ਸੁਖਬੀਰ ਵੱਲੋਂ ਚੇਤਾਵਨੀ, ਤਿੰਨ ਮੰਤਰੀ ਪੁਸਤਕ ਦੇ ਹੱਕ ‘ਚ ਡਟੇ

Sukhbir, Warning, Favor, Three, Minister, book

ਸੁਖਬੀਰ ਬਾਦਲ ਬਰਾਬਰ ਕਾਨਫਰੰਸ ਕਰਕੇ ਕਾਂਗਰਸ ਨੇ ਦਿੱਤਾ ਦੋਸ਼ਾਂ ਦਾ ਜਵਾਬ | Sukhbir Badal

  • ਵਿੱਤ ਮੰਤਰੀ ਮਨਪ੍ਰੀਤ, ਸਿੱਖਿਆ ਮੰਤਰੀ ਓਪੀ ਸੋਨੀ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਕੀਤੀ ਕਾਨਫਰੰਸ | Sukhbir Badal

ਚੰਡੀਗੜ੍ਹ (ਅਸ਼ਵਨੀ ਚਾਵਲਾ)। ਸਿੱਖ ਇਤਿਹਾਸ ਸਬੰਧੀ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਸਿਆਸੀ ਜੰਗ ਪੂਰੀ ਤਰ੍ਹਾਂ ਭਖ਼ ਗਈ ਹੈ ਕਾਂਗਰਸ ਤੇ ਅਕਾਲੀ ਦਲ ਦੋਵਾਂ ਪਾਰਟੀਆਂ ਨੇ ਅੱਜ ਪ੍ਰੈੱਸ ਕਾਨਫਰੰਸਾਂ ਕਰਕੇ ਇੱਕ-ਦੂਜੇ ‘ਤੇ ਤਿੱਖੇ ਹਮਲੇ ਕੀਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਿੱਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਉਹ ਸਿੱਖ ਇਤਿਹਾਸ ਸਬੰਧੀ ਪੁਸਤਕ ‘ਚ ਆਪਣੀ ਗਲਤੀ ਮੰਨਦੇ ਹੋਏ ਭੁੱਲ ਸੁਧਾਰ ਲੈਣ ਨਹੀਂ ਤਾਂ ਉਨ੍ਹਾਂ ਨੂੰ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਰਹਿਣਾ ਪਵੇਗਾ।

ਦੂਜੇ ਪਾਸੇ ਅਮਰਿੰਦਰ ਸਰਕਾਰ ਦੇ ਤਿੰਨ ਮੰਤਰੀਆਂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ‘ਤੇ ਧਰਮ ਦੇ ਨਾਂਅ ‘ਤੇ ਸਿਆਸਤ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਜੇਕਰ ਲੜਾਈ ਲੜਨੀ ਹੀ ਹੈ ਤਾਂ ਉਹ ਧਰਮ ਤੋਂ ਬਾਹਰ ਆ ਕੇ ਸਿੱਧਮ-ਸਿੱਧੀ ਉਨ੍ਹਾਂ ਨਾਲ ਲੜਾਈ ਲੜਨ ਨਾ ਕਿ ਧਾਰਮਿਕ ਮੁੱਦਾ ਬਣਾ ਕੇ ਆਮ ਲੋਕਾਂ ਨੂੰ ਗੁੰਮਰਾਹ ਕਰਨ। ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਪਿਛਲੇ 50 ਸਾਲਾਂ ਦੇ ਇਤਿਹਾਸ ਵਿੱਚ ਆਪਣੀ ਕਿਤਾਬ ਹੀ ਨਹੀਂ ਛਾਪ ਰਿਹਾ ਸੀ ਹੁਣ ਕਾਂਗਰਸ ਸਰਕਾਰ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਪਰ ਸੁਖਬੀਰ ਬਾਦਲ ਸਣੇ ਅਕਾਲੀ ਦਲ ਇਸ ਦੀ ਪ੍ਰਸੰਸਾ ਕਰਨ ਦੀ ਥਾਂ ‘ਤੇ ਇਸ ਦਾ ਵਿਰੋਧ ਕਰ ਰਿਹਾ ਹੈ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਰਾਜ ਸਿੱਖਿਆ ਬੋਰਡ ਨੇ ਸਿੱਖ ਇਤਿਹਾਸ ਨੂੰ ਸਾਲ ਅਨੁਸਾਰ ਵੰਡ ਕਰਦੇ ਹੋਏ ਦੋ ਭਾਂਗਾ ਵਿੱਚ ਵੰਡ ਦਿੱਤਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਫਾਇਦਾ ਹੋ ਸਕੇ ਪਰ ਇਹਨੂੰ ਸ਼੍ਰੋਮਣੀ ਅਕਾਲੀ ਦਲ ਗਲਤ ਕਰਾਰ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ 1469 ਈ.ਸੀ. ਤੋਂ 1708 ਈ.ਸੀ. ਦੇ ਇਤਿਹਾਸ ਨੂੰ ਗਿਆਰ੍ਹਵੀਂ ਦੀ ਜਮਾਤ ਅਤੇ 1708 ਈ.ਸੀ. ਤੋਂ 1859 ਈ.ਸੀ. ਤੱਕ ਦਾ ਇਤਿਹਾਸ ਬਾਰ੍ਹਵੀਂ ਦੀ ਜਮਾਤ ‘ਚ ਪੜ੍ਹਾਇਆ ਜਾ ਰਿਹਾ ਹੈ।

ਸਿਕੰਦਰ ਮਲੂਕਾ ‘ਤੇ ਸਾਧਿਆ ਨਿਸ਼ਾਨਾ

ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜਿਹੜੀ ਗਲਤੀ ਹੁੰਦੀ ਹੈ, ਉਹਨੂੰ ਮੰਨ ਕੇ ਅਸੀਂ ਮੁਆਫ਼ੀ ਮੰਗ ਰਹੇ ਹਾਂ ਕਿ ਕੁਝ ਸ਼ਬਦਾਂ ਦਾ ਅਨੁਵਾਦ ਕਰਨ ਮੌਕੇ ਗਲਤੀਆਂ ਹੋਈਆਂ ਹਨ ਪਰ ਇਸ ਕਿਤਾਬ ਵਿੱਚ ਕੁਝ ਵੀ ਗਲਤ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵਿੱਚ ਕਿਤਾਬ ਦੇ ਮਾਮਲੇ ਵਿੱਚ ਘਪਲਾ ਤਾਂ ਸਿਕੰਦਰ ਸਿੰਘ ਮਲੂਕਾ ਨੇ ਕੀਤਾ ਸੀ, ਇਸ ਲਈ ਉਸ ਮਾਮਲੇ ਵਿੱਚ ਦੁਬਾਰਾ ਜਾਂਚ ਸ਼ੁਰੂ ਕਰਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।