ਘੱਟ ਬੋਲਣਾ ਤੇ ਥੋੜ੍ਹਾ ਖਾਣਾ ਕਦੇ ਨੁਕਸਾਨ ਨਹੀਂ ਕਰਦਾ

ਘੱਟ ਬੋਲਣਾ ਤੇ ਥੋੜ੍ਹਾ ਖਾਣਾ ਕਦੇ ਨੁਕਸਾਨ ਨਹੀਂ ਕਰਦਾ

ਜ਼ਿੰਦਗੀ ਬਹੁਤ ਖੂਬਸੂਰਤ ਹੈ। ਜ਼ਿੰਦਗੀ ਦੇ ਹਰ ਪਲ ਦਾ ਅਨੰਦ ਮਾਨਣਾ ਚਾਹੀਦਾ ਹੈ। ਅਸੀਂ ਸਾਰੇ ਹੀ ਸਮਾਜ ਵਿੱਚ ਵਿਚਰਦੇ ਹਾਂ ।ਸਾਡਾ ਤਰ੍ਹਾਂ-ਤਰ੍ਹਾਂ ਦੇ ਬੰਦਿਆਂ ਨਾਲ ਵਾਹ ਪੈਂਦਾ ਹੈ। ਕੁਝ ਬੰਦੇ ਬਹੁਤ ਬੋਲਦੇ ਹਨ ਤੇ ਕੁਝ ਬਹੁਤ ਸੋਚ-ਸਮਝ ਕੇ ਬੋਲਦੇ ਹਨ । ਕਈ ਦੋਸਤ ਦਿਲੋਂ ਕਰੀਬੀ ਬਣ ਜਾਂਦੇ ਹਨ। ਉਹਨਾਂ ਨਾਲ ਸਾਡੀ ਪਰਿਵਾਰਕ ਸਾਂਝ ਗੂੜ੍ਹੀ ਹੋ ਜਾਂਦੀ ਹੈ। ਇੱਥੋਂ ਤੱਕ ਕਿ ਅੱਗੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਵੀ ਸਾਡਾ ਪਿਆਰ ਵਧ ਜਾਂਦਾ ਹੈ। ਇੱਕ-ਦੂਜੇ ਦੇ ਹਰ ਦੁੱਖ-ਸੁੱਖ ਵਿੱਚ ਸ਼ਰੀਕ ਹੋਣੇ ਸ਼ੁਰੂ ਹੋ ਜਾਂਦੇ ਹਾਂ। ਜਿੰਨਾ ਸਾਡੀ ਲੰਮੀ ਭਾਈਚਾਰਕ ਸਾਂਝ ਹੁੰਦੀ ਹੈ, ਸਾਨੂੰ ਉਨ੍ਹਾਂ ਹੀ ਸੋਚ-ਸਮਝ ਕੇ ਬੋਲਣਾ ਚਾਹੀਦਾ ਹੈ।

ਵਾਕਈ ਸਾਨੂੰ ਸਾਰਿਆਂ ਨੂੰ ਸੋਚ-ਸਮਝ ਕੇ ਬੋਲਣਾ ਚਾਹੀਦਾ ਹੈ। ਬਿਨਾਂ ਸੋਚੇ-ਸਮਝੇ ਕਈ ਵਾਰ ਅਸੀਂ ਇੰਨਾ ਮਾੜਾ, ਜਾਂ ਮੰਦਾ ਬੋਲ ਦਿੰਦੇ ਹਾਂ ਕਿ ਸਾਡੇ ਮਹੱਤਵਪੂਰਨ ਰਿਸ਼ਤੇ ਟੁੱਟਣ ਦੀ ਕਗਾਰ ’ਤੇ ਆ ਜਾਂਦੇ ਹਨ। ਇੱਕ ਕਹਾਵਤ ਵੀ ਹੈ ਕਿ ਬੋਲਾਂ ਨੇ ਬੋਲ ਵਿਗਾੜੇ, ਮੀਣਿਆਂ ਨੇ ਘਰ ਉਜਾੜੇ। ਜ਼ਿਆਦਾ ਬੋਲਣ ਨਾਲ ਕਈ ਵਾਰ ਅਸੀਂ ਦੋਸਤਾਂ, ਕਰੀਬੀਆਂ ਨੂੰ ਗਲਤ ਗੱਲਾਂ ਕਹਿ ਦਿੰਦੇ ਹਾਂ।

ਜਿੰਨ੍ਹਾਂ ਕਰਕੇ ਦੂਜੇ ਬੰਦੇ ਨੂੰ ਨੁਕਸਾਨ ਹੁੰਦਾ ਹੈ। ਕਈ ਵਾਰ ਤਾਂ ਇੰਨੀ ਕਾਹਲੀ ’ਚ ਅਸੀਂ ਇਹ ਨਹੀਂ ਸੋਚਦੇ ਕਿ ਕੀ ਬੋਲਣੈ?ਜਦੋਂ ਰਿਸ਼ਤਾ ਟੁੱਟ ਜਾਂਦਾ ਹੈ ਤਾਂ ਪਛਤਾਵਾ ਹੁੰਦਾ ਹੈ। ਸਾਨੂੰ ਕ੍ਰੋਧ ਵਿੱਚ ਵੀ ਸਹਿਣਸ਼ੀਲ ਹੋਣਾ ਚਾਹੀਦਾ ਹੈ। ਹੋ ਸਕਦਾ ਹੈ ਉਹ ਬੰਦਾ ਕਿਸੇ ਗੱਲ ਕਰਕੇ ਪ੍ਰੇਸ਼ਾਨ ਹੋਵੇ। ਜੇ ਸਬਰ ਨਹੀਂ ਤਾਂ ਪਰਮਾਤਮਾ ਅੱਗੇ ਅਰਦਾਸ ਕਰੋ ਕਿ ਮੇਰੇ ਅੰਦਰ ਸਹਿਣਸ਼ੀਲਤਾ ਵਾਲੇ ਗੁਣ ਹੋਣ।

ਜਦੋਂ ਅਸੀਂ ਸੋਚ-ਸਮਝ ਕੇ ਬੋਲਦੇ ਹਾਂ ਤਾਂ, ਸੁਣਨ ਵਾਲਾ ਬਹੁਤ ਹੀ ਧਿਆਨ ਨਾਲ ਸੁਣਦਾ ਹੈ। ਸਿਆਣੇ ਅਕਸਰ ਕਹਿੰਦੇ ਹਨ ਕਿ ਸੌ ਵਾਰ ਸੋਚ ਕੇ ਬੋਲੋ ਜਾਂ ਪਹਿਲਾਂ ਤੋਲੋ ਫਿਰ ਬੋਲੋ। ਜੇ ਕਿਸੇ ਗੱਲ ਕਾਰਨ ਗੁੱਸਾ ਆ ਰਿਹਾ ਹੋਵੇ, ਤਾਂ ਚੁੱਪ ਕਰਕੇ ਪਾਣੀ ਦਾ ਗਲਾਸ ਪੀ ਲਵੋ। ਜਾਂ ਕਿਤੇ ਬਾਹਰ ਨਿੱਕਲ ਜਾਓ। ਜਦੋਂ ਗੁੱਸਾ ਠੰਢਾ ਹੋ ਜਾਵੇ ਭਾਵ ਤੁਸੀਂ ਸ਼ਾਂਤ ਹੋ ਜਾਵੇ ਤਾਂ ਘਰੇ ਆਓ। ਘਰ ਦਾ ਮਾਹੌਲ ਵੀ ਨਹੀਂ ਵਿਗੜੇਗਾ ਅਤੇ ਤੁਹਾਡਾ ਮੂਡ ਵੀ ਠੀਕ ਹੋ ਜਾਵੇਗਾ।

ਕਈ ਵਾਰ ਅਸੀਂ ਦੇਖਦੇ ਹਾਂ ਕਿ ਜੋ ਵਿਅਕਤੀ ਜ਼ਿਆਦਾ ਬੋਲਦਾ ਹੈ ਘਰ ਵਿੱਚ ਅਕਸਰ ਉਹ ਲੜਾਈ-ਝਗੜਾ ਵੀ ਕਰਦਾ ਹੈ। ਕਲੇਸ਼ ਵਰਗਾ ਮਾਹੌਲ ਘਰ ਵਿੱਚ ਪੈਦਾ ਹੁੰਦਾ ਹੈ। ਅਜਿਹੇ ਇਨਸਾਨ ਦੇ ਤਾਂ ਕੋਈ ਕੋਲ ਵੀ ਨਹੀਂ ਖੜ੍ਹਦਾ। ਦੁੱਖ ਵਿੱਚ ਕੋਈ ਵੀ ਸ਼ਰੀਕ ਨਹੀਂ ਹੁੰਦਾ। ਕਈ ਲੋਕ ਦੇਖਣ ਨੂੰ ਬਹੁਤ ਵਧੀਆ ਹੁੰਦੇ ਹਨ ਤੇ ਪਹਿਰਾਵਾ ਵੀ ਬਹੁਤ ਆਕਰਸ਼ਕ ਹੁੰਦਾ ਹੈ। ਪਰ ਜੁਬਾਨ ਇੰਨੀ ਕੌੜੀ ਹੁੰਦੀ ਹੈ ਕਿ ਗੱਲ ਕਰਨ ਨੂੰ ਦਿਲ ਨਹੀਂ ਕਰਦਾ। ਕਿਸੇ ਨੇ ਸਹੀ ਕਿਹਾ ਹੈ ਇਹੀ ਜ਼ੁਬਾਨ ਅਰਸ਼ ਤੋਂ ਫਰਸ਼ ਤੇ ਫਰਸ਼ ਤੋਂ ਅਰਸ਼ ਤੱਕ ਲੈ ਜਾਂਦੀ ਹੈ।

ਕਈ ਲੋਕ ਤਾਂ ਬਿਲਕੁਲ ਹੀ ਘੱਟ ਬੋਲਦੇ ਹਨ। ਅਜਿਹੇ ਲੋਕਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਬੋਲੋ ਪਰ ਉੱਥੇ ਬੋਲੋ ਜਿੱਥੇ ਤੁਹਾਡੀ ਜ਼ਰੂਰਤ ਹੈ। ਕਈ ਲੋਕ ਜਦੋਂ ਜਰੂਰਤ ਵੀ ਨਹੀਂ ਹੁੰਦੀ ਬੋਲਣਾ ਸ਼ੁਰੂ ਕਰ ਦਿੰਦੇ ਹਨ ਤੇ ਫਿਰ ਲੋਕ ਉਨ੍ਹਾਂ ਦੀ ਉਡੀਕ ਕਰਦੇ ਹਨ ਕਿ ਇਹ ਲੋਕ ਕਦੋਂ ਚੁੱਪ ਕਰਨਗੇ। ਅਜਿਹੇ ਲੋਕ ਲੋਕਾਂ ਵਿੱਚ ਆਪਣਾ ਇੱਜਤ-ਮਾਣ ਖੋਹ ਲੈਂਦੇ ਹਨ। ਅਜਿਹਾ ਬੰਦਾ ਜਿੱਥੇ ਬੈਠਿਆ ਹੋਵੇ ਲੋਕ ਉਸ ਕੋਲ ਬੈਠਣਾ ਵੀ ਪਸੰਦ ਨਹੀਂ ਕਰਦੇ।

ਸਾਡਾ ਸਮਾਜ ਵਿੱਚ ਕਈ ਅਜਿਹੀਆਂ ਸ਼ਖਸੀਅਤਾਂ ਨਾਲ ਵਾਹ ਪੈਂਦਾ ਹੈ ਕਿ ਜੋ ਬਹੁਤ ਹੀ ਘੱਟ ਬੋਲਦੀਆਂ ਹਨ, ਉਹ ਦੂਜਿਆਂ ਨੂੰ ਜ਼ਿਆਦਾ ਧਿਆਨ ਨਾਲ ਸੁਣਦੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਸੁਣੋ ਧਿਆਨ ਨਾਲ। ਸਾਡੇ ਸਮਾਜ ਵਿੱਚ ਕਈ ਅਜਿਹੀਆਂ ਉਦਾਹਰਨਾਂ ਹਨ। ਅਸੀਂ ਆਮ ਦੇਖਦੇ ਹਾਂ ਕਿ ਜਦੋਂ ਅਸੀਂ ਕੋਈ ਕੰਮ-ਕਾਜ ਲਈ ਸਰਕਾਰੀ ਦਫਤਰਾਂ ’ਚ ਜਾਂਦੇ ਹਾਂ ਤੇ ਉੱਥੇ ਉੱਚਕੋਟੀ ਦੇ ਅਧਿਕਾਰੀ ਬਹੁਤ ਘੱਟ ਬੋਲਦੇ ਹਨ। ਖਾਸਕਰ ਜੋ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਹਨ, ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਸਾਡੇ ਦੋਸਤ, ਕਰੀਬੀ ਰਿਸ਼ਤੇਦਾਰ ਸਾਡੀ ਕਦਰ ਕਰਨ ਤਾਂ ਹਲੀਮੀ ਨਾਲ ਬੋਲੋ ਤਾਂ ਹੀ ਜ਼ਿੰਦਗੀ ਨੂੰ ਖੁਸ਼ਹਾਲ ਤਰੀਕੇ ਨਾਲ ਜੀਅ ਸਕਦੇ ਹਾਂ। ਆਪਸ ਵਿੱਚ ਪਿਆਰ ਵੀ ਵਧੇਗਾ ਤੇ ਇੱਕ-ਦੂਜੇ ਦੀ ਕਦਰ ਵੀ ਹੋਵੇਗੀ।

ਇਸੇ ਤਰ੍ਹਾਂ ਜੇ ਖਾਣ ਦੀ ਗੱਲ ਕਰੀਏ, ਜਿੰਨਾ ਅਸੀਂ ਘੱਟ ਖਾਵਾਂਗੇ ਉਨ੍ਹਾਂ ਅਸੀਂ ਵਧੀਆ ਰਹਾਂਗੇ। ਸਾਨੂੰ ਕਦੇ ਵੀ ਡਾਕਟਰਾਂ ਕੋਲ ਨਹੀਂ ਜਾਣਾ ਪਵੇਗਾ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਖਾਣ ਲਈ ਨਾ ਜੀਓ, ਜੀਣ ਲਈ ਖਾਓ। ਅਕਸਰ ਅਸੀਂ ਦੇਖਦੇ ਹਾਂ ਕਿ ਵਿਆਹਾਂ, ਹੋਰ ਪ੍ਰੋਗਰਾਮਾਂ ਵਿੱਚ ਲੋਕ ਖਾਣੇ ’ਤੇ ਟੁੱਟ ਕੇ ਪੈਂਦੇ ਹਨ।

ਪੇਟ ਨੂੰ ਕੂੜੇ-ਕਚਰੇ ਦਾ ਢੇਰ ਹੀ ਬਣਾ ਲੈਂਦੇ ਹਨ। ਇਸ ਤਰ੍ਹਾਂ ਬੇਸਬਰਿਆਂ ਵਾਂਗ ਖਾਂਦੇ ਹਨ ਕਿ ਜਿਵੇਂ ਕਦੇ ਦੇਖਿਆ ਹੀ ਨਾ ਹੋਵੇ। ਫਿਰ ਬਾਅਦ ਵਿੱਚ ਪੇਟ ਨੂੰ ਫੜ ਕੇ ਫਿਰਦੇ ਰਹਿੰਦੇ ਹਨ। ਕਹਿੰਦੇ ਹਨ ਗੈਸ ਬਣ ਗਈ, ਪੇਟ ਨੂੰ ਅਫ਼ਾਰਾ ਹੋ ਗਿਆ, ਤੇਜ਼ਾਬ ਬਣ ਰਿਹਾ ਹੈ, ਖੱਟੇ ਡਕਾਰ ਆ ਰਹੇ ਹਨ। ਅੱਜ-ਕੱਲ੍ਹ ਵਿਆਹਾਂ ਵਿੱਚ ਜੰਕ ਫੂਡ ਆਮ ਦੇਖਣ ਨੂੰ ਮਿਲਦਾ ਹੈ। ਲੋਕ ਪਲੇਟਾਂ ਦੀਆਂ ਪਲੇਟਾਂ ਭਰਕੇ ਜੰਕ ਫੂਡ ਖਾਂਦੇ ਹਨ। ਅਕਸਰ ਅਸੀਂ ਬਜ਼ਾਰਾਂ ਵਿਚ ਵੀ ਦੇਖਦੇ ਹਾਂ ਕਿ ਰੇਹੜੀ ਵਾਲਿਆਂ ਤੇ ਜੰਕ ਫੂਡ ਖਾਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ। ਮਿਲਾਵਟੀ ਸਾਮਾਨ ਨਾਲ ਇਹ ਜੰਕ ਫੂਡ ਤਿਆਰ ਕੀਤੇ ਜਾਂਦੇ ਹਨ, ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹਨ।

ਭਲੇ ਮਾਣਸੋ! ਜੇ ਪੁੱਛਿਆ ਜਾਵੇ ਢਿੱਡ ਤਾਂ ਤੁਹਾਡਾ ਹੀ ਸੀ ਕਿਉਂ ਬੇਸਬਰਿਆਂ ਵਾਂਗ ਖਾਂਦੇ ਹੋ। ਅਕਸਰ ਅਜਿਹਾ ਉਹੀ ਲੋਕ ਕਰਦੇ ਹਨ ਜੋ ਆਪਣੇ ਘਰਾਂ ਵਿੱਚ ਖਾਣ-ਪੀਣ ਲਈ ਚੀਜ਼ਾਂ ਨਹੀਂ ਲਿਆਉਂਦੇ। ਬੱਸ ਵਿਆਹਾਂ ਅਤੇ ਹੋਰ ਪ੍ਰੋਗਰਾਮਾਂ ਦੀ ਉਡੀਕ ਕਰਦੇ ਰਹਿੰਦੇ ਹਨ, ਕਿ ਕਦੋਂ ਕੋਈ ਪ੍ਰੋਗਰਾਮ ਆਵੇ ਤੇ ਉੱਥੇ ਰੱਜ ਕੇ ਢਿੱਡ ਭਰ ਖਾਈਏ। ਇਹ ਨਹੀਂ ਸੋਚਦੇ ਕਿ ਇੱਕ ਦਿਨ ਦੇ ਖਾਣ ਨਾਲ ਫਿਰ ਦਸ ਦਿਨ ਡਾਕਟਰਾਂ ਦੀਆਂ ਜਾਂ ਮੈਡੀਕਲ ਦੀਆਂ ਦੁਕਾਨਾਂ ’ਤੇ ਹਾਜ਼ਰੀ ਲਵਾਉਣੀ ਪੈਂਦੀ ਹੈ।

ਅੱਜ-ਕੱਲ੍ਹ ਤਾਂ ਉਂਜ ਹਰੇਕ ਚੀਜ ਮਿਲਾਵਟ ਵਾਲੀ ਹੈ। ਬੜੇ ਸੋਚ-ਸਮਝ ਕੇ ਹੀ ਖਾਣਾ ਚਾਹੀਦਾ ਹੈ। ਅਕਸਰ ਘਰਾਂ ’ਚ ਵੀ ਦੇਖਣ ਨੂੰ ਮਿਲਦਾ ਹੈ ਕਿ ਕਈ ਪਰਿਵਾਰਾਂ ਵਿੱਚ ਬਾਹਰੋਂ ਖਾਣਾ ਮੰਗਵਾਇਆ ਜਾਂਦਾ ਹੈ। ਚੱਲੋ ਕਈ ਵਾਰ ਦਿਲ ਵੀ ਕਰ ਜਾਂਦਾ ਹੈ ਕਿ ਬਾਹਰੋਂ ਖਾਣਾ ਮੰਗਵਾਇਆ ਜਾਵੇ। ਪਰ ਕਈ ਅਜਿਹੇ ਪਰਿਵਾਰ ਹਨ,

ਜੋ ਦਿਨ ਵਿੱਚ ਇੱਕ ਸਮੇਂ ਦਾ ਖਾਣਾ ਬਾਹਰੋਂ ਮੰਗਵਾਉਂਦੇ ਹਨ। ਕਿਉਂਕਿ ਉਨ੍ਹਾਂ ਨੂੰ ਆਦਤ ਪੈ ਚੁੱਕੀ ਹੈ ਬਾਹਰ ਦਾ ਖਾਣਾ ਖਾਣ ਦੀ। ਕਿਉਂਕਿ ਉਹ ਜ਼ਿਆਦਾ ਮਸਾਲੇਦਾਰ ਹੁੰਦਾ ਹੈ। ਹੁਣ ਇਹ ਨਹੀਂ ਪਤਾ ਹੁੰਦਾ ਕਿ ਉਹ ਖਾਣਾ ਸਰੀਰ ਲਈ ਕਿੰਨਾ ਨੁਕਸਾਨਦਾਇਕ ਹੁੰਦਾ ਹੈ। ਪਤਾ ਨਹੀਂ ਸਾਫ਼-ਸੁਥਰੀ ਰਸੋਈ ਵਿੱਚ ਉਹ ਖਾਣਾ ਬਣਾਇਆ ਜਾਂਦਾ ਹੈ ਜਾਂ ਨਹੀਂ? ਸਾਨੂੰ ਹਮੇਸ਼ਾ ਘਰ ਦਾ ਸਾਫ-ਸੁਥਰਾ ਖਾਣਾ ਹੀ ਖਾਣਾ ਚਾਹੀਦਾ ਹੈ।

ਸਵੇਰ ਦਾ ਨਾਸ਼ਤਾ ਭਾਰੀ ਕਰਨਾ ਚਾਹੀਦਾ ਹੈ। ਭਾਵ ਰਾਜੇ-ਮਹਾਰਾਜਿਆਂ ਵਾਲਾ ਸ਼ਾਹੀ ਖਾਣਾ ਖਾਣਾ ਚਾਹੀਦਾ ਹੈ, ਮਤਲਬ ਘਰ ਦਾ ਬਣਿਆ ਸਾਫ਼-ਸੁਥਰਾ ਖਾਣਾ। ਦੁਪਹਿਰ ਦਾ ਖਾਣਾ ਉਸ ਤੋਂ ਹਲਕਾ ਖਾਣਾ ਚਾਹੀਦਾ ਹੈ। ਤੇ ਰਾਤ ਨੂੰ ਨਾ ਬਰਾਬਰ ਹੀ ਖਾਣਾ ਚਾਹੀਦਾ ਹੈ, ਭਾਵ ਰਾਤ ਦਾ ਖਾਣਾ ਫਕੀਰ ਵਾਂਗ ਖਾਣਾ ਚਾਹੀਦਾ ਹੈ। ਕਿਉਂਕਿ ਰਾਤ ਨੂੰ ਮੰਜੇ ’ਤੇ ਸੌਣਾ ਹੀ ਹੁੰਦਾ ਹੈ। ਫਿਰ ਕੀ ਫਾਇਦਾ ਅਸੀਂ ਰਾਤ ਨੂੰ ਪੇਟ ਭਰ ਕੇ ਖਾਵਾਂਗੇ ਤਾਂ ਫਿਰ ਵਧੀਆ ਨੀਂਦ ਵੀ ਨਹੀਂ ਆਵੇਗੀ ਸੋ ਘੱਟ ਬੋਲਣਾ ਤੇ ਘੱਟ ਖਾਣਾ ਕਦੇ ਵੀ ਨੁਕਸਾਨ ਨਹੀਂ ਕਰਦਾ। ਹਮੇਸ਼ਾ ਫਾਇਦੇਮੰਦ ਹੀ ਰਹਿੰਦਾ ਹੈ।
ਮੋਹਾਲੀ
ਮੋ. 78889-66168
ਸੰਜੀਵ ਸਿੰਘ ਸੈਣੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ