ਫੇਸਬੁੱਕ ਤੋਂ ਬਾਅਦ ਸਿਲਵਰ ਲੇਕ ਨੇ ਖਰੀਦੇ ਜੀਓ ਦੇ ਸ਼ੇਅਰ

ਫੇਸਬੁੱਕ ਤੋਂ ਬਾਅਦ ਸਿਲਵਰ ਲੇਕ ਨੇ ਖਰੀਦੇ ਜੀਓ ਦੇ ਸ਼ੇਅਰ

ਨਵੀਂ ਦਿੱਲੀ : ਅਮੇਰਿਕਨ ਪ੍ਰਾਈਵੇਟ ਇਕਵਿਟੀ ਕੰਪਨੀ ਸਿਲਵਰ ਲੇਕ ਪਾਰਟਨਰਜ਼ ਨੇ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦੀ ਜੀਓ ਪਲੇਟਫਾਰਮਜ਼ ‘ਚੋਂ ਇਕ ਫ਼ੀਸਦੀ ਹਿੱਸੇਦਾਰੀ ਖਰੀਦੀ ਹੈ। ਸਿਲਵਰ ਲੇਕ ਨੇ ਇਹ ਹਿੱਸੇਦਾਰੀ 5,655.75 ਕਰੋੜ ਰੁਪਏ ‘ਚ ਖਰੀਦੀ ਹੈ। ਇਸ ਨਿਵੇਸ਼ ਨਾਲ ਜੀਓ ਪਲੇਟਫਾਰਮ ਦੀ ਇਕਵਿਟੀ ਵੈਲਿਊ 4.90 ਲੱਖ ਕਰੋੜ ਤੇ ਐਂਟਰਪ੍ਰਾਈਜ਼ ਵੈਲਿਊ 5.15 ਲੱਖ ਕਰੋੜ ਹੋ ਗਈ ਹੈ। ਨਾਲ ਹੀ ਇਹ ਨਿਵੇਸ਼ ਫੇਸਬੁੱਕ ਵੱਲੋਂ ਕੀਤੇ ਨਿਵੇਸ਼ ਦੇ ਇਕਵਿਟੀ ਵੈਲਿਊਸ਼ਨ ਨਾਲ 12.5 ਫ਼ੀਸਦੀ ਪ੍ਰੀਮੀਅਮ ਨੂੰ ਦਰਸਾਉਂਦਾ ਹੈ। ਫੇਸਬੁੱਕ ਨਾਲ ਹੋਈ ਡੀਲ ਦੇ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਅੰਦਰ ਜੀਓ ਪਲੇਟਫਾਰਮ ਦੀ ਇਹ ਦੂਸਰੀ ਡੀਲ ਹੈ।

ਇਸ ਸਮਝੌਤੇ ਤਹਿਤ ਫੇਸਬੁੱਕ ਜੀਓ ਪਲੇਟਫਾਰਮਜ਼ ‘ਚੋਂ 9.9 ਫ਼ੀਸਦੀ ਹਿੱਸੇਦਾਰੀ ਖਰੀਦ ਰਹੀ ਹੈ ਭਾਵ ਉਹ ਜੀਓ ਪਲੇਟਫਾਰਮਜ਼ ‘ਚ 43,574 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ। ਮੁਕੇਸ਼ ਅੰਬਾਨੀ ਆਪਣੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਨੂੰ ਤੈਅ ਸਮੇਂ ਤੋਂ ਪਹਿਲਾਂ ਹੀ ਕਰਜ਼ ਮੁਕਤ ਕਰਨਾ ਚਾਹੁੰਦੇ ਹਨ। ਆਰਆਈਐੱਲ ‘ਤੇ ਇਸ ਸਮੇਂ 1.61 ਲੱਖ ਕਰੋੜ ਰੁਪਏ ਦਾ ਕਰਜ਼ ਹੈ। ਮੁਕੇਸ਼ ਅੰਬਾਨੀ ਦੀ ਆਪਣੇ ਪ੍ਰਮੁੱਖ ਕਾਰੋਬਾਰ ‘ਚ ਰਣਨੀਤਕ ਨਿਵੇਸ਼ ਲਿਆ ਕੇ ਤੇ ਰਾਈਟਸ ਇਸ਼ੂ ਜ਼ਰੀਏ ਕੰਪਨੀ ਨੂੰ ਜਲਦ ਤੋਂ ਜਲਦ ਕਰਜ਼ ਮੁਕਤ ਕਰਨ ਦੀ ਯੋਜਨਾ ਹੈ।

ਸਿਲਵਰ ਲੇਕ ਨਾਲ ਹਿੱਸੇਦਾਰੀ ‘ਤੇ ਟਿੱਪਣੀ ਕਰਦਿਆਂ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦੇ ਚੇਅਰਮੈਨ ਤੇ ਐੱਮਡੀ ਮੁਕੇਸ਼ ਅੰਬਾਨੀ ਨੇ ਕਿਹਾ, ‘ਭਾਰਤੀ ਡਿਜੀਟਲ ਈਕੋ-ਸਿਸਟਮ ਦੇ ਵਿਕਾਸ ਲਈ, ਸਿਲਵਰ ਲੇਕ ਦਾ ਇਕ ਮਹੱਤਵਪੂਰਨ ਹਿੱਸੇਦਾਰ ਦੇ ਰੂਪ ‘ਚ ਸਵਾਗਤ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ। ਇਸ ਨਾਲ ਸਾਰੇ ਭਾਰਤੀਆਂ ਨੂੰ ਲਾਭ ਮਿਲੇਗਾ। ਸਿਲਵਰ ਲੇਕ ਦਾ ਆਲਮੀ ਪੱਧਰ ‘ਤੇ ਮੋਹਰੀ ਤਕਨੀਕੀ ਕੰਪਨੀਆਂ ਨਾਲ ਸਾਂਝੇਦਾਰੀ ਦਾ ਸਰਬੋਤਮ ਰਿਕਾਰਡ ਹੈ। ਸਿਲਵਰ ਲੇਕ ਤਕਨੀਕੀ ਤੇ ਵਿੱਤੀ ਮਾਮਲਿਆਂ ‘ਚ ਸਰਬੋਤਮ ਅਦਾਰਿਆਂ ‘ਚੋਂ ਇਕ ਹੈ। ਅਸੀਂ ਉਤਸ਼ਾਹਤ ਹਾਂ ਕਿ ਸਾਨੂੰ ਸਿਲਵਰ ਲੇਕ ਦੇ ਆਲਮੀ ਸਬੰਧਾਂ ਦਾ ਲਾਭ ਭਾਰਤੀ ਡਿਜੀਟਲ ਸੁਸਾਇਟੀ ‘ਚ ਬਦਲਾਅ ਦੇ ਰੂਪ ‘ਚ ਹਾਸਲ ਕਰਾਂਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।