ਰਿਸ਼ਤਿਆਂ ਦੀ ਮਹਿਕ ਖਿਲਾਰਨ ਦੀ ਲੋੜ

Disperse, The Fragrance, relationships, Editorial

ਰਿਸ਼ਤਿਆਂ ਦੀ ਮਹਿਕ ਖਿਲਾਰਨ ਦੀ ਲੋੜ

ਕੋਈ ਸਮਾਂ ਸੀ ਜਦੋਂ ਆਪਣੇ ਸਾਰੇ ਹੀ ਨਵੇਂ-ਪੁਰਾਣੇ ਰਿਸ਼ਤੇ ਬੜੇ ਪਿਆਰੇ ਲੱਗਦੇ ਸਨ ਘਰਾਂ ‘ਚ ਆਪਸੀ ਪਰਿਵਾਰਕ ਸਾਂਝ ਹੁੰਦੀ ਸੀ ਘਰਾਂ ‘ਚ ਕਿਸੇ ਤਰ੍ਹਾਂ ਦੇ ਕੋਈ ਵਖਰੇਂਵੇਂ ਨਹੀਂ ਸਨ ਸਗੋਂ ਇੱਤਫਾਕ ਅਤੇ ਪੱਕਾ ਵਿਸ਼ਵਾਸ ਹੁੰਦਾ ਸੀ ਜੋ ਕਈ ਕਈ ਪੀੜ੍ਹੀਆਂ ਤੱਕ ਪਰਿਵਾਰ ਨੂੰ ਮਾਲਾ ਦੇ ਮਣਕਿਆਂ  ਵਾਂਗ ਪਰੋਈ ਰੱਖਦਾ ਸੀ ਤੇ ਇੱਕੋ ਛੱਤ ਥੱਲੇ ਪੀੜ੍ਹੀਆਂ ਬੱਧੀ ਵਸਾਈ ਰੱਖਦਾ ਸੀ

ਪਰਿਵਾਰ ਭਾਵੇਂ ਛੋਟੇ ਹੁੰਦੇ ਜਾਂ ਵੱਡੇ ਪਰ ਸਭਨਾਂ ਵਾਸਤੇ ਰਸੋਈ ਇਕੱਠੀ ਹੀ ਹੁੰਦੀ ਸੀ ਰਸੋਈ ਵਿੱਚ ਰਾਸ਼ਨ ਵੀ ਹਮੇਸ਼ਾ ਖੁੱਲ੍ਹੇ ਦਿਲ ਨਾਲ ‘ਕੱਠਾ ਹੀ ਆਉਂਦਾ ਸੀ ਦਾਦਾ, ਦਾਦੀ, ਚਾਚੇ, ਚਾਚੀਆਂ, ਤਾਏ, ਤਾਈਆਂ ਦਾ ਪਰਿਵਾਰ ਵਿੱਚ ਇੱਕ-ਦੂਜੇ ਪ੍ਰਤੀ ਦਿਲੀ ਸਨੇਹ ਹੁੰਦਾ ਸੀ ਇਸ ਲਈ ਆਪਸ ‘ਚ ਰਚੇ-ਮਿਚਿਆਂ ਨੂੰ ਪਤਾ ਹੀ ਨੀ ਲੱਗਦਾ ਸੀ ਕਿ ਪਰਿਵਾਰ ਵਿੱਚ ਬੱਚੇ ਰਲ ਮਿਲ ਕੇ ਕਿਵੇਂ ਪਲ਼ ਗਏ ਤੇ ਵੱਡੇ ਹੋ ਗਏ ਅਕਸਰ ਹੀ ਪਰਿਵਾਰਾਂ ਵਿੱਚ ਕਈ ਵਾਰ ਤਾਂ ਤਾਏ ਨੂੰ ‘ਵੱਡਾ ਭਾਪਾ’ ਕਹਿ ਕੇ ਵੀ ਸੰਬੋਧਨ ਕੀਤਾ ਜਾਂਦਾ ਸੀ (ਜੋ ਅੱਜ-ਕੱਲ੍ਹ ਸਿਰਫ਼ ਅੰਕਲ ਵਰਗੇ ਸ਼ਬਦ ‘ਚ ਸਿਮਟ ਕੇ ਰਹਿ ਗਿਆ ਹੈ) ਬੱਚੇ ਅਕਸਰ ਉਨ੍ਹਾਂ ਦੀ ਝੇਪ ਮੰਨਦੇ ਹੋਏ ਕਿਸੇ ਤਰ੍ਹਾਂ ਦੀ ਸ਼ਰਾਰਤਬਾਜ਼ੀ ਕਰਨ ਤੋਂ ਗੁਰੇਜ਼ ਕਰਦੇ ਸਨ ਤੇ ਉਨ੍ਹਾਂ ਦੇ ਕਹੇ-ਸੁਣੇ ਦਾ ਕਿਸੇ ਕਿਸਮ ਦਾ ਕੋਈ ਗੁੱਸਾ ਵੀ ਨਹੀਂ ਕਰਦੇ ਸਨ ਸਗੋਂ ਆਪਸੀ ਪਿਆਰ ਸਦਕਾ ਸਾਰੇ ਮਿਠਾਸ ਭਰੀਆਂ ਮੋਹ ਦੀਆਂ ਤੰਦਾਂ ਦੇ ਬੰਧਨ ‘ਚ ਬੱਝੇ ਹੋਏ ਸਨ

ਦਾਦਾ-ਦਾਦੀ, ਚਾਚੇ,ਤਾਏ, ਭੂਆ ਅਤੇ ਮਾਂ ਸਮਾਨ ਮਾਸੀਆਂ ਵੱਲੋਂ ਦਿੱਤੀਆਂ ਝਿੜਕਾਂ ‘ਚੋਂ ਸੱਚਾ ਪਿਆਰ ਝਲਕਦਾ ਸੀ ਤਾਂ ਹੀ ਤਾਂ ਉਨ੍ਹਾਂ ਵੱਲੋਂ ਦਿੱਤੀਆਂ  ਝਿੜਕਾਂ ਨੂੰ ਵੀ ਦਿਲੋਂ ਸਤਿਕਾਰ ਮਿਲਦਾ ਸੀ ਘਰਾਂ ਅੰਦਰ ਸਿਆਣੇ ਬਜ਼ੁਰਗਾਂ ਵੱਲੋਂ ਲਏ ਗਏ ਫੈਸਲੇ ਅਤੇ ਵਿੱਢੇ ਕੰਮਾਂ ਨੂੰ ਖਿੜੇ ਮੱਥੇ ਮੰਨਦੇ ਤੇ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਨੇਪਰੇ ਚੜ੍ਹਾ ਦਿੱਤੇ ਜਾਂਦੇ ਸੀ

ਬਿਨਾਂ ਕਿਸੇ ਸਵਾਰਥ ਤੋਂ ਆਪਣੇ ਪਰਿਵਾਰ ‘ਚ ਇੱਕ-ਦੂਜੇ ਤੋਂ ਵਧ ਕੇ ਕੰਮ ਕਾਰ ਨਿਪਟਾਉਣੇ ਤੇ ਸਭਨਾਂ ਲਈ ਰਲ-ਮਿਲ ਕੇ ਪਰਿਵਾਰਕ ਗੱਲਬਾਤ ਸਾਂਝੀ ਕਰਨ ਦਾ ਇੱਕ ਵੱਖਰਾ ਸਲੀਕਾ ਹੁੰਦਾ ਸੀ ਕੋਈ ਮੇਰ ਤੇਰ ਵਾਲੀ ਗੱਲ ਨਹੀਂ ਸੀ ਸਗੋਂ  ਸਹਿਣਸ਼ੀਲਤਾ ਹੁੰਦੀ ਸੀ ਜਿਵਂੇ ਸਫ਼ਰ ਦਾ ਆਨੰਦ ਮਾਨਣ ਲਈ ਸਾਮਾਨ ਦਾ ਨਾਲ ਘੱਟੋ-ਘੱਟ ਹੋਣਾ ਜ਼ਰੂਰੀ ਹੈ ਉਸੇ ਤਰ੍ਹਾਂ ਹੀ ਮਹਿਕ ਭਰੇ ਰਿਸ਼ਤਿਆਂ ਦੇ ਆਨੰਦ ਨੂੰ ਮਾਨਣ ਲਈ ਵੀ ਆਪਸੀ ਸ਼ਿਕਵੇ ਸ਼ਿਕਾਇਤਾਂ ਦਾ ਘੱਟ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿੰਨੇ ਗਿਲੇ-ਸ਼ਿਕਵੇ ਘੱਟ ਹੋਣਗੇ ਓਨੀ ਹੀ ਰਿਸ਼ਤਿਆਂ ‘ਚੋਂ ਮਿਠਾਸ ਭਰੀ ਮਹਿਕ ਜ਼ਿਆਦਾ ਆਵੇਗੀ ਜਿੱਥੇ ਦਿਲਾਂ ‘ਚ ਬੇਲੋੜੀਆਂ ਪਾਲ਼ੀਆਂ ਹੋਈਆਂ ਨਫ਼ਰਤਾਂ ਰਿਸ਼ਤਿਆਂ ‘ਚ ਕੁੜੱਤਣ ਪੈਦਾ ਕਰ ਦਿੰਦੀਆਂ ਹਨ ਉਥੇ ਹੀ ਨਾਲੋ -ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਦੇ ਗੁੱਸੇ-ਗਿਲੇ ਦਿਲ ਵਿੱਚ ਰੱਖਣ ਨਾਲ ਵੱਡੇ -ਵੱਡੇ ਤੇ ਨੇੜਤਾ ਵਾਲੇ ਰਿਸ਼ਤੇ ਵੀ ਕੱਚ ਵਾਂਗ ਤਿੜਕ ਜਾਂਦੇ ਹਨ

ਮਹਿਕ ਭਰੇ ਰਿਸ਼ਤਿਆਂ ਨੂੰ ਨਿਭਾਉਣ ਲਈ ਸਾਡੇ ਅੰਦਰ ਆਤਮ ਵਿਸ਼ਵਾਸ ਦਾ ਹੋਣਾ ਬਹੁਤ ਹੀ ਲਾਜ਼ਮੀ ਹੈ ਜਿੱਥੇ ਦਿਲ ਵਿੱਚ ਵਸੇ ਪੱਕੇ ਵਿਚਾਰ ਹੀ ਵਿਸ਼ਵਾਸ ਦੇ ਧਨੀ ਹੁੰਦੇ ਹਨ ਉਥੇ ਹੀ ਨਿਰਸਵਾਰਥਤਾ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਸਵਾਰਥ ਖਾਤਰ ਤਾਂ ਹਰ ਦੂਰ-ਦੁਰੇਡੇ ਦਾ ਰਿਸ਼ਤਾ ਵੀ ਮਹਿਕ ਖਿਲਾਰਦਾ ਨਜ਼ਰ ਆਵੇਗਾ ਮਹਿਕ ਭਰੇ ਰਿਸ਼ਤਿਆਂ ਨੂੰ ਧੁਰ ਅੰਦਰ ਦਿਲ ਤੋਂ ਨਿਭਾਉਣ ਲਈ ਸਵਾਰਥ ਦਾ ਤਿਆਗ ਕਰਕੇ ਰਿਸ਼ਤਿਆਂ ਨੂੰ ਨਿਭਾਉਣਾ ਹੀ ਦਰਿਆਦਿਲੀ ਦੀ ਮਿਸਾਲ ਹੈ ਜਦੋਂ ਸਾਡੇ ਦਿਲ ਨੇ ਇਹ ਹਾਮੀ ਭਰ ਦਿੱਤੀ ਕਿ ਉਹ ਬਿਨਾਂ ਕਿਸੇ ਸਵਾਰਥ ਦੇ ਰਿਸ਼ਤੇ ਨਿਭਾਉਣ ਦੀ ਕਾਬਲੀਅਤ ਰੱਖਦਾ ਹੈ ਫਿਰ ਹੀ ਇਨ੍ਹਾਂ ਰਿਸ਼ਤਿਆਂ ‘ਚੋਂ ਪਿਆਰ ਭਰੀ ਸੁਗੰਧ ਆਵੇਗੀ ਜਿਸ ਦੀ ਮਹਿਕ ਦੂਰ-ਦੂਰ ਤੱਕ ਬਿਖਰੇਗੀ ਜਿਵੇਂ ਵੱਖ-ਵੱਖ ਮੌਸਮਾਂ ‘ਚ ਵੱਖ-ਵੱਖ ਤਰ੍ਹਾਂ ਦੇ ਫੁੱਲ ਖਿੜਦੇ ਹਨ

ਉਸੇ ਤਰ੍ਹਾਂ ਹੀ ਸਾਡੇ ਰਿਸ਼ਤੇ ਵੀ ਉਮਰ ਦੇ ਹਿਸਾਬ ਨਾਲ ਬਣਦੇ ਤੇ ਜੁੜਦੇ ਹਨ ਬੇਸ਼ੱਕ ਇਨਸਾਨ ਅਜੋਕੇ ਸਮੇਂ  ਸਿਰਫ਼ ਬੁੱਲਾਂ ‘ਤੇ ਫੋਕੀ ਜਿਹੀ ਮੁਸਕਾਨ ਦੇ ਵਿਖਾਵੇ ਕਰਕੇ ਮੋਬਾਇਲ ਫੋਨਾਂ ਦੇ ਜ਼ਰੀਏ ਹੀ ਦੁੱਖ-ਸੁੱਖ ਦੇ ਸਾਂਝੀ ਬਣ ਕੇ ਉਪਰੋਂ-ਉਪਰੋਂ ਹੀ ਰਿਸ਼ਤਿਆਂ ‘ਚੋਂ ਮਹਿਕ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਪ੍ਰੰਤੂ ਅੰਦਰੂਨੀ ਤੌਰ ‘ਤੇ ਕਿਸੇ ‘ਤੇ ਕੋਈ ਬਹੁਤਾ ਖੁਸ਼ ਨਹੀਂ ਹਰ ਕੋਈ ਆਪਣੀਆਂ ਖੁਹਾਇਸ਼ਾਂ ਪੂਰੀਆਂ ਕਰਨ ਹਿੱਤ ਜਿੰਦਗੀ ਦੇ ਸਕੂਨ ਤੇ ਮਹਿਕ ਭਰੇ ਰਿਸ਼ਤਿਆਂ ਨੂੰ ਅੱਖੋਂ ਪਰੋਖੇ ਕਰ ਰਿਹਾ ਹੈ ਕਿਉਂਕਿ ਹਰ ਇੱਕ ਦੇ ਮੂੰਹ ਨੇ ਇੱਕੋ ਰੱਟ ਲਾਈ ਹੋਈ ਹੈ ਕਿ ਵਕਤ ਹੀ ਨਹੀਂ

ਜੇਕਰ ਮਹਿਕ ਭਰੇ ਰਿਸ਼ਤਿਆਂ ‘ਚੋਂ  ਚੰਦਨ ਵਰਗੀ ਖੁਸ਼ਬੂ ਦੇ ਅਹਿਸਾਸ ਭਰੇ ਨਿੱਘ ਦਾ ਆਨੰਦ ਮਾਨਣਾ ਹੈ ਫਿਰ ਵਕਤ ਨਾ ਹੋਣ ਵਰਗੇ ਬਹਾਨਿਆਂ ਦਾ ਖਹਿੜਾ ਤਾਂ ਛੱਡਣਾ ਹੀ ਪਵੇਗਾ ਤਾਂ ਹੀ ਇਹ ਮਹਿਕੀ, ਰਿਸ਼ਤਿਆਂ ਦੀ ਖਿੱਲਰੀ ਹੋਈ ਖੁਸ਼ਬੋ ਸਾਡੇ ਦਿਲਾਂ ‘ਚ ਇੱਕ-ਦੂਜੇ ਪ੍ਰਤੀ ਭਰੀ ਹੋਈ ਨਫ਼ਰਤ ਦੀ ਕੰਡਿਆਲੀ ਵਾੜ ਦੇ ਕੰਡੇ ਚੁਗਣ ‘ਚ ਆਪਣਾ ਫਰਜ਼ ਅਦਾ ਕਰੇਗੀ ਇਸ ਲਈ ਆਪਣੇ ਰੋਜ਼ਮਰਾ ਦੇ ਕੰਮ ਧੰਦਿਆਂ ਦੇ ਨਾਲ ਨਾਲ ਇਹ ਫੁੱਲਾਂ ਦੀ ਮਹਿਕ ਵਰਗੇ ਖੁਸ਼ਬੂਦਾਰ ਰਿਸ਼ਤਿਆਂ ਨੂੰ ਆਪਣੀ ਬੁੱਕਲ ‘ਚ ਸਮੋ ਕੇ ਇਨ੍ਹਾਂ ਦਾ ਭਰਪੂਰ ਨਿੱਘ ਮਾਨਣ ਦੀ ਵੀ ਲੋੜ ਹੈ
ਜਗਦੀਸ਼ ਪੱਖੋ, ਪੱਖੋ ਕਲਾਂ (ਬਰਨਾਲਾ),  ਮੋ. 98151-07001

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ