‘ਦਸਵੀਂ ਦੇ ਐਲਾਨੇ ਨਤੀਜਿਆਂ ਨੇ ਸਿੱਖਿਆ ਦੇ ਮਿਆਰ ਤੇ ਵਿਦਿਆਰਥੀਆਂ ਦਾ ਮਨੋਬਲ ਡੇਗਿਆ’

Punjab today

ਦਿਨ-ਰਾਤ ਮਿਹਨਤਾਂ ਕਰਕੇ ਪੜ੍ਹਨ ਵਾਲੇ ਬੱਚਿਆਂ ਵਿੱਚ ਨਿਰਾਸ਼ਾ ਦਾ ਆਲਮ

ਪ੍ਰਵੀਨ ਗਰਗ, ਦਿੜ੍ਹਬਾ ਮੰਡੀ। ਬੀਤੇ 17 ਮਈ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ punjab school education board ਵੱਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਤੇ ਅੱਠਵੀਂ ਕਲਾਸ ਦੇ ਨਤੀਜਿਆਂ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ । ਕੋਰੋਨਾ ਮਹਾਂਮਾਰੀ ਕਾਰਨ ਪ੍ਰੀਖਿਆਵਾਂ ਰੱਦ ਹੋਣ ਕਰਕੇ ਪ੍ਰੀ ਬੋਰਡ ਪ੍ਰੀਖਿਆਵਾਂ ਦੇ ਅਨੁਪਾਤਕ ਅੰਕਾਂ ਦੇ ਅਧਾਰ ’ਤੇ ਐਲਾਨੇ ਪਿਛਲੇ ਸਾਲ ਦੇ ਨਤੀਜਿਆਂ ਦੀ ਪਾਸ ਫੀਸਦੀ ਲਗਭਗ 100% ਰਹੀ ਹੈ। ਇਸ ਵਿੱਚ ਕੋਈ ਅਤਿਕਥਨੀ ਨਹੀਂ ਹੈ ਕਿ ਇਹ ਨਤੀਜੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਭ ਤੋਂ ਵਧੀਆ ਰਿਜ਼ਲਟ ਹੋਵੇਗਾ , ਜਿਸ ਵਿੱਚ ਹੁਸ਼ਿਆਰ ਤੋਂ ਲੈ ਕੇ ਨਲਾਇਕ ਵਿਦਿਆਰਥੀ ਲਗਭਗ ਸਾਰੇ ਪਾਸ ਹੋਏ।

ਨਤੀਜਿਆਂ ਨੂੰ ਦੇਖ ਕੇ ਇਹ ਲੱਗਦਾ ਹੈ ਕਿ ਪੰਜਾਬ ਦੇ ਵਿਦਿਆਰਥੀ ਹੁਣ ਬਹੁਤ ਹੁਸ਼ਿਆਰ ਹੋ ਗਏ ਹਨ। ਲਗਭਗ ਛੇ ਮਹੀਨੇ ਵਿਦਿਆਰਥੀ ਸਕੂਲ ਗਈ, ਜਿਸ ਦੌਰਾਨ ਹਾਜ਼ਰੀ ਯਕੀਨੀ ਨਹੀਂ ਸੀ ਬਾਕੀ ਸਮੇਂ ਵਿਦਿਆਰਥੀਆਂ ਨੇ ਆਨਲਾਈਨ ਪੜ੍ਹਾਈ ਕੀਤੀ। ਬੋਰਡ ਵੱਲੋਂ ਐਲਾਨੇ ਇਸ ਰਿਜ਼ਲਟ ਕਰਕੇ ਭਵਿੱਖ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਬਹੁਤ ਮਾੜਾ ਅਸਰ ਪੈ ਸਕਦਾ ਹੈ। ਦਿਨ-ਰਾਤ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਇਸ ਰਿਜ਼ਲਟ ਦੇ ਨਾਲ ਖੁਸ਼ ਦਿਖਾਈ ਨਹੀਂ ਦੇ ਰਹੇ।

ਇਸ ਸਬੰਧੀ ਜਦੋਂ ਇੱਕ ਸਕੂਲ ਦੀ ਬਹੁਤ ਹੀ ਹੁਸ਼ਿਆਰ ਵਿਦਿਆਰਥਣ ਰੁਪਾਲੀ, ਜਿਸ ਨੇ ਆਪਣੇ ਸਕੂਲ ਦੇ ਟੈਸਟਾਂ ਵਿੱਚ ਕਦੇ ਵੀ ਕਿਸੇ ਟੈਸਟ ਵਿੱਚੋਂ ਕੋਈ ਅੰਕ ਨਹੀਂ ਕੱਟਣ ਦਿੱਤਾ, ਲਗਭਗ ਹਰ ਸਬਜੈਕਟ ’ਚੋਂ 100% ਪ੍ਰਾਪਤ ਕਰਦੀ ਰਹੀ ਹੈ ਤੇ ਦਸਵੀਂ ਕਲਾਸ ਵਿੱਚੋਂ 100 ਫੀਸਦੀ ਅੰਕ ਪ੍ਰਾਪਤ ਕੀਤੇ ਹਨ, ਨਾਲ ਗੱਲ ਕੀਤੀ ਤਾਂ ਉਸ ਦਾ ਕਹਿਣਾ ਹੈ ਕਿ ਨਤੀਜਾ ਬਿਲਕੁਲ ਗਲਤ ਹੈ।

ਉਸਨੇ ਦੱਸਿਆ ਕਿ ਸਾਡੀ ਕਲਾਸ ਵਿੱਚੋਂ ਚਾਰ-ਪੰਜ ਬੱਚੇ ਹੀ ਕੰਪੀਟੀਸ਼ਨ ਵਿੱਚ ਹੁਸ਼ਿਆਰ ਸੀ ਪਰ 650 ਅੰਕ ਪ੍ਰਾਪਤ ਕਰਨ ਵਾਲੇ ਕਲਾਸ ਵਿੱਚੋਂ ਵੀਹ ਪੱਚੀ ਬੱਚੇ ਹਨ। ਹੁਸ਼ਿਆਰ ਬੱਚਿਆਂ ਦਾ ਇਨ੍ਹਾਂ ਨਤੀਜਿਆਂ ਨੇ ਮਨੋਬਲ ਡੇਗ ਦਿੱਤਾ ਹੈ। ਉਹ ਇਹ ਸੋਚਣ ਲਈ ਮਜ਼ਬੂਰ ਹੋ ਗਏ ਹਨ ਕਿ ਜੇਕਰ ਅਗਲੇ ਸਾਲਾਂ ਦੌਰਾਨ ਇਹ ਅਜਿਹੇ ਹੀ ਨਤੀਜੇ ਆਉਣੇ ਹਨ ਤਾਂ ਦਿਨ-ਰਾਤ ਮਿਹਨਤ ਕਰਕੇ ਪੜ੍ਹਨ ਦਾ ਕੋਈ ਲਾਭ ਨਹੀਂ ਹੋਵੇਗਾ।

ਲਗਭਗ ਪੱਚੀ ਤੀਹ ਫੀਸਦੀ ਬੱਚੇ ਹੀ ਆਨਲਾਈਨ ਕਲਾਸਾਂ ਲਗਾਉਣ ਲਈ ਹਾਜ਼ਰ ਹੁੰਦੇ ਹਨ

ਜਦੋਂ ਇਨ੍ਹਾਂ ਨਤੀਜਿਆਂ ਨੂੰ ਲੈ ਕੇ ਇੱਕ ਨਿੱਜੀ ਸਕੂਲ ਦੇ (ਜਿਸ ਦੇ ਬੱਚੇ ਪਿਛਲੇ ਸਾਲਾਂ ਦੌਰਾਨ ਮੈਰਿਟ ਵਿੱਚ ਆ ਰਹੇ ਹਨ) ਅਧਿਆਪਕ ਜਸਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦਸਵੀਂ ਦੇ ਇਸ ਵਾਰ ਦੇ ਇਹ ਨਤੀਜੇ ਦੇਖ ਕੇ ਬੱਚਿਆਂ ਵਿੱਚ ਪੜ੍ਹਨ ਦੀ ਰੁਚੀ ਖ਼ਤਮ ਹੁੰਦੀ ਜਾ ਰਹੀ ਹੈ ।ਹੁਣ ਲਗਭਗ ਪੱਚੀ ਤੀਹ ਫੀਸਦੀ ਬੱਚੇ ਹੀ ਆਨਲਾਈਨ ਕਲਾਸਾਂ ਲਗਾਉਣ ਲਈ ਹਾਜ਼ਰ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਇਸ ਚੱਲ ਰਹੇ ਸੈਸ਼ਨ ਦੌਰਾਨ ਵੀ ਅਜਿਹਾ ਹੁੰਦਾ ਹੈ ਤਾਂ ਪੜ੍ਹਾਈ ਦਾ ਮਿਆਰ ਡਿੱਗ ਜਾਵੇਗਾ ।ਬੱਚਿਆਂ ਨੂੰ ਦੁਬਾਰਾ ਪੜ੍ਹਾਈ ਨਾਲ ਜੋੜਨਾ ਬਹੁਤ ਔਖਾ ਹੋ ਜਾਵੇਗਾ ਵਿਦਿਆਰਥੀਆਂ ਦਾ ਅਗਲਾ ਭਵਿੱਖ ਧੁੰਦਲਾ ਹੋ ਜਾਵੇਗਾ। ਅਜਿਹੇ ਨਤੀਜਿਆਂ ਨਾਲ ਕੰਪੀਟੀਸ਼ਨ ਟੈਸਟਾਂ ਵਿੱਚ ਵਿਦਿਆਰਥੀ ਸਫਲ ਨਹੀਂ ਹੋ ਸਕਣਗੇ। ਉੱਚ ਕਲਾਸਾਂ ਵਿੱਚ ਪੜ੍ਹਨ ਦੀ ਰੁਚੀ ਖ਼ਤਮ ਹੋ ਜਾਵੇਗੀ।

ਇਸ ਤਰ੍ਹਾਂ ਹੀ ਇੱਕ ਸਕੂਲ ਸੰਚਾਲਕ ਮਾਸਟਰ ਬਲਵਿੰਦਰ ਸਿੰਘ ਨੇ ਗੱਲ ਕਰਨ ’ਤੇ ਕਿਹਾ ਕਿ ਜੇਕਰ ਸਰਕਾਰ ਨੇ ਆਨਲਾਈਨ ਪੜ੍ਹਾਈ ਨਾਲ ਅਜਿਹੇ ਨਤੀਜੇ ਦੇਣੇ ਹਨ ਤਾਂ ਸਕੂਲਾਂ ਦੀ ਕੀ ਲੋੜ ਹੈ ਸਰਕਾਰ ਇਮਾਰਤਾਂ ਅਤੇ ਹੋਰ ਸਾਮਾਨ ’ਤੇ ਵਾਧੂ ਖਰਚਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨਤੀਜੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਬਰਬਾਦੀ ਵੱਲ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਰਿਜ਼ਲਟ ‘ਫੇਕ’ ਹੈ ਹਰ ਪੜ੍ਹਨ ਵਾਲਾ ਵਿਦਿਆਰਥੀ ਆਪਣੇ ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਿਹਾ ਹੈ । ਮਿਸ਼ਨ 100 ਫ਼ੀਸਦੀ ਪਾਸ ਪੰਜਾਬ ਦੀ ਸਿੱਖਿਆ ਦਾ ਬੇੜਾ ਡੋਬ ਕੇ ਰਹੇਗਾ।

ਸਰਕਾਰੀ ਸਕੂਲਾਂ ਵਿੱਚ 10% ਤੋਂ 20% ਬੱਚੇ ਹੀ ਬੜੀ ਮੁਸ਼ਕਲ ਨਾਲ ਆਨਲਾਈਨ ਕਲਾਸਾਂ ਲਾਉਂਦੇ ਹਨ

ਜਦੋਂ ਇਸ ਸਬੰਧੀ ਨਾਂਅ ਨਾ ਛਾਪਣ ਦੀ ਸ਼ਰਤ ’ਤੇ ਇੱਕ ਸਰਕਾਰੀ ਸਕੂਲ ਦੇ ਲੈਕਚਰਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਸਰਕਾਰ ਦੀ ਪਾਲਿਸੀ ਹੈ, ਅਧਿਆਪਕਾਂ ਨੇ ਉਸ ਅਨੁਸਾਰ ਹੀ ਰਿਜ਼ਲਟ ਤਿਆਰ ਕੀਤਾ ਹੈ। ਉਨ੍ਹਾਂ ਵੀ ਇਹ ਗੱਲ ਕਹੀ ਕਿ ਇਸ ਨਾਲ ਪੜ੍ਹਾਈ ਦਾ ਮਿਆਰ ਡਿੱਗੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ 10% ਤੋਂ 20% ਬੱਚੇ ਹੀ ਬੜੀ ਮੁਸ਼ਕਲ ਨਾਲ ਆਨਲਾਈਨ ਕਲਾਸਾਂ ਲਾਉਂਦੇ ਹਨ।ਇਸ ਨਤੀਜੇ ਨਾਲ ਹੁਸ਼ਿਆਰ ਵਿਦਿਆਰਥੀ ਹੀਣ ਭਾਵਨਾ ਦਾ ਸ਼ਿਕਾਰ ਹੋ ਸਕਦਾ ਹੈ ।

ਇੱਕ ਹੋਰ ਅਧਿਆਪਕ ਨੇ ਆਪਣਾ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਇਸ ਵਾਰ ਵੀ ਜ਼ੁਬਾਨੀ ਹੁਕਮ ਹਨ ਕਿ ਪ੍ਰੀ ਬੋਰਡ ਪ੍ਰੀਖਿਆਵਾਂ ’ਚ ਵਿਦਿਆਰਥੀਆਂ ਦੇ ਵੱਧ ਤੋਂ ਵੱਧ ਨੰਬਰ ਲਾਉਣੇ ਹਨ। ਇਸ ਸਬੰਧੀ ਅਧਿਆਪਕ ਮਨਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਨਤੀਜੇ ਨਾਲ ਦੇਸ਼ ਵਿੱਚ ਅਨਪੜ੍ਹ ਡਿਗਰੀਆਂ ਵਾਲੇ ਵਿਦਿਆਰਥੀਆਂ ਦੀ ਭਰਮਾਰ ਹੋ ਜਾਵੇਗੀ।

ਅਜਿਹੇ ਨਤੀਜੇ ਦੇਸ਼ ਨੂੰ ਆਰਥਿਕ ਮੰਦਹਾਲੀ ਵੱਲ ਧੱਕ ਸਕਦੇ ਹਨ

ਇਹ ਨਤੀਜਾ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਤੋਂ ਘੱਟ ਨਹੀਂ ਹੈ। ਅੰਕਾਂ ਦੀ ਅਹਿਮੀਅਤ ਖਤਮ ਹੋ ਜਾਵੇਗੀ। ਅਜਿਹੇ ਨਤੀਜੇ ਦੇਸ਼ ਨੂੰ ਆਰਥਿਕ ਮੰਦਹਾਲੀ ਵੱਲ ਧੱਕ ਸਕਦੇ ਹਨ। ਅੱਜ ਪੰਜਾਬ ਦਾ ਨੌਜਵਾਨ ਰੁਜ਼ਗਾਰ ਲਈ ਬਾਹਰਲੇ ਦੇਸ਼ਾਂ ਵਿੱਚ ਸੈੱਟ ਹੋ ਰਿਹਾ ਹੈ। ਅਜਿਹੇ ‘ਝੂਠੇ’ ਨਤੀਜਿਆਂ ਨਾਲ ਉਨ੍ਹਾਂ ਨੂੰ ਵੀ ਬਰੇਕ ਲੱਗ ਸਕਦੀ ਹੈ ਜੇਕਰ ਬੱਚਿਆਂ ਦੇ ਪੇਪਰ ਲੈ ਕੇ ਨਤੀਜੇ ਘੋਸ਼ਿਤ ਕੀਤੇ ਜਾਣ ਤਾਂ ਸੱਠ ਤੋਂ ਸੱਤਰ ਫ਼ੀਸਦੀ ਬੱਚੇ ਹੀ ਪਾਸ ਹੋਣਗੇ।

punjab school education board : ਬੋਰਡ ਨੂੰ ਸਹੀ ਤਰਾਜੂ ਨਾਲ ਮਾਪ ਕੇ ਹੀ ਨਤੀਜੇ ਐਲਾਨ ਕਰਨੇ ਚਾਹੀਦੇ ਹਨ

ਇਸ ਸਬੰਧੀ ਸਾਹਿਤ ਸਭਿਆਚਾਰ ਮੰਚ ਦਿੜ੍ਹਬਾ ਦੇ ਪ੍ਰਧਾਨ ਗੁਰਮੀਤ ਸਿੰਘ ਖੇਤਲਾ , ਜੋ ਕਿ ਇੱਕ ਅਧਿਆਪਕ ਅਤੇ ਸਕੂਲ ਸੰਚਾਲਕ ਵੀ ਰਹਿ ਚੁੱਕੇ ਹਨ, ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਰਕਾਰ ਨੂੰ ਅਜਿਹੇ ਨਤੀਜੇ ਨਹੀਂ ਬਣਾਉਣੇ ਚਾਹੀਦੇ, ਜਿਸ ਨਾਲ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੁੰਦਾ ਹੈ। ਵਿਦਿਆਰਥੀਆਂ ਦਾ ਭਵਿੱਖ ਹਨੇ੍ਹਰੇ ਵਿੱਚ ਜਾਵੇਗਾ। ਅਜਿਹੇ ਨਤੀਜਿਆਂ ਨਾਲ ਬੱਚਿਆਂ ਵਿੱਚ ਕੰਪੀਟੀਸ਼ਨ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ । ਉਨ੍ਹਾਂ ਕਿਹਾ ਕਿ ਬੋਰਡ ਨੂੰ ਸਹੀ ਤਰਾਜੂ ਨਾਲ ਮਾਪ ਕੇ ਹੀ ਨਤੀਜੇ ਐਲਾਨ ਕਰਨੇ ਚਾਹੀਦੇ ਹਨ। ਸਰਕਾਰ ਨੂੰ ਸਿੱਖਿਆ ਨੀਤੀ ਵਿੱਚ ਸੁਧਾਰ ਕਰਕੇ ਨਤੀਜਿਆਂ ਬਾਰੇ ਮੁੜ ਵਿਚਾਰ ਕਰਨ ਦੀ ਲੋੜ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।