ਉਹ ਪੰਜਾਬ ਅਤੇ ਇਹ ਪੰਜਾਬ …

ਉਹ ਪੰਜਾਬ ਅਤੇ ਇਹ ਪੰਜਾਬ …

ਅੱਜ ਦਾ ਪੰਜਾਬ ਉਸ (ਪੁਰਾਤਨ) ਪੰਜਾਬ ਵਰਗਾ ਨਹੀਂ ਅਤੇ ਨਾ ਹੀ ਉਹੋ ਜਿਹੇ ਜਵਾਨ ਰਹੇ ਹਨ।ਪੰਜ ਦਰਿਆਵਾਂ ਵਾਲੇ ਪੰਜਾਬ ਦਾ ਇੱਕ ਵੱਖਰਾ ਹੀ ਮਾਣ ਅਤੇ ਤਾਣ ਸੀ ਪਰ ਇੱਕਵੀਂ ਸਦੀ ਦੇ ਪੰਜਾਬ ਵਿਚ ਬਹੁਤ ਕੁੱਝ ਨਿਵੇਕਲਾ ਅਤੇ ਨਿਆਰਾ ਹੈ।ਇਸ ਨਿਵੇਕਲਤਾ ਅਤੇ ਨਿਆਰਤਾ ਨੇ ਗੁਰੂਆਂ-ਪੀਰਾਂ,ਬੀਰ-ਬਹਾਦਰਾਂ ਅਤੇ ਅਣਖੀਲੇ ਪੰਜਾਬੀਆਂ ਦੇ ਪੰਜਾਬ ਕਈ ਪੱਖਾਂ ਢਾਹ ਲਾਈ ਹੈ।

1947 ਦੇ ਸਮੇਂ ਕੁੱਝ ਕੁ ਰਾਜਨੀਤੀਵਾਨਾਂ ਨੇ ਆਪਣੇ ਸੌੜੇ ਸਿਅਸੀ ਹਿੱਤਾਂ ਦੀ ਖ਼ਾਤਿਰ ਪੰਜਾਬ ਦੀ ਧਰਤੀ ਨੂੰ ਲਹੂ ਲੁਹਣ ਕੀਤਾ ਸੀ ਅਤੇ ਆਪਣਿਆਂ ਨੂੰ ਆਪਣਿਆਂ (ਧਰਮ ਅਤੇ ਇਲਾਕੇ ਦੇ ਨਾਂਅ ’ਤੇ) ਤੋਂ ਤੋੜ੍ਹਨ ਅਤੇ ਵਿਛੋੜਨ ਦਾ ਕੌਝਾ ਜਤਨ ਕੀਤਾ ਸੀ।ਇਸ ਸਾਲ ਕਿ੍ਰਸ਼ਨ, ਮੁਹੰਮਦ ਤੇ ਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਨਜ਼ਰਅੰਦਾਜ਼ ਕਰਕੇ ਇਸ ਦੇ ਪੰਜ ਆਬਾਂ ਵਿਚ ਨਫ਼ਰਤ ਦਾ ਜ਼ਹਿਰ ਘੋਲ ਦਿੱਤਾ ਗਿਆ ਸੀ ਅਤੇ ਪੰਜਾਬ ਦੇ ਭੂਗੋਲਿਕ ਕਲਾਵੇ ਨੂੰ ਛੋਟਾ ਕਰ ਦਿੱਤਾ ਗਿਆ ਸੀ।ਇਸ ਚੰਦਰੀ ਘੜੀ ਮਨੁੱਖਤਾ ਦੇ ਹੋਏ ਘਾਣ ਨੂੰ ਦੇਖ ਕੇ ਪੰਜਾਬ ਲਹੂ ਦੇ ਅਥਰੂ ਰੋ ਰਿਹਾ ਸੀ ਪਰ ਰਾਜਨੀਤਕ ਲੋਕ ਰਾਜਸੀ ਲਾਹਾ ਲੈ ਰਹੇ ਸਨ।

ਪੰਜਾਬ ਦੀ ਖੁਸ਼ਹਾਲੀ ਅਤੇ ਹਰਿਆਲੀ ਦਾ ਦਮ ਭਰਨ ਵਾਲੇ ਪੰਜਾਬ ਵਿਚਲੇ ਪੰਜਾਂ ਦਰਿਆਵਾਂ ਦਾ ਪਾਣੀ ਸੁੰਗੜ ਕੇ ਦੋ ਵੱਖਰੀਆਂ ਧਰਾਵਾਂ ਵਿਚ ਵਹਿਣ ਲੱਗਾ।ਇਕ ਧਾਰਾ ਪੱਛਮ ਵਿਚ ਵਹਿਣ ਲੱਗੀ ਅਤੇ ਦੂਸਰੀ ਪੂਰਬ ਵਿਚ।ਇਸ ਵਖਰੇਵੇਂ ਅਤੇ ਸੁੰਗਰੇਵੇਂ ਨੂੰ ਪੰਜਾਬ ਅਜੇ ਭੁੱਲਿਆ ਨਹੀਂ ਸੀ ਕਿ ਤਕਰੀਬਨ ਦੋ ਦਹਾਕਿਆਂ (1 ਨਵੰਬਰ 1966 ਵਿਚ) ਬਾਅਦ ਇਸ ਨੂੰ ਭਾਸ਼ਾਈ ਆਧਾਰ ‘ਤੇ ਹੋਰ ਛਾਂਗ ਦਿੱਤਾ ਗਿਆ।ਪੰਜਾਬੀ ਸੂਬੇ ਦੇ ਨਾਮ ’ਤੇ ਪੰਜਾਬੀਅਤ ਦੇ ਵਿਹੜੇ ਵਿਚ ਵਿੱਥ ਦੀਆਂ ਦੋ ਹੋਰ ਲਕੀਰਾਂ ਖਿੱਚ ਕੇ ਦੋ ਹੋਰ ਸੂਬੇ ਹਰਿਆਣਾ ਅਤੇ ਹਿਮਾਚਲ ਤਿਆਰ ਕਰ ਦਿੱਤੇ ਗਏ।

ਇੱਕ ਕੁੱਖ ਵਿਚੋਂ ਜਨਮ ਲੈ ਕੇ ਸਭਿਆਚਾਰਕ ਸਾਂਝ ਰੱਖਣ ਦੇ ਬਾਵਜੂਦ ਵੀ ਇਹ ਸੂਬੇ ਕਈ ਵਾਰ ਆਪਸ ਵਿਚ ਇੱਟ-ਖੜੱਕਾ ਲਗਾਈ ਰੱਖਦੇ ਹਨ।ਸਿਰਫ਼ ਭੂਗੋਲਿਕ ਦੁਖ ਕਾਰਨ ਹੀ ਨਹੀਂ ਸਗੋਂ ਪੰਜਾਬ ਆਪਣੇ ਰਹਿਤਲ ਵਿਚ ਆਏ ਕੁੱਝ ਨਾਂਹ-ਪੱਖੀ ਰੁਝਾਨਾਂ ਕਾਰਨ ਵੀ ਅੱਖਾਂ ਭਰ ਲੈਂਦਾ ਹੈ।ਦੁੱਧ,ਘਿਓ ਅਤੇ ਮੱਖਣੀਆਂ ਦੇ ਸ਼ੌਕੀਨ ਪੰਜਾਬੀ ਹੁਣ ਛੇਵੇਂ ਦਰਿਆ (ਨਸ਼ਿਆਂ) ਦੇ ਵਹਿਣ ਵਿਚ ਵਹੀ ਜਾ ਰਹੇ ਹਨ।ਨਸ਼ਿਆਂ ਦੇ ਮਾਰੂ ਪ੍ਰਭਾਵਾਂ ਕਾਰਨ ਕਈ ਤਾਂ ਆਪਣੀਆਂ ਬੇਸ਼ਕੀਮਤੀ ਜ਼ਿੰਦਗੀਆਂ ਤੋਂ ਵੀ ਹੱਥ ਧੋਈ ਜਾ ਰਹੇ ਹਨ।ਮੱਲ ਅਖਾੜਿਆਂ ਵਿਚ ਮੱਲਾਂ ਮਾਰਨ ਵਾਲੇ ਪੰਜਾਬੀ ਗੱਭਰੂਆਂ ਦੀ ਦਿਨ-ਬ-ਦਿਨ ਨਿਘਰਦੀ ਜਾ ਰਹੀ ਹਾਲਤ ਨੂੰ ਦੇਖ ਪੰਜਾਬ ਸੱਚ-ਮੁੱਚ ਹੀ ਅੰਦਰੋ-ਬਾਹਰੋਂ ਦੁਖੀ ਹੈ।

ਇਕ ਹਾਸੋਹੀਣੀ ਗੱਲ ਹੋਰ ਵੀ ਹੈ ਜਿਹੜੀ ਪੰਜਾਬ ਨੂੰ ਵਧੇਰੇ ਝੰਜੋੜਦੀ ਹੈ, ਕਿ ਪਿੰਡਾਂ,ਕਸਬਿਆਂ ਅਤੇ ਸ਼ਹਿਰਾਂ ਦੇ ਮੋੜ-ਚੌਰਾਹਿਆਂ ‘ਤੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਵਾਲੇ ਲੋਕ ਹੀ ਪੰਜਾਬ ਨੂੰ ਨਸ਼ਾ-ਮੁਕਤ ਕਰਨ ਦੀਆਂ ਟਾਹਰਾਂ ਮਾਰਦੇ ਰਹਿੰਦੇ ਹਨ ਅਤੇ ਕੁੱਝ ਝੋਲੀ-ਚੁੱਕ ਕਿਸਮ ਦੇ ਲੋਕ ਉਨ੍ਹਾਂ ਦੀਆਂ ਤੁਗ਼ਲਕੀ ਟਾਹਰਾਂ ਦਾ ਹੁੰਗਾਰਾ (ਉਤਲੇ ਮਨੋਂ) ਭਰੀ ਜਾ ਰਹੇ।ਇਹ ਲੋਕ ਵਿਦਿਆਲਿਆਂ-ਮਹਾਂਵਿਦਿਆਲਿਆਂ ਵਿਚ ਪੜ੍ਹਨ ਵਾਲੇ ਪਾੜੇ੍ਹ-ਪਾੜ੍ਹੀਆਂ ਦੇ ਹੱਥਾਂ ਵਿਚ ਬੈਨਰ ਫੜ੍ਹਾ ਕੇ ਨਸ਼ਿਆਂ ਦੇ ਖਿਲਾਫ਼ ਰੈਲੀਆਂ ਤਾਂ ਕੱਢਵਾਈ ਜਾ ਰਹੇ ਹਨ ਪਰ ਬਿਮਾਰੀ ਦੇ ਅਸਲ ਕਾਰਨਾਂ ਨੂੰ (ਜਾਣ-ਬੁੱਝ ਕੇ) ਅੱਖੋਂ ਉਹਲੇ ਕਰਕੇ ਆਪਣੇ ਨੰਬਰ (ਕਾਗਜ਼ੀ) ਬਣਾਈ ਜਾ ਰਹੇ ਹਨ।

ਪੰਜਾਬ ਨੂੰ ਪਤਾ ਹੈ ਕਿ ਚੋਰ ਚੋਰ ਕਹਿ ਕੇ ਬਹੁਤਾ ਰੌਲਾ ਪਾਉਣ ਵਾਲੇ ਇਹ ਲੋਕ ਅੰਦਰੋਂ ਚੋਰ ਦੀ ਮਾਂ ਦੇ ਹੀ ਹਿੱਤ ਪਾਲਦੇ ਹਨ ਅਤੇ ਬੁੱਕ ਭਰ-ਭਰ ਪੰਜਾਬੀਆਂ ਦੇ ਅੱਖੀਂ ਘੱਟਾ ਪਾਉਂਦੇ ਹਨ।ਪੰਜਾਬ ਸਿਰਫ ਆਪਣੇ ਜਾਏ ਗੱਭਰੂਆਂ ਦੇ ਨਸ਼ੀਲੇਪਨ ਦੇ ਰੁਝਾਨ ਕਾਰਨ ਹੀ ਉਦਾਸ ਨਹੀਂ ਸਗੋਂ ਉਹ ਆਪਣੀਆਂ ਧੀਆਂ ਵਿਚ ਆ ਰਹੇ ਨਾਕਾਰਾਤਮਕ ਬਦਲਾਵਾਂ ਕਾਰਨ ਵੀ ਨੈਣੋਂ ਨੀਰ ਵਹਾ ਰਿਹਾ ਹੈ।ਚਰਖੇ ‘ਤੇ ਤੰਦ ਪਾ ਕੇ ਤਿ੍ਰਝੰਣਾਂ ਦੀ ਰੌਣਕ ਵਧਾਉਣ ਵਾਲੀਆਂ ਮੁਟਿਆਰਾਂ ਨਾ ਸਿਰਫ਼ ਕੱਤਣਾ ਹੀ ਭੁੱਲਦੀਆਂ ਜਾ ਰਹੀਆਂ ਹਨ ਸਗੋਂ ਲੁਧਿਆਣੇ ਨੱਚ ਕੇ ਜਲੰਧਰ ਤੱਕ ਧਮਕ ਪਾਉਣ ਦਾ ਹੁਨਰ ਵੀ ਗਵਾਈ ਜਾ ਰਹੀਆਂ ਹਨ।ਇਸ ਹੁਨਰ ਦੀ ਝਲਕ ਯੂਥ-ਫੈਸਟੀਵਲਾਂ ਦੇ ਮੌਕੇ ਕਾਲਜਾਂ-ਯੂਨੀਵਰਸਿਟੀਆਂ ਦੀਆਂ ਸਟੇਜਾਂ ਉਪਰ ਤਾਂ ਦੇਖਣ ਨੂੰ ਮਿਲ ਜਾਂਦੀ ਹੈ ਪਰ ਗਿੱਧੇ ਦੇ ਖੁੱਲ੍ਹਿਆਂ ਪਿੜਾਂ ਵਿਚ ਅਲੋਪ ਹੋ ਗਈ ਹੈ।

ਜਿਸ ਪੰਜਾਬ ਵਿਚ ਕਿਸੇ ਕੁੜੀ ਦੇ ਸਿਰ ਤੋਂ ਚੁੁੰਨੀ ਲਹਿ ਜਾਣ ਨੂੰ ਸਮਾਜਿਕ/ਸਭਿਆਚਾਰਕ ਮਾਣ-ਮਰਯਾਦਾ ਦੀ ਉਲੰਘਣਾ ਸਮਝਿਆ ਜਾਂਦਾ ਸੀ ਉਸੇ ਪੰਜਾਬ ਵਿਚ ਔਰਤਾਂ ਦਾ ਕੱਜਣ ਦਿਨੋਂ ਦਿਨ ਮਨਫ਼ੀ ਹੁੰਦਾ ਜਾ ਰਿਹਾ ਹੈ।ਫ਼ੈਸ਼ਨਪ੍ਰਸਤੀ ਦੇ ਨਾਮ ‘ਤੇ ਸ਼ਰਮ-ਹਯਾ ਦੀਆਂ ਹੱਦਾਂ ਮੁਕਾਈਆਂ ਜਾ ਰਹੀਆਂ ਹਨ।ਮਹਿੰਗੇ ਪਹਿਰਾਵੇ ਫ਼ੁਕਰਪੰਥੀਆਂ ਨੂੰ ਫ਼ੁਕਰਪੁਣੇ ਦਾ ਪਾਠ ਪੜ੍ਹਾਉਂਦੇ ਹਨ ਅਤੇ ਇਸ ਪੜ੍ਹਾਈ ਸਦਕਾ ਕਈ ਵਾਰ ਉਹ ਅਨੈਤਿਕ ਵਿਹਾਰ ਨਾਲ ਵੀ ਨੱਥੇ ਜਾਂਦੇ ਹਨ। ਮੁਹੱਬਤਾਂ ਦੇ ਮੌਸਮ ਵਾਲੇ ਪੰਜਾਬ ਵਿਚੋਂ ਮੁਹੱਬਤ ਘਟ ਰਹੀ ਹੈ ਅਤੇ ਬੇਗਾਨਗੀ ਦੀਆਂ ਕੰਧਾਂ ਉੱਚੀਆਂ ਹੋ ਰਹੀਆਂ ਹਨ।

ਪਦਾਰਥਵਾਦੀ ਪਹੁੰਚ ਕਾਰਨ ਇਹ ਕੰਧਾਂ ਟੱਪਣੀਆਂ ਹੋਰ ਵੀ ਔਖੀਆਂ ਹੁੰਦੀਆਂ ਜਾ ਰਹੀਆਂ ਹਨ।ਆਪਸੀ ਰਿਸ਼ਤਿਆਂ ਵਿਚਲੀ ਰੂਹ ਮਰ ਰਹੀ ਹੈ ਜਿਸ ਕਾਰਨ ਮੇਲ-ਮਿਲਾਪ ਦੇ ਮੌਕੇ ਘੱਟ ਰਹੇ ਹਨ।ਇਨ੍ਹਾਂ ਮਾਇਨਸ ਹੁੰਦੇ ਜਾ ਰਹੇ ਮੌਕਿਆਂ ਉਪਰ ਜਦੋਂ ਕੋਈ ਗ਼ਿਲਾ-ਸ਼ਿਕਵਾ ਕਰਦਾ ਹੈ ਤਾਂ ਇਸ ਨੂੰ ਸਮੇਂ ਦੀ ਘਾਟ ਕਹਿ ਕੇ ਸੁਰਖ਼ਰੂ ਹੋਇਆ ਜਾਂਦਾ ਹੈ।ਇੱਕ-ਦੂਜੇ ਦੇ ਦੁੱਖ-ਸੁੱਖ ਦੀ ਭਾਈਵਾਲੀ ਹੁਣ ਰਸਮੀ ਜਿਹੀ ਹੋ ਕੇ ਰਹਿ ਗਈ ਹੈ।ਸਮੇਂ ਦਾ ਸੰਤਾਪ ਦੇਖੋ ਕਿਸੇ ਨਾਮੁਰਾਦ ਬਿਮਾਰੀ ਨਾਲ ਮਰ ਜਾਣ ਵਾਲਿਆਂ ਦੀਆਂ ਦੇਹਾਂ ਵਿਦਾੲਗੀ ਸਮੇਂ ਆਪਣਿਆਂ ਦੇ ਮੋੋਢਿਆਂ ਨੂੰ ਤਰਸ ਰਹੀਆਂ ਹਨ।ਮਰਨ ਵਾਲਿਆਂ ਦਾ ਆਤਮਿਕ ਸੁੱਖ ਮੰਗਣ ਵਾਲਿਆਂ ਦੀ ਆਪਣੀ ਆਤਮਾ ਮਰ ਰਹੀ ਹੈ।

ਮਸ਼ੀਨੀਕਰਨ ਦੇ ਯੁੱਗ ਨੇ ਸਾਡੇ ਲਹੂ ਦੇ ਰਿਸ਼ਤਿਆਂ ਦਾ ਮਸ਼ੀਨੀਕਰਨ ਕਰ ਦਿੱਤਾ ਹੈ।ਪੰਜਾਬ ਨੇ ਉਹ ਦਿਨ ਵੀ ਦੇਖੇ ਹਨ ਜਦੋਂ ਕਿਸੇ ਦੇ ਮਰ ਜਾਣ ‘ਤੇ ਆਂਢ-ਗੁਆਂਢ ਦੇ ਚੁੱਲ੍ਹੇ ਵੀ ਠੰਢੇ ਹੋ ਜਾਂਦੇ ਸਨ ਪਰ ਹੁਣ ਤਾਂ ਪਰਿਵਾਰ ਵਾਲੇ ਭਾਣਾ ਮੰਨਣ ਦਾ ਬੱਲ ਹਾਸਲ ਕਰਨ ਲਈ (ਮਰਨ ਵਾਲੇ ਦਾ ਸਿਵਾ ਠੰਢਾ ਹੋਣ ਤੋਂ ਪਹਿਲਾਂ ਹੀ) ਰਸੋਈ ਵਾਲੇ ਸਿਲੰਡਰ ਨੂੰ ਆਨ ਕਰ ਦਿੰਦੇ ਹਨ।ਆਪਣੇ ਜੰਮਿਆਂ-ਜਾਇਆਂ ਦੇ ਇਸ ਨਿਰਮੋਹੀ ਵਰਤਾਓ ਕਾਰਨ ਨਾ ਸਿਰਫ਼ ਵਿਛੜੀ ਰੂਹ ਹੀ ਤੜਪਦੀ ਹੋਵੇਗੀ ਸਗੋਂ ਉਸ ਪੰਜਾਬ ਦੀ ਰੂਹ ਵੀ ਕੰਬ ਜਾਂਦੀ ਹੋਵੇਗੀ ਜਿਸ ਨੂੰ ਪੰਜ ਆਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
#1348/17/1 ਗਲੀ ਨੰ: 8 ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ) ਮੋਬ:9463132719
ਰਮੇਸ਼ ਬੱਗਾ ਚੋਹਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ