ਵਿਧਾਨ ਸਭਾ ਹਲਕਾ ਦਿੜ੍ਹਬਾ ਰਿਜ਼ਰਵ ’ਚ ਤਿਕੋਣੀ ਟੱਕਰ ਦੇ ਆਸਾਰ ਬਣੇ

Dirba reserve

ਹਰਪਾਲ ਚੀਮਾ, ਗੁਲਜ਼ਾਰ ਤੇ ਗਾਗਾ ਵਿਚਾਲੇ ਹੋ ਸਕਦਾ ਸਖ਼ਤ ਮੁਕਾਬਲਾ

(ਰਾਮਪਾਲ ਸ਼ਾਦੀਹਰੀ) ਦਿੜ੍ਹਬਾ। ਪੰਜਾਬ ’ਚ ਅਸੈਂਬਲੀ ਚੋਣਾਂ 14 ਫਰਵਰੀ ਨੂੰ ਹੋਣ ਜਾ ਰਹੀਆਂ ਹਨ ਚੋਣਾਂ ਦਾ ਸਮਾਂ ਜਿਉਂ-ਜਿਉਂ ਨੇੜੇ ਆ ਰਿਹਾ ਹੈ ਤਿਉਂ-ਤਿਉਂ ਰਾਜਨੀਤਕ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪੰਜਾਬ ਦੀ ਕਾਂਗਰਸ ਸਰਕਾਰ ਜਿੱਥੇ ਲੋਕਾਂ ਨੂੰ ਲੁਭਾਉਣ ਲਈ ਤਰ੍ਹਾਂ-ਤਰ੍ਹਾਂ ਦੇ ਵਾਅਦੇ ਲੈ ਕੇ ਆ ਰਹੀ, ਉੱਥੇ ਹੀ ਸਰਕਾਰ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਜਿਸ ਨੇ ਆਪਣੇ ਸ਼ੁਰੂਆਤੀ ਦੌਰ ’ਚ ਵੱਖਰੇ ਤਰ੍ਹਾਂ ਦੀ ਰਾਜਨੀਤੀ ਪਿਰਤ ਪਾਉਣ ਦੀ ਗੱਲ ਆਖੀ ਸੀ ਉਹ ਵੀ ਵੋਟਰ ਲੁਭਾਊ ਪੱਤਾ ਖੇਡ ਰਹੀ ਹੈ।

ਪੰਜਾਬ ਦੀ ਵੱਡੀ ਧਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣਾ ਬਸਪਾ ਨਾਲ ਗੱਠਜੋੜ ਕਰ ਲਿਆ ਹੈ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪਿਛਲੇ ਸਮੇਂ ਵਿੱਚ ਕਈ ਮੁੱਦਿਆਂ ’ਤੇ ਪੰਜਾਬ ਦੇ ਲੋਕਾਂ ਨਾਲ ਖੜ੍ਹਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਕੁਝ ਲੀਡਰਾਂ ਵੱਲੋਂ ਚੋਣਾਂ ਲੜਨ ਦਾ ਐਲਾਨ ਹੋਣ ਕਰ ਕੇ ਸਥਿਤੀ ਅਜੇ ਭਾਵੇਂ ਸਪਸ਼ਟ ਨਹੀਂ ਹੋਈ। ਪਰ ਵਿਧਾਨ ਸਭਾ ਹਲਕਾ ਦਿੜ੍ਹਬਾ ’ਚ ਪਿਛਲੀ ਵਾਰ ਦੇ ਵਾਂਗ ਮੁਕਾਬਲਾ ਸਖ਼ਤ ਹੋਣ ਦੀ ਸੰਭਾਵਨਾ ਹੈ। ਪਰ ਸੂਤਰਾਂ ਅਨੁਸਾਰ ਜੇਕਰ ਇਸ ਸੀਟ ’ਤੇ ਮੌਜ਼ੂਦਾ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ, ਜਗਦੇਵ ਸਿੰਘ ਗਾਗਾ ਅਤੇ ਗੁਲਜ਼ਾਰ ਸਿੰਘ ਮੂਣਕ ਮੈਦਾਨ ਵਿੱਚ ਹੋਣਗੇ। ਜੇਕਰ ਇਹ ਤਿੰਨੋਂ ਉਮੀਦਵਾਰ ਆਹਮੋ-ਸਾਹਮਣੇ ਹੋਣਗੇ ਤਾਂ ਤਿੰਨ ਵੱਡੀਆਂ ਸਿਆਸੀ ਧਿਰਾਂ ਲਈ ਕਰੋ ਜਾਂ ਮਰੋ ਵਾਲੀ ਸਥਿਤੀ ਹੋਵੇਗੀ। ਪਿਛਲੀ ਵਾਰ ਇੱਥੇ ਕਾਂਗਰਸ ਦੇ ਉਮੀਦਵਾਰ ਅਜੈਬ ਸਿੰਘ ਰਟੋਲ ਅਕਾਲੀ-ਭਾਜਪਾ ਦੇ ਗੁਲਜ਼ਾਰ ਸਿੰਘ ਮੂਣਕ ’ਤੇ ਆਮ ਆਦਮੀ ਪਾਰਟੀ ਤੋਂ ਹਰਪਾਲ ਸਿੰਘ ਚੀਮਾ ਦੀ ਜ਼ਬਰਦਸਤ ਟੱਕਰ ਸੀ।

Dirba reserve ਪਰ ਇਸ ਵਾਰ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਅਤਿ ਨਜ਼ਦੀਕੀ ਅਤੇ ਕੇਂਦਰੀ ਸਿਆਸਤ ਦੇ ਯੂਥ ਆਗੂ ਜਗਦੇਵ ਸਿੰਘ ਗਾਗਾ ਚੇਅਰਮੈਨ ਮਾਰਕੀਟ ਕਮੇਟੀ ਸੂਲਰ ਘਰਾਟ ਟਿਕਟ ਲਈ ਵੱਡੇ ਦਾਅਵੇਦਾਰ ਮੰਨੇ ਜਾ ਰਹੇ ਹਨ, ਜਿਨ੍ਹਾਂ ਦੀ ਅਗਵਾਈ ’ਚ ਪੰਚਾਇਤੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ’ਚ ਕਾਂਗਰਸ ਪਾਰਟੀ ਨੇ ਹਲਕੇ ਅੰਦਰ ਹੂੰਝਾ-ਫੇਰ ਜਿੱਤ ਪ੍ਰਾਪਤ ਕੀਤੀ ਹੈ। ਉਹ ਯੂਥ ਕਾਂਗਰਸ ਦੇ ਆਲ ਇੰਡੀਆ ਜਨਰਲ ਸਕੱਤਰ ਅਤੇ ਇਸ ਸਮੇਂ ਜੰਮੂ ਕਸ਼ਮੀਰ ਦੇ ਇੰਚਾਰਜ ਹਨ। ਦਿੜ੍ਹਬਾ ਹਲਕੇ ਨਾਲ ਸਬੰਧਿਤ ਹੋਣ ਕਾਰਨ ਇੱਥੇ ਦੇ ਜ਼ਮੀਨੀ ਹਾਲਾਤਾਂ ਤੋਂ ਨੇੜਿਓਂ ਵਾਕਫ਼ ਹਨ। ਉਨ੍ਹਾਂ ਦਾ ਹਲਕੇ ’ਚ ਕੋਈ ਵਧੇਰੇ ਸਿਆਸੀ ਵਿਰੋਧ ਵੀ ਨਹੀਂ ਹੈ।

ਉਨ੍ਹਾਂ ਕੋਲ ਚੇਅਰਮੈਨ ਸਤਨਾਮ ਸਿੰਘ ਘੁਮਾਣ ਸੱਤਾ ਦੀ ਅਗਵਾਈ ’ਚ ਵੱਡੀ ਟੀਮ ਹੈ। ਉਹ ਆਪਣੇ ਵਿਰੋਧੀ ਨੂੰ ਟੱਕਰ ਦੇਣ ਦੇ ਸਮਰੱਥ ਹਨ। ਉਨ੍ਹਾਂ ਦਾ ਪਲੱਸ ਪੁਆਇੰਟ ਕੈਬਨਿਟ ਮੰਤਰੀ ਸਿੰਗਲਾ ਦੀ ਨਜ਼ਦੀਕੀ ਅਤੇ ਉਨ੍ਹਾਂ ਦਾ ਹਲਕੇ ਨਾਲ ਸਬੰਧਿਤ ਹੋਣਾ ’ਤੇ ਵੱਡਾ ਸਿਆਸੀ ਤਜ਼ਰਬਾ ਹੈ। ਹਲਕੇ ਨਾਲ ਸਬੰਧਤ ਉੱਘੇ ਸਮਾਜ ਸੇਵਕ ਅਤੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਜਿੱਥੇ ਖ਼ੁਦ ਸੁਨਾਮ ਸੀਟ ਨੂੰ ਲੈ ਕੇ ਦਾਅਵੇਦਾਰੀ ਜਤਾ ਰਹੇ ਹਨ। ਉਥੇ ਕਈ ਕਾਂਗਰਸੀ ਉਨ੍ਹਾਂ ਦੀ ਕਮਾਂਡ ਹੇਠ ਖੁਦ ਚੋਣ ਲੜਨ ਦੀ ਤਿਆਰੀ ’ਚ ਹਨ, ਆਜ਼ਾਦ ਉਮੀਦਵਾਰ ਦੇ ਤੌਰ ’ਤੇ ਚੋਣ ਜਿੱਤਣ ਵਾਲੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਦਾ ਹਲਕੇ ਦੇ ਲੋਕਾਂ ਨਾਲ ਬਹੁਤ ਗੂੜ੍ਹੇ ਸਬੰਧ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਸਪਾ ਗੱਠਜੋੜ ਦੇ ਉਮੀਦਵਾਰ ਗੁਲਜ਼ਾਰ ਸਿੰਘ ਮੂਣਕ ਵੀ ਹਰਮਨ ਪਿਆਰੇ ਤੇ ਚਰਚਿਤ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਸੁਖਦੇਵ ਸਿੰਘ ਢੀਂਡਸਾ ਦਾ ਵੱਖ ਹੋਣਾ ਸੰਗਰੂਰ ਦੀ ਅਕਾਲੀ ਸਿਆਸਤ ਲਈ ਭਾਵੇਂ ਸਿਆਸੀ ਮੈਦਾਨ ’ਚ ਅਸ਼ੁੱਭ ਮੰਨਿਆ ਜਾ ਰਿਹਾ ਹੈ।

ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਨਵੀਂ ਬਣਾਈ ਪਾਰਟੀ ਸੰਯੁਕਤ ਅਕਾਲੀ ਦਲ ਦਾ ਬੀਜੇਪੀ ਨਾਲ ਗਠਜੋੜ ਹੈ। ਸੰਯੁਕਤ ਅਕਾਲੀ ਦਲ ਵੱਲੋਂ ਸੋਮਾ ਘਰਾਚੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਇੰਟਰਨੈਸ਼ਨਲ ਕੱਬਡੀ ਖਿਡਾਰੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਗੁਲਜਾਰ ਸਿੰਘ ਵਿਸ਼ਵ ਕਬੱਡੀ ਕੱਪ ਦਾ ਪਲੇਅਰ ਹੋਣਾ ਲੋਕਾਂ ’ਚ ਚੰਗਾ ਅਸਰ ਰੱਖਦਾ ਹੈ। ਇਸ ਦੇ ਨਾਲ ਹੀ ਸ਼ਹਿਰੀ ਖੇਤਰ ਵਿੱਚ ਆਧਾਰ ਮੰਨੀ ਜਾਂਦੀ ਬੀਜੇਪੀ ਨਾਲੋਂ ਵੀ ਕਿਸਾਨੀ ਲਹਿਰ ਕਾਰਨ ਅਕਾਲੀ ਦਲ ਦਾ ਦਾ ਗੱਠਜੋੜ ਟੁੱਟ ਗਿਆ ਹੈ।

ਇਸ ਨਾਲ ਭਾਵੇਂ ਸ਼ਹਿਰੀ ਵੋਟ ਬੈਂਕ ਨੂੰ ਝਟਕਾ ਲੱਗਿਆ ਹੋਵੇ, ਪਰ ਹੁਣ ਬਸਪਾ ਨਾਲ ਗਠਜੋੜ ਹੋਣ ਕਾਰਨ ਅਕਾਲੀ ਦਲ ਦਲਿਤ ਸਮਾਜ ਵੱਲ ਖਿੱਚ ਦਾ ਕੇਂਦਰ ਹੈ। ਗੁਲਜ਼ਾਰ ਸਿੰਘ ਮੂਣਕ ਪਿਛਲੇ ਕਾਫ਼ੀ ਸਮੇਂ ਤੋਂ ਕਿਸਾਨੀ ਸੰਘਰਸ਼ ’ਚ ਕੰਮ ਕਰ ਰਹੇ ਹਨ। ਪਿਛਲੀ ਵਾਰ ਉਹ ਸਿਆਸਤ ਤੋਂ ਅਨਾੜੀ ਸਨ ਪਰ ਵਕਤ ਨੇ ਹੁਣ ਉਨ੍ਹਾਂ ਨੂੰ ਸਿਆਸੀ ਖੇਡ ਦੇ ਦਾਅ ਪੇਚ ਵੀ ਸਿਖਾ ਦਿੱਤੇ ਹਨ, ਉਹ ਅੱਜ ਕੱਲ੍ਹ ਹਲਕੇ ਵਿੱਚ ਲੋਕਾਂ ਦੇ ਦੁੱਖ-ਸੁਖ ’ਚ ਸ਼ਰੀਕ ਹੁੰਦੇ ਹਨ। ਉਨ੍ਹਾਂ ਕੋਲ ਜਨ ਆਧਾਰ ਰੱਖਣ ਵਾਲੀ ਸਥਾਨਕ ਲੀਡਰਸ਼ਿਪ ਦੀ ਵੱਡੀ ਟੀਮ ਹੈ। ਉਹ ਇਸ ਵਾਰ ਆਪਣੇ-ਆਪ ਨੂੰ ਪਿਛਲੇ ਸਾਲਾਂ ਨਾਲੋਂ ਬਿਹਤਰ ਸਾਬਤ ਕਰਨ ਦੀ ਕੋਸ਼ਿਸ਼ ’ਚ ਹਨ। ਮੌਜ਼ੂਦਾ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਵੀ ਹੁਣ ਸੂਬੇ ਦੀ ਸਿਆਸਤ ’ਚ ਵੱਡੀ ਹਸਤੀ ਹਨ, ਵਿਰੋਧੀ ਧਿਰ ਦਾ ਲੀਡਰ ਹੋਣ ਕਾਰਨ ਉਨ੍ਹਾਂ ਦੀ ਸਿਆਸੀ ਪਕੜ ਮਜ਼ਬੂਤ ਹੋ ਗਈ ਹੈ। ਉਨ੍ਹਾਂ ਦੇ ਕੱਦ ਦਾ ਹਲਕੇ ਵਿੱਚ ਕੋਈ ਆਗੂ ਨਹੀਂ ਹੈ। ਉਨ੍ਹਾਂ ਦੀ ਪਾਰਟੀ ਕੋਲ ਵਰਕਰਾਂ ਦੀ ਜ਼ੀਰੋ ਗਰਾਊਂਡ ’ਤੇ ਕੰਮ ਕਰਨ ਵਾਲੀ ਵੱਡੀ ਟੀਮ ਹੈ ਪਰ ਆਮ ਆਦਮੀ ਪਾਰਟੀ ਦੀ ਲਹਿਰ ਪਿਛਲੀ ਚੋਣ ਨਾਲੋਂ ਕਿੰਨੀ ਉਪਰ ਉਠੇਗੀ, ਇਹ ਦੇਖਣਾ ਹਾਲੇ ਬਾਕੀ ਹੈ।

ਚੀਮਾ ਪਿਛਲੇ ਚਾਰ ਸਾਲਾਂ ਤੋਂ ਲੋਕਾਂ ’ਚ ਵਿਚਰ ਰਹੇ ਹਨ ਪਰ ਸਰਕਾਰ ਨਾ ਬਣਨ ਕਾਰਨ ਉਹ ਵਿਧਾਇਕ ਹੋਣ ਦੇ ਬਾਵਜ਼ੂਦ ਆਪਣੇ ਹਲਕੇ ਲਈ ਕੋਈ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ। ਇਹ ਵੀ ਉਨ੍ਹਾਂ ਦੀ ਚੋਣ ਦੀ ਮੁਹਿੰਮ ’ਤੇ ਵੱਡਾ ਅਸਰ ਪਾਵੇਗਾ ਸਾਦਗੀ ਨਾਲ ਰਹਿਣ ਵਾਲੇ ਵਿਧਾਇਕ ਚੀਮਾ ਕੋਲ ਸੂਬਾਈ ਸਿਆਸਤ ਦੇ ਕੇਂਦਰੀ ਧੁਰੇ ਵਜੋਂ ਵਿਚਰਦਿਆਂ ਕਾਫ਼ੀ ਤਜ਼ਰਬਾ ਹੈ। ਉਹ ਇਸ ਵਾਰ ਵੀ ਮੁੱਖ ਮੁਕਾਬਲੇ ਵਿਚ ਹੋਣਗੇ। ਦਿੜ੍ਹਬਾ ਹਲਕੇ ਵਿੱਚ ਹੋਰ ਬਹੁਤ ਸਾਰੇ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਲਈ ਚੋਣ ਲੜਨ ਲਈ ਤਿਆਰ ਹਨ।

ਪਰ ਚੋਣ ਨੂੰ ਜ਼ਿਆਦਾ ਰੌਚਕ ਬਣਾਉਣ ਲਈ ਇਹ ਤਿੰਨ ਚਚੇਰੇ ਜ਼ਿਆਦਾ ਕਾਰਗਰ ਸਾਬਤ ਹੋਣਗੇ। ਇਹ ਹਲਕਾ ਕਬੱਡੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਵੱਡਾ ਗੜ੍ਹ ਹੈ। ਜਿਸ ਉਮੀਦਵਾਰ ਨਾਲ ਕਬੱਡੀ ਦੇ ਵੱਡੇ ਚਿਹਰੇ ਅਤੇ ਕਿਸਾਨ ਯੂਨੀਅਨ ਦੇ ਵੱਡੇ ਆਗੂ ਹੋਣਗੇ, ਉਸ ਦੇ ਨਤੀਜੇ ਵੀ ਚੰਗੇ ਹੋਣਗੇ। ਇਸ ਚੋਣ ਅਖਾੜੇ ’ਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬੀਜੇਪੀ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਅਤੇ ਖੱਬੇ ਪੱਖੀ ਅਤੇ ਆਜ਼ਾਦ ਉਮੀਦਵਾਰ ਵੀ ਮੈਦਾਨ ਵਿਚ ਉਤਰਨਗੇ ਆਉਣ ਵਾਲੇ ਸਮੇਂ ਵਿੱਚ ਕੀ ਹੋਵੇ ਇਹ ਸਮੇਂ ਦੀ ਬੁੱਕਲ ਵਿੱਚ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ