ਮੁੱਖ ਮੰਤਰੀ ਨੇ ਸੋਮਵਾਰ ਤੋਂ ਸੂਬੇ ਵਿੱਚ ਦਾਖਲ ਹੋਣ ਵਾਲਿਆਂ ਲਈ ਮੁਕੰਮਲ ਟੀਕਾਕਰਨ ਜਾਂ ਆਰ.ਟੀ-ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਲਾਜਮੀ ਕੀਤੀ

Coronavirus Sachkahoon

ਸਕੂਲਾਂ ਵਿੱਚ ਪੜ੍ਹਾਉਣ ਦੀ ਇਜਾਜ਼ਤ ਸਿਰਫ ਮੁਕੰਮਲ ਟੀਕਾਕਰਨ/ਹਾਲ ਹੀ ਵਿੱਚ ਠੀਕ ਹੋਣ ਵਾਲਿਆਂ ਨੂੰ ਹੀ ਹੋਵੇਗੀ, ਟੀਕਾਕਰਨ ਲਈ ਅਧਿਆਪਕਾਂ ਨੂੰ ਦਿੱਤੀ ਜਾਵੇਗੀ ਤਰਜੀਹ

ਸਕੂਲਾਂ ਨੂੰ ਇਕ ਬੈਂਚ ’ਤੇ ਇਕ ਬੱਚੇ ਦੇ ਬੈਠਣ ਦੀ ਸੀਮਾ ਤੈਅ ਕਰਨ ਦੇ ਨਿਰਦੇਸ਼, ਸਕੂਲਾਂ ਲਈ ਪ੍ਰਤੀ ਦਿਨ ਘੱਟੋ-ਘੱਟ 10,000 ਟੈਸਟ ਕਰਨ ਦੇ ਆਦੇਸ਼

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੋਮਵਾਰ ਤੋਂ ਸੂਬੇ ਵਿੱਚ ਦਾਖਲ ਹੋਣ ਵਾਲੇ ਸਾਰੇ ਲੋਕਾਂ ਲਈ ਮੁਕੰਮਲ ਕੋਵਿਡ ਟੀਕਾਕਰਨ ਜਾਂ ਆਰ.ਟੀ-ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਲਾਜਮੀ ਕਰਨ ਦੇ ਆਦੇਸ਼ ਦਿੱਤੇ ਹਨ, ਖ਼ਾਸ ਕਰਕੇ ਹਿਮਾਚਲ ਪ੍ਰਦੇਸ ਅਤੇ ਜੰਮੂ ਤੋਂ ਆਉਣ ਵਾਲੇ ਲੋਕਾਂ ਦੀ ਸਖਤ ਨਿਗਰਾਨੀ ਰੱਖਣ ਲਈ ਕਿਹਾ ਗਿਆ ਹੈ ਕਿਉਂ ਜੋ ਇਨਾਂ ਸੂਬਿਆਂ ਵਿੱਚ ਕੋਵਿਡ ਪਾਜੇਟਿਵ ਕੇਸ ਵਧ ਰਹੇ ਹਨ।

ਸਕੂਲਾਂ ਵਿੱਚ ਕੋਵਿਡ ਦੇ ਮਾਮਲਿਆਂ ਦੀਆਂ ਰਿਪੋਰਟਾਂ ਦਰਮਿਆਨ ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਸਿਰਫ ਮੁਕੰਮਲ ਟੀਕਾਕਰਨ ਵਾਲੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ, ਜਾਂ ਜੋ ਹਾਲ ਹੀ ਵਿੱਚ ਕੋਵਿਡ ਤੋਂ ਸਿਹਤਯਾਬ ਹੋਏ ਹਨ, ਸਕੂਲਾਂ ਅਤੇ ਕਾਲਜਾਂ ਵਿੱਚ ਨਿੱਜੀ ਤੌਰ ’ਤੇ ਪੜ੍ਹਾਉਣਗੇ ਅਤੇ ਸਾਰੇ ਬੱਚਿਆਂ ਲਈ ਆਨਲਾਈਨ ਪੜ੍ਹਾਈ ਦਾ ਬਦਲ ਰਹੇਗਾ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਧਿਆਪਕਾਂ ਅਤੇ ਸਕੂਲ ਦੇ ਹੋਰ ਸਟਾਫ ਲਈ ਦੂਜੀ ਖੁਰਾਕ ਨੂੰ ਤਰਜੀਹ ਦੇਣ ਲਈ ਦੋ ਖੁਰਾਕਾਂ ਵਿਚਲੇ ਅੰਤਰ ਨੂੰ ਘਟਾਉਣ ਦਾ ਸੁਝਾਅ ਦਿੱਤਾ।

ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹਿਮਾਚਲ ਪ੍ਰਦੇਸ਼ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਪਾਜ਼ੇਟਿਵਿਟੀ ਦਰ ਬਾਰੇ ਚਿੰਤਾ ਜ਼ਾਹਰ ਕੀਤੀ ਜਿਸ ਨਾਲ ਪਿਛਲੇ ਹਫਤੇ ਦੌਰਾਨ ਪੰਜਾਬ ਵਿੱਚ ਪਾਜ਼ੇਟਿਵਿਟੀ ਦਰ ਵੀ 0.2 ਫੀਸਦੀ ਤੱਕ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਅਤੇ ਆਰ.ਓ. 1.05% ਤੱਕ ਪਹੁੰਚ ਰਿਹਾ ਹੈ। ਉਨਾਂ ਕਿਹਾ ਕਿ ਕੈਂਬਰਿਜ ਦੇ ਅਧਿਐਨ ਨੇ ਵੀ ਭਵਿੱਖਬਾਣੀ ਕੀਤੀ ਹੈ ਕਿ ਅਗਲੇ 64 ਦਿਨਾਂ ਵਿੱਚ ਕੇਸ ਦੁੱਗਣੇ ਹੋਣ ਦੀ ਸੰਭਾਵਨਾ ਹੈ, ਇਸ ਲਈ ਪਹਿਲਾਂ ਤੋਂ ਲਾਗੂ ਸਿਹਤ ਪ੍ਰੋਟੋਕਾਲ ਵਿੱਚ ਵਾਧਾ ਕਰਦਿਆਂ ਨਵੀਆਂ ਪਾਬੰਦੀਆਂ ਐਲਾਨੀਆਂ ਗਈਆਂ ਹਨ।

ਮੁੱਖ ਮੰਤਰੀ ਨੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ ਦੇ ਘੱਟੋ-ਘੱਟ 10, 000 ਟੈਸਟ ਪ੍ਰਤੀ ਦਿਨ ਲੈਣ ਦੇ ਆਦੇਸ਼ ਦਿੱਤੇ। ਉਨਾਂ 0.2 % ਤੋਂ ਉੱਪਰ ਪਾਜ਼ੇਟਿਵਿਟੀ ਦਰ ਵਾਲੇ ਜ਼ਿਲਿਆਂ/ ਸ਼ਹਿਰਾਂ ਨੂੰ ਸਥਿਤੀ ਵਿੱਚ ਸੁਧਾਰ ਹੋਣ ਤੱਕ ਚੌਥੀ ਅਤੇ ਇਸ ਤੋਂ ਹੇਠਲੀਆਂ ਕਲਾਸਾਂ ਲਈ ਨਿੱਜੀ ਤੌਰ ’ਤੇ ਪੜਾਈ ਬੰਦ ਕਰਨ ਲਈ ਕਿਹਾ।

ਮੁੱਖ ਮੰਤਰੀ ਨੇ ਕਿਹਾ ਕਿ ਮੁਕੰਮਲ ਟੀਕਾਕਰਨ ਅਤੇ ਆਰ.ਟੀ-ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਦਾ ਨਿਯਮ ਉਨਾਂ ਸਭਨਾਂ ’ਤੇ ਲਾਗੂ ਹੋਵੇਗਾ, ਜੋ ਪੰਜਾਬ ਵਿੱਚ ਸੜਕੀ, ਰੇਲ ਜਾਂ ਹਵਾਈ ਮਾਰਗ ਰਾਹੀਂ ਦਾਖਲ ਹੋਣਗੇ। ਉਨਾਂ ਕਿਹਾ ਕਿ ਇਨਾਂ ਦੋਹਾਂ ਵਿੱਚੋਂ ਕੋਈ ਵੀ ਨਾ ਹੋਣ ਦੀ ਸੂਰਤ ਵਿੱਚ ਉਸ ਵਿਅਕਤੀ ਦਾ ਆਰ.ਏ.ਟੀ. ਟੈਸਟ ਲਾਜਮੀ ਹੋਵੇਗਾ, ਬਸ਼ਰਤੇ ਕਿ ਉਹ ਹਾਲ ਹੀ ਵਿੱਚ ਕੋਵਿਡ ਤੋਂ ਠੀਕ ਹੋਇਆ ਹੋਵੇ।

ਸਖ਼ਤ ਚੌਕਸੀ ਵਰਤਣ ਦੀ ਗੱਲ ਆਖਦਿਆਂ ਮੁੱਖ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਸਿਰਫ ਮੁਕੰਮਲ ਟੀਕਾਕਰਨ ਵਾਲਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨਿੱਜੀ ਤੌਰ ’ਤੇ ਪੜਾਏਗਾ। ਜੇ ਸਮੁੱਚਾ ਟੀਚਿੰਗ ਸਟਾਫ ਦਾ ਪੂਰੀ ਤਰਾਂ ਟੀਕਾਕਰਨ ਨਹੀਂ ਹੋਇਆ ਤਾਂ ਮੁਕੰਮਲ ਟੀਕਾਕਰਨ ਵਾਲਾ ਸਟਾਫ਼ ਸਕੂਲ ਵਿੱਚ ਵਿਦਿਆਰਥੀਆਂ ਨੂੰ ਅਟੈਂਡ ਕਰ ਸਕਦਾ ਹੈ ਅਤੇ ਟੀਕਾਕਰਨ ਤੋਂ ਰਹਿੰਦੇ ਅਧਿਆਪਕਾਂ ਵੱਲੋਂ ਆਨਲਾਈਨ ਕਲਾਸਾਂ ਲਈਆਂ ਜਾ ਸਕਦੀਆਂ ਹਨ। ਉਨਾਂ ਕਿਹਾ ਕਿ ਜੇਕਰ ਮੁਕੰਮਲ ਟੀਕਾਕਰਨ ਵਾਲੇ ਅਧਿਆਪਕ ਉਪਲਬਧ ਨਹੀਂ ਹਨ ਤਾਂ ਵਿਦਿਆਰਥੀਆਂ ਦੀ ਗਿਣਤੀ ਨੂੰ ਢੁਕਵੀਂ ਗਿਣਤੀ ਵਿੱਚ ਘਟਾਇਆ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਸਕੂਲਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਪ੍ਰਤੀ ਬੈਂਚ ਸਿਰਫ ਇੱਕ ਬੱਚੇ ਦੇ ਬੈਠਣ ਦੀ ਇਜਾਜਤ ਦੇਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ