ਮੁੱਖ ਮੰਤਰੀ ਨੇ ਸਾਂਝਾ ਅਧਿਆਪਕ ਮੋਰਚਾ ਨਾਲ ਪੰਜਵੀਂ ਵਾਰ ਕੀਤੀ ਮੀਟਿੰਗ ਰੱਦ

Chief, Minister, Meeting, Teacher, Morcha

ਮੁਅੱਤਲ ਕੀਤੇ 14 ਅਧਿਆਪਕ ਆਗੂਆਂ ਨੂੰ 15 ਦਿਨਾਂ ਦਾ ਦਿੱਤਾ ਹੋਰ ਸਮਾਂ

ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਦਾ ਸਮਾਂ ਦੇ ਕੇ ਰੱਦ ਕਰਨ ਦੀ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਲਗਾਤਾਰ ਪੰਜਵੀਂ ਵਾਰ ਸਾਂਝਾ ਅਧਿਆਪਕ ਮੋਰਚਾ ਨਾਲ ਮੀਟਿੰਗ ਕਰਨ ਤੋਂ ਮੁਨਕਰ ਹੋ ਕੇ ਸ਼ਹਿਰ ਵਿੱਚ ਲੱਗੇ ਪੱਕਾ ਮੋਰਚੇ ਨੂੰ ਹੋਰ ਪੱਕਾ ਕਰ ਦਿੱਤਾ ਹੈ। ਹੁਣ ਇਹ ਅਧਿਆਪਕ ਦੀਵਾਲੀ ਦਾ ਤਿਉਹਾਰ ਵੀ ਪਟਿਆਲਾ ਵਿਖੇ ‘ਕਾਲੀ ਦੀਵਾਲੀ’ ਦੇ ਰੂਪ ਵਿੱਚ ਮਨਾਉਣਗੇ। ਇਸ ਤੋਂ ਪਹਿਲਾਂ ਵੀ ਅਧਿਆਪਕਾਂ ਨੇ ਦੁਸਹਿਰਾ ਅਤੇ ਕਰਵਾ ਚੌਥ ਜਿਹੇ ਤਿਉਹਾਰ ਸੰਘਰਸ਼ ਦੇ ਪਿੜ ਵਿੱਚ ਹੀ ਮਨਾਏ ਹਨ। ਅੱਜ ਪੱਕੇ ਮੋਰਚੇ ਦੇ 30ਵੇਂ ਦਿਨ ਮੋਗਾ, ਨਵਾਂ ਸ਼ਹਿਰ ਅਤੇ ਗੁਰਦਾਸਪੁਰ ਦੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਅੱਜ ਦੀ ਮੁੱਖ ਮੰਤਰੀ ਨਾਲ ਮੀਟਿੰਗ ਨੂੰ ਪ੍ਰਭਾਵਿਤ ਕਰਨ ਲਈ ਪਹਿਲਾਂ ਤੋਂ ਬਣਾਈ ਰਣਨੀਤੀ ਤਹਿਤ ਸਿੱਖਿਆ ਵਿਭਾਗ ਨੇ ਮੁਅੱਤਲ ਕੀਤੇ 14 ਸੰਘਰਸ਼ਸ਼ੀਲ ਅਧਿਆਪਕਾਂ ਨੂੰ ਸੁਣਵਾਈ ਲਈ ਮੁੱਖ ਦਫ਼ਤਰ ਬੁਲਾਇਆ ਹੋਇਆ ਸੀ।

ਸੁਣਵਾਈ ਬਾਰੇ ਜਾਣਕਾਰੀ ਦਿੰਦਿਆਂ ਸਾਂਝੇ ਅਧਿਆਪਕ ਮੋਰਚਾ ਦੇ ਕਨਵੀਨਰਾਂ ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਚਾਹਲ, ਬਾਜ ਸਿੰਘ ਖਹਿਰਾ, ਬਲਕਾਰ ਸਿੰਘ ਵਲਟੋਹਾ ਅਤੇ ਹਰਜੀਤ ਸਿੰਘ ਬਸੋਤਾ, ਸੂਬਾ ਕੋ-ਕਨਵੀਨਰ ਹਰਦੀਪ ਸਿੰਘ ਟੋਡਰਪੁਰ, ਦੀਦਾਰ ਸਿੰਘ ਮੁੱਦਕੀ ਅਤੇ ਅਜੀਬ ਦੁਬੇਦੀ ਆਦਿ ਨੇ ਦੱਸਿਆ ਕਿ ਵਿਭਾਗ ਵੱਲੋਂ ਸੇਵਾਵਾਂ ਖ਼ਤਮ ਕਰਨ ਦੀ ਤਜਵੀਜ਼ ਇੱਕਪਾਸੜ ਅਤੇ ਨਿਆਂ ਦੇ ਕੁਦਰਤੀ ਸਿਧਾਂਤ ਵਿਰੁੱਧ ਸੀ, ਜਿਸ ਦਾ ਸਾਂਝੇ ਅਧਿਆਪਕ ਮੋਰਚੇ ਵੱਲੋਂ ਸਖਤ ਵਿਰੋਧ ਕਰਨ ‘ਤੇ ਸਿੱਖਿਆ ਵਿਭਾਗ ਨੇ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਲਈ 15 ਦਿਨਾਂ ਦਾ ਸਮਾਂ ਹੋਰ ਦੇ ਦਿੱਤਾ ਹੈ।

ਧਰਨੇ ਨੂੰ ਸੰਬੋਧਨ ਕਰਦਿਆਂ ਅਮਰਜੀਤ ਸ਼ਾਸਤਰੀ, ਕੁਲਦੀਪ ਸਿੰਘ ਦੌੜਕਾ ਅਤੇ ਗੁਰਪ੍ਰੀਤ ਅੰਮੀਵਾਲ ਨੇ ਕਿਹਾ ਕਿ ਅਧਿਆਪਕਾਂ ਦਾ ਸੰਘਰਸ਼ ਹੱਕੀ ਅਤੇ ਜਾਇਜ਼ ਹੈ ਹੁਣ ਇਹ ਸੰਘਰਸ਼ ਸਿਰਫ ਅਧਿਆਪਕਾਂ ਦਾ ਸੰਘਰਸ਼ ਨਾ ਰਹਿ ਕੇ ਲੋਕਾਂ ਦਾ ਸੰਘਰਸ਼ ਬਣ ਚੁੱਕਾ ਹੈ, ਜਿਸ ਦੇ ਨਤੀਜੇ ਵਜੋਂ ਜਿੱਥੇ ਅਧਿਆਪਕਾਂ ਦੀਆਂ ਬਦਲੀਆਂ ਦੇ ਵਿਰੋਧ ਵਿੱਚ ਲਗਾਤਾਰ ਸਕੂਲਾਂ ਨੂੰ ਜਿੰਦਰੇ ਲੱਗ ਰਹੇ ਹਨ ਉਥੇ ਪੂਰੇ ਪੰਜਾਬ ‘ਚ ਸਰਕਾਰ ਦੇ ਵਿਰੁੱਧ ਅਰਥੀ ਫੂਕ ਪ੍ਰਦਰਸ਼ਨ ਹੋ ਰਹੇ ਹਨ। ਆਪਣੇ ਅਧਿਆਪਕਾਂ ਦੇ ਹੱਕ ਵਿੱਚ ਵਿਦਿਆਰਥੀ ਅਤੇ ਮਾਪੇ ਤੱਕ ਵੀ ਸੜਕਾਂ ‘ਤੇ ਉੱਤਰ ਆਏ ਹਨ। ਇਸ ਮੌਕੇ ਬਿਜਲੀ ਮੁਲਾਜ਼ਮ ਹਰਿਆਵਲ ਦਸਤਾ ਗਰੁੱਪ ਦੇ ਗੁਰਪ੍ਰਕਾਸ਼ ਸਿੰਘ, ਸੁਰਿੰਦਰ ਸਿੰਘ, ਗੱਜਣ ਸਿੰਘ ਮੂਨ ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈਕੋਰਟ, ਸਰਭਦੀਪ ਨਵਾਂ ਸ਼ਹਿਰ, ਜੱਜਪਾਲ ਬਾਜੇਕੇ, ਅਰਜਿੰਦਰ ਕਲੇਰ, ਅਤਿੰਦਰਪਾਲ ਘੱਗਾ ਆਦਿ ਹਾਜ਼ਰ ਸਨ।

ਮੁੱਖ ਮੰਤਰੀ ਵੱਲੋਂ ਅੱਜ ਦੀ ਮੀਟਿੰਗ ਰੱਦ ਕਰਨ ਤੋਂ ਬਾਅਦ ਅਧਿਆਪਕਾਂ ‘ਚ ਰੋਸ ਪਾਇਆ ਜਾ ਰਿਹਾ ਹੈ। ਅਧਿਆਪਕ ਆਗੂਆਂ ਵੱਲੋਂ ਅਗਲੇ ਫੈਸਲੇ ਲਈ ਸੂਬਾ ਕਮੇਟੀ ਦੀ ਮੀਟਿੰਗ ਅੱਜ ਸ਼ਾਮ ਨੂੰ ਸੱਦ ਲਈ ਹੈ। ਇਸ ਮੀਟਿੰਗ ਦੌਰਾਨ ਅਧਿਆਪਕਾਂ ਵੱਲੋਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।