ਘੱਗਰ ਦਰਿਆ ਦੇ ਹੜਾਂ ਦੀ ਸਥਿਤੀ ਹੋਰ ਵੀ ਗੁੰਝਲਦਾਰ

ਆਬਾਦੀਆਂ ਅਤੇ ਨਵੇਂ ਇਲਾਕੇ ਆਏ ਲਪੇਟ ਵਿੱਚ

ਘੱਗਰ ਦੀ ਗਰਾਊਂਡ ਰਿਪੋਰਟ

ਮੋਹਨ ਸਿੰਘ, ਮੂਣਕ

ਖਨੌਰੀ ਵਿਖੇ ਆਰ.ਡੀ. 460 ਤੇ ਲੱਗੇ ਮਾਪ ਅਨੁਸਾਰ ਭਾਵੇਂ ਪਿਛਲੇ ਚੌਵੀ ਘੰਟਿਆਂ ਵਿੱਚ ਪਾਣੀ ਦਾ ਪੱਧਰ ਇੱਕ ਫੁੱਟ ਘਟ ਗਿਆ ਹੈ ਪਰ ਮੂਣਕ ਇਲਾਕੇ ਵਿੱਚ ਘੱਗਰ ਦਰਿਆ ਦੇ ਹੜਾਂ ਦੀ ਸਥਿਤੀ ਹੋਰ ਵੀ ਗੁੰਝਲਦਾਰ  ਬਣ ਗਈ ਹੈ ਘੱਗਰ ਦਰਿਆ ਤੇ ਪਏ ਪਾੜ ਨੂੰ ਪੂਰਨ ਦਾ ਕੰਮ ਪ੍ਰਸ਼ਾਸਨ ਵੱਲੋਂ ਜੰਗੀ ਪੱਧਰ ਤੇ ਸ਼ੁਰੂ ਕੀਤਾ ਹੋਇਆ ਹੈ ਪਰ 70 ਫੁੱਟ ਦੇ ਕਰੀਬ ਪਾੜ ਵਿੱਚੋਂ ਪਾਣੀ ਤੇਜ਼ੀ ਨਾਲ ਨਿੱਕਲ ਕੇ ਖੇਤਾਂ ਵੱਲ ਜਾ ਰਿਹਾ ਹੈ ਅਤੇ ਅੱਜ ਹੋਰ ਨਵੇਂ ਇਲਾਕਿਆਂ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ

ਮੌਜ਼ੂਦਾ ਸਥਿਤੀ ਇੰਨੀ ਭਿਆਨਕ ਹੋ ਗਈ ਹੈ ਕਿ ਘੱਗਰ ਦਰਿਆ ਦਾ ਪਾਣੀ ਮੂਣਕ, ਅਤੇ ਹਮੀਰਗੜ੍ਹ ਵਗੈਰਾ ਦੇ ਖੇਤਾਂ ਵੱਲ ਤੇਜ਼ੀ ਨਾਲ ਵਧ ਰਿਹਾ ਹੈ ਇਸ ਪਾਣੀ ਦੀ ਪਿੰਡ ਭਾਠੂਆਂ ਤੋਂ ਮੂਣਕ ਜਾਂ ਰਜਵਾਹੇ ਨਾਲ ਡਾਫ ਲਾ ਕੇ ਉਪਰੋਕਤ ਤਿੰਨ ਪਿੰਡਾਂ ਦੇ ਖੇਤਾਂ ਤੋਂ ਇਲਾਵਾ ਆਬਾਦੀਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਜਦੋਂ ਤੱਕ 745 ਫੁੱਟ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਇਲਾਕੇ ਦੇ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲ ਸਕਦੀ ਕਿਉਂਕਿ ਘੱਗਰ ਦਰਿਆ ਦੇ ਨਾਲ ਲਗਦੇ ਖੇਤਾਂ ਦੀ ਧਰਤੀ ਦੇ ਪੱਧਰ ਤੋਂ ਤਕਰੀਬਨ ਚਾਰ ਫੁੱਟ ਉਚਾ ਪਾਣੀ ਚੰਲ ਰਿਹਾ ਹੈ ਘੱਗਰ ਦਰਿਆ ਦੇ ਪਾਣੀ ਨਾਲ ਕਿਸੇ ਸਮੇਂ ਵੀ ਪਾਤੜਾਂ ਮੂਣਕ ਸੜਕ ਬੰਦ ਹੋ ਸਕਦੀ ਹੈ

ਮੂਣਕ ਵਿਖੇ ਇੱਕ ਦਰਜ਼ਨ ਤੋਂ ਵੱਧ ਘੱਗਰ ਦਰਿਆ ਦਾ ਪਾਣੀ ਲੋਕਾਂ ਦੇ ਘਰਾਂ, ਨਵੇਂ ਬੱਸ ਸਟੈਂਡ, ਟਰੱਕ ਯੁਨੀਅਨ ਅਤੇ ਯੂਨੀਵਰਸਿਟੀ ਕਾਲਜ ਮੂਣਕ ਆਦਿ ਨੂੰ ਪ੍ਰਭਾਵਿਤ ਕਰ ਦਿਤਾ ਹੈ ਇਸੇ ਤਰ੍ਹਾਂ ਹਮੀਰਗੜ੍ਹ ਵਿਖੇ ਬਚਪਨ ਪਬਲਿਕ ਸਕੂਲ ਅਤੇ ਭੂੰਦੜ ਭੈਣੀ ਵਿਖੇ ਬਿਆਸ ਸਤਿਸੰਗੀ ਭਵਨ ‘ਚ ਵੀ ਘੱਗਰ ਦਾ ਪਾਣੀ ਦਾਖ਼ਲ ਹੋ ਚੁੱਕਿਆ ਹੈ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਵੱਡੇ ਪੱਧਰ ਤੇ ਸ਼ੁਰੂ ਕੀਤੇ ਜਾ ਰਹੇ ਹਨ ਜਿਸ ਤਹਿਤ ਟੋਹਾਣਾ ਰੋਡ ਤੇ ਸਥਿਤ 50 ਪੁਲੀਆਂ ਵਿੱਚੋਂ ਪਾਣੀ ਵਾਲੀ ਬੂਟੀ ਕੱਟਣ ਲਈ ਜੇਸੀਬੀ ਮਸ਼ੀਨਾਂ ਚੱਲ ਰਹੀਆਂ ਹਨ ਇਸੇ ਤਰ੍ਹਾਂ ਅਣ ਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਇਲਾਕੇ ‘ਚ ਥਾਂ ਥਾਂ ਪੁਲਿਸ ਨੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ

ਖਨੌਰੀ ਤੋਂ ਪਿੱਛੇ ਘੱਗਰ ਦਰਿਆ ਦੇ ਪੁਲ ਨੇੜੇ ਪੈਂਦੀਆਂ 32 ਦਰਾਂ ਵਿੱਚੀ ਵੀ ਮੂਣਕ ਵੱਲ ਪਾਣੀ ਚੱਲ ਪਿਆ ਹੈ ਇਹ ਪਾਣੀ ਇਸ ਇਲਾਕੇ ਲਈ ਹੋਰ ਵੀ ਮੁਸ਼ਕਿਲਾਂ ਦਾ ਸਬੱਬ ਬਣ ਸਕਦਾ ਹੇ ਪਿੰਡ ਬੁਸਹਿਰਾ ਦੇ ਕਿਸਾਨਾਂ ਜੱਗੀ ਸਿੰਘ ਅਤੇ ਦਰਸ਼ਨ ਸਿੰਘ ਨੇ ਦੱਸਿਆ ਕਿ 32 ਦਰਾਂ ਦਾ ਪਾਣੀ ਨਵਾਂ ਗਾਉਂ ਤੇ ਹੋਤੀਪੁਰ ਪਿੰਡਾਂ ਦੇ ਖੇਤਾਂ ਵੱਚ ਪੁੱਜ ਚੁੱਕਿਆ ਹੈ ਅਤੇ ਅੱਗੇ ਇਹ ਪਾਣੀ ਬੰਗਾ, ਬੁਸਹਿਰਾ ਹੁੰਦਾ ਹੋਇਆ ਮੂਣਕ ਵੰਲ ਆਵੇਗਾ ਇਹ ਪਾਣੀ ਕੱਲ੍ਹ ਤੱਕ ਮੂਣਕ ਨੇੜੇ ਪੈਂਦੇ ਪਿੰਡਾਂ ਮੰਡਵੀ, ਹਮੀਰਗੜ੍ਹ ਤੱਕ ਪੁੱਜਣ ਦੀ ਉਮੀਦ ਹੈ ਉਨ੍ਹਾਂ ਹੋਰ ਦੱਸਿਆ ਕ ਚੰਬੋ ਚੌਅ ਦੇ ਪਾਣੀ ਲਾਲ ਪਿੰਡ ਬੰਗਾ ਤੇ ਬੁਸਹਿਰਾ ਦੀ ਇੱਕ ਹਜ਼ਾਰ ਏਕੜ ਦੇ ਕਰੀਬ ਫਸਲ ਪਾਣੀ ਵਿੱਚ ਡੁੱਬ ਚੁੱਕੀ ਹੈ

ਘੱਗਰ ਨਾਲ ਪ੍ਰਭਾਵਿਤ ਦੋ ਦਰਜ਼ਨ ਤੋਂ ਵੱਧ ਪਿੰਡਾਂ ਦੇ ਲੋਕਾਂ ਵੱਚ ਹਫੜਾ ਦਫ਼ੜੀ  ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਘੱਗਰ ਦਰਿਆ ਦੇ ਪਾਣੀ ਨਾਲ ਪ੍ਰਭਾਵਿਤ ਫਸਲਾਂ ਦੇ ਨੁਕਸਾਨ ਸਬੰਧੀ ਅਜੇ ਕੋਈ ਵੀ ਅਧਿਕਾਰੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ ਪਰ ਇੱਕ ਅੰਦਾਜੇ ਮੁਤਾਬਕ ਅੱਠ ਤੋਂ ਦਸ ਹਜ਼ਾਰ ਏਕੜ ‘ਚ ਖੜ੍ਹੀ ਫਸਲ ਜਾਂ ਤਾਂ ਪਾਣੀ ਵਿੱਚ ਡੁੱਬ ਗਈ ਹੈ ਜਾਂ ਫੇਰ ਘੱਗਰ ਦਰਿਆ ਦਾ ਪਾਣੀ ਇਨ੍ਹਾਂ ਫਸਲਾਂ ‘ਚ ਖੜ੍ਹਾ ਹੈ ਘੱਗਰ ਦਰਿਆ ‘ਚੋਂ ਨਿੱਕਲੇ ਪਾਣੀ ਦੀ ਨਿਕਾਸੀ ਸਿਰਫ਼ ਘੱਗਰ ਦਰਿਆ ‘ਚ ਹੀ ਹੋ ਸਕਦੀ ਹੈ ਜਿੰਨਾ ਚਿਰ ਘੱਗਰ ਦਰਿਆ ‘ਚ ਪਾਣੀ ਦਾ ਪੱਧਰ 745 ਫੁੱਟ ਨਹੀਂ ਹੋ ਜਾਂਦਾ, ਉਨੀ ਦੇਰ ਤੱਕ ਇਸ ਇਲਾਕੇ ਦੇ ਲੋਕਾਂ ਨੂੰ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ

ਡੇਰਾ ਪ੍ਰੇਮੀ ਲਗਾਤਾਰ ਚੌਥੇ ਦਿਨ ਡਟੇ ਰਹੇ ਰਾਹਤ ਕਾਰਜਾਂ ਵਿੱਚ

ਘੱਗਰ ਦਰਿਆ ‘ਚ ਪਏ ਪਾੜ ਨੁੰ ਪੂਰਨ ਲਈ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਵੱਡੀ ਗਿਣਤੀ ਵਿੱਚ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ ਅੱਜ ਐਤਵਾਰ ਨੂੰ ਵੀ ਸੇਂਕੜਿਆਂ ਦੀ ਗਿਣਤੀ ਵਿੱਚ ਡੇਰਾ ਪ੍ਰੇਮੀ ਘੱਗਰ ਦਾ ਪਾੜ ਪੂਰਨ ਲਈ ਡਟੇ ਰਹੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਗੱਲਬਾਤ ਦੌਰਾਲ ਦੱਸਿਆ ਕਿ ਡੇਰਾ ਪ੍ਰੇਮੀਆਂ ਵੱਲੋਂ ਲਗਾਤਾਰ ਜਾਲ ਪਾਣੀ ਅਤੇ ਮਿੱਟੀ ਅਤੇ ਇੱਟਾਂ ਰੋੜਿਆਂ ਨੂੰ ਬੋਰੀਆਂ ਵਿੱਚ ਭਰ ਕੇ ਬੰਨ੍ਹ ਪੂਰਨ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਹਾਲੇ 70 ਫੁੱਟ ਦੇ ਕਰੀਬ ਪਾੜ ਰਹਿ ਗਿਆ ਹੈ ਅਤੇ ਕਾਫ਼ੀ ਹੱਦ ‘ਤੇ ਕਾਬੂ ਪਾ ਲਿਆ ਗਿਆ ਹੈ ਉਨ੍ਹਾਂ ਕਿਹਾ ਕਿ ਪ੍ਰੇਮੀਆਂ ਵੱਲੋਂ ਪ੍ਰਸ਼ਾਸਨ ਤੇ ਹੋਰ ਟੀਮਾਂ ਨਾਲ ਮਿਲ ਕੇ ਇਸ ਪਾੜ ਨੂੰ  ਸੌ ਫੀਸਦੀ ਪੂਰਨ ਤੱਕ ਡਟੇ ਰਹਿਣਗੇ

ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਹੜ੍ਹ ਰੋਕੂ ਪ੍ਰਬੰਧਾਂ ਦਾ ਜਾਇਜ਼ਾ

ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਮੂਨਕ ਅਤੇ ਖਨੌਰੀ ਦਾ ਦੌਰਾ ਕਰਕੇ ਘੱਗਰ ਦਰਿਆ ਦੀ ਸਥਿਤੀ ਦਾ ਜਾਇਜ਼ਾ ਲਿਆ। ਪਿੰਡ ਫੂਲਦ ਨੇੜੇ ਘੱਗਰ ਦਰਿਆ ਵਿੱਚ ਪਏ ਪਾੜ ਨੂੰ ਬੰਦ ਕਰਵਾਉਣ ਦੇ ਚੱਲ ਰਹੇ ਕਾਰਜਾਂ ਦਾ ਨਿਰੀਖਣ ਕਰਦਿਆਂ ਸ਼੍ਰੀ ਸਰਕਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਘੱਗਰ ਅਤੇ ਡਰੇਨਾਂ ਦੇ ਕੰਢੇ ਵਸੇ ਪਿੰਡਾਂ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਫਸਲਾਂ ਦੇ ਨੁਕਸਾਨ ਦੇ ਉਚਿਤ ਮੁਆਵਜ਼ੇ ਲਈ ਪਹਿਲਾਂ ਹੀ ਸਰਕਾਰ ਦੀ ਤਰਫੋਂ ਵਿਸ਼ੇਸ਼ ਗਿਰਦਾਵਰੀ ਦਾ ਐਲਾਨ ਕੀਤਾ ਜਾ ਚੁੱਕਾ ਹੈ।

ਉਨ੍ਹਾਂ ਦੱਸਿਆ ਕਿ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ ਅਤੇ ਜਲਦੀ ਹੀ ਪਾੜ ਨੂੰ ਬੰਦ ਕਰਨ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ।ਕੈਬਨਿਟ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇੜ ਭਵਿੱਖ ਵਿੱਚ ਇਹ ਮਸਲਾ ਹੱਲ ਕਰਨ ਲਈ ਵਚਨਬੱਧ ਹੈ ਅਤੇ ਇਹ ਮੁੱਦਾ ਰਾਜ ਸਰਕਾਰ ਦੀ ਤਰਫੋਂ ਕੇਂਦਰ ਸਰਕਾਰ ਕੋਲ ਵੀ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਸਭ ਤੋਂ ਵੱਧ ਡਰੇਨਾਂ ਦੀ ਸਫਾਈ ਕਰਵਾਈ ਹੈ ਅਤੇ ਜਨਵਰੀ ਮਹੀਨੇ ਵਿੱਚ ਹੀ ਹੜ੍ਹ ਰੋਕੂ ਪ੍ਰਬੰਧਾਂ ਦੀ ਮੀਟਿੰਗ ਕਰਕੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਢੁਕਵੇਂ ਪ੍ਰਬੰਧ ਅਗੇਤੇ ਤੌਰ ਉਤੇ ਕਰਨ ਦੇ ਦਿਸ਼ਾ ਨਿਰਦੇਸ਼ ਦੇ ਦਿੱਤੇ ਗਏ ਸਨ।

ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਪੱਧਰ ਉਤੇ ਵਰਤੀ ਗਈ ਚੌਕਸੀ ਦੇ ਚਲਦਿਆਂ ਜ਼ਿਲ੍ਹਿਆਂ ਵਿੱਚ ਜਿਥੇ ਡਰੇਨਾਂ ਦੀ ਸਫਾਈ ਕਰਵਾਈ ਗਈ ਹੈ ਉਥੇ ਹੀ ਦਰਿਆਵਾਂ ਦੀਆਂ ਸੰਵੇਦਨਸ਼ੀਲ ਥਾਵਾਂ ਤੇ ਵੀ ਤਿੱਖੀ ਚੌਕਸੀ ਰੱਖੀ ਜਾ ਰਹੀ ਸੀ ਅਤੇ ਮੂਨਕ ਦੇ ਪਿੰਡ ਫੂਲਦ ਵਿਖੇ ਦਰਿਆ ਵਿੱਚ ਪਏ ਪਾੜ ਦਾ ਪਤਾ ਲੱਗਣ ਉਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਤੁਰੰਤ ਕਾਰਵਾਈ ਆਰੰਭ ਦਿੱਤੀ ਗਈ ਸੀ। ਜਲ ਸਰੋਤ ਮੰਤਰੀ ਨੇ ਕਿਹਾ ਕਿ ਇਹ ਸਥਿਤੀ ਵੀ ਤਾਂ ਬਣੀ ਹੈ ਕਿਉਂਕਿ ਅਣਕਿਆਸਾ ਮੀਂਹ ਅਨੁਮਾਨ ਤੋਂ ਵੱਧ ਪੈ ਗਿਆ ਪਰ ਜਲਦੀ ਹੀ ਪਾੜ ਨੂੰ ਬੰਦ ਕਰ ਲਿਆ ਜਾਵੇਗਾ। ਸੁਖਬਿੰਦਰ ਸਿੰਘ ਸਰਕਾਰੀਆ ਨੇ ਡਰੇਨੇਜ਼ ਵਿਭਾਗ ਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਘੱਗਰ ਦਰਿਆ ਵਿੱਚ ਪਾੜ ਨੂੰ ਭਰਨ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਢੁਕਵੀਂ ਰਾਹਤ ਸਮੱਗਰੀ ਮੁਹੱਈਆ ਕਰਵਾਉਣ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪਾੜ ਨੂੰ ਪੂਰਨ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਫੌਜ ਦੇ ਜਵਾਨਾਂ ਦੇ ਨਾਲ ਨਾਲ ਐਨ.ਡੀ.ਆਰ.ਐਫ, ਐਸ.ਡੀ.ਆਰ.ਐਫ, ਸਿਵਲ ਤੇ ਪੁਲਿਸ ਸਮੇਤ ਸਮਾਜ ਸੇਵੀਆਂ ਵੱਲੋਂ ਵਿਆਪਕ ਪੱਧਰ ਉਪਰ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਨਾਲ ਪਾਣੀਆਂ ਦਾ ਮੁੱਦਾ ਪਿਛਲੇ ਲੰਬੇ ਸਮੇ. ਤੋਂ ਚੱਲ ਰਿਹਾ ਹੈ ਅਤੇ ਪਿਛਲੇ ਦਿਨੀਂ ਪਏ ਮੀਂਹ ਉਪਰੰਤ ਮਾਰਕੰਡਾ ਤੇ ਟਾਂਗਰੀ ਨਦੀ ਤੋਂ ਕਈ ਗੁਣਾਂ ਵੱਧ ਪਾਣੀ ਆਉਣ ਕਾਰਨ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ ਸੀ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ ਦਸ ਸਾਲ ਅਕਾਲੀ ਭਾਜਪਾ ਸਰਕਾਰ ਰਹੀ ਹੈ ਅਤੇ ਅਕਾਲੀ ਭਾਜਪਾ ਸਰਕਾਰ ਨੇ ਨਹਿਰਾਂ ਦਰਿਆਵਾਂ ਦੀ ਸਾਫ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਦਕਿ ਕਾਂਗਰਸ ਸਰਕਾਰ ਨੇ ਮੌਜੂਦਾ ਵਰ੍ਹੇ ਦੀ ਸ਼ੁਰੂਆਤ ਵਿੱਚ ਹੀ ਜਿਥੇ ਸਮੇਂ ਸਿਰ ਡਰੇਨਾਂ ਦੀ ਸਾਫ਼ ਸਫਾਈ ਦੇ ਕਾਰਜ ਆਰੰਭੇ ਉਥੇ ਭਵਿੱਖ ਵਿੱਚ ਇਸ ਗੱਲ ਨੂੰ ਨਿਸ਼ਚਿਤ ਕੀਤਾ ਜਾਵੇਗਾ ਕਿ ਪਾਣੀ ਨਾਲ ਹੋਣ ਵਾਲੇ ਨੁਕਸਾਨ ਨੂੰ ਹਰ ਸੰਭਵ ਯਤਨ ਨਾਲ ਰੋਕਿਆ ਜਾ ਸਕੇ।ਇਸ ਉਪਰੰਤ ਕੈਬਨਿਟ ਮੰਤਰੀ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਘਨਸਿਆਮ ਥੋਰੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਸਮੇਤ ਖਨੌਰੀ ਦੇ ਆਰ.ਡੀ. 460 ਉਪਰ ਸਥਿਤ ਫਲੱਡ ਕੰਟਰੋਲ ਰੂਮ ਦਾ ਵੀ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਹਦਾਇਤ ਕੀਤੀ ਕਿ ਦਰਿਆ ਵਿੱਚ ਜਿਥੇ ਕਿਤੇ ਬੂਟੀ ਵੱਲੋਂ ਪਾਣੀ ਨੂੰ ਡਾਫ਼ ਲਗਾਈ ਜਾ ਰਹੀ ਹੈ ਉਥੋਂ ਪੋਪ ਲਾਈਨ ਮਸ਼ੀਨਾਂ ਰਾਹੀਂ ਬੂਟੀ ਨੂੰ ਹਟਾਇਆ ਜਾਵੇ।ਇਸ ਮੌਕੇ ਉਨ੍ਹਾਂ ਨਾਲ ਚੀਫ਼ ਇੰਜੀਨੀਅਰ ਡਰੇਨੇਜ਼ ਸੰਜੀਵ ਕੁਮਾਰ ਗੁਪਤਾ, ਚੀਫ ਇੰਜੀਨੀਅਰ ਨਹਿਰਾਂ ਜਗਮੋਹਨ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ, ਐਸ.ਡੀ.ਐਮ ਸੂਬਾ ਸਿੰਘ, ਸਨਮੀਕ ਹੈਨਰੀ, ਰਵਿੰਦਰ ਸਿੰਘ ਟੁਰਨਾ, ਪ੍ਰਧਾਨ ਨਗਰ ਪੰਚਾਇਤ ਗਿਰਧਾਰੀ ਲਾਲ ਗਰਗ ਸਮੇਤ ਹੋਰ ਅਧਿਕਾਰੀ ਤੇ ਆਗੂ ਵੀ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।