛੇ-ਪਿੱਛੇ ਫਿਰਦੇ ਸੀ ਤਾਂ ਕਿ ਵਿਆਹ ਵਿੱਚ ਸੱਭ ਤੋਂ ਵੱਧ ਫੋਟੋਆਂ ਉਹਨਾਂ ਦੀਆਂ ਹੀ ਹੋਣ।

ਕਈ ਵਾਰ ਤਾਂ ਫੋਟੋਗ੍ਰਾਫਰ ਨੂੰ ਵਿਆਹ ਲਈ ਬੁੱਕ ਕਰਾਉਣ ਨੂੰ ਲੈ ਕੇ ਵਿਆਹ ਵਾਲਿਆਂ ਨੂੰ ਰਿਸ਼ਤੇਦਾਰਾਂ ਅਤੇ ਯਾਰਾਂ-ਦੋਸਤਾਂ ਨਾਲ ਨਰਾਜ਼ਗੀ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ, ਇੱਕ ਕਹਿੰਦਾ ਸੀ, ਫੋਟੋ ਗ੍ਰਾਫਰ ਮੇਰੀ ਜਾਣ-ਪਹਿਚਾਣ ਦਾ ਹੋਵੇਗਾ ਅਤੇ ਦੂਜਾ ਕਹਿੰਦਾ ਸੀ ਮੇਰੀ, ਪਰ ਇਸ ਮਾਮਲੇ ਵਿੱਚ ਜ਼ਿਆਦਾਤਰ ਮੁੰਡੇ ਦਾ ਫੁੱਫੜ, ਜਾਂ ਜੀਜਾ ਬਾਜ਼ੀ ਮਾਰ ਜਾਂਦਾ ਸੀ ਕਿਉਂਕਿ ਇਹ ਡਰ ਹਰੇਕ ਨੂੰ ਹੁੰਦਾ ਸੀ ਕਿ ਵਿਆਹ ਵਿੱਚ ਕਿਤੇ ਪ੍ਰਾਹੁਣਾ ਨਾ ਰੁਸ ਜਾਵੇ।

ਬਹੁਤ ਬਦਲ ਗਿਐ ਹੁਣ ਦਾ ਤੇ ਨੱਬੇ ਦੇ ਦਹਾਕੇ ਦਾ Photographer

ਕੀਹਦੀ ਫੋਟੋ ਖਿਚਵਉਣੀ ਆ ਤੇ ਕੀਹਦੇ ’ਤੇ ਫਲੈਸ਼ ਮਰਵਾਉਣੀ ਆ ਇਹ ਜ਼ਿਆਦਾਤਰ ਫੋਟੋਗ੍ਰਾਫਰ ਨੂੰ ਬੁੱਕ ਕਰਵਾਉਣ ਵਾਲੇ ਦੇ ਹੱਥ ਵਿੱਚ ਹੁੰਦਾ ਸੀ, ਕਿਉਂਕਿ ਫੋਟੋਗ੍ਰਾਫਰ ਨੂੰ ਬੁੱਕ ਕਰਨ ਵੇਲੇ ਇਹ ਵੀ ਤੈਅ ਕੀਤਾ ਜਾਂਦਾ ਸੀ ਕਿ ਫੋਟੋਆਂ ਦੀਆਂ ਕਾਪੀਆਂ ਐਨੀਆਂ ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆਂ। ਉਦੋਂ ਵਿਆਹ ਵਿੱਚ ਫੋਟੋ ਖਿਚਵਾਉਣ ਲਈ ਫੋਟੋਗ੍ਰਾਫ਼ਰ ਦੇ ਤਰਲੇ ਕਰਨੇ ਪੈਂਦੇ ਸੀ, ਇਸ ਤੋਂ ਉਲਟ ਅੱਜ-ਕੱਲ੍ਹ ਫੋਟੋਗ੍ਰਾਫਰ ਨੂੰ ਫੋਟੋ ਖਿੱਚਣ ਲਈ ਮਹਿਮਾਨਾਂ ਦੀ ਮਿੰਨਤ ਕਰਨੀ ਪੈਂਦੀ ਹੈ ਕਿ ਯਾਰ ਕੋਈ ਤਾਂ ਫੋਟੋ ਕਰਵਾ ਲਓ, ਕਿਉਂਕਿ ਹਰ ਇੱਕ ਹੀ ਆਪਣਾ-ਆਪਣਾ ਕੈਮਰੇ ਵਾਲਾ ਮੋਬਾਇਲ ਲਈ ਫਿਰਦਾ ਹੈ ਅਤੇ ਫੋਟੋਗ੍ਰਾਫਰ ਬਣਿਆ ਹੋਇਆ ਹੈ ਜਦੋਂ ਜਿਥੇ ਦਿੱਲ ਕਰਦਾ ਹੈ ਫੋਟੋ ਛੱਡੋ ਵੀਡੀਓ ਵੀ ਬਣਾ ਲੈਂਦੇ ਹਨ।

ਹੁਣ ਫੋਟੋਗ੍ਰਾਫਰਾਂ ਤੋਂ ਫੋਟੋ ਖਿਚਵਾਉਣ ਦਾ ਪਹਿਲਾਂ ਵਾਲਾ ਚਾਅ ਵੀ ਨਹੀਂ ਰਿਹਾ, ਜਿਵੇਂ ਪਹਿਲਾਂ ਇੱਕ-ਦੂਜੇ ਦੇ ਮੂੰਹ ਵਿੱਚ ਮਠਿਆਈ ਦੇ ਚਮਚੇ ਪਾ ਅਤੇ ਮੂਹਰੇ ਹੋ-ਹੋ ਫੋਟੋਆਂ ਖਿਚਵਾਉਂਦੇ ਸੀ। ਹੁਣ ਉਹ ਗੱਲ ਨਹੀਂ ਰਹੀ। ਹੁਣ ਤਾਂ ਕਈ ਵਾਰ ਇੰਝ ਲੱਗਦਾ ਹੈ ਜਿਵੇਂ ਫੋਟੋਗ੍ਰਾਫਰ ਨੂੰ ਸਿਰਫ ਖਾਨਾਪੂਰਤੀ ਲਈ ਹੀ ਬੁਲਾਇਆ ਗਿਆ ਹੋਵੇ ਕਿਉਂਕਿ ਵਿਆਹ ਵਾਲੇ ਮੁੰਡੇ-ਕੁੜੀ ਦੀਆਂ ਫੋਟੋਆਂ ਅਤੇ ਵੀਡੀਓ ਨੂੰ ਵੀ ਪ੍ਰੀ ਵੈਡਿੰਗ ਦੇ ਨਾਂਅ ’ਤੇ ਵਿਆਹ ਤੋਂ ਪਹਿਲਾਂ ਹੀ ਬਣਾ ਲਈ ਜਾਂਦੀ ਹੈ।

ਸਮੇਂ ਦੇ ਨਾਲ-ਨਾਲ ਫੋਟੋਗ੍ਰਾਫਰੀ ਦੇ ਕੰਮ ਵਿੱਚ ਵੀ ਬਹੁਤ ਜਿਆਦਾ ਤਬਦੀਲੀ ਆਈ ਹੈ। ਇਸ ਕੰਮ ਵਿੱਚ ਉਹ ਹੀ ਕਾਮਯਾਬ ਰਿਹਾ ਹੈ ਜੋ ਹਰ ਵਾਰ ਕੁੱਝ ਨਵਾਂ ਕਰਨ ਦੀ ਸਮਰੱਥਾ ਰੱਖਦਾ ਹੋਵੇ ਕਿਉਂਕਿ ਫੋਟੋਗ੍ਰਾਫਰ ਤਾਂ ਅੱਜ-ਕੱਲ੍ਹ ਹਰ ਇੱਕ ਹੀ ਬਣਿਆ ਹੋਇਆ ਹੈ। ਉਨ੍ਹਾਂ ਸਮਿਆਂ ਵਿੱਚ ਫ਼ੋਟੋਗ੍ਰਾਫਰ ਦਾ ਨਾਂਅ ਬੜੇ ਮਾਣ ਨਾਲ ਲਿਆ ਜਾਂਦਾ ਸੀ ਕਿ ਫਲਾਣਿਆਂ ਦਾ ਮੁੰਡਾ ਫੋਟੋਗ੍ਰਾਫਰੀ ਦਾ ਕੰਮ ਕਰਦਾ ਹੈ। ਭਾਵੇਂ ਅੱਜ ਕੱਲ ਹਰ ਕੋਈ ਫੋਟੋ ਖਿੱਚ ਕੇ ਖਾਨਾਪੂਰਤੀ ਕਰ ਰਿਹਾ ਹੈ ਪਰ ਇਹ ਆਪਣੇ ਆਪ ’ਚ ਬਹੁਤ ਵੱਡਾ ਆਰਟ ਹੈ।

ਦਵਿੰਦਰ ਸਿੰਘ ਰਿੰਕੂ
ਮੋ. 98788-22777

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।