ਨੌਕਰੀ ਤੋਂ ਫਾਰਗ ਕਰਨ ਦੇ ਵਿਰੋਧ ’ਚ ਕੋਰੋਨਾ ਯੋਧਿਆਂ ਵੱਲੋਂ ਰੋਸ ਮਾਰਚ

Corona Warriors Sachkahoon

ਕਾਂਗਰਸ ਪ੍ਰਧਾਨ ਦੀ ਰਿਹਾਇਸ ਨੂੰ ਘੇਰਨ ਦਾ ਕੀਤਾ ਗਿਆ ਯਤਨ, ਭਾਰੀ ਪੁਲਿਸ ਫੋਰਸ ਨੇ ਰਸਤੇ ’ਚ ਰੋਕਿਆ

ਕੋਰੋਨਾ ਯੋਧਿਆ ਨੇ ਲਗਾਇਆ ਧਰਨਾ, ਅਣਮਿੱਥੇ ਸਮੇਂ ਲਈ ਕੀਤੀ ਭੁੱਖ ਹੜਤਾਲ ਸ਼ੁਰੂ
ਪੁਲਿਸ ਪ੍ਰਸ਼ਾਸ਼ਨ ਵੱਲੋਂ ਬਾਅਦ ਦੁਪਿਹਰ ਕਾਂਗਰਸ ਭਵਨ ’ਚ ਨਵਜੋਤ ਸਿੱਧੂ ਨਾਲ ਗੱਲਬਾਤ ਦਾ ਸੱਦਾ

(ਸੱਚ ਕਹੂੰ ਨਿਊਜ) ਪਟਿਆਲਾ। ਪੰਜਾਬ ਵਿੱਚੋਂ ਕੈਪਟਨ ਸਰਕਾਰ ਜਾਣ ਤੋਂ ਬਾਅਦ ਅਤੇ ਚੰਨੀ ਸਰਕਾਰ ਆਉਣ ਤੇ ਸਭ ਤੋਂ ਵੱਡਾ ਖਮਿਆਜਾ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਜੋਖਿਮ ਭਰੀਆਂ ਡਿਊਟੀਆਂ ਕਰ ਰਹੇ ‘ਕੋਰੋਨਾ ਯੋਧਿਆਂ’ ਨੂੰ ਨੋਕਰੀਆਂ ਤੋਂ ਹੱਥ ਧੋਣਾ ਪੈ ਰਿਹਾ ਹੈ। ਪ੍ਰਮੁੱਖ ਸਕੱਤਰ ਖੋਜ ਮੈਡੀਕਲ ਤੇ ਸਿੱਖਿਆ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ 1822 ਮੁਲਾਜਮਾਂ ਨੂੰ 30 ਸਤੰਬਰ ਤੋਂ ਨੋਕਰੀ ਤੋਂ ਫਾਰਗ ਕਰਨ ਲਈ ਕਿਹਾ ਗਿਆ ਹੈ, ਜਿਸ ਵਿੱਚ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਫਰੀਦਕੋਟ ਸ਼ਾਮਿਲ ਹਨ। ਸਭ ਤੋਂ ਵੱਧ ਅਮਲਾ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਤਇਨਾਤ ਹੈ।

ਇਸ ਮੌਕੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ, ਰਾਮ ਕਿਸ਼ਨ, ਸਵਰਣ ਸਿੰਘ ਬੰਗਾ ਨੇ ਦੱਸਿਆ ਕਿ ਆਪਣੀਆਂ ਨੌਕਰੀਆਂ ਵਿੱਚ ਵਾਧਾ ਕਰਵਾਉਣ ਲਈ ਨਵੇਂ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਨੂੰ ਇਸ ਸਭ ਘਟਨਾ ਬਾਰੇ ਮੇਲਾਂ ਕਰਕੇ ਧਿਆਨ ਵਿਚ ਲਿਆਂਦਾ ਜਾਂਦਾ ਰਿਹਾ ਪਰੰਤੂ ਕਿਸੇ ਵੱਲ ਵੀ ਕੋਈ ਹੁੰਗਾਰਾ ਨਾ ਦੇਣ ਤੇ ਸਮੂਹ ਕੋਰੋਨਾ ਯੋਧੇ ਪਹਿਲਾਂ ਰਜਿੰਦਰਾ ਹਸਪਤਾਲ ਕੰਪਲੈਕਸ ਵਿਖੇ ਇਕੱਤਰ ਹੋਏ। ਇੱਥੇ ਪਿੱਟ ਸਿਆਪਾ ਕਰਨ ਤੋਂ ਬਾਅਦ ਰੋਸ ਮਾਰਚ ਕਰਦੇ ਹੋਏ ਕਾਂਗਰਸ ਪ੍ਰਧਾਨ ਦੀ ਰਿਹਾਇਸ਼ ਵਿਖੇ ਪਹੁੰਚੇ। ਜਿੱਥੇ ਭਾਰੀ ਪੁਲਿਸ ਫੋਰਸ ਨੇ ਉਨ੍ਹਾਂ ਨੂੰ ਰਿਹਾਇਸ਼ ਤੋਂ ਪਹਿਲਾਂ ਹੀ ਰੋਕ ਲਿਆ, ਜਿੱਥੇ ਉਨ੍ਹਾਂ ਨੇ ਧਰਨਾ ਮਾਰ ਕੇ ਅਣਮਿੱਥੇ ਸਮੇਂ ਲਈ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਪੱਤਰ ਦਰਸ਼ਨ ਸਿੰਘ ਲੁਬਾਣਾ ਨੂੰ ਸੋਪਿਆ ਜਿਸ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਬਾਅਦ ਦੁਪਹਿਰ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਗੱਲਬਾਤ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਹਾਜਰ ਆਗੂਆਂ ਨੇ ਐਲਾਨ ਕੀਤਾ ਕਿ ਕੋਰੋਨਾ ਯੋਧਿਆਂ ਦੀਆਂ ਨੌਕਰੀ ਜਾਰੀ ਰੱਖਣ ਲਈ 29 ਸਤੰਬਰ ਨੂੰ ਜਿਲ੍ਹਾ ਪੱਧਰ ਤੇ ਚੋਥਾ ਦਰਜਾ ਮੁਲਾਜਮ ਜੋਰਦਾਰ ਰੈਲੀਆਂ ਕਰੇਗਾ ਅਤੇ 27 ਸਤੰਬਰ ਨੂੰ ਕਿਸਾਨੀ ਸੰਘਰਸ਼ ਦੀ ਹਿਮਾਇਤ ਵਿਚ ਭਾਰਤ ਬੰਦ ਦੇ ਸੱਦੇ ਦੀ ਪੁਰਜੋਰ ਹਮਾਇਤ ਕੀਤੀ ਜਾਵੇਗੀ ਅਤੇ ਸਾਂਝੀ ਰੈਲੀਆਂ ਵਿਚ ਵੀ ਵੱਧ ਚੜ੍ਹ ਕੇ ਸ਼ਾਮਲ ਹੋਇਆ ਜਾਵੇਗਾ। ਉਨ੍ਹਾਂ ਕਿਹਾ ਕਿ ਚੋਥਾ ਦਰਜਾ ਮੁਲਾਜਮਾਂ ਦੀਆਂ ਮੰਗਾ ਸਮੇਤ ਕੱਚੇ, ਆਊਟ ਸੋਰਸ ਮੁਲਾਜਮਾਂ ਨੂੰ ਪੱਕਾ ਕਰਵਾਉਣ ਲਈ ਨਵੇਂ ਮੁੱਖ ਮੰਤਰੀ ਨੂੰ ਮੈਮੋਰੰਡਮ ਭੇਜੇ ਜਾਣਗੇ।

ਇਸ ਤੋਂ ਪਹਿਲਾ ਭਾਰੀ ਇੱਕਠ ਨੂੰ ਸੰਬੋਧਨ ਕਰਦਿਆ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿਚ ਕਰੋੜਾਂ ਰੁਪਏ ਖਰਚ ਕਰਕੇ ਕੋਰੋਨਾ/ਆਈਸੋਲੇਸ਼ਨ ਵਾਰਡ, ਆਕਸੀਜਨ ਪਲਾਂਟ ਸਮੇਂ ਮਹਿੰਗੀ ਮਸ਼ੀਨਰੀ ਵੀ ਖਰੀਦੀ ਸੀ। ਇਸ ਨੂੰ ਆਪਰੇਟ ਕਰਨ ਲਈ ਆਊਟ ਸੋਰਸ ਤੇ ਟੈਕਨੀਕਲ ਨਰਸਿੰਗ, ਟੈਕਨੀਸ਼ੀਅਨ, ਚੋਥਾ ਦਰਜਾ, ਮਲਟੀਟਾਸਕ, ਸਫਾਈ ਸੇਵਕ ਆਦਿ ਕੈਟਾਗਰੀਜ ਨਾਲ ਸਬੰਧਤ ਅਮਲੇ ਦੀ ਭਰਤੀ ਮਾਰਚ 2020 ਵਿਚ ਕੀਤੀ ਸੀ, ਜਿਨ੍ਹਾਂ ਨੇ ਕੋਵਿਡ ਦੀ ਦੋ ਲਹਿਰਾਂ ਵਿੱਚ ਤਨਦੇਹੀ ਨਾਲ ਕੰਮ ਕੀਤਾ।

ਇਸ ਦੌਰਾਨ ਮੁਲਾਜਮ ਪ੍ਰਭਾਵਤ ਵੀ ਹੋਏ ਤੇ ਕੁੱਝ ਦੀਆਂ ਮੌਤਾਂ ਵੀ ਹੋਇਆ ਪਰੰਤੂ ਸਰਕਾਰ ਇਨ੍ਹਾਂ ਦੀ ਕੋਈ ਵੀ ਸਾਰ ਨਹੀਂ ਲਈ ਗਈ। ਨਿਗੁਣੀਆਂ ਤਨਖਾਹਾਂ ਤੇ ਇਸ ਮਹਾਮਾਰੀ ਵਿਚ ਕੰਮ ਕਰਦੇ ਰਹੇ, ਜਦੋਂ ਕਿ ਕੋਰੋਨਾ ਨਾਲ ਮਿ੍ਰਤਕਾਂ ਦੀ ਲਾਸ਼ਾਂ ਪਰਿਵਾਰਿਕ ਮੈਂਬਰਾਂ ਵੱਲੋਂ ਲੈਣ ਤੋਂ ਇਨਕਾਰ ਕਰਨ ਤੇ, ਇਸ ਨੂੰ ਸਾਂਭਣ ਅਤੇ ਸੰਸਕਾਰ ਕਰਨ ਦੀ ਜਿੰਮੇਵਾਰੀ ਵੀ ਕੋਰੋਨਾ ਯੋਧਿਆਂ /ਚੋਥਾ ਦਰਜਾ ਮੁਲਾਜਮਾਂ ਨੇ ਨਿਭਾਈ। ਇਸ ਮੌਕੇ ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਨੌਲੱਖਾ, ਮਾਧੋ ਲਾਲ, ਗੁਰਦਰਸ਼ਨ ਸਿੰਘ, ਗਗਨਦੀਪ ਕੌਰ, ਚਰਨਜੀਤ ਕੌਰ ਅਰੁਣ ਕੁਮਾਰ, ਰਾਜੇਸ਼ ਕੁਮਾਰ, ਅਜੈ ਸਿੱਪਾ, ਸੰਦੀਪ ਕੌਰ, ਪ੍ਰਦੀਪ ਕੁਮਾਰ, ਗੁਰਵਿੰਦਰ ਮੱਟੂ ਆਦਿ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ