ਕੁਦਰਤੀ ਰਿਸ਼ਤਿਆਂ ਦੀ ਚੀਸ

ਕੁਦਰਤੀ ਰਿਸ਼ਤਿਆਂ ਦੀ ਚੀਸ

ਨਾਨਕੇ ਪਿੰਡ ਵਿੱਚ ਚਾਰ-ਪੰਜ ਦਿਨ ਛੁੱਟੀਆਂ ਕੱਟਣ ਤੋਂ ਬਾਅਦ ਪਿੰਡ ਪਰਤਿਆ ‘ਭੜੋਲੂ’ ਸ਼ਾਮ ਦੇ ਟਾਈਮ ਸਾਈਕਲ ’ਤੇ ਸਵਾਰ ਹੋ ਕੇ ਆਪਣੇ ਨਿਆਈਂ ਵਾਲੇ ਖੇਤ ਪਹੁੰਚ ਗਿਆ ਸੀ। ਉੱਥੇ ਉਹ ਦੂਰ ਫਿਰਦੇ ਆਪਣੇ ਦਾਦਾ ਜੀ ਅਤੇ ਪਿਤਾ ਜੀ ਨੂੰ ਮਿਲੇ ਬਗੈਰ ਹੀ ਵਾਪਸ ਪਰਤ ਆਇਆ ਅਤੇ ਉਹ ਜਿਉਂ ਹੀ ਆਪਣੇ ਘਰ ਪਹੁੰਚਿਆ, ਤਾਂ ਉਸ ਨੂੰ ਜ਼ੋਰ-ਜ਼ੋਰ ਦੀ ਕੰਬਣੀ ਲੱਗ ਕੇ ਬਹੁਤ ਜ਼ਿਆਦਾ ਬੁਖਾਰ ਚੜ੍ਹ ਗਿਆ। ਉਸ ਦੀ ਮਾਤਾ ਵੱਲੋਂ ਫੈਮਿਲੀ ਡਾਕਟਰ ਨੂੰ ਘਰ ਬੁਲਾ ਕੇ ਉਸ ਨੂੰ ਦਵਾਈ ਦਿਵਾਉਣ ਲਈ ਬਹੁਤ ਕੋਸ਼ਿਸ਼ ਕੀਤੀ ਗਈ। ਪ੍ਰੰਤੂ ਭੜੋਲੂ ਨੇ ਕੋਈ ਵੀ ਦਵਾਈ-ਬੂਟੀ ਲੈਣ ਤੋਂ ਕੋਰਾ ਜਵਾਬ ਦੇ ਦਿੱਤਾ ਸੀ ਭੜੋਲੂ ਦੀ ਮੰਮੀ ਉਸਦਾ ਸਿਰ ਘੁੱਟ ਰਹੀ ਸੀ। ਥੋੜ੍ਹੇ ਸਮੇਂ ਬਾਅਦ ਉਸਦੇ ਦਾਦਾ ਜੀ ਅਤੇ ਪਿਤਾ ਜੀ ਵੀ ਘਰ ਪਹੁੰਚ ਗਏ ਸਨ।

ਦੂਜੇ ਪਾਸੇ ਜਿਉਂ ਹੀ ਭੜੋਲੂ ਦੀ ਦਾਦੀ ਮਾਂ ਜਲਦੀ-ਜਲਦੀ ਨਾਲ ਉਹਦੇ ਵਾਸਤੇ ਬਗੈਰ ਦੁੱਧ ਤੋਂ ਨਿੰਬੂ ਵਾਲੀ ਚਾਹ ਬਣਾ ਕੇ ਲਿਆਈ, ਤਾਂ ਭੜੋਲੂ ਨੇ ਪੀਣ ਦੀ ਬਜਾਏ ਗਰਮ-ਗਰਮ ਚਾਹ ਵਾਲੇ ਕੱਪ ਨੂੰ ਆਪਣੇ ਦੋਵਾਂ ਪੈਰਾਂ ਉੱਪਰ ਮੂਧਾ ਕਰ ਦਿੱਤਾ, ਜਿਸ ਨਾਲ ਇੱਕਦਮ ਉਸਦੇ ਪੈਰਾਂ ’ਤੇ ਵੱਡੇ-ਵੱਡੇ ਛਾਲੇ ਉਫਣ ਆਏ ਸਨ। ਜਿਨ੍ਹਾਂ ਨੂੰ ਦੇਖ ਕੇ ਸਾਰੇ ਟੱਬਰ ਦੇ ਜੀਅ ਬੁਰੀ ਤਰ੍ਹਾਂ ਘਬਰਾ ਗਏ ਸਨ। ਉਸ ਦੀ ਮਾਤਾ ਨੇ ਦੁਬਾਰਾ ਫੇਰ ਡਾਕਟਰ ਨੂੰ ਫੋਨ ਕਰਕੇ ਘਰ ਬੁਲਾਇਆ, ਪ੍ਰੰਤੂ ਭੜੋਲੂ ਨੇ ਦਵਾਈ ਲੈਣ ਤੋਂ ਕੋਰੀ ਨਾਂਹ ਕਰਦਿਆਂ ਡਾਕਟਰ ਨੂੰ ਬੇਰੰਗ ਹੀ ਵਾਪਸ ਮੋੜ ਦਿੱਤਾ ਸੀ।

ਭੜੋਲੂ ਦੀ ਦਾਦੀ ਮਾਂ ਅੰਧਵਿਸ਼ਵਾਸ ਵਿਚ ਘਿਰਦੀ ਹੋਈ ਫਟਾਫਟ ਗੱਪੂ ਟੇਸ਼ਨ ਵਾਲੇ ਬਾਬੇ ‘ਕੌਲੀ ਚੱਟ’ ਦੇ ਸਥਾਨ ਤੋਂ ਜਲ ਕਰਵਾ ਕੇ ਲਿਆਈ, ਪ੍ਰੰਤੂ ਭੜੋਲੂ ਨੇ ਉਸਨੂੰ ਵੀ ਠੁਕਰਾ ਦਿੱਤਾ ਸੀ। ਘਬਰਾਇਆ ਹੋਇਆ ਸਾਰਾ ਟੱਬਰ ਸਾਰੀ ਰਾਤ ਜਦੋਂ ਵੀ ਭੜੋਲੂ ਦਾ ਹੋਰ ਉਹੜ-ਪੋਹੜ ਕਰਨ ਦੀ ਕੋਸ਼ਿਸ਼ ਕਰਦਾ, ਤਾਂ ਭੜੋਲੂ ਸਹਿਮਤ ਨਹੀਂ ਸੀ ਹੋ ਰਿਹਾ, ਚਸ਼ਮਦੀਦ ਗਵਾਹਾਂ ਦੀ ਅਗਵਾਈ ਕਰਦਾ ਸਾਰਾ ਟੱਬਰ ਭੜੋਲੂ ਦੇ ਪਏ ਹੋਏ ਪੈਰਾਂ ਦੇ ਛਾਲਿਆਂ ਨੂੰ ਦੇਖ-ਦੇਖ ਬੁਰੀ ਤਰ੍ਹਾਂ ਫਿਕਰਾਂ ਵਿੱਚ ਡੁੱਬਿਆ ਹੋਇਆ ਸਾਰੀ ਰਾਤ ਤਰਾਸ-ਤਰਾਸ ਕਰਦਾ ਰਿਹਾ, ਪ੍ਰੰਤੂ ਭੜੋਲੂ ਜਖਮਾਂ ਦੀ ਚੀਸ ਨੂੰ ਆਪਣੇ ਅੰਦਰੋਂ-ਅੰਦਰੀ ਸਮਾਉਂਦਾ ਹੋਇਆ ਸਾਰੀ ਰਾਤ ਟੱਸ ਤੋਂ ਮੱਸ ਨਾ ਹੋਇਆ ਅਰਾਮਦਾਰੀ ਨਾਲ ਚੁੱਪ-ਚਾਪ ਪਿਆ ਰਿਹਾ ਅਤੇ ਕਿਸੇ ਦੀ ਵੀ ਗੱਲ ਦਾ ਹੁੰਗਾਰਾ ਨਹੀਂ ਸੀ ਭਰ ਰਿਹਾ।

ਹੁਣ ਸਵੇਰੇ ਹੋ ਚੁੱਕੀ ਸੀ, ਸਾਰੇ ਟੱਬਰ ਨੇ ਭੜੋਲੂ ਨੂੰ ਕੁਝ ਖਾਣ-ਪੀਣ ਲਈ ਬਥੇਰੇ ਤਰਲੇ-ਮਿੰਨਤਾਂ ਕੀਤੀਆਂ, ਪਰ ਉਹ ਕਿਸੇ ਵੀ ਗੱਲ ਨੂੰ ਸਵੀਕਾਰ ਨਹੀਂ ਸੀ ਕਰ ਰਿਹਾ, ਦੂਜੇ ਪਾਸੇ ਉਸਦੇ ਸਕੂਲ ਜਾਣ ਦਾ ਸਮਾਂ ਹੋ ਜਾਣ ਕਰਕੇ ਭੜੋਲੂ ਦੇ ਦੋਸਤ ਲਾਡੀ, ਮਿੰਟੂ ਤੇ ਟਿੰਕੂ ਜਿਉਂ ਹੀ ਉਸਨੂੰ ਆਵਾਜ ਮਾਰਨ ਲਈ ਉਨ੍ਹਾਂ ਦੇ ਘਰ ਆਏ, ਤਾਂ ਉਨ੍ਹਾਂ ਦੇ ਵੀ ਭੜੋਲੂ ਦੇ ਪੈਰਾਂ ਦਾ ਹਾਲ ਦੇਖ ਕੇ ਗਸ਼ੀ ਪੈਣ ਵਾਲੀ ਹੋ ਗਈ ਸੀ।
ਪੰਜਵੀਂ ਜਮਾਤ ਦਾ ਵਿਦਿਆਰਥੀ ਭੜੋਲੂ ਪੜ੍ਹਾਈ ’ਚੋਂ ਸਭ ਤੋਂ ਹੁਸ਼ਿਆਰ ਵਿਦਿਆਰਥੀ ਹੋਣ ਕਰਕੇ ਉਸ ਨੇ ਜਮਾਤ ਵਿੱਚ ਮਾਨੀਟਰ ਬਣਨ ਦਾ ਵੀ ਮਾਣ ਹਾਸਲ ਕੀਤਾ ਹੋਇਆ ਸੀ।

ਸਕੂਲ ਪਹੁੰਚ ਕੇ ਲਾਡੀ ਨੇ ਜਿਉਂ ਹੀ ਇਹ ਗੱਲ ਆਪਣੇ ਮਾਸਟਰ ਰਘਬੀਰ ਚੰਦ ਨੂੰ ਦੱਸੀ, ਤਾਂ ਮਾਸਟਰ ਜੀ ਨੇ ਤੁਰੰਤ ਭੜੋਲੂ ਕੇ ਘਰ ਦਾ ਕੁੰਡਾ ਜਾ ਖੜਕਾਇਆ ਸੀ। ਮਾਸਟਰ ਜੀ ਨੂੰ ਦੂਰੋਂ ਦੇਖ ਹੀ ਭੜੋਲੂ ਡਡਿਆ ਉੱਠਿਆ ਸੀ ਤੇ ਉਸਨੇ ਮਾਸਟਰ ਜੀ ਦੇ ਗਲ ਲੱਗ ਕੇ ਆਪਣੇ ਜਖਮਾਂ ਦੀ ਦਰਦਨਾਕ ਪੀੜ ਨਾਲ ਹਾਏ.. ਹਾਏ.. ਕਰਦਿਆਂ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ ਅਜਿਹਾ ਸੀਨ ਦੇਖ ਭੜੋਲੂ ਦੇ ਪਰਿਵਾਰਕ ਮੈਂਬਰ ਵੀ ਜਿੱਥੇ ਰੋਣ-ਕੁਰਲਾਉਣ ਲੱਗ ਪਏ ਸਨ, ਉੱਥੇ ਉਹ ਇਸ ਗੱਲੋਂ ਵੀ ਹੈਰਾਨ-ਪ੍ਰੇਸ਼ਾਨ ਸਨ ਕਿ ਭੜੋਲੂ ਨੇ ਕੱਲ੍ਹ ਤੋਂ ਲੈ ਕੇ ਹੁਣ ਤੱਕ ਪਰਿਵਾਰ ਦੇ ਮੈਂਬਰਾਂ ਦੀ ਕਿਸੇ ਗੱਲ ਦਾ ਤਾਂ ਇੱਕ ਵੀ ਹੁੰਗਾਰਾ ਨਹੀਂ ਭਰਿਆ, ਪ੍ਰੰਤੂ ਮਾਸਟਰ ਜੀ ਦੇ ਗਲ ਨਾਲ ਚਿੰਬੜ ਕੇ ਅਜਿਹਾ ਕਿਉਂ…?

ਹੁਣ ਭੜੋਲੂ ਦੇ ਦਾਦਾ ਜੀ ਤੋਂ ਸਾਰੀ ਵਾਰਤਾਲਾਪ ਸੁਣਨ ਉਪਰੰਤ ਮਾਸਟਰ ਜੀ ਨੇ ਜਿਉਂ ਹੀ ਭੜੋਲੂ ਤੋਂ ਘਟਨਾਕ੍ਰਮ ਬਾਰੇ ਪੁੱਛਿਆ… ਤਾਂ ਭੜੋਲੂ ਨੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ… ਕਿ ਮਾਸਟਰ ਜੀ, ਤੁਸੀਂ ਜੋ ਸਾਨੂੰ ਪਿਛਲੇ ਸਾਲ ਸੰਦੇਸ਼ ਜਾਰੀ ਕਰਦਿਆਂ ਸਮਝਾਇਆ ਸੀ ਕਿ ਸਾਨੂੰ ਗਰਮੀ ਦੇ ਮੌਸਮ ਸਮੇਂ ਆਪਣੇ ਕੁਦਰਤੀ ਰਿਸ਼ਤਿਆਂ ਜਿਵੇਂ ਪੰਛੀ, ਜਨੌਰਾਂ, ਜੀਵ- ਜੰਤੂਆਂ, ਮਿੱਤਰ ਕੀੜੇ-ਮਕੌੜਿਆਂ, ਪਾਣੀ ਅਤੇ ਪੌਦਿਆਂ ਦੀ ਹਮੇਸ਼ਾ ਕਦਰ, ਸਾਂਭ-ਸੰਭਾਲ ਕਰਨੀ ਚਾਹੀਦੀ ਹੈ। ਵੱਧ ਤੋਂ ਵੱਧ ਦਰੱਖਤ ਲਾਉਣੇ ਚਾਹੀਦੇ ਹਨ।

ਗਰਮੀਆਂ ਵਿੱਚ ਪੰਛੀਆਂ ਵਾਸਤੇ ਘਰਾਂ ਦੀਆਂ ਕੰਧਾਂ-ਕੌਲਿਆਂ, ਛੱਤਾਂ ਉੱਪਰ ਪਾਣੀ ਦੇ ਕੂੰਡੇ-ਕਟੋਰੇ ਭਰ ਕੇ ਰੱਖਣੇ ਚਾਹੀਦੇ ਹਨ। ਤੁਹਾਡੇ ਦਿੱਤੇ ਸੰਦੇਸ਼ ਅਨੁਸਾਰ ਮੈਂ ਆਪਣੀਆਂ ਸੇਵਾਵਾਂ ਨਿਰੰਤਰ ਨਿਭਾਅ ਰਿਹਾ ਸਾਂ, ਪਰ ਕੱਲ੍ਹ ਨਾਨਕੇ ਪਿੰਡ ਤੋਂ ਵਾਪਸ ਆਉਣ ਸਾਰ ਹੀ ਮੈਂ ਰੋਜਾਨਾ ਦੀ ਤਰ੍ਹਾਂ ਜਿਉਂ ਹੀ ਆਪਣੇ ਮਿੱਤਰ ਪਿਆਰੇ ਪੰਛੀਆਂ ਵਾਸਤੇ ਬਿਸਕੁਟ, ਰੋਟੀ ਦੀਆਂ ਬੁਰਕੀਆਂ, ਚੋਗੇ ਵਾਲੇ ਦਾਣੇ ਪਾਉਣ ਵਾਸਤੇ ਖੇਤ ਗਿਆ ਤਾਂ…!

‘‘ਭੜੋਲੂ ਬੱਚੇ ਰੋਣਾ ਨਹੀਂ… ਤੂੰ ਸਿਆਣਾ ਬੀਬਾ ਬਾਲਕ ਹੈਂ, ਅੱਗੇ ਆਪਣੀਂ ਗੱਲ ਜਾਰੀ ਰੱਖੋ…!’’
‘‘ਇੱਕ ਮਿੰਟ; ਮਾਸਟਰ; ਜੀ…, ਭੜੋਲੂ ਤੂੜੀ ਵਾਲੇ ਕੋਠੇ ਵੱਲ ਨੂੰ ਭੱਜਿਆ-ਭੱਜਿਆ ਗਿਆ… ਜਿੱਥੋਂ ਉਹ ਇੱਕ ਕਾਲੇ ਰੰਗ ਦਾ ਵੱਡਾ ਸਾਰਾ ਲਿਫਾਫਾ ਚੁੱਕ ਕੇ ਲਿਆਇਆ… ਜੋ ਅੱਧ ਸੜੇ ਮੋਏ ਹੋਏ ਪੰਛੀਆਂ ਤੇ ਪੰਛੀਆਂ ਦੇ ਮਾਸੂਮ ਬੋਟਾਂ ਨਾਲ ਭਰਿਆ ਹੋਇਆ ਸੀ ਜੋ ਉਸ ਨੇ ਸਾਰੀ ਬੈਠੀ ਹੋਈ ਮੰਡਲੀ ਦੇ ਵਿਚਾਲੇ ਢੇਰੀ ਕਰਦਿਆਂ ਕਿਹਾ, ਆਹ ਦੇਖੋ ਮਾਸਟਰ ਜੀ! ਨਿਹੱਥੇ ਮਾਸੂਮਾਂ ਉਪਰ ਹੋਏ ਜ਼ੁਲਮ ਦੀਆਂ ਮੂੰਹ ਬੋਲਦੀਆਂ ਤਸਵੀਰਾਂ..!’’

(ਸੀਨ ਦੇਖ ਕੇ ਮਾਸਟਰ ਜੀ ਤੋਂ ਇਲਾਵਾ ਬਾਕੀ ਸਾਰਿਆਂ ਦੇ ਵੀ ਸੀਨੇ ਬੁਰੀ ਤਰ੍ਹਾਂ ਵਲੂੰਧਰੇ ਗਏ ਸਨ)
‘‘ਉਏ.. ਹੋਏ..ਓਏ.. ਹੋਏ..! ਭੜੋਲੂ ਇਹ ਕਿੱਥੋਂ…?’’

‘‘ਮਾਸਟਰ ਜੀ.. ਮੈਂ ਕਹਿਣਾ ਤਾਂ ਨਹੀਂ ਸੀ ਚਾਹੁੰਦਾ, ਪਰ ਹੁਣ ਮੈਨੂੰ ਮਜਬੂਰ ਹੋ ਕੇ ਸਭ ਕੁਝ ਤੁਹਾਨੂੰ ਦੱਸਣਾ ਹੀ ਪੈਣਾ ਹੈ ਕਿ ਮੇਰੇ ਦੇਖਣ ਮੁਤਾਬਿਕ ਇਹ ਸਭ ਕੁਝ ਸਾਡੇ ਆਪਣੇ ਹੀ ਟੱਬਰ ਦੀ ਮਿਹਰਬਾਨੀ ਹੈ। ਮੇਰੇ ਦਾਦਾ ਜੀ ਤੇ ਪਿਤਾ ਜੀ ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਂਦੇ ਆ ਰਹੇ ਹਨ। ਜਦੋਂ ਮੈਂ ਇਨ੍ਹਾਂ ਨੂੰ ਪੁੱਛਣ ਜਾਂ ਰੋਕਣ ਦੀ ਕੋਸ਼ਿਸ਼ ਕਰਦਾ ਸਾਂ… ਤਾਂ ਅੱਗੋਂ ਸਾਡਾ ਸਾਰਾ ਟੱਬਰ ਉਲਟਾ ਜਵਾਬ ਦਿੰਦੇ ਹੋਏ ਅਤੇ ਹੋਰਨਾਂ ਲੋਕਾਂ ’ਤੇ ਨਜਾਇਜ ਦੂਸ਼ਣਬਾਜੀ ਲਾਉਂਦੇ ਹੋਏ ਕਿਹਾ ਕਰਦੇ ਸਨ ਕਿ ਇਹ ਅੱਗ ਆਪਾਂ ਨਹੀਂ, ਆਪਣੇ ਖੇਤ ਦੇ ਆਂਢ-ਗੁਆਂਢੀਆਂ ਨੇ ਆਵਦੇ ਖੇਤਾਂ ਚ ਲਾਈ ਸੀ, ਜੋ ਅੱਗੇ ਵਧਦੀ ਹੋਈ ਆਪਣੇ ਖੇਤ ਪਹੁੰਚ ਗਈ ਹੈ।

ਸਾਡੀ ਚਾਰ ਕਿੱਲੇ ਜਮੀਨ ਵੱਡੀ ਸੜਕ ਦੇ ਨਾਲ ਲੱਗਦੀ ਹੈ। ਜਮੀਨ ਦੇ ਨਾਲ ਵੱਡੀ ਗਿਣਤੀ ਵਿੱਚ ਲੱਗਦੇ ਸਰਕਾਰੀ ਦਰੱਖਤ ਵੀ ਬੁਰੀ ਤਰ੍ਹਾਂ ਅੱਗ ਨਾਲ ਝੁਲਸੇ ਗਏ ਹਨ ਨਾਲੇ ਪਹਿਲਾਂ ਅੱਗ ਲਾ ਕੇ ਧਰਤੀ ਦੀ ਹਿੱਕ ਨੂੰ ਸਾੜਿਆ ਗਿਆ, ਹੁਣ ਉੱਤੋਂ ਮੋਟਰ ਛੱਡ ਕੇ ਪਾਣੀ ਨਾਲ ਧਰਤੀ ਨੂੰ ਠੰਢਾ ਕਰਨਾ ਸ਼ੁਰੂ ਕੀਤਾ ਹੋਇਆ ਹੈ ਤੇ ਇਸ ਵਾਰ ਮੈਂ ਸਾਡੇ ਖੇਤ ਦੇ ਸਾਹਮਣੇ ਘਰ ਵਾਲਿਆਂ ਦਾ ਸੀ. ਸੀ. ਟੀ. ਵੀ. ਕੈਮਰਾ ਚੈੱਕ ਕਰਕੇ ਆਇਆਂ ਸਾਂ, ਆਹ ਦੇਖੋ ਮੇਰੇ ਮੋਬਾਇਲ ਫੋਨ ਵਿੱਚ ਉਸ ਦੀ ਕੈਦ ਕੀਤੀ ਵੀਡੀਓ ਜਿਸ ਵਿੱਚ ਸਾਡੇ ਪਰਿਵਾਰਕ ਮੈਂਬਰ ਹੀ ਕਣਕ ਦੇ ਨਾੜ ਨੂੰ ਅੱਗ ਲਾ ਕੇ ਪਾਪਾਂ ਦੇ ਭਾਗੀ ਬਣੇ ਹੋਏ ਸਪੱਸਟ ਨਜ਼ਰ ਆ ਰਹੇ ਹਨ।

ਜਿਸ ਕਾਰਨ ਮੇਰੇ ਪਿਆਰੇ-ਪਿਆਰੇ ਮਿੱਤਰ ਪੰਛੀ, ਜੋ ਮੈਂ ਤੁਹਾਨੂੰ ਲਿਫਾਫੇ ’ਚੋਂ ਕੱਢ ਕੇ ਦਿਖਾਏ ਹਨ, ਉਹ ਆਪਣੇ ਆਲ੍ਹਣਿਆਂ ਸਮੇਤ ਅੱਗ ਦੀਆਂ ਲਪਟਾਂ ਵਿੱਚ ਭੁੱਜਦੇ ਹੋਏ ਬੁਰੀ ਤਰ੍ਹਾਂ ਤੜਫ-ਤੜਫ ਕੇ ਮੌਤ ਦੀ ਭੇਂਟ ਚੜ੍ਹ ਗਏ ਹਨ ਨਾਲੇ ਸਭ ਦਰੱਖਤ ਵੀ ਬੁਰੀ ਤਰ੍ਹਾਂ ਝੁਲਸੇ ਗਏ ਹਨ ਤੇ ਸਾਡਾ ਬੇਕਿਰਕ ਟੱਬਰ ਮੇਰੇ ਪੈਰਾਂ ’ਤੇ ਪਏ ਹੋਏ ਛਾਲਿਆਂ ਨੂੰ ਅਰਾਮਦਾਇਕ ਕਰਨ ਵਾਸਤੇ ਕੱਲ੍ਹ ਦਾ ਮੇਰੇ ਅੱਗੜ-ਪਿੱਛੜ ਭੱਜਿਆ ਫਿਰਦਾ ਹੈ ਤੇ ਜੋ ਇਹ ਮਾਸੂਮ ਬੇਕਸੂਰ ਚੋਚਲੇ ਬੋਟ ਤੇ ਉਨ੍ਹਾਂ ਦੇ ਪੰਛੀ ਮਾਪੇ ਅੱਗ ਦੀ ਕਹਿਰ ਵਿੱਚ ਰਾਖ ਹੋ ਗਏ ਹਨ, ਉਨ੍ਹਾਂ ਦਾ…!’’
‘‘ਭੜੋਲੂ ਬੱਚੇ!

ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਕਿ ਰੋਣਾ ਨਹੀਂ ਹੈ ਹੌਂਸਲੇ ਨਾਲ ਗੱਲਬਾਤ ਕਰਦੇ ਰਹੋ…! ਜੋ ਇਹ ਵਾਪਰਿਆ ਹੈ ਬਹੁਤ ਮਾੜਾ ਹੋਇਆ ਹੈ। ਇਸੇ ਵਿਸ਼ੇ ਨਾਲ ਸਬੰਧਤ ਕੁਝ ਦਿਨ ਪਹਿਲਾਂ ਇੱਕ ਸਕੂਲੀ ਬੱਸ ਧੂੰਏਂ ਦੀ ਲਪੇਟ ਵਿੱਚ ਆਉਣ ਕਾਰਨ ਅੱਗ ਦੀ ਭੇਂਟ ਚੜ੍ਹ ਗਈ ਸੀ ਜਿਸ ਕਾਰਨ ਕੁਝ ਮਾਸੂਮ ਬੱਚੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਸਨ ਤੇ ਇੱਕ ਹੋਰ ਘਟਨਾ ਦੌਰਾਨ ਖੇਤ ਵਿੱਚ ਲੱਗੀ ਅੱਗ ਨੇ ਇੱਕ ਗਰੀਬ ਦੀ ਝੁੱਗੀ ਨੂੰ ਆਪਣੀ ਲਪੇਟ ਵਿੱਚ ਲੈਂਦਿਆਂ ਉਸਦੀ ਬੱਚੀ ਨੂੰ ਬੁਰੀ ਤਰ੍ਹਾਂ ਰਾਖ ਕਰਕੇ ਸਦਾ ਦੀ ਨੀਂਦ ਸੁਲਾ ਦਿੱਤਾ ਹੈ। ਅਜਿਹੀਆਂ ਘਟਨਾਵਾਂ ਸਮਾਜ ਦੇ ਮੱਥੇ ’ਤੇ ਕਲੰਕ ਹੁੰਦੀਆਂ ਹਨ ਜਿਸ ਨਾਲ ਜਿੱਥੇ ਪੰਛੀਆਂ, ਜੀਵ- ਜੰਤੂਆਂ ਦਾ ਘਾਣ ਹੋ ਰਿਹਾ ਹੈ, ਉੱਥੇ ਦਿਨੋ-ਦਿਨ ਸਾਡਾ ਵਾਤਾਵਰਨ ਵੀ ਪਲੀਤ ਹੁੰਦਾ ਜਾ ਰਿਹਾ ਹੈ। ਜਿਸ ਨਾਲ ਅਨੇਕਾਂ ਬਿਮਾਰੀਆਂ ਖੜ੍ਹੀਆਂ ਹੋ ਜਾਂਦੀਆਂ ਹਨ।

ਭੜੋਲੂ ਤੇ ਮਾਸਟਰ ਜੀ ਦੀ ਚੱਲ ਰਹੀ ਵਾਰਤਾਲਾਪ ਸੁਣ ਕੇ ਇਕੱਤਰ ਹੋਏ ਬਾਕੀ ਸਭ ਦੀਆਂ ਅੱਖਾਂ ਵਿੱਚੋਂ ਤਰਿੱਪ-ਤਰਿੱਪ ਅੱਥਰੂ ਵਗਣ ਲੱਗ ਪਏ ਸਨ। ਭੜੋਲੂ ਦੇ ਦਾਦਾ ਜੀ ਤੇ ਪਿਤਾ ਜੀ ਨੇ ਦੋਵਾਂ ਦੀ ਗੱਲ ਨੂੰ ਵਿਚਾਲਿਉਂ ਕੱਟ ਨੀਵੀਂ ਪਾਉਂਦਿਆਂ ਤੇ ਨਮੋਸ਼ੀ ਦਾ ਸਾਹਮਣਾ ਕਰਦਿਆਂ ਪ੍ਰਣ ਕੀਤਾ, ਕਿ ਉਹ ਅੱਗੇ ਤੋਂ ਜ਼ਿੰਦਗੀ ਭਰ ਆਪਣੇ ਖੇਤ ਵਿੱਚ ਫਸਲਾਂ ਦੀ ਪਰਾਲੀ ਜਾਂ ਰਹਿੰਦ-ਖੰੂਹਦ ਨੂੰ ਅੱਗ ਨਹੀਂ ਲਾਉਣਗੇ। ਇਸ ਫੈਸਲੇ ਨੂੰ ਸਭ ਨੇ ਖਿੜੇ ਮੱਥੇ ਕਬੂਲ ਕਰਦਿਆਂ ਫੈਮਿਲੀ ਡਾਕਟਰ ਨੂੰ ਬੁਲਾ ਕੇ ਭੜੋਲੂ ਦੇ ਪੈਰਾਂ ਵਾਲੇ ਜਖਮਾਂ ’ਤੇ ਮੱਲ੍ਹਮ-ਪੱਟੀ ਕਰਵਾਈ ਤੇ ਤੁਰੰਤ ਸਾਰੇ ਪਰਿਵਾਰ ਵੱਲੋਂ ਉਸੇ ਦਿਨ ਪਿੰਡ ਵਿੱਚ ‘ਪੰਛੀ, ਪਾਣੀ ਤੇ ਦਰੱਖਤ ਬਚਾਓ, ਵਾਤਾਵਰਨ ਖੁਸ਼ਹਾਲ ਬਣਾਓ’ ਦੇ ਨਾਂਅ ਹੇਠ ਇੱਕ¿; ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਦੀ ਮਾਸਟਰ ਰਘਬੀਰ ਚੰਦ, ਜਖਮੀ ਭੜੋਲੂ ਤੇ ਬਾਕੀ ਸਕੂਲੀ ਬੱਚੇ ਉੱਚੀ-ਉੱਚੀ ਨਾਅਰੇ ਲਾਉਂਦੇ ਹੋਏ ਯੋਗ ਅਗਵਾਈ ਕਰ ਰਹੇ ਸਨ।
ਡਾ. ਸਾਧੂ ਰਾਮ ਲੰਗੇਆਣਾ (ਨੰਬਰਦਾਰ),¿;
ਲੰਗੇਆਣਾ ਕਲਾਂ,¿; ਮੋਗਾ
ਮੋ. 98781-17285

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ