ਪ੍ਰਸ਼ਾਸਨ ਨੇ ਸੱਦੇ ਮੀਟਿੰਗ ਲਈ, ਚਾੜ੍ਹ ’ਤਾ ਪੁਲਿਸ ਨੇ ਕੁਟਾਪਾ

Unemployed ETT Teachers Sachkahoon

ਬੇਰੁਜ਼ਗਾਰ ਅਧਿਆਪਕ ਮੀਟਿੰਗ ਦੀ ਦਿੰਦੇ ਰਹੇ ਦੁਹਾਈ, ਪੁਲਿਸ ਨੇ ਡਾਂਗਾਂ ਦੀ ਛਹਿਬਰ ਲਾਈ

  • ਬੇਰੁਜ਼ਗਾਰ ਈਟੀਟੀ ਅਧਿਆਪਕਾਂ ਵਿੱਚ ਪੁਲਸੀਆ ਕਾਰਵਾਈ ਕਾਰਨ ਰੋਸ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਬੇਰੁਜ਼ਗਾਰਾਂ ਈਟੀਟੀ ਟੈੱਟ ਪਾਸ ਅਧਿਆਪਕਾਂ ਨੂੰ ਅੱਜ ਪ੍ਰਸ਼ਾਸਨ ਵੱਲੋਂ ਸੱਦਿਆ ਤਾਂ ਮੀਟਿੰਗ ਲਈ ਗਿਆ ਸੀ, ਪਰ ਪਟਿਆਲਾ ਪੁਲਿਸ ਨੇ ਇਨ੍ਹਾਂ ’ਤੇ ਕੁਟਾਪਾ ਚਾੜ੍ਹ ਕੇ ਨਵਾਂ ਚੰਦ ਚਾੜ੍ਹ ਦਿੱਤਾ। ਉਕਤ ਕਾਰਕੁੰਨ ਪੁਲਿਸ ਨੂੰ ਈਟੀਟੀ ਵਾਲੇ ਹੋਣ ਸਮੇਤ ਮੀਟਿੰਗ ਹੋਣ ਦੀ ਦੁਹਾਈ ਦਿੰਦੇ ਰਹੇ, ਪਰ ਪਹਿਲਾਂ ਵਾਲੇ ਧਰਨੇ ਤੋਂ ਅੱਕੇ ਪੁਲਿਸ ਮੁਲਾਜ਼ਮਾਂ ਨੇ ਸਾਰਾ ਗੁੱਸਾ ਇਨ੍ਹਾਂ ਕੁਝ ਕੁ ਬੇਰੁਜ਼ਗਾਰਾਂ ’ਤੇ ਲਾਹ ਦਿੱਤਾ।

ਜਾਣਕਾਰੀ ਅਨੁਸਾਰ ਅੱਜ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਆਗੂਆਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਵਾਈਪੀਐਸ ਚੌਂਕ ਵਿਖੇ ਮੀਟਿੰਗ ਲਈ ਬੁਲਾਇਆ ਗਿਆ ਸੀ। ਮੀਟਿੰਗ ਲਈ ਪੁੱਜੇ ਈਟੀਟੀ ਅਧਿਆਪਕ ਆਗੂ ਸੰਦੀਪ ਸਾਮਾ, ਜਰਨੈਲ ਨਾਗਰਾ, ਸੁਖਜੀਤ ਸਿੰਘ ਨਾਭਾ , ਰਾਜ ਸੁਖਵਿੰਦਰ, ਜੱਗਾ ਬੋਹਾ, ਸੋਨੀਆ ਕੌਰ ਤੇ ਆਸ਼ੀਮਾ ਕੌਰ ਇੱਕ ਪਾਸੇ ਖੜ੍ਹ ਗਏ। ਇਸੇ ਦੌਰਾਨ ਹੀ ਉੱਥੇ ਸਾਂਝੇ ਬੇਰੁਜ਼ਗਾਰ ਮੋਰਚੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ। ਪੁਲਿਸ ਗੱਡੀਆਂ ਬਹੁਤਿਆਂ ਨੂੰ ਬੱਸਾਂ ’ਚ ਚਾੜ੍ਹ ਕੇ ਲੈ ਗਈ ਸੀ। ਇਸੇ ਦੌਰਾਨ ਹੀ ਇੱਕ ਪਾਸੇ ਖੜ੍ਹੇ ਇਨ੍ਹਾਂ ਈਟੀਟੀ ਆਗੂਆਂ ਤੇ ਪੁਲਿਸ ਦੇ ਮੁਲਾਜ਼ਮਾਂ ਨੇ ਹੱਲਾ ਬੋਲ ਦਿੱਤਾ ਅਤੇ ਇਨ੍ਹਾਂ ’ਤੇ ਡਾਗਾਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਗਿਆ ਕਿ ਉਹ ਤਾ ਮੀਟਿੰਗ ਲਈ ਪ੍ਰਸ਼ਾਸਨ ਵੱਲੋਂ ਬੁਲਾਏ ਗਏ ਹਨ, ਪਰ ਪੁਲਿਸ ਨੇ ਇੱਕ ਨਾ ਸੁਣੀ।

ਇਸੇ ਦੌਰਾਨ ਅਧਿਆਪਕ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਤਾਂ ਸੁਣ ਲਵੋ, ਜਦੋਂ ਪੁਲਿਸ ਵਾਲਿਆਂ ਨੇ ਇਨ੍ਹਾਂ ਨੂੰ ਮੰਦਾ ਚੰਗਾ ਬੋਲਿਆ। ਇਸੇ ਦੌਰਾਨ ਉਕਤ ਅਧਿਆਪਕ ਵੀ ਗੁੱਸੇ ਵਿੱਚ ਆ ਗਏ ਅਤੇ ਇਨ੍ਹਾਂ ਵੱਲੋਂ ਪੁਲਿਸ ਮੁਲ਼ਾਜ਼ਮਾਂ ਨੂੰ ਧੱਕ ਕੇ ਹਟਾਉਣ ਦੀ ਕੋਸ਼ਿਸ ਕੀਤੀ ਗਈ। ਇਸ ਤੋਂ ਬਾਅਦ ਡੀਐਸਪੀ ਯੋਗੇਸ ਸ਼ਰਮਾ ਪੁੱਜੇ ਅਤੇ ਪੁਲਿਸ ਮੁਲਾਜ਼ਮਾਂ ਨੂੰ ਰੋਕਿਆ ਗਿਆ। ਇਸ ਮੌਕੇ ਅਧਿਆਪਕ ਆਗੂ ਸੰੰਦੀਪ ਸਾਮਾ ਨੇ ਕਿਹਾ ਕਿ ਇਹ ਕਿੱਥੋਂ ਦਾ ਇਨਸਾਫ਼ ਹੈ, ਇੱਕ ਪਾਸੇ ਮੀਟਿੰਗ ਲਈ ਬੁਲਾਇਆ ਜਾਂਦਾ, ਦੂਜੇ ਪਾਸੇ ਗੱਲ ਸੁਣਨ ਦੀ ਬਜਾਏ ਕੁੱਟ-ਕੁਟਾਪਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸ਼ਰੇਆਮ ਧੱਕਾ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਜਲਦ ਹੱਲ ਨਾ ਕੀਤੀਆਂ ਗਈਆਂ ਤਾਂ 11 ਜੂਨ ਨੂੰ ਹੋਣ ਵਾਲੇ ਮੋਤੀ ਮਹਿਲ ਦੇ ਘਿਰਾਓ ਦੌਰਾਨ ਜੋ ਜਾਨੀ ਮਾਲੀ ਨੁਕਸਾਨ ਹੋਵੇਗਾ, ਉਸ ਦੀ ਜਿੰਮੇਵਾਰ ਪ੍ਰਸ਼ਾਸਨ ਹੋਵੇਗਾ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਾਂਝਾ ਬੇਰੁਜ਼ਗਾਰਾਂ ਦਾ ਧਰਨਾ ਪ੍ਰਦਰਸ਼ਨ ਸੀ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਬੱਸਾਂ ਵਿੱਚ ਸੁੱਟ ਦੇ ਲਿਜਾਇਆ ਗਿਆ ਸੀ। ਤਿੱਖੜ ਧੁੱਪ ਵਿੱਚ ਅੱਕੀ ਪੁਲਿਸ ਨੇ ਸਾਰਾ ਗੁੱਸਾ ਇਨ੍ਹਾਂ ਈਟੀਟੀ ਬੇਰੁਜ਼ਗਾਰ ਅਧਿਆਪਕ ਆਗੂਆਂ ’ਤੇ ਕੱਢ ਦਿੱਤਾ ਗਿਆ। ਸ਼ਾਮ 6 ਵਜੇ ਖ਼ਬਰ ਲਿਖੇ ਜਾਣ ਤੱਕ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਮੀਟਿੰਗ ਬਾਰੇ ਕੋਈ ਪੱਤਰ ਨਹੀਂ ਦਿੱਤਾ ਗਿਆ ਸੀ ਅਤੇ ਇਨ੍ਹਾਂ ਨੂੰ ਇੰਤਜਾਰ ਕਰਵਾਇਆ ਜਾ ਰਿਹਾ ਸੀ।

ਖੂਨ ਨਾਲ ਲਿਖੀ ਅਮਰਿੰਦਰ ਨੂੰ ਚਿੱਠੀ

ਇਸ ਤੋਂ ਪਹਿਲਾਂ ਈਟੀਟੀ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖ਼ੂਨ ਨਾਲ ਚਿੱਠੀ ਲਿਖੀ ਗਈ, ਜਿਸ ਵਿੱਚ ਬੇਰੁਜਗਾਰ ਅਧਿਆਪਕਾਂ ਨੇ ਅਪੀਲ ਕੀਤੀ ਗਈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਜਲਦ ਤੋਂ ਜਲਦ ਹੱਲ ਕਰਨ। ਉਨ੍ਹਾਂ ਕਿਹਾ ਕਿ ਜੇਕਰ ਖੂਨ ਪੀਣੀ ਸਰਕਾਰ ਸਾਡੇ ਖੂਨ ਨਾਲ ਲਿਖੀ ਚਿੱਠੀ ਤੋਂ ਪਸੀਜ਼ ਜਾਵੇ ਤਾ ਇਹ ਲਿਖੀ ਗਈ ਹੈ। ਇੱਧਰ ਰੁਜ਼ਗਾਰ ਦੀ ਮੰਗ ਸਬੰਧੀ ਸੁਰਿੰਦਰ ਗੁਰਦਾਸਪੁਰ 80 ਦਿਨਾਂ ਤੋਂ ਟਾਵਰ ’ਤੇ ਡਟਿਆ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।