ਵਜ਼ੀਰ ਦਾ ਖਜ਼ਾਨਾ-ਏ-ਅਕਲ

After decades of confrontation with Punjab, the situation in Punjab is now looking better

ਆਪਣਾ ਬਜਟ ਭਾਸ਼ਣ ਪੜ੍ਹਦਿਆਂ ਪੰਜਾਬ ਦੇ ਖਜ਼ਾਨਾ ਵਜੀਰ ਮਨਪ੍ਰੀਤ ਬਾਦਲ ਨੇ ਜੁਝਾਰੂ ਅੰਦਾਜ਼ ‘ਚ ਪੰਜਾਬ ਦੇ ਬਦਤਰੀਨ ਹਾਲਾਤਾਂ ਨਾਲ ਨਜਿੱਠਣ ਦਾ ਜ਼ਿਕਰ ਕੀਤਾ ਸੀ ਉਹਨਾਂ ਕਿਹਾ, ”ਬਹਾਦਰ ਲੋਕਾਂ ਦੇ ਸਾਹਮਣੇ ਜਦ ਮਨਫ਼ੀ ਹਾਲਾਤ ਆਉਂਦੇ ਨੇ, ਉਹ ਚੀਕਦੇ ਨਹੀਂ, ਨਾ ਪੁਕਾਰਦੇ ਨੇ, ਨਾ ਪਿੱਠ ਵਿਖਾਉਂਦੇ ਨੇ, ਬਲਕਿ ਉਹ ਪੂਰੀ ਹਿੰਮਤ ਅਤੇ ਤਾਕਤ ਨਾਲ ਜਵਾਬ ਦਿੰਦੇ ਹਨ …

ਤੁਸੀਂ ਯਕੀਨ ਰੱਖੋ ਸਰਕਾਰ ਇਹਨਾਂ ਤਮਾਮ ਮੁਸ਼ਕਲਾਤ ਨੂੰ ਤੋੜਦੇ ਹੋਏ ਤਰੱਕੀ ਦੀ ਰਾਹ ‘ਤੇ ਗਮਾਜ਼ਾਨ ਰਹੇਗੀ” ਵਿੱਤ ਮੰਤਰੀ ਨੇ ਆਰਥਿਕ ਬਦਹਾਲੀ ਦਾ ਹੱਲ ਕੱਢਣ ਲਈ ‘ਖਜ਼ਾਨਾ-ਏ-ਅਕਲ’ ਰੱਖਣ ‘ਤੇ ਜੋਰ ਦਿੱਤਾ ਹੈ ਬਜਟ ਤੋਂ 2 ਦਿਨ ਬਾਅਦ ਹੀ ਖਜਾਨਾ ਵਜੀਰ ਪੰਜਾਬੀਆਂ ਦੀ ਸਿਹਤ ਨੂੰ ਵਿਸਾਰ ਕਮਜੋਰ ਜਿਹੇ ਨਜ਼ਰ ਆਏ ਸੂਬੇ ਦੀ ਡਾਵਾਂਡੋਲ ਆਰਥਿਕਤਾ ਨੂੰ ਦਲੇਰੀ ਨਾਲ ਸੰਭਾਲਣ ਦਾ ਦਾਅਵਾ ਕਰਨ ਵਾਲੇ ਖਜ਼ਾਨਾ ਵਜ਼ੀਰ ਵੀ ਸ਼ਰਾਬ ਦੀ ਕਮਾਈ ਦਾ ਕੋਈ ਤੋੜ ਲੱਭਣ ਤੋਂ ਬੇਵੱਸ ਹੋ ਗਏ  ਸਰਕਾਰ ਨੇ ਵਿਧਾਨ ਸਭਾ ‘ਚ ਸੂਬੇ ਦੇ ਕੌਮੀ ਸ਼ਾਹ ਰਾਹਾਂ ‘ਤੇ ਰਾਜ ਮਾਰਗਾਂ ‘ਤੇ ਪੈਂਦੇ  ਹੋਟਲਾਂ, ਕਲੱਬਾਂ, ਰੇਸਤਰਾਂ ‘ਚ ਸ਼ਰਾਬ ਦੀ ਵਿੱਕਰੀ ਲਈ ਸੋਧ ਬਿੱਲ ਪਾਸ ਕਰ ਦਿੱਤਾ ਪੰਜਾਬੀਆਂ ਦੇ ਵਿਰਸੇ ਤਮੀਜ਼-ਤਹਿਜ਼ੀਬ ਦੀ ਫਿਕਰਮੰਦੀ ਰੱਖਣ ਵਾਲੇ ਅਤੇ ਔਕੜਾਂ ਨਾਲ ਨਜਿੱਠਣ ਦੇ ਦਾਅਵੇ ਕਰਨ ਵਾਲੇ ਖਜ਼ਾਨਾ ਵਜ਼ੀਰ ਨੇ ਬਿੱਲ ਪੇਸ਼ ਹੋਣ ਵੇਲੇ ਚੁੱਪ ਵੱਟ ਰੱਖੀ ਹੈ

ਇਸ ਫੈਸਲੇ ਨਾਲ ਖਜ਼ਾਨਾ ਵਜ਼ੀਰ ਦਾ ਪੰਜਾਬ ਪਿਆਰ ਫਿੱਕਾ ਪੈਂਦਾ ਨਜ਼ਰ ਆਇਆ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਪੰਜਾਬ ਸਰਕਾਰ ਦੇ ਵਾਅਦੇ ਦਾ ਸੱਚ ਤਿੰਨ ਮਹੀਨਿਆਂ ‘ਚ ਹੀ ਬਾਹਰ ਆ ਗਿਆ ਹੈ ਕਾਂਗਰਸ ਨੇ ਆਪਣੇ ਚੋਣ ਐਲਾਨਨਾਮੇ ‘ਚ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ ‘ਤੇ ਹਰ ਸਾਲ 5 ਫੀਸਦੀ ਸ਼ਰਾਬ ਦੇ ਠੇਕੇ ਬੰਦ ਕਰਵਾਏ ਜਾਣਗੇ ਇੰਜ ਪੰਜ ਸਾਲਾਂ ‘ਚ 25ਫੀਸਦੀ ਠੇਕੇ ਚੁੱਕੇ ਜਾਣਗੇ ਪਰ ਸਰਕਾਰ ਬਦਲਦਿਆਂ ਪਾਰਟੀ ਨੇ ਗਿਰਗਟੀ ਰੰਗ ਵਿਖਾਵਿਆਂ ਤੇ ਕੌਮੀ ਤੇ ਰਾਜ ਮਾਰਗਾਂ ਦੇ ਹੋਟਲਾਂ, ਰੇਸਤਰਾਂ ਤੇ ਕਲੱਬਾਂ ‘ਚ ਸ਼ਰਾਬ ਪਰੋਸਣ ਲਈ ਸੁਪਰੀਮ ਕੋਰਟ ਦੇ ਹੁਕਮਾਂ ਦੀ ਕਾਟ ਲੱਭ ਲਈ ਸਰਕਾਰ ਨੇ ਕਾਨੂੰਨ ‘ਚ ਸੋਧ ਬਿੱਲ ਪਾਸ ਕਰਕੇ ਸੁਪਰੀਮ ਕੋਰਟ ਦੀ ਉਸ ਭਾਵਨਾ ‘ਤੇ ਪਾਣੀ ਫੇਰ ਦਿੱਤਾ ਹੈ ਕਿ ਸੜਕਾਂ ਤੋਂ ਸ਼ਰਾਬ ਦੇ ਠੇਕੇ ਚੁੱਕਣ ਨਾਲ ਸੜਕ ਹਾਦਸਿਆਂ ‘ਚ ਕਮੀ ਆਵੇਗੀ

ਇਸ ਤੋਂ ਪਹਿਲਾਂ ਸੁਬੇ ਦੇ ਕਈ ਰਾਜ ਮਾਰਗਾਂ ਨੂੰ  ਡੀਨੋਟੀਫਾਈ ਕਰਕੇ ਸ਼ਰਾਬ ਦੀ ਵਿੱਕਰੀ ਨੂੰ ਪਹਿਲਾਂ ਹੀ ਖੁੱਲ੍ਹ ਦਿੱਤੀ ਗਈ ਹੈ ਸਰਕਾਰ ਦੀਆਂ ਨੀਤੀਆਂ ਦੀ ਪੋਲ ਇਸ ਗੱਲ ਤੋਂ ਵੀ ਖੁੱਲ੍ਹ ਜਾਂਦੀ ਹੈ ਕਿ ਸੋਧ ਬਿੱਲ ਪਾਸ ਕਰਨ ਲਈ ਜੋ ਦਲੀਲਾਂ ਦਿੱਤੀਆਂ ਗਈਆਂ ਹਨ ਉਹ ਸਰਕਾਰ ਦੇ ਐਲਾਨਾਂ ਦੇ ਹੀ ਉਲਟ  ਹਨ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਸੜਕਾਂ ਤੋਂ ਸ਼ਰਾਬ ਦੀ ਵਿੱਕਰੀ ਖ਼ਤਮ ਹੋਣ ਨਾਲ ਸੂਬੇ ਦਾ ਮਾਲੀ ਨੁਕਸਾਨ ਹੋ ਰਿਹਾ ਹੈ ਤੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਨਹੀਂ ਮਿਲ ਰਿਹਾ ਕਾਂਗਰਸ ਪਾਰਟੀ ਚੋਣ ਐਲਾਨਨਾਮੇ ‘ਚ ਹਰ ਪਰਿਵਾਰ ਨੂੰ ਇੱਕ ਨੌਕਰੀ ਦੇਣ ਦਾ ਐਲਾਨ ਕਰ ਚੁੱਕੀ ਹੈ

ਕੀ ਹੁਣ ਪੰਜਾਬ ਸਰਕਾਰ ਸਿਰਫ਼ ਸ਼ਰਾਬ ਵਰਤਾਉਣ ਵਾਲੇ ਨੌਕਰਾਂ ਦੇ ਰੂਪ ‘ਚ ਹੀ ਪੰਜਾਬੀਆਂ ਨੂੰ ਰੁਜ਼ਗਾਰ ਦੇਵੇਗੀ ਸ਼ਰਾਬ ਸੂਬੇ ਦੀ ਤਬਾਹੀ ਦਾ ਕਾਰਨ ਬਣੀ ਹੋਈ ਹੈ 40 ਫੀਸਦੀ ਸੜਕ ਹਾਦਸਿਆਂ ਤੇ ਝਗੜਿਆਂ ‘ਚ ਕਤਲੇਆਮ ਦਾ ਵੱਡਾ ਕਾਰਨ ਸ਼ਰਾਬ ਹੈ ਇਸੇ ਕਾਰਨ ਹੀ ਸੂਬੇ ‘ਚ ਸ਼ਰਾਬ ਦੇ ਖਿਲਾਫ਼ ਲਹਿਰ ਚੱਲ ਰਹੀ ਹੈ ਖਾਸਕਰ ਔਰਤਾਂ ਨੇ ਕਈ ਥਾਈਂ ਸ਼ਰਾਬ ਦੇ ਠੇਕਿਆਂ ਨੂੰ ਜਿੰਦਰੇ ਜੜੇ ਤੇ ਰੋਸ ਮੁਜ਼ਾਹਰੇ ਕੀਤੇ ਹਨ ਸੈਂਕੜੇ ਪੰਚਾਇਤਾਂ ਸ਼ਰਾਬ ਦੇ ਖਿਲਾਫ਼ ਮਤੇ ਪਾ ਚੁੱਕੀਆਂ ਹਨ  ਦੂਜੇ ਪਾਸੇ ਬਿਹਾਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਕੇਰਲ, ਵਰਗੇ ਸੂਬੇ ਸ਼ਰਾਬਬੰਦੀ ਲਈ ਅੱਗੇ ਵਧ ਰਹੇ ਹਨ ਜੇਕਰ ਬਿਹਾਰ ਵਰਗਾ ਸੂਬਾ ਸ਼ਰਾਬਬੰਦੀ ਨਾਲ ਕੰਗਾਲ ਨਹੀਂ ਹੋਇਆ ਤਾਂ ਪੰਜਾਬ ‘ਤੇ ਕੀ ਅਸਰ ਪੈ ਸਕਦਾ ਹੈ ਪੰਜਾਬ ਕੈਂਸਰ ਤੇ ਹੋਰ ਬਿਮਾਰੀਆਂ ਦਾ ਗੜ੍ਹ ਬਣ ਗਿਆ ਹੈ ਸ਼ਰਾਬ ਹੋਰ ਬਿਮਾਰੀਆਂ ਹੀ ਲੈ ਕੇ ਆਏਗੀ ਖੇਡ ਯੂਨੀਵਰਸਿਟੀਆਂ ਖੋਲ੍ਹਣ ਦਾ ਫਾਇਦਾ ਤਦੇ ਹੀ ਹੈ ਜੇਕਰ ਪੰਜਾਬੀ ਸ਼ਰਾਬ ਤੋਂ ਰਹਿਤ ਹੋਣਗੇ ਪੰਜ+ਆਬ ਨੂੰ ਸ਼ਰ+ਆਬ ਬਣਾਉਣ ਦੀ ਬਜਾਇ ਇੱਥੋਂ ਦੀ ਜਵਾਨੀ ਨੂੰ ਖੇਡਾਂ ਸਿੱਖਿਆ ਤੇ ਹੁਨਰ ਵੱਲ ਲਾਇਆ ਜਾਏ