ਡੀਸੀ ਵੱਲੋਂ ਘੱਗਰ ਦਰਿਆ ਦਾ ਦੌਰਾ, ਸਥਿਤੀ ਦਾ ਲਿਆ ਜਾਇਜ਼ਾ

Visit, Ghaggar River, DC, Review, Situation

ਘੱਗਰ ‘ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ, ਲੋਕਾਂ ਨੂੰ ਡਰਨ ਦੀ ਲੋੜ ਨਹੀਂ: ਕੁਮਾਰ ਅਮਿਤ

ਮੁੱਖ ਮੰਤਰੀ ਦੇ ਆਦੇਸ਼ਾਂ ‘ਤੇ ਨੁਕਸਾਨੀਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਸ਼ੁਰੂ

ਪਟਿਆਲਾ,  ਸੱਚ ਕਹੂੰ ਨਿਊਜ

ਘੱਗਰ ਦਰਿਆ ‘ਚ ਪਾਣੀ ਹੁਣ ਲਗਾਤਾਰ ਘੱਟ ਰਿਹਾ ਅਤੇ ਇਹ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ ਵਹਿ ਰਿਹਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਕੀਤਾ। ਉਨ੍ਹਾਂ ਨੇ ਅੱਜ ਫਿਰ ਜਲ ਨਿਕਾਸ ਮਹਿਕਮੇ ਦੇ ਅਧਿਕਾਰੀਆਂ ਨੂੰ ਨਾਲ ਲੈਕੇ ਘੱਗਰ ਦਰਿਆ ਦਾ ਬਾਦਸ਼ਾਹਪੁਰ ਅਤੇ ਖਨੌਰੀ ਵਾਲੇ ਪਾਸੇ ਖ਼ੁਦ ਜਾ ਕੇ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਸਥਾਨਕ ਵਸਨੀਕਾਂ ਨਾਲ ਮੁਲਾਕਾਤ ਕਰਕੇ ਗੱਲਬਾਤ ਵੀ ਕੀਤੀ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਤੋਂ ਜਾਣੂੰ ਕਰਵਾਇਆ।

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਨੌਰੀ ਵਾਲੇ ਪਾਸੇ ਪਾਣੀ ਦਾ ਚੜ੍ਹਾਉ ਟਾਂਗਰੀ ਤੇ ਮਾਰਕੰਡਾ ਦਰਿਆਵਾਂ ਦਾ ਪਿਛੋਂ ਆਉਣ ਕਰਕੇ ਹੈ ਪਰ ਸਥਿਤੀ ‘ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਿਦਾਇਤਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਖ਼ਤਰੇ ਵਾਲੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀਆਂ ਨੁਕਸਾਨੀਆਂ ਗਈਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਵੀ ਸ਼ੁਰੂ ਕਰਵਾਈ ਜਾ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਟਾਂਗਰੀ ਨਦੀ ‘ਤੇ ਪਿੰਡ ਖਤੌਲੀ ਨੇੜੇ ਪਏ ਪਾੜ ਸਮੇਤ ਘੱਗਰ ਦਰਿਆ ਦੇ ਰਸੌਲੀ ਅਤੇ ਬਾਦਸ਼ਾਹਪੁਰ ਨੇੜੇ ਪਏ ਪਾੜ ਨੂੰ ਸਥਾਨਕ ਵਸਨੀਕਾਂ, ਪਿੰਡ ਪੰਚਾਇਤਾਂ, ਕਿਸਾਨਾਂ, ਬੇਲਦਾਰਾਂ ਅਤੇ ਮਗਨਰੇਗਾ ਮਜ਼ਦੂਰਾਂ ਦੀ ਮਦਦ ਨਾਲ ਜਲ ਨਿਕਾਸ ਵਿਭਾਗ ਵੱਲੋਂ ਸਮੇਂ ਸਿਰ ਕਾਰਵਾਈ ਕਰਦਿਆਂ ਪੂਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮਾਂ ਰਹਿੰਦੇ ਕੀਤੀ ਕਾਰਵਾਈ ਕਰਕੇ ਨੇੜਲੇ ਪਿੰਡ ਅਤੇ ਫ਼ਸਲਾਂ ਨੂੰ ਕੋਈ ਖ਼ਤਰਾ ਨਹੀਂ ਹੈ।  ਉਨ੍ਹਾਂ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ, ਇਸ ਲਈ ਲੋਕਾਂ ਨੂੰ ਹੜ੍ਹਾਂ ਵਰਗੀ ਸਥਿਤੀ ਤੋਂ ਡਰਨ ਦੀ ਲੋੜ ਨਹੀਂ ਪਰੰਤੂ ਫਿਰ ਵੀ ਲੋਕਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ, ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸੰਭਾਵਤ ਖ਼ਤਰੇ ਨਾਲ ਨਜਿੱਠਣ ਦੇ ਸਮਰੱਥ ਹੈ।

ਇਸੇ ਦੌਰਾਨ ਕੁਮਾਰ ਅਮਿਤ ਨੇ ਦੱਸਿਆ ਕਿ ਘੱਗਰ ਦਰਿਆ ‘ਚ ਭਾਂਖਰਪੁਰ ਵਿਖੇ ਪਾਣੀ ਅੱਜ ਘੱਟਕੇ ਡੇਢ ਫੁੱਟ ‘ਤੇ ਵਗ ਰਿਹਾ ਹੈ, ਸਰਾਲਾ ਹੈਡ ‘ਤੇ ਪਾਣੀ ਵੀ ਪਾਣੀ ਦਾ ਪੱਧਰ ਬੀਤੇ ਦਿਨ ਨਾਲੋਂ ਘਟਿਆ ਹੈ। ਜਦੋਂਕਿ ਖਨੌਰੀ ਵਿਖੇ ਘੱਗਰ 747.6 ਫੁਟ ਗੇਜ਼ ‘ਤੇ ਖ਼ਤਰੇ ਦੇ ਨਿਸ਼ਾਨ ਤੋਂ 5.4 ਫੁੱਟ ਹੇਠਾਂ ਵੱਗ ਰਿਹਾ ਹੈ। ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਦਵਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਬਰਸਾਤੀ ਨਦੀਆਂ ਤੇ ਨਾਲਿਆਂ ਸਮੇਤ ਦਰਿਆਵਾਂ ‘ਚ ਪਾਣੀ ਦੇ ਵਹਾਅ ‘ਤੇ ਉਨ੍ਹਾਂ ਦੇ ਵਿਭਾਗ ਵੱਲੋਂ ਪੂਰੀ ਚੌਕਸੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਕੋਈ ਢਿੱਲ ਨਹੀਂ ਵਰਤੀ ਜਾ ਰਹੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।