ਦਿੜ੍ਹਬਾ ਵਿਖੇ ਅਸਲਾ ਦੁਕਾਨ ਵਿੱਚ ਹੋਈ ਚੋਰੀ

Theft at Gun House Sachkahoon

ਵੱਡੀ ਗਿਣਤੀ ਵਿੱਚ ਅਸਲਾ ਹੋਇਆ ਚੋਰੀ, ਪੁਲਿਸ ਡੌਗ ਸਕੈਅਟ ਅਤੇ ਫੋਰੈਂਸਿਸਕ ਟੀਮ ਨੂੰ ਲੈ ਕੇ ਜਾਂਚ ਵਿੱਚ ਜੁਟੀ

(ਪ੍ਰਵੀਨ ਗਰਗ) ਦਿੜ੍ਹਬਾ  ਮੰਡੀ। ਦਿੜ੍ਹਬਾ ਵਿਖੇ ਰਾਸ਼ਟਰੀ ਮਾਰਗ ਉਤੇ ਸਥਿੱਤ ਅਸਲਾ ਦੀ ਦੁਕਾਨ ਉਤੇ ਰਾਤ ਨੂੰ ਚੋਰਾਂ ਨੇ ਹੱਥ ਸਾਫ ਕਰ ਦਿੱਤਾ ਹੈ। ਇਸ ਚੋਰੀ ਨੂੰ ਲੈ ਕੇ ਜ਼ਿਲ੍ਹੇ ਦੀ ਸਾਰੀ ਪੁਲਿਸ ਹਰਕਤ ਵਿੱਚ ਆ ਗਈ ਹੈ। ਜ਼ਿਲ੍ਹਾ ਪੁਲਿਸ ਮੁੱਖੀ ਸਵਪਨ ਸ਼ਰਮਾ, ਐਸਪੀ (ਡੀ) ਪਲਵਿੰਦਰ ਸਿੰਘ ਚੀਮਾ, ਡੀਐਸਪੀ (ਡੀ) ਯੋਗੇਸ਼ ਸ਼ਰਮਾ, ਡੀਐਸਪੀ ਦਿੜ੍ਹਬਾ ਪਿ੍ਰਥਵੀ ਸਿੰਘ ਚਾਹਲ ਅਤੇ ਹੋਰ ਪੁਲਿਸ ਅਧਿਕਾਰੀ ਮਾਮਲੇ ਦੇ ਜਾਂਚ ਕਰਨ ਵਿੱਚ ਲੱਗੇ ਹੋਏ ਹਨ।

ਜਾਣਕਾਰੀ ਅਨੁਸਾਰ ਧੰਨਰਾਜ ਗੰਨ ਹਾਉਸ ਦੀ ਦੁਕਾਨ ਵਿੱਚ ਰੱਖਿਆ ਗਿਆ ਅਸਲਾ ਚੋਰੀ ਹੋ ਗਿਆ ਹੈ। ਚੋਰਾਂ ਨੇ ਅਸਲਾ ਦੁਕਾਨ ਦੇ ਨਾਲ ਵਾਲੇ ਖਾਲੀ ਪਲਾਂਟ ਵਿੱਚੋਂ ਸੰਨ ਲਾ ਕੇ ਚੋਰੀ ਕੀਤੀ ਹੈ। ਦੁਕਾਨ ਵਿੱਚ ਦਾਖਲ ਹੋਣ ਲਈ ਦੋ ਜਗ੍ਹਾ ਉਤੇ ਪਾੜ ਲਾਏ ਗਏ। ਇੱਕ ਪਾੜ ਦੁਕਾਨ ਦੇ ਦਫਤਰ ਵਿੱਚ ਜਾਣ ਲਈ ਅਤੇ ਦੂਜਾ ਅਸਲਾ ਰੂਮ ਵਿੱਚ ਦਾਖਲ ਹੋਣ ਲਈ ਲਾਇਆ ਗਿਆ ਹੈ। ਐਸਪੀ (ਡੀ) ਪਲਵਿੰਦਰ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਪੁਲਿਸ ਦੁਕਾਨ ਵਿੱਚ ਲੱਗੇ ਕੈਮਰੇ ਅਤੇ ਬਾਹਰ ਹੋਰ ਦੁਕਾਨਾਂ ’ਤੇ ਲੱਗੇ ਕੈਮਰਿਆਂ ਦੇ ਫੁੱਟੇਜ਼ ਵੇਖੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਗੰਨ ਹਾਊਸ ਮਾਲਕ ਦੀ ਕੋਈ ਅਣਗਹਿਲੀ ਪਾਈ ਗਈ ਤਾਂ ਉਸ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਕੁੱਝ ਹਥਿਆਰ ਅਤੇ ਰੌਂਦ ਮਿਸ ਹੋਣ ਦੀ ਸੰਭਾਵਨਾ ਹੈ ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ। ਇਸ ਦਾ ਪੁਲਿਸ ਰਿਕਾਰਡ ਵੇਖ ਕੇ ਹੀ ਸਹੀ ਦੱਸ ਸਕਦੀ ਹੈ। ਇਸ ਲਈ ਡੌਗ ਸਕੈਅਟ ਅਤੇ ਫੌਰੈਂਸਿਸਕ ਵਿਭਾਗ ਦੇ ਅਧਿਕਾਰੀ ਵਿਸ਼ੇਸ਼ ਤੌਰ ਉਤੇ ਜਾਂਚ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਜਿਸ ਦੁਕਾਨ ਵਿੱਚ ਚੋਰੀ ਹੋਈ ਉਹ ਦੁਕਾਨ ਬੱਸ ਸਟੈਂਡ ਤੋਂ 50 ਗਜ਼ ਦੀ ਦੂਰੀ ’ਤੇ ਹੈ ਜਿੱਥੇ ਪੁਲਿਸ ਦੀ ਪਿਕਟ ਵੀ ਬਣੀ ਹੋਈ ਹੈ ਅਤੇ ਬੱਸ ਸਟੈਂਡ ਜਿਸ ਨੂੰ ਦਿੜ੍ਹਬਾ ਦਾ ਮੁੱਖ ਚੌਂਕ ਕਿਹਾ ਜਾਂਦਾ ਹੈ ਉੱਥੇ ਹਰ ਸਮੇਂ ਦਿਨ ਰਾਤ ਪੁਲਿਸ ਤਾਇਨਾਤ ਰਹਿੰਦੀ ਹੈ। ਪਹਿਲਾਂ ਵੀ ਅਕਸਰ ਚੋਰੀ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਪਰ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਪਰ ਇਸ ਘਟਨਾ ਨੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇੱਕ ਦਰਜਨ ਦੇ ਕਰੀਬ ਹਥਿਆਰ ਚੋਰੀ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ