ਵੀਆਈਪੀ ਕਲਚਰ ਦਾ ਨਸ਼ਾ ਬਰਕਰਾਰ, ਸਿਵਲ ਸਕੱਤਰੇਤ ਦੇ ਤੋੜੇ ਨਿਯਮ

VIP Culture

ਕਾਂਗਰਸ ਦੇ ਤਿੰਨ ਮੰਤਰੀਆਂ ਦੇ ਸੁਰੱਖਿਆ ਮੁਲਾਜ਼ਮ ਨਿਯਮਾਂ ਦੇ ਉਲਟ ਦਿੰਦੇ ਹਨ ਦਫ਼ਤਰ ਬਾਹਰ ਪਹਿਰਾ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਵੀਆਈਪੀ ਕਲਚਰ ਖਤਮ ਕਰਨ ਦੀ ਦੇਸ਼ ਭਰ ਵਿੱਚ ਮਿਸਾਲ ਦੇਣ ਵਾਲੀ ਕਾਂਗਰਸ ਸਰਕਾਰ ਦੇ ਮੰਤਰੀਆਂ ਦੇ ਸਿਰ ‘ਤੇ ਅੱਜ ਵੀ ਵੀਆਈਪੀ ਕਲਚਰ VIP Culture ਦਾ ਨਸ਼ਾ ਸਿਰ ‘ਤੇ ਚੜ੍ਹ ਕੇ ਬੋਲ ਰਿਹਾ ਹੈ, ਜਿਸ ਕਾਰਨ ਸਿਵਲ ਸਕੱਤਰੇਤ ਦੇ ਨਿਯਮਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਉਂਦੇ ਹੋਏ ਮੰਤਰੀਆਂ ਦੇ ਸੁਰੱਖਿਆ ਮੁਲਾਜ਼ਮ ਨਾ ਸਿਰਫ਼ ਸਿਵਲ ਸਕੱਤਰੇਤ ਵਿੱਚ ਰੋਜ਼ਾਨਾ ਦਾਖ਼ਲ ਹੋ ਰਹੇ ਹਨ, ਸਗੋਂ ਕੈਬਨਿਟ ਮੰਤਰੀ ਦੇ ਦਫ਼ਤਰ ਦੇ ਬਾਹਰ ਡਿਊਟੀ ਵੀ ਦੇ ਰਹੇ ਹਨ ਤਾਂ ਕਿ ਮੰਤਰੀ ਨੂੰ ਮਿਲਣ ਲਈ ਆਉਣ ਵਾਲੀ ਆਮ ਜਨਤਾ ਨੂੰ ਉਹ ਆਪਣੇ ਪੱਧਰ ‘ਤੇ ਹੈਂਡਲ ਕਰ ਸਕਣ।

ਮੰਤਰੀਆਂ ਦੇ ਦਫ਼ਤਰ ਅੱਗੇ ਸੁਰੱਖਿਆ ਮੁਲਾਜ਼ਮ ਤਾਇਨਾਤ

ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਖੇ ਸਥਿੱਤ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਕੈਬਨਿਟ ਮੰਤਰੀ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਤੇ ਬਰਾਂਚਾਂ ਸਣੇ ਸੀਨੀਅਰ ਆਈ.ਏ.ਐਸ. ਅਧਿਕਾਰੀ ਬੈਠਦੇ ਹਨ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਤੋਂ ਬਾਅਦ ਸਿਵਲ ਸਕੱਤਰੇਤ ਵਿਖੇ ਸੁਰੱਖਿਆ ਦੇ ਪ੍ਰਬੰਧ ਬਹੁਤ ਹੀ ਜ਼ਿਆਦਾ ਸਖ਼ਤ ਕੀਤੇ ਗਏ ਸਨ ਅਤੇ ਸਿਵਲ ਸਕੱਤਰੇਤ ਵਿਖੇ ਸੁਰੱਖਿਆ ਇੰਤਜ਼ਾਮ ਦਾ ਜਿੰਮਾ ਕੇਂਦਰੀ ਸਨਅਤੀ ਸੁਰੱਖਿਆ ਬਲ (ਸੀ.ਆਈ.ਐਸ.ਐਫ਼) ਨੂੰ ਹੀ ਦਿੱਤਾ ਹੋਇਆ ਹੈ ਇਨ੍ਹਾ ਸੁਰੱਖਿਆ ਪ੍ਰਬੰਧਾਂ ‘ਤੇ ਪੰਜਾਬ ਸਰਕਾਰ ਹਰ ਸਾਲ 25 ਤੋਂ 30 ਕਰੋੜ ਰੁਪਏ ਵੀ ਖ਼ਰਚ ਕਰਦੀ  ਹੈ।

ਜਿਸ ਕਾਰਨ ਹੀ ਪੰਜਾਬ ਦੇ ਕਿਸੇ ਵੀ ਸੁਰਖਿਆ ਕਰਮਚਾਰੀ ਨੂੰ ਸਿਵਲ ਸਕੱਤਰੇਤ ਵਿਖੇ ਸੁਰਖਿਆ ਇੰਤਜ਼ਾਮ ਕਰਨ ਸਬੰਧੀ ਇਜਾਜ਼ਤ ਨਹੀਂ ਹੈ, ਹਾਲਾਂਕਿ ਕਿਸੇ ਜਰੂਰੀ ਕੰਮ ਜਾਂ ਫਿਰ ਸਮਾਨ ਦੇਣ ਲਈ ਸੁਰਖਿਆ ਕਰਮਚਾਰੀ ਬਿਨਾਂ ਹਥਿਆਰਾਂ ਤੋਂ ਸਿਵਲ ਸਕੱਤਰੇਤ ਵਿਖੇ ਕੁਝ ਦੇਰ ਲਈ ਜਾ ਸਕਦਾ ਹੈ ਪਰ ਕਿਸੇ ਵੀ ਮੰਤਰੀ ਦੇ ਦਫ਼ਤਰ ਦੇ ਬਾਹਰ ਡਿਊਟੀ ਨਹੀਂ ਦੇ ਸਕਦਾ ਹੈ। ਇਸ ਲਈ ਬਕਾਇਦਾ ਨਿਯਮ ਬਣੇ ਹੋਏ ਹਨ, ਜਿਨਾਂ ਵਿੱਚ ਫੇਰਬਦਲ ਕਰਨ ਦਾ ਅਧਿਕਾਰ ਸਿਰਫ਼ ਮੁੱਖ ਮੰਤਰੀ ਜਾਂ ਫਿਰ ਮੁੱਖ ਸਕੱਤਰ ਕੋਲ ਹੀ ਹੈ।

ਇਨਾਂ ਨਿਯਮਾਂ ਦੇ ਬਾਵਜੂਦ ਕਾਂਗਰਸ ਦੇ ਤਿੰਨ ਮੰਤਰੀ ਆਪਣੇ ਦਫ਼ਤਰ ਦੇ ਬਾਹਰ ਗੈਰ ਕਾਨੂੰਨੀ ਤਰੀਕੇ ਨਾਲ ਸੁਰਖਿਆ ਕਰਮਚਾਰੀਆਂ ਤੋਂ ਨਾ ਸਿਰਫ਼ ਡਿਊਟੀ ਕਰਵਾ ਰਹੇ ਹਨ, ਸਗੋਂ ਉਨਾਂ ਇਸ ਸਬੰਧੀ ਕਿਸੇ ਨੂੰ ਜਾਣਕਾਰੀ ਨਾ ਮਿਲੇ ਸੁਰਖਿਆ ਕਰਮਚਾਰੀ ਨੂੰ ਸਿਵਲ ਡਰੈਸ ਵਿੱਚ ਰੱਖਿਆ ਜਾ ਰਿਹਾ ਹੈ, ਜਿਹੜਾ ਕਿ ਉਸ ਤੋਂ ਵੀ ਜਿਆਦਾ ਗਲਤ ਹੈ, ਕਿਉਂਕਿ ਮੰਤਰੀਆਂ ਵਲੋਂ ਹੀ ਨਿਯਮਾਂ ਨੂੰ ਤੋੜਨ ਦੇ ਨਾਲ ਹੀ ਉਨਾਂ ਨੂੰ ਲੁਕੋਣ ਲਈ ਵੀ ਕੋਸ਼ਸ਼ ਕੀਤੀ ਜਾ ਰਹੀ ਹੈ। VIP Culture

ਨਿਯਮਾਂ ਅਨੁਸਾਰ ਸੁਰੱਖਿਆ ਮੁਲਾਜ਼ਮ ਨਹੀਂ ਦੇ ਸਕਦੇ ਸਕੱਤਰੇਤ ਅੰਦਰ ਡਿਊਟੀ : ਕੇ.ਏ.ਪੀ. ਸਿਨਹਾ

ਆਮ ਅਤੇ ਰਾਜ ਪ੍ਰਬੰਧ ਵਿਭਾਗ ਦੇ ਪਿੰ੍ਰਸੀਪਲ ਸਕੱਤਰ ਕੇ.ਏ.ਪੀ. ਸਿਨਹਾ ਦਾ ਇਸ ਸਬੰਧੀ ਕਹਿਣਾ ਹੈ ਕਿ ਕੋਈ ਵੀ ਮੰਤਰੀ ਜਾਂ ਫਿਰ ਅਧਿਕਾਰੀ ਬਿਨਾਂ ਇਜਾਜ਼ਤ ਤੋਂ ਕਿਸੇ ਪ੍ਰਾਈਵੇਟ ਜਾਂ ਫਿਰ ਆਪਣੇ ਨਾਲ ਡਿਊਟੀ ਦੇਣ ਵਾਲੇ ਸੁਰੱਖਿਆ ਮੁਲਾਜ਼ਮ ਤੋਂ ਸਕੱਤਰੇਤ ਦੇ ਅੰਦਰ ਡਿਊਟੀ ਨਹੀਂ ਦਿਵਾ ਸਕਦੇ ਹਨ। ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਸੁਰੱਖਿਆ ਏਜੰਸੀ ਸੀ.ਆਈ.ਐਸ.ਐਫ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਪੁਲਿਸ ਮੁਲਾਜਮ ਨੂੰ ਹਥਿਆਰ ਲੈ ਕੇ ਸਕੱਤਰੇਤ ‘ਚ ਲਿਜਾਣ ਦੀ ਉਹ ਇਜਾਜ਼ਤ ਨਹੀਂ ਦਿੰਦੇ ਹਨ ਪਰ ਜੇਕਰ ਮੰਤਰੀ ਆਪਣੇ ਨਾਲ ਕਿਸੇ ਮੁਲਾਜ਼ਮ ਨੂੰ ਸਿਵਲ ਡਰੈਸ ਵਿੱਚ ਲੈ ਕੇ ਜਾਣ ਤਾਂ ਉਹ ਕੁਝ ਨਹੀਂ ਕਰ ਸਕਦੇ ਹਨ ਪਰ ਇਹ ਨਿਯਮਾਂ ਅਨੁਸਾਰ ਗਲਤ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ