ਮਸਕਟ ‘ਚ ਵੇਚ ਦਿੱਤੀ ਗਈ ਪਰਵੀਨ ਰਾਣੀ ਬਾਬਲ ਦੇ ਵਿਹੜੇ ਪਰਤੀ

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਧੋਖੇਬਾਜ਼ ਏਜੰਟ ਵੱਲੋਂ ਸਬਜ਼ਬਾਗ਼ ਵਿਖਾ ਕੇ ਖਾੜੀ ਮੁਲਕ ਸੰਯੁਕਤ ਅਰਬ ਅਮੀਰਾਤ ‘ਚ ਭੇਜੀ ਗਈ ਤੇ ਅੱਗੇ ਮੁੜ ਗ਼ੈਰਕਾਨੂੰਨੀ ਢੰਗ ਨਾਲ ਓਮਾਨ (ਮਸਕਟ) ਦੇ ਇੱਕ ਜ਼ਿਮੀਂਦਾਰ ਕੋਲ ਵੇਚ ਦਿੱਤੀ ਗਈ 26 ਸਾਲਾ ਇੱਕ ਪੰਜਾਬਣ ਧੀ, ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਤੇ ਨਾਮਵਰ ਸਮਾਜ ਸੇਵਕ ਡਾ. ਐੱਸ. ਪੀ. ਸਿੰਘ ਓਬਰਾਏ ਦੇ ਅਣਥੱਕ ਯਤਨਾਂ ਸਦਕਾ ਅੱਜ ਵਾਪਸ ਆਪਣੇ ਬਾਬੁਲ ਦੇ ਵਿਹੜੇ ਪਰਤ ਆਈ ਹੈ।

ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਪਿੰਡ ਮਹਿਮੂਵਾਲ ਯੂਸਫ਼ਪੁਰ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਦੀ ਕਰਮਾਂ ਮਾਰੀ ਧੀ ਪਰਵੀਨ ਰਾਣੀ ਤਕਰੀਬਨ 9 ਮਹੀਨਿਆਂ ਦੀ ਤਸੀਹਿਆਂ ਭਰੀ ਤੇ ਜੇਲ੍ਹ-ਨੁਮਾ ਜ਼ਿੰਦਗੀ ਤੋਂ ਮੁਕਤੀ ਪਾ ਕੇ ਅੱਜ ਇੱਕ ਉਡਾਣ ਰਾਹੀਂ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਪੁੱਜੀ, ਜਿੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮਾਝਾ ਜੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਤੇ ਸ਼ਿਸ਼ਪਾਲ ਸਿੰਘ ਲਾਡੀ ਤੋਂ ਇਲਾਵਾ ਉਸ ਦੇ ਮਾਂ-ਪਿਓ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਭਿੱਜੀਆਂ ਅੱਖਾਂ ਨਾਲ ਉਸ ਨੂੰ ਆਪਣੇ ਕਲਾਵੇਂ ‘ਚ ਲਿਆ। ਇਸ ਦੌਰਾਨ ਟਰੱਸਟ ਦੇ ਅਹੁਦੇਦਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਰਵੀਨ ਰਾਣੀ ਨੂੰ ਮਸਕਟ ਤੋਂ ਮੁਕਤ ਕਰਾਉਣ ਲਈ ਜਿੱਥੇ ਡਾ. ਓਬਰਾਏ ਨੇ ਵੱਡੀ ਰਕਮ ਅਦਾ ਕੀਤੀ ਹੈ ਉੱਥੇ ਇਸ ਮਸਲੇ ਦੇ ਹੱਲ ਲਈ ਉਨ੍ਹਾਂ ਦੇ ਪੀ. ਆਰ. ਓ. ਮਨਦੀਪ ਸਿੰਘ ਕੋਹਲੀ ਦੀ ਭੂਮਿਕਾ ਵੀ ਜ਼ਿਕਰਯੋਗ ਰਹੀ ਹੈ।

ਬੰਧੂਆਂ ਮਜਦੂਰ ਵਜੋਂ ਦਿਲ ਵਲੂੰਧਰਨ ਵਾਲੇ ਬਿਤਾਏ ਗਏ ਪਲਾਂ ਦੀ ਗਾਥਾ ਪੱਤਰਕਾਰਾਂ ਨਾਲ ਸਾਂਝੀ ਕਰਦਿਆਂ ਸਭ ਤੋਂ ਪਹਿਲਾਂ ਪਰਵੀਨ ਰਾਣੀ ਨੇ ਡਾ. ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਸ ਦੇਵਤਾ ਰੂਪੀ ਇਨਸਾਨ ਦੀ ਬਦੌਲਤ ਹੀ ਉਹ ਨਰਕ ਭਰੀ ਜ਼ਿੰਦਗੀ ‘ਚੋਂ ਨਿਜਾਤ ਪਾ ਸਕੀ ਹੈ। ਉਸ ਨੇ ਦੱਸਿਆ ਕਿ ਡਾ. ਓਬਰਾਏ ਨੇ ਉਸਦੇ ਖਰੀਦਦਾਰ ਨੂੰ ਉਸ ਦੇ ਖਰੀਦ ਮੁੱਲ ਦੀ ਵੱਡੀ ਰਕਮ ਤਾਰ ਕੇ ਅੱਜ ਉਸਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਪਰਵੀਨ ਨੇ ਸਹਿਮ ਭਰੇ ਲਹਿਜ਼ੇ ‘ਚ ਇਹ ਵੀ ਦੱਸਿਆ ਕਿ ਉਸ ਕੋਲੋਂ ਗੋਲੀ ਦੇ ਡਰਾਵੇ ਨਾਲ ਸਵੇਰ ਤੜਕਸਾਰ ਤੋਂ ਲੈ ਕੇ ਦੇਰ ਰਾਤ ਤੱਕ ਵੱਖ-ਵੱਖ ਤਰ੍ਹਾਂ ਦੇ ਪਸ਼ੂਆਂ ਨੂੰ ਸਾਂਭਣ ਤੇ ਸਾਰਾ ਘਰੇਲੂ ਕੰਮ ਲਿਆ ਜਾਂਦਾ ਸੀ ਤੇ ਕੰਮ ਤੋਂ ਨਾਂਹ ਕਰਨ ‘ਤੇ ਅਣਮਨੁੱਖੀ ਤਸ਼ੱਦਦ ਵੀ ਢਾਹਿਆ ਜਾਂਦਾ ਸੀ। ਉਸ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਖਾੜੀ ਦੇਸ਼ਾਂ ‘ਚ ਭੇਜਣ ਤੋਂ ਪਹਿਲਾਂ ਲੱਖ ਵਾਰ ਸੋਚਣ ਕਿਉਂਕਿ ਧੋਖੇਬਾਜ਼ ਏਜੰਟ ਪੈਸਿਆਂ ਦੇ ਲਾਲਚ ‘ਚ ਇੱਥੋਂ ਸਬਜ਼ਬਾਜ ਵਿਖਾ ਕੇ ਪੰਜਾਬ ਦੀਆਂ ਕੁੜੀਆਂ ਨੂੰ ਉੱਥੇ ਜਾ ਕੇ ਵੇਚ ਦਿੰਦੇ ਹਨ।

ਇਸੇ ਦੌਰਾਨ ਪਰਵੀਨ ਰਾਣੀ ਦੇ ਪਿਤਾ ਜੋਗਿੰਦਰ ਸਿੰਘ, ਮਾਤਾ ਸਿਮਰਜੀਤ ਕੌਰ, ਭੈਣ ਕੰਵਲਜੀਤ ਕੌਰ ਤੇ ਜੀਜਾ ਹਰਪਾਲ ਸਿੰਘ ਨੇ ਭਰੇ ਗਚ ਨਾਲ ਡਾ. ਐੱਸ. ਪੀ. ਸਿੰਘ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦਾ ਸਾਰੀ ਉਮਰ ਦੇਣ ਨਹੀਂ ਦੇ ਸਕਦੇ, ਜਿਨ੍ਹਾਂ ਦੇ ਯਤਨਾਂ ਸਦਕਾ ਅੱਜ ਸਾਡੀ ਜਵਾਨ ਧੀ ਸਾਨੂੰ ਫ਼ਿਰ ਮਿਲ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਟਰੈਵਲ ਏਜੰਟ ਸੁਖਦੇਵ ਨੇ ਉਨ੍ਹਾਂ ਨਾਲ ਵੱਡਾ ਧੋਖਾ ਕੀਤਾ, ਜਿਸ ‘ਤੇ ਪੰਜਾਬ ਸਰਕਾਰ ਨੂੰ ਤੁਰੰਤ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।