ਜੇ ਨਾ ਸੰਭਲੇ ਤਾਂ ਪਾਣੀ ਦੀ ਬੂੰਦ-ਬੂੰਦ ਨੂੰ ਤਰਸਣਗੇ ਪੰਜਾਬੀ!

Stuck, Then, Punjabi, Crave, Drop, Water!

ਪੰਜਾਬ ‘ਚ ਪੈਦਾ ਹੋਇਆ ਕੋਈ ਵੀ ਇਨਸਾਨ ਇਹ ਕਦੇ ਸੋਚ ਵੀ ਨਹੀਂ ਸਕਦਾ ਕਿ ਉਸ ਨੂੰ ਕਦੇ ਪਾਣੀ ਦੀ ਥੁੜ ਮਹਿਸੂਸ ਹੋਵੇਗੀ ਜਾਂ ਕਦੇ ਉਸ ਨੂੰ ਵੀ ਪਾਣੀ ਦੀ ਬੂੰਦ-ਬੂੰਦ ਲਈ ਤਰਸਣਾ ਪੈ ਸਕਦਾ। ਪਰ ਇਹ ਸੱਚ ਹੈ ਕਿ ਜੇ ਨਾ ਸੰਭਲੇ ਤਾਂ ਪੰਜਾਬੀਆਂ ਨੂੰ ਪਾਣੀ ਦੀ ਬੂੰਦ-ਬੂੰਦ ਲਈ ਤਰਸਣਾ ਪੈ ਸਰਦਾ ਹੈ। ਪੰਜਾਬ ਦੇ ਲੋਕ ਸਦਾ ਖੁੱਲ੍ਹੇ ਸੁਭਾਅ ਨਾਲ ਪਾਣੀ ਦੀ ਵਰਤੋਂ (ਜਾਂ ਕੁਵਰਤੋਂ) ਕਰਦੇ ਆਏ ਹਨ ਪਰ ਹੁਣ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਉਨ੍ਹਾਂ ਨੇ ਪਾਣੀ ਨੂੰ ਸੰਭਲ ਕੇ ਨਾ ਵਰਤਿਆ ਤਾਂ ਆਉਣ ਵਾਲੇ ਸਮੇਂ ‘ਚ ਉਹਨਾਂ ਨੂੰ ਵੀ ਪਾਣੀ ਦੀ ਕਿੱਲਤ ਨਾਲ ਦੋ-ਦੋ ਹੱਥ ਕਰਨੇ ਪੈ ਸਕਦੇ ਹਨ ਕਿਉਂਕਿ ਪੰਜਾਬ ਦੀ ਧਰਤੀ ਅੰਦਰ ਹੁਣ ਸਿਰਫ਼ 18 ਫੀਸਦੀ ਤੋਂ ਵੀ ਘੱਟ ਪੀਣ ਵਾਲਾ ਪਾਣੀ ਬਚਿਆ ਹੈ।

ਹਿੰਦੁਸਤਾਨ ਦੇ ਕਈ ਰਾਜਾਂ ‘ਚ ਪਾਣੀ ਦੀ ਭਾਰੀ ਕਿੱਲਤ ਮਹਿਸੂਸ ਕੀਤੀ ਜਾ ਰਹੀ ਹੈ ਪਿਛਲੇ ਸਾਲ ਸੋਕੇ ਕਾਰਨ ਮਹਾਂਰਾਸ਼ਟਰ ਦੇ ਲਾਤੂਰ ਇਲਾਕੇ ‘ਚ ਲੋਕਾਂ ਨੂੰ ਪੀਣ ਵਾਲਾ ਪਾਣੀ ਰੇਲ ਗੱਡੀਆਂ ਰਾਹੀਂ ਪਹੁੰਚਾਉਣਾ ਪਿਆ ਸੀ ਰਿਪੋਰਟਾਂ ਦੱਸਦੀਆਂ ਹਨ ਕਿ ਦੇਸ਼ ਦੇ ਬਹੁਤੇ ਹਿੱਸਿਆਂ ‘ਚ ਸੋਕਾ ਪੈਣ ਨਾਲ ਸਥਿਤੀ ਬੇਹੱਦ ਖ਼ਰਾਬ ਹੋ ਰਹੀ ਹੈ ਵੇਰਵਿਆਂ ਮੁਤਾਬਿਕ ਦੇਸ਼ ਦੇ ਵੱਡੇ ਜਲ ਭੰਡਾਰਾਂ ‘ਚ ਤੇਜ਼ੀ ਨਾਲ ਪਾਣੀ ਘਟ ਰਿਹਾ ਹੈ ਤੇ 2040 ਤੱਕ ਦੇਸ਼ ਨੂੰ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਨੂੰ ਵੀ ਪਾਣੀ ਦੀ ਘਾਟ ਕਾਰਨ ਔਖੀ ਘੜੀ ਦੇਖਣੀ ਪੈ ਸਕਦੀ ਹੈ। ਪੰਜਾਬ ਦੀ ਕੁੱਲ 2 ਕਰੋੜ 80 ਲੱਖ ਅਬਾਦੀ ਲਈ ਮਾਤਰ 18 ਫੀਸਦੀ ਪੀਣ ਵਾਲਾ ਪਾਣੀ ਬਾਕੀ ਬਚਿਆ ਹੈ। ਸਭ ਤੋਂ ਵੱਧ ਫਿਕਰ ਵਾਲੀ ਗੱਲ ਇਹ ਹੈ ਕਿ ਹਰ ਸਾਲ ਪਾਣੀ ਦਾ ਪੱਧਰ 2 ਫੁੱਟ ਤੋਂ ਵੱਧ ਥੱਲੇ ਜਾ ਰਿਹਾ ਹੈ। ਇਹਨਾਂ ਤੱਥਾਂ ਦੀ ਪੁਸ਼ਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੁਆਲੋਜੀ ਵਿਭਾਗ ਵੱਲੋਂ ਵੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਮਸ਼ੀਨਰੀ ‘ਤੇ ਸਬਸਿਡੀ ਲਈ ਫਾਰਮ ਭਰਨ ਦੀ ਆਖਰੀ ਤਰੀਕ ‘ਚ ਵਾਧਾ

ਪੰਜਾਬ ਤੇ ਹਰਿਆਣਾ ਵਰਗੇ ਪਾਣੀ ਦੀ ਬਹੁਤਾਤ ਵਾਲੇ ਰਾਜਾਂ ‘ਚ ਭਾਵੇਂ ਅੱਜ ਦੀ ਤਰੀਕ ‘ਚ ਡੂੰਘੇ ਸਬਮਰਸੀਬਲ ਪੰਪਾਂ ਦੀ ਮੱਦਦ ਨਾਲ ਪੀਣ ਲਈ ਤੇ ਸਿੰਚਾਈ ਲਈ ਪਾਣੀ ਮਿਲ ਤਾਂ ਜ਼ਰੂਰ ਰਿਹਾ ਹੈ, ਪਰ ਜਿਸ ਤੇਜ਼ੀ ਨਾਲ ਇਨ੍ਹਾਂ ਖੇਤੀ ਪ੍ਰਧਾਨ ਸੂਬਿਆਂ ‘ਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਦਿਨ-ਬ-ਦਿਨ ਡੂੰਘਾ ਹੋ ਰਿਹਾ ਹੈ, ਜਿਸ ਲਾਪ੍ਰਵਾਹੀ ਨਾਲ ਪੰਜਾਬ ‘ਚ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ, ਜਿਵੇਂ ਇੱਥੇ ਮੀਂਹਾਂ ਦੇ ਪਾਣੀ ਨੂੰ ਸੰਭਾਲਣ ਲਈ ਖ਼ਾਸ ਤਰੱਦਦ ਨਹੀਂ ਕੀਤਾ ਜਾ ਰਿਹਾ।

ਪਾਣੀ ਦੇ ਜ਼ਮੀਨੀ ਪੱਧਰ ਨੂੰ ਬਰਕਰਾਰ ਰੱਖਣ ਲਈ ਟੋਭਿਆਂ, ਛੱਪੜਾਂ ਤੇ ਤਲਾਬਾਂ ਦੀ ਸਫ਼ਾਈ ਨਹੀਂ ਕੀਤੀ ਜਾ ਰਹੀ ਤੇ ਸੀਵਰੇਜ ਦੇ ਪਾਣੀ ਨੂੰ ਵਰਤਣ ਲਈ ਤਜਵੀਜ਼ਾਂ ਨਹੀਂ ਬਣਾਈਆਂ ਜਾ ਰਹੀਆਂ ਉਸ ਕਾਰਨ ਉਹ ਦਿਨ ਦੂਰ ਨਹੀਂ ਜਦੋਂ ਇਨ੍ਹਾਂ ਸੂਬਿਆਂ ਦੇ ਵਸਨੀਕ ਵੀ ਪਾਣੀ ਦੀ ਬੂੰਦ-ਬੂੰਦ ਨੂੰ ਤਰਸਣ ਲਈ ਮਜਬੂਰ ਹੋ ਜਾਣਗੇ ਪੰਜਾਬ ਬਾਰੇ ਅੰਕੜੇ ਦੱਸਦੇ ਹਨ ਕਿ ਸੂਬੇ ਦੇ ਕਰੀਬ 115 ਬਲਾਕਾਂ ਦੇ ਪਾਣੀ ਦਾ ਜ਼ਮੀਨੀ ਪੱਧਰ ਅਤਿਅੰਤ ਡੂੰਘਾ ਹੋ ਜਾਣ ਕਾਰਨ ਹਾਲਤ ਬੇਹੱਦ ਗੰਭੀਰ ਹੋ ਚੁੱਕੇ ਹਨ।

ਪੰਜਾਬੀਆਂ ਦੀ ਇਹ ਪ੍ਰਾਪਤੀ ਕਹਿ ਲਈ ਜਾਵੇ ਜਾਂ ਮਜ਼ਬੂਰੀ ਕਿ ਪਿਛਲੇ ਕਈ ਦਹਾਕਿਆਂ ਤੋਂ ਸੂਬੇ ‘ਚ ਮੀਹਾਂ ਦੀ ਬਹੁਤਾਤ ਵਾਲੇ ਇਲਾਕਿਆਂ ‘ਚ ਹੋਣ ਵਾਲੀ ਫ਼ਸਲ ‘ਝੋਨਾ’ ਲਾਉਣ ਦਾ ਸਿਲਸਿਲਾ ਬੇਰੋਕ ਚੱਲ ਰਿਹਾ ਹੈ ਤੇ ਇਸ ਫ਼ਸਲ ਨੂੰ ਪਾਲਣ ਲਈ ਪੰਜਾਬੀ ਲੋਕ ਪਤਾਲ ਤੱਕ ਪਹੁੰਚ ਕੇ ਜ਼ਮੀਨੀ ਪਾਣੀ ਦਾ ਆਖ਼ਰੀ ਕਤਰਾ ਤੱਕ ਬਾਹਰ ਕੱਢ ਦੇਣ ਲਈ ਬਜ਼ਿਦ ਹੋਏ ਪਏ ਹਨ ਨਰਮਾ ਪੱਟੀ ਤੇ ਰੇਤਲੇ ਟਿੱਬਿਆਂ ਵਾਲੀ ਬਠਿੰਡਾ ਮਾਨਸਾ ਵਰਗੀ ਧਰਤੀ ਵੀ ਪੱਧਰੀ ਕਰਕੇ ਝੋਨਾ ਉਗਾਉਣ ਵਾਲੇ ਪੰਜਾਬੀ ਭਾਵੇਂ ਇਸ ਦਾ ਬਦਲ ਭਾਲਦੇ ਹਨ ਪਰੰਤੂ ਖੇਤੀਬਾੜੀ ਮਾਹਿਰਾਂ ਤੇ ਸਰਕਾਰਾਂ ਵੱਲੋਂ ਸੂਬੇ ‘ਚ ਕਣਕ-ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਦਾ ਅਜੇ ਢੁੱਕਵਾਂ ਬਦਲ ਨਹੀਂ ਲੱਭਿਆ ਜਾ ਸਕਿਆ ਇਸ ਸੂਬੇ ਦੇ ਲੋਕ ਕੁਦਰਤ ਦੀ ਇਸ ਦਾਤ ਪ੍ਰਤੀ ਏਨੇ ਅਵੇਸਲੇ ਇਸ ਕਰਕੇ ਵੀ ਹਨ, ਕਿਉਂਕਿ ਪੰਜਾਬ ‘ਚ ਜਨਮ ਲੈਣ ਵਾਲੇ ਕਿਸੇ ਬੰਦੇ ਨੇ ਅਜੇ ਏਥੇ ਰਹਿ ਕੇ ਪਾਣੀ ਦੀ ਕਮੀ ਨੂੰ ਨਹੀਂ ਭੋਗਿਆ।

ਇਹ ਵੀ ਪੜ੍ਹੋ : ਜਨਤਾ ਦੇ ਪੈਸੇ ਦੀ ਦੁਰਵਰਤੋਂ

ਕਈ ਨਗਰ ਨਿਗਮਾਂ ਤੇ ਨਗਰ ਕੌਂਸਲਾਂ ‘ਚ ਪਾਣੀ ਦੀਆਂ ਟੈਂਕੀਆਂ ਦੀ ਘਾਟ ਹੋਣ ਕਾਰਨ ਸਿੱਧੇ ਟਿਊਬਵੈੱਲਾਂ ਰਾਹੀਂ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਹੈ। ਜਿਸ ਨਾਲ ਕਿਸੇ ਨੂੰ ਪਾਣੀ ਦੀ ਲੋੜ ਹੈ ਜਾਂ ਨਹੀਂ ਟਿਊਬਵੈੱਲ ਲਗਾਤਾਰ ਚਲਦੇ ਰਹਿੰਦੇ ਹਨ ਜਿਹਨਾਂ ਰਾਹੀਂ ਵੱਡੀ ਮਾਤਰਾ ‘ਚ ਪਾਣੀ ਬਰਬਾਦ ਹੁੰਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੂਰੇ ਪੰਜਾਬ ‘ਚ ਇਹ ਯਕੀਨੀ ਬਣਾਵੇ ਕਿ ਪਾਣੀ ਦੀ ਸਪਲਾਈ ਪਾਣੀ ਦੀਆਂ ਟੈਂਕੀਆਂ ਰਾਹੀਂ ਹੋਵੇ। ਪਹਿਲੇ ਸਮੇਂ ‘ਚ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਮੀਂਹ ਦਾ ਪਾਣੀ ਧਰਤੀ ਅੰਦਰ ਜਾ ਕੇ ਇਸ ਦੀ ਕਮੀ ਪੂਰੀ ਕਰ ਦਿੰਦਾ ਸੀ ਪੰ੍ਰਤੂ ਇਸ ਸਮੇਂ ਪਾਣੀ ਦਾ ਪੱਧਰ ਇੰਨਾ ਨੀਵਾਂ ਹੈ ਕਿ ਉੱਥੋਂ ਤੱਕ ਮੀਂਹ ਦਾ ਪਾਣੀ ਨਹੀਂ ਜਾ ਸਕਦਾ।

ਅੱਜ-ਕੱਲ੍ਹ ਕਈ ਪਿੰਡਾਂ ‘ਚ ਛੱਪੜ ਭਰ ਕੇ ਪਾਰਕਾਂ ਬਣਾ ਦਿੱਤੀਆਂ ਹਨ। ਕਈ ਛੱਪੜਾਂ ‘ਤੇ ਨਜ਼ਾਇਜ ਕਬਜੇ ਹੋ ਕੇ ਉਸਾਰੀਆਂ ਖੜ੍ਹੀਆਂ ਹੋ ਗਈਆਂ ਹਨ ਪੰ੍ਰਤੂ ਜੇਕਰ ਪਿੰਡਾਂ ‘ਚ ਜੰਗੀ ਪੱਧਰ ‘ਤੇ ਛੱਪੜ ਬਣਾਏ ਜਾਣ ਤਾਂ ਇਹਨਾਂ ਨਾਲ ਕਈ ਆਰਥਿਕ ਲਾਭ ਤਾਂ ਹੋਣਗੇ ਹੀ ਪਾਣੀ ਦਾ ਪੱਧਰ ਵੀ ਉੱਚਾ ਹੋਵੇਗਾ। ਪੰਜਾਬ ਦੇ ਰਾਵੀ, ਬਿਆਸ ਤੇ ਸਤਲੁਜ ਦਰਿਆਵਾਂ ਨਾਲ ਲੱਗਦੇ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਠੀਕ ਚੱਲ ਰਿਹਾ ਹੈ। ਇਸ ਸਮੇਂ ਪੰਜਾਬ ਅਜੇਹੀ ਸਥਿਤੀ ਵਿੱਚ ਹੈ ਜਿੱਥੇ ਜੇਕਰ ਸਰਕਾਰ ਤੇ ਲੋਕ ਮਿਲ ਕੇ ਹੰਬਲਾ ਮਾਰਨ ਤਾਂ ਪੰਜਾਬ ਨੂੰ ਪਾਣੀ ਦੀ ਘਾਟ ਦੇ ਸਕੰਟ ਤੋਂ ਬਚਾਇਆ ਜਾ ਸਕਦਾ ਹੈ। ਇਸ ਸਬੰਧ ਵਿੱਚ ਹਰ ਇੱਕ ਦੇ ਸਹਿਯੋਗ ਦੀ ਲੋੜ ਹੈ।

ਅੱਜ ਸਾਨੂੰ ਪਾਣੀ ਬਚਾਉਣ ਲਈ ਆਪਣੀਆਂ ਆਦਤਾਂ ਵੀ ਬਦਲਣੀਆਂ ਪੈਣੀਆਂ ਹਨ। ਸਰਕਾਰਾਂ, ਸਮਾਜਿਕ ਸੰਸਥਾਵਾਂ ਨੂੰ ਵੀ ਸੋਚਣਾ ਪਵੇਗਾ ਕਿ ਜੇਕਰ ਅਸੀਂ ਅੱਜ ਪਾਣੀ ਦੀ ਸੰਭਾਲ ਪ੍ਰਤੀ ਜਾਗਰੂਕ ਨਾ ਹੋਏ ਤਾਂ ਕੱਲ੍ਹ ਨੂੰ ਸਾਡਾ ਹਸ਼ਰ ਵੀ ਮਹਾਰਾਸ਼ਟਰ ਦੇ ਲਾਤੂਰ ਜਿਹਾ ਹੋ ਸਕਦਾ ਹੈ। ਪੰਜਾਬ ‘ਚ ਪਾਣੀ ਦੀ ਬਹੁਲਤਾ ਵਾਲੀ ਸੋਚ ਤੋਂ ਹਟ ਕੇ ਇਸ ਦੀ ਘਾਟ ਬਾਰੇ ਸੋਚਣਾ ਪਵੇਗਾ। ਸਭ ਤੋਂ ਵੱਡੀ ਚੁਣੌਤੀ ਸਰਕਾਰਾਂ ਤੇ ਖੇਤੀ ਮਾਹਿਰਾਂ ਲਈ ਹੈ ਕਿਉਂਕਿ ਜਦੋਂ ਤੱਕ ਉਹ ਝੋਨੇ ਦਾ ਕੋਈ ਹੋਰ ਲਾਹੇਵੰਦ ਬਦਲ ਨਹੀਂ ਖੋਜਦੇ ਪੰਜਾਬੀਆਂ ਨੇ ਝੋਨੇ ਲਈ ਪਤਾਲ ਤੱਕ ਪਾਣੀ ਦਾ ਪਿੱਛਾ ਨਹੀਂ ਛੱਡਣਾ। (Water)