ਪੰਜਾਬ ਵਿਧਾਨ ਸਭਾ ’ਚ ਫਿਰ ਛਾਇਆ ਔਰਤਾਂ ਨੂੰ 1000 ਰੁਪਏ ਦੇਣ ਦਾ ਮੁੱਦਾ

Punjab Vidhan Sabha

(ਸੱਚ ਕਹੂੰ ਨਿਊਜ਼) ਚੰਡੀਗਡ਼੍ਹ। ਅੱਜ ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਬਜ਼ਟ ਇਜਲਾਸ ਦੀ ਕਾਵਰਾਈ ਦੌਰਾਨ ਬਜਟ ‘ਤੇ ਬਹਿਸ ਦੌਰਾਨ, ਭਾਜਪਾ ਵਿਧਾਇਕਾਂ ਨੇ ਸੂਬੇ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਨਾ ਦੇਣ ‘ਤੇ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਕਈ ਸਵਾਲ ਚੁੱਕੇ। ਭਾਜਪਾ ਦੇ ਸੂਬਾ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਬਜਟ ’ਤੇ ਬਹਿਸ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਔਰਤਾਂ ਨੂੰ 1000 ਰੁਪਏ ਨਾ ਦੇ ਕੇ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਹੈ।

ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ, ਪਰ ਸਰਕਾਰ ਬਣਨ ਦੇ ਇੱਕ ਸਾਲ ਬਾਅਦ ਵੀ ਇਹ ਵਾਅਦਾ ਪੂਰਾ ਨਹੀਂ ਕੀਤਾ। ਇਸ ਨੂੰ ਲੈ ਕੇ ਭਾਜਪਾ ਵਿਧਾਇਕਾਂ ਨੇ ਸਰਕਾਰ ਦੀ ਨੀਅਤ ‘ਤੇ ਸਵਾਲ ਖੜ੍ਹੇ ਕੀਤੇ ਹਨ।

ਵੱਡੇ-ਵੱਡੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਇਸ ਦੇ ਆਗੂਆਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਇੱਕ ਸਾਲ ਵਿੱਚ 504 ਮੁਹੱਲਾ ਕਲੀਨਿਕ ਖੋਲ੍ਹਣ ਤੋਂ ਬਾਅਦ ਹੁਣ 142 ਨਵੇਂ ਮੁਹੱਲਾ ਕਲੀਨਿਕ ਖੋਲ੍ਹਣ ਦੀ ਗੱਲ ਚੱਲ ਰਹੀ ਹੈ ਪਰ ਕੀ ਸਰਕਾਰ ਇਸ ਰਫ਼ਤਾਰ ਨਾਲ 5 ਸਾਲਾਂ ਵਿੱਚ 16000 ਕਲੀਨਿਕ ਖੋਲ੍ਹ ਸਕੇਗੀ। ਜਿਕਰਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਸਾਲ ਵਿੱਚ ਦੋ ਬਜਟ ਹੋਣ ਦੇ ਬਾਵਜੂਦ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ। Punjab Vidhan Sabha

ਬਜਟ ’ਚ ਹੋਇਆ ਵਾਧਾ

ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਵਿਧਾਨ ਸਭਾ ‘ਚ ਆਪਣਾ ਪੂਰਾ ਬਜਟ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਹਰਪਾਲ ਚੀਮਾ ਨੇ ਵਿੱਤੀ ਸਾਲ 2023-24 ਲਈ ਪੰਜਾਬ ਲਈ ਕੁੱਲ 1 ਲੱਖ 96 ਹਜ਼ਾਰ 462 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ, ਜੋ ਮੌਜੂਦਾ ਵਿੱਤੀ ਸਾਲ ਨਾਲੋਂ 26 ਫੀਸਦੀ ਵੱਧ ਹੈ।

ਪੰਜਾਬ ਵਿਧਾਨ ਸਭਾ ’ਚ ਗੂੰਜਿਆਂ ਨਸ਼ਿਆਂ ਦਾ ਮੁੱਦਾ

ਪੰਜਾਬ ’ਚ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨੇ ਤਬਾਹੀ ਮਚਾ ਰੱਖੀ ਹੈ। ਰੋਜ਼ਾਨਾ ਕੋਈ ਨਾ ਕੋਈ ਘਰ ਨਸ਼ਿਆਂ ਕਰਕੇ ਉੱਜੜ ਰਿਹਾ ਹੈ। ਅੱਜ ਪੰਜਾਬ ਵਿਧਾਨ ਸਭਾ (Vidhan Sabha) ਦੇ ਬਜ਼ਟ ਇਜਲਾਸ ਦੀ ਕਾਵਰਾਈ ਦੌਰਾਨ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਛਿੜੀ। ਸਦਨ ’ਚ ਬੋਲਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਗੁਰੂਆਂ ਦੀ ਪਵਿੱਤਰ ਧਰਤੀ ਅੰਮਿ੍ਰਤਸਰ, ਗੋਇੰਦਵਾਲ ਸਾਹਿਬ, ਤਰਨਤਾਰਨ ਅਤੇ ਖਡੂਰ ਸਾਹਿਬ ’ਚ ਸਭ ਤੋਂ ਜ਼ਿਆਦਾ ਨਸ਼ਿਆਂ ਦਾ ਕਹਿਰ ਹੈ ਅਤੇ ਕਈ ਘਰਾਂ ਦੇ ਚਿਰਾਗ ਨਸ਼ਿਆਂ ਨੇ ਬੁਝਾ ਦਿੱਤੇ ਹਨ।

ਡਾ. ਬਲਬੀਰ ਸਿੰਘ ਵੱਲੋਂ ਨਸ਼ਿਆਂ ਦੇ ਮੁੱਦੇ ’ਤੇ ਵਿਧਾਨ ਸਭਾ ’ਚ ਚਰਚਾ ਕੀਤੇ ਜਾਣ ਦੀ ਮੰਗ ਸਦਨ ਅੱਗੇ ਰੱਖੀ ਗਈ। ਇਸ ਦੌਰਾਨ ਸਪੀਕਰ ਨੇ ਸਭ ਦੀ ਸਹਿਮਤੀ ਨਾਲ ਫ਼ੈਸਲਾ ਦਿੱਤਾ ਕਿ 22 ਮਾਰਚ ਨੂੰ ਹੋਣ ਵਾਲੀ ਵਿਧਾਨ ਸਭਾ (Vidhan Sabha) ਦੀ ਕਾਰਵਾਈ ਦੌਰਾਨ ਨਸ਼ਿਆਂ ਦੇ ਮੁੱਦੇ ’ਤੇ ਚਰਚਾ ਕੀਤੀ ਜਾਵੇਗੀ। ਪਹਿਲਾਂ ਸਪੀਕਰ ਵੱਲੋਂ ਇੱਕ ਘੰਟੇ ਲਈ ਇਹ ਵਿਚਾਰ ਕਰਨ ਦੀ ਗੱਲ ਕਹੀ ਗਈ ਪਰ ਬਾਅਦ ’ਚ ਉਨ੍ਹਾਂ ਕਿਹਾ ਕਿ 22 ਮਾਰਚ ਨੂੰ ਸਦਨ ਅੰਦਰ 2 ਘੰਟੇ ਨਸ਼ਿਆਂ ਦੇ ਮੱਦੇ ’ਤੇ ਵਿਚਾਰ-ਚਰਚਾ ਕੀਤੀ ਜਾਵੇਗੀ।

ਡਾ. ਬਲਬੀਰ ਸਿੰਘ ਨੇ ਇਹ ਵੀ ਕਿਹਾ ਕਿ ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਜਿਹੇ ਇਲਾਕਿਆਂ ’ਚ ਅਜੇ ਵੀ ਲੋਕਾਂ ਨੂੰ ਕੁੜੀਆਂ ਨੂੰ ਕੁੱਖ ’ਚ ਮਾਰ ਦਿੱਤਾ ਜਾਂਦਾ ਹੈ ਅਤੇ ਇੱਥੇ 1000 ਮੁੰਡਿਆਂ ਪਿੱਛੇ ਸਿਰਫ਼ 887 ਕੁੜੀਆਂ ਹਨ, ਜੋ ਕਿ ਇੱਕ ਗੰਭੀਰ ਵਿਸ਼ਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।