ਨਾਨਕਿਆਂ ਦਾ ਪਿੰਡ

ਨਾਨਕਿਆਂ ਦਾ ਪਿੰਡ

ਗਰਮੀ ਦੀਆਂ ਛੁੱਟੀਆਂ ਹੁੰਦਿਆਂ ਹੀ ਇੱਕ ਚਾਅ ਜਿਹਾ ਚੜ੍ਹ ਜਾਂਦਾ। ਪਹਿਲੀ ਛੁੱਟੀ ਤੋਂ ਹੀ ਸਕੂਲ ਦਾ ਦਿੱਤਾ ਕੰਮ ਨਿਬੇੜਨਾ ਸ਼ੁਰੂ ਕਰ ਦਿੰਦੇ ਅਤੇ ਚਾਰ-ਪੰਜ ਦਿਨਾਂ ਵਿਚ ਹੀ ਉਰਲ-ਪਰਲ ਜਾ ਕਰਕੇ ਕੰਮ ਪੂਰਾ ਕਰਦਿਆਂ ਬਸਤੇ ਦਾਦੀ ਦੀ ਪੇਟੀ ਉੱਪਰ ਰੱਖ ਕੇ ਮਾਂ ਦੇ ਸਰ੍ਹਾਣੇ ਨਾਨਕੇ ਜਾਣ ਨੂੰ ਤਿਆਰ ਹੋ ਕੇ ਖੜ੍ਹ ਜਾਂਦੇ। ਬਾਪੂ ਹੌਲੀ-ਹੌਲੀ ਜਾਣ ਦੀ ਪ੍ਰਵਾਨਗੀ ਦਿੰਦਾ ਤੇ ਅਸੀਂ ਦੋਵੇਂ ਭਰਾ ਨਾਨਕਿਆਂ ਨੂੰ ਜਾਣ ਲਈ ਤਿਆਰ ਹੋ ਜਾਂਦੇ। ਟੁੱਟਵਾਂ ਸਫ਼ਰ ਕਈ ਬੱਸਾਂ ਬਦਲਣੀਆਂ ਪੈਂਦੀਆਂ ਤੇ ਰਸਤੇ ਵਿੱਚ ਅਸੀਂ ਮਾਤਾ ਨੂੰ ਭਾਂਤ-ਭਾਂਤ ਦੀਆਂ ਚੀਜ਼ਾਂ ਦਿਵਾਉਣ ਲਈ ਤੰਗ-ਪ੍ਰੇਸ਼ਾਨ ਕਰਦੇ ਸ਼ਾਮ ਤੱਕ ਅਸੀਂ ਮਸਤੂਆਣਾ ਸਾਹਿਬ ਪਹੁੰਚ ਜਾਂਦੇ।

ਇੱਥੋਂ ਦੋ ਕਿਲੋਮੀਟਰ ਦੂਰ ਤੁਰ ਕੇ ਜਾਣਾ ਪੈਂਦਾ ਸੀ ਮੇਰੇ ਨਾਨਕੇ ਪਿੰਡ ਲਿੱਦੜਾਂ। ਸਫਰ ਸੁੰਨਸਾਨ ਸ਼ਾਮ ਦਾ ਵੇਲਾ ਕਦੇ-ਕਦਾਈਂ ਕੋਈ ਟਰੈਕਟਰ ਜਾਂ ਬਲਦ ਰੇਹੜੀ ਵਾਲਾ ਮਿਲ ਜਾਂਦਾ ਤਾਂ ਉਹ ਝੱਟ ਕਹਿ ਦਿੰਦਾ, ‘‘ਛਿੰਦਰ ਬੈਠ ਜਾ ਭੈਣ ਮੈਂ ਛੱਡ ਦਿੰਦਾ ਹਾਂ।’’ ਉਸ ਸਮੇਂ ਕੋਈ ਫ਼ੋਨ ਅਤੇ ਮੋਟਰਸਾਈਕਲ ਆਦਿ ਨਹੀਂ ਸੀ ਹੁੰਦਾ ਬੱਸ ਇੱਕ ਸਾਈਕਲ ਦਾ ਸਾਧਨ ਸੀ ਤੇ ਕਿਸੇ-ਕਿਸੇ ਘਰ ਕੋਲ ਹੀ ਟਰੈਕਟਰ ਹੁੰਦਾ। ਸ਼ਾਮ ਨੂੰ ਮੂੰਹ-’ਨ੍ਹੇਰੇ ਜੇ ਹੁੰਦਿਆਂ ਹੀ ਅਸੀਂ ਨਾਨਕੇ ਪਹੁੰਚ ਜਾਂਦੇ। ਨਾਨੀ ਖ਼ੁਸ਼ੀ ਵਿੱਚ ਖੀਵੀ ਹੋ ਜਾਂਦੀ ਮਾਮਾ, ਮਾਸੀਆਂ, ਮਾਮੀ ਤੋਂ ਚਾਅ ਨਾ ਚੱਕਿਆ ਜਾਂਦਾ ਤੇ ਉਸੇ ਰਾਤ ਹੀ ਦੁੱਧ ਵਿੱਚ ਸੇਵੀਆਂ ਚੁੱਲੇ੍ਹ ’ਤੇ ਰੱਖ ਦਿੱਤੀਆਂ ਜਾਂਦੀਆਂ ਤੇ ਅਸੀਂ ਰੱਜ ਕੇ ਖਾ-ਪੀ ਕੇ ਸੌਂ ਜਾਂਦੇ।

ਦਿਨ ਚੜ੍ਹਦਿਆਂ ਹੀ ਅਸੀਂ ਸਾਡੇ ਮਿੱਤਰਾਂ ਰਿੰਕੂ, ਲੀਲੀ, ਬੱਬੀ, ਬੂਸ਼ਾ, ਘੁੱਗੀ ਇਨ੍ਹਾਂ ਦੇ ਘਰ ਜਾਂਦੇ ਅਤੇ ਸਿਖਰ ਦੁਪਹਿਰੇ ਮੁੜਦੇ ਦਿਨ ਦਾ ਪਤਾ ਹੀ ਨਾ ਲੱਗਦਾ ਦੁਪਹਿਰੇ ਅਸੀਂ ਗੋਲਗੱਪੇ ਅਤੇ ਕੁਲਫੀਆਂ ਖਾਣ ਦਾ ਜੁਗਾੜ ਕਣਕ ਵੇਚ ਕੇ ਕਰ ਲੈਦੇ। ਤਿੰਨਾਂ ਮਾਸੀਆਂ ਵਿੱਚੋਂ ਕੋਈ ਨਾ ਕੋਈ ਮਾਸੀ ਕਣਕ ਦਾ ਡੌਂਗਾ ਭਰ ਕੇ ਦੇ ਦਿੰਦੀ ਤੇ ਫਿਰ ਅਸੀਂ ਦੁਕਾਨ ਤੋਂ ਖਿੱਲਾਂ ਪਕੌੜੀਆਂ ਦੇ ਲਫਾਫੇ ਭਰ ਕੇ ਲੈ ਆਉਂਦੇ। ਅੱਜ ਅਚਾਨਕ ਨਾਨਕੇ ਪਿੰਡ ਦੀ ਯਾਦ ਤਾਂ ਆ ਗਈ ਜਦੋਂ ਮੈਂ ਮੇਰੀ ਵੱਡੀ ਬੇਟੀ ਦੇ ਆਈਲੈਟਸ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਡੱਬਾ ਦੇਣ ਲਈ ਗਿਆ ਤਾਂ ਰਸਤੇ ਵਿੱਚ ਜਾਂਦਿਆਂ ਮੈਂ ਮੇਰੀ ਬੇਟੀ ਨੂੰ ਮੇਰੇ ਨਾਨਕਿਆਂ ਦੀ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ।

ਉਹ ਪੁੱਛਦੀ ਗਈ ਤੇ ਅਸੀਂ ਪੁਰਾਣੀਆਂ ਯਾਦਾਂ ਦੀ ਗਹਿਰਾਈ ਵਿਚ ਹੋਰ ਡੂੰਘੇ ਹੁੰਦੇ ਗਏ। ਉਹ ਕਹਿੰਦੀ, ‘‘ਇੰਨੇ-ਇੰਨੇ ਦਿਨ ਤੁਸੀਂ ਕਿਵੇਂ ਨਾਨਕਿਆਂ ਦੇ ਘਰ ਰਹਿ ਜਾਂਦੈ?’’ ਮੈਂ ਉਸਦੇ ਸੁਆਲਾਂ ਦਾ ਜੁਆਬ ਦਿੰਦਾ ਤੇ ਉਹ ਅੱਖਾਂ ਵਿੱਚੋਂ ਅੱਥਰੂ ਸੁੱਟਦੀ ਅਗਲੇ ਸਵਾਲ ਦਾ ਜਵਾਬ ਉਡੀਕਣ ਲੱਗਦੀ। ਰਿੰਕੂ, ਲੀਲੀ ਨਾਲ ਬਚੀ ਮਾਸੀ ਦੇ ਵਿਆਹ ਸਮੇਂ ਦੀ ਹੋਈ ਲੜਾਈ ਦੇ ਬਿਰਤਾਂਤ ਨੇ ਤਾਂ ਇੱਕ ਵਾਰ ਉਸ ਨੂੰ ਰੁਆ ਹੀ ਦਿੱਤਾ ਕਿੰਨਾ ਹੀ ਸਮਾਂ ਅਸੀਂ ਚਾਰੇ ਜਣੇ ਆਪਸ ਵਿੱਚ ਲੜਦੇ ਰਹੇ ਅਤੇ ਦੁਪਹਿਰੇ ਖੂਨੋ-ਖੂਨ ਹੋ ਕੇ ਘਰ ਪਹੁੰਚੇ ਨਾਨੀ ਸਾਡੀ ਨੇ ਉਲ੍ਹਾਂਭਿਆਂ ਦੀ ਝੜੀ ਲਾ ਦਿੱਤੀ।

ਮੱਠੀਆਂ, ਗੁਲਗੁਲੇ, ਮਾਲਪੂੜੇ, ਖੀਰ, ਸੇਵੀਆਂ, ਮਿੱਠੀਆਂ ਰੋਟੀਆਂ ਆਦਿ ਪਕਵਾਨ ਰੋਜ਼ਾਨਾ ਦਾ ਕੰਮ ਹੁੰਦਾ ਤੇ ਦੁਪਹਿਰ ਸਮੇਂ ਪਾਣੀ ਹੱਥ ਦੀਆਂ ਰੋਟੀਆਂ ਦਾ ਸਵਾਦ ਹੀ ਵੱਖਰਾ ਹੁੰਦਾ। ਫਿਰ ਸਾਰੇ ਦਰੱਖਤਾਂ ਹੇਠਾਂ ਮੰਜੇ ਡਾਹ ਕੇ ਪੱਗਾਂ ਲੈ ਕੇ ਸੌਂ ਜਾਂਦੇ ਤੇ ਸ਼ਾਮੀ ਚਾਰ ਵਜੇ ਤੱਕ ਉੱਠਦੇ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਜਦੋਂ ਬੰਦ ਘਰਾਂ ਤੋਂ ਬਾਹਰ ਨਿੱਕਲ ਕੇ ਖੁੱਲ੍ਹੀ ਹਵਾ ਦਾ ਆਨੰਦ ਮਾਣਦੇ।

ਅੱਜ ਨਾਨੀ ਜੀ ਨਹੀਂ ਰਹੇ, ਮਾਸੀਆਂ ਦੇ ਵਿਆਹ ਹੋ ਗਏ, ਮਾਮੇ ਦੇ ਮੁੰਡੇ ਵਿਦੇਸ਼ ਚਲੇ ਗਏ ਉਹ ਘਰ ਜਿਸ ਵਿੱਚ ਜਾਣ ਦੀ ਤਾਂਘ ਛੁੱਟੀਆਂ ਤੋਂ ਪਹਿਲਾਂ ਹੀ ਮਨ ਵਿਚ ਇੱਕ ਉਮੰਗ ਦੀ ਤਰ੍ਹਾਂ ਜਾਗ ਜਾਂਦੀ ਸੀ, ਉਹ ਘਰ ਸੁੰਨਾ-ਸੁੰਨਾ ਜਿਹਾ ਲੱਗਦਾ ਹੈ। ਜਦੋਂ ਅਸੀਂ ਗੱਡੀ ਅੰਦਰ ਲਾਉਣ ਵਾਸਤੇ ਗੇਟ ਖੋਲ੍ਹਿਆ ਤਾਂ ਮਾਮਾ ਮੱਝਾਂ ਨੂੰ ਪੱਠੇ ਪਾ ਰਿਹਾ ਸੀ ਸਾਡੀ ਮਾਮੀ ਏ.ਸੀ. ਵਾਲੇ ਕਮਰੇ ਵਿੱਚ ਬੈਠੀ ਇਕੱਲੀ ਸ਼ਾਮ ਦੀ ਰੋਟੀ ਦਾ ਪ੍ਰਬੰਧ ਕਰ ਰਹੀ ਸੀ।

ਉਹ ਘਰ ਜਿੱਥੇ ਕੁਰਬਲ-ਕੁਰਬਲ ਹੁੰਦੀ ਸੀ, ਅੱਜ ਸ਼ਾਂਤ ਹੋ ਗਿਆ ਸੀ। ਕਿੰਨਾ ਸਮਾਂ ਮੈਂ ਉਹ ਥਾਂ ਤੱਕਦਾ ਰਿਹਾ ਜਿੱਥੇ ਬੈਠ ਕੇ ਮੇਰੀ ਨਾਨੀ ਸਾਡੇ ਲਈ ਖੀਰ ਪੂੜੇ ਬਣਾਉਂਦੀ ਹੁੰਦੀ ਸੀ। ਨਾਨੀ ਤਾਂ ਭਾਵੇਂ ਨਹੀਂ ਰਹੀ ਸੀ ਪਰ ਉਸ ਦੀ ਯਾਦ, ਮਿਲਣ ਦੀ ਤਾਂਘ ਨਾਲ ਇੰਜ ਮਹਿਸੂਸ ਹੁੰਦਾ ਸੀ ਜਿਵੇਂ ਉਹ ਮੇਰੇ ਅੰਦਰ ਹੀ ਹੋਵੇ ਤੇ ਕਹਿ ਰਹੀ ਹੋਵੇ, ਬੱਬੀ ਜਾਂਦਾ ਹੋਇਆ ਮੱਠੀਆਂ ਲੈ ਕੇ ਜਾਵੀਂ, ਤੇ ਮੈਂ ਰੋਣਾ ਸ਼ੁਰੂ ਕਰ ਦਿੰਦਾ।
ਹੁਣ ਰਿੰਕੂ ਤੇ ਲੀਲੀ ਵੀ ਆਪੋ-ਆਪਣੀਆਂ ਨੌਕਰੀਆਂ ’ਤੇ ਚਲੇ ਗਏ, ਘੁੱਗੀ ਸੜਕ ਦੇ ਖੂੰਜੇ ’ਤੇ ਨਿੱਕੀ ਜਿਹੀ ਦੁਕਾਨ ਕਰਨ ਲੱਗ ਪਿਆ, ਬਾਕੀ ਸਾਥੀ ਆਪੋ-ਆਪਣੇ ਕੰਮਾਂ ਵਿੱਚ ਉਲਝ ਗਏ ਜਿਨ੍ਹਾਂ ਦੀ ਪਹਿਚਾਣ ਕਰਨੀ ਵੀ ਔਖੀ ਹੋ ਗਈ ਹੈ। ਨਾਨਕੇ ਪਿੰਡ ਜਾਣ ਦੀ ਤਾਂਘ ਅੱਜ ਵੀ ਉਨੀ ਹੀ ਹੈ ਜਿੰਨੀ ਬਚਪਨ ਵਿੱਚ ਸੀ, ਬੱਸ ਆਧੁਨਿਕੀਕਰਨ ਨੇ ਪੁਰਾਣੇ ਸਮਿਆਂ ਦੇ ਲਾਡ-ਪਿਆਰ ਖਤਮ ਕਰ ਦਿੱਤੇ ਪਰ ਨਾਨਕਿਆਂ ਦੀ ਤਾਂਘ ਅੱਜ ਵੀ ਹੈ।

ਅਮਨਦੀਪ ਸ਼ਰਮਾ,
ਗੁਰਨੇ ਕਲਾਂ, ਮਾਨਸਾ।
9876074055

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ