ਪੁਲਿਸ ਨਾਲੋਂ ਹਾਈਟੈੱਕ ਹੋਏ ਜੇਲ੍ਹ ਦੇ ਕੈਦੀ

ਨਾਭਾ ਦੀਆਂ ਦੋ ਜੇਲ੍ਹਾਂ ’ਚ ਹਫਤੇ ’ਚ ਕਈ ਮੋਬਾਇਲ ਬਰਾਮਦ

(ਤਰੁਣ ਸ਼ਰਮਾ) ਨਾਭਾ । ਜੇਲ੍ਹਾਂ ਵਿਚੋਂ ਮੋਬਾਇਲ ਬਰਾਮਦ ਹੋਣਾ ਕੋਈ ਨਵੀਂ ਗੱਲ ਨਹੀਂ ਪ੍ਰੰਤੂ ਉਦੋਂ ਗੱਲ ਵਿਸ਼ੇਸ਼ ਹੋ ਜਾਂਦੀ ਹੈ ਜਦੋਂ ਪੁਲਿਸ ਨਾਲੋਂ ਅਪਰਾਧੀ ਜਿਆਦਾ ਹਾਈਟੈੱਕ ਹੋ ਜਾਣ। ਦੱਸਣਯੋਗ ਹੈ ਕਿ ਨਾਭਾ ਵਿਖੇ ਪੰਜਾਬ ਦੀ ਅਤਿ ਸੁਰੱਖਿਅਤ ਮੈਕਸੀਮਮ ਸਕਿਊਰਿਟੀ ਜੇਲ੍ਹ ਅਤੇ ਪੰਜਾਬ ਦੀ ਇਕਲੌਤੀ ਓਪਨ ਜੇਲ੍ਹ ਤੋਂ ਇਲਾਵਾ ਨਵੀਂ ਜ਼ਿਲ੍ਹਾ ਜੇਲ੍ਹ ਸਮੇਤ ਕੁੱਲ ਤਿੰਨ ਜੇਲ੍ਹਾਂ ਹਨ ਜਿਨ੍ਹਾਂ ਵਿੱਚ ਲਗਭਗ 1200 ਤੋਂ ਉੱਪਰ ਕੈਦੀ ਅਤੇ ਹਵਾਲਾਤੀ ਨਜ਼ਰਬੰਦ ਹਨ। ਇਨ੍ਹਾਂ ਕੈਦੀਆਂ ਜਾਂ ਹਵਾਲਾਤੀਆਂ ਵਿੱਚ ਲਗਭਗ 60 ਫੀਸਦੀ ਨੌਜਵਾਨ ਹਨ ਜੋ ਕਿ ਕਿਸੇ ਨਾ ਕਿਸੇ ਜ਼ੁਰਮ ਵਿੱਚ ਸ਼ਮੂਲੀਅਤ ਕਾਰਨ ਜੇਲ੍ਹਾਂ ਵਿੱਚ ਆ ਜਾਂਦੇ ਹਨ।

ਦੂਜੇ ਪਾਸੇ ਅਜੋਕੀ ਜ਼ਿੰਦਗੀ ਦੇ ਵਰਤਾਰੇ ਵਿੱਚ ਸੋਸ਼ਲ ਮੀਡੀਆ ਅਤੇ ਮੋਬਾਇਲ ਇੱਕ ਅਜਿਹਾ ਸਥਾਨ ਹਾਸਲ ਕਰ ਚੁੱਕੇ ਹਨ ਜਿਸ ਤੋਂ ਬਿਨਾਂ ਜ਼ਿੰਦਗੀ ਬੇਰਸ ਅਤੇ ਰੁੱਖੀ ਹੋ ਜਾਂਦੀ ਹੈ। ਲਿਹਾਜ਼ਾ ਕਿਸੇ ਜੁਰਮ ਜਾਂ ਗੈਰ-ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਹੋ ਕੇ ਜਿਹੜੇ ਨੌਜਵਾਨ ਜੇਲ੍ਹਾਂ ਵਿੱਚ ਪਹੁੰਚ ਜਾਂਦੇ ਹਨ, ਉਨ੍ਹਾਂ ਨੂੰ ਮੋਬਾਇਲ ਦੀ ਕਮੀ ਬਹੁਤ ਜਿਆਦਾ ਖਲਦੀ ਹੈ। ਕਮਾਲ ਦੀ ਗੱਲ ਹੈ ਕਿ ਮੋਬਾਇਲ ਪ੍ਰਾਪਤ ਕਰਨ ਲਈ ਉਹ ਇਸ ਦੀ ਦੁੱਗਣੀ ਚੌਗੁਣੀ ਕੀਮਤ ਦੇ ਕੇ ਕਿਸੇ ਨਾ ਕਿਸੇ ਤਰ੍ਹਾਂ ਮੋਬਾਇਲ ਹਾਸਲ ਕਰ ਹੀ ਲੈਂਦੇ ਹਨ ਅਤੇ ਜੇਲ੍ਹ ਸਟਾਫ ਦੇ ਅੜਿੱਕੇ ਚੜ੍ਹਦੇ ਹੀ ਰਹਿੰਦੇ ਹਨ। ਇੰਟਰਨੈੱਟ ਜਾਂ ਮੋਬਾਈਲ ਦੀ ਵਰਤੋਂ ਜੇਲ੍ਹ ਮੈਨੂਅਲ ਅਨੁਸਾਰ ਅਪਰਾਧ ਹੈ ਅਤੇ ਜੇਲ੍ਹਾਂ ਵਿੱਚ ਇੰਟਰਨੈੱਟ ਜਾਂ ਮੋਬਾਈਲ ਦੀ ਵਰਤੋਂ ਰੋਕਣ ਲਈ ਕਈ ਉਪਰਾਲੇ ਕੀਤੇ ਜਾਂਦੇ ਰਹਿੰਦੇ ਹਨ।

ਅਜਿਹੇ ਹੀ ਕ੍ਰਮ ਵਿੱਚ ਨਾਭਾ ਮੈਕਸੀਮਮ ਸਕਿਊਰਿਟੀ ਜੇਲ੍ਹ ਵਿਖੇ ਕਈ ਕਰੋੜਾਂ ਦੀ ਲਾਗਤ ਨਾਲ ਜੈਮਰ ਸਥਾਪਤ ਕੀਤਾ ਗਿਆ ਸੀ ਪ੍ਰੰਤੂ ਜੇਲ੍ਹ ਵਿਚੋਂ ਹੀ ਬਰਾਮਦ ਹੁੰਦੇ ਮੋਬਾਈਲਾਂ ਦੀ ਵਰਤੋਂ ਤੋਂ ਸਾਫ ਸਪੱਸ਼ਟ ਹੈ ਕਿ ਜੈਮਰ ਅੱਜ ਦੇ ਸਮੇਂ ਸਫੈਦ ਹਾਥੀ ਬਣਿਆ ਹੋਇਆ ਹੈ। ਬੀਤੇ ਹਫਤੇ ਵਿਚ ਨਾਭਾ ਮੈਕਸੀਮਮ ਸਕਿਉਰਿਟੀ ਜੇਲ੍ਹ ਅਤੇ ਨਵੀਂ ਜ਼ਿਲ੍ਹਾ ਜੇਲ੍ਹ ਵਿੱਚੋਂ ਕਈ ਮੋਬਾਇਲ ਬਰਾਮਦ ਹੋਏ ਹਨ, ਜੋ ਉਸ ਸਮੇਂ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੰਦੇ ਹਨ ਜਦੋਂ ਬੀਤੇ ਹਫਤੇ ਵਿੱਚ ਪੰਜਾਬ ਪੁਲਿਸ ਵੱਲੋਂ ਉੱਚ ਅਧਿਕਾਰੀਆਂ ਦੇ ਨਾਲ ਭਾਰੀ ਪੁਲੀਸ ਬਲ ਸਮੇਤ ਜੇਲ੍ਹ ਵਿੱਚ ਰੇਡ ਕੀਤੀ ਹੋਵੇ।

ਇਸ ਵਰਤਾਰੇ ਸਬੰਧੀ ਜਦੋਂ ਡੀ ਐੱਸ ਪੀ ਨਾਭਾ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਾ ਸਮਝਿਆ ਜਦੋਂਕਿ ਜੇਲ੍ਹ ਮੈਨੂਅਲ ਦੇ ਐਕਸਪਰਟ ਡਾ. ਮਨਦੀਪ ਗੌੜ ਨੇ ਕਿਹਾ ਕਿ ਅੱਜ ਦੀ ਮੋਬਾਇਲ ਤਕਨੀਕ 4 ਜੀ ਹੈ ਜਦੋਂ ਕਿ ਜੇਲ੍ਹਾਂ ਦੇ ਜੈਮਰ 3 ਜੀ ਤੱਕ ਮੋਬਾਇਲ ਨੈੱਟਵਰਕ ’ਤੇ ਕਾਬੂ ਪਾਉਂਦੇ ਹਨ। ਮੋਬਾਇਲ ਅਤੇ ਇੰਟਰਨੈੱਟ ਦੇ ਵਧੇ ਦਾਇਰੇ ਕਾਰਨ ਜੇਲ੍ਹ ਪ੍ਰਸ਼ਾਸਨ ਨੂੰ ਕਈ ਤਕਨੀਕੀ ਤਬਦੀਲੀਆਂ ਕਰਨੀਆਂ ਪੈਣਗੀਆਂ। ਜਿਸ ਤਰ੍ਹਾਂ ਜੇਲ੍ਹਾਂ ਵਿੱਚ ਕੇਬਲ ਟੀ ਵੀ ਸੁਵਿਧਾ ਦੇ ਕੇ ਸਿਰਫ਼ ਛੇ ਚੈਨਲ ਦਿਖਾਏ ਜਾਂਦੇ ਹਨ ਉਸੇ ਪ੍ਰਕਾਰ ਜੇਕਰ ਸੀਮਤ ਦਾਇਰੇ ਅੰਦਰ ਇੰਟਰਨੈੱਟ ਜਾਂ ਮੋਬਾਈਲ ਦੀ ਵਰਤੋਂ ਸ਼ਰਤਾਂ ਸਮੇਤ ਸੁਵਿਧਾ ਦੇ ਦਿੱਤੀ ਜਾਵੇ ਤਾਂ ਜੇਲ੍ਹ ਪ੍ਰਸ਼ਾਸਨ ਸਮੇਤ ਪੰਜਾਬ ਪੁਲੀਸ ਅਤੇ ਅਦਾਲਤਾਂ ਦਾ ਕੰਮ ਵੀ ਘੱਟ ਜਾਵੇਗਾ।

ਨਾਭਾ ਮੈਕਸੀਮਮ ਸਕਿਉਰਿਟੀ ਜੇਲ੍ਹ ਦੇ ਕੈਦੀ ਤੋਂ ਸਿੱਮ ਸਮੇਤ ਮੋਬਾਇਲ ਬਰਾਮਦ

ਨਾਭਾ ਮੈਕਸੀਮਮ ਸਕਿਓਰਿਟੀ ਜੇਲ੍ਹ ਦੇ ਸਟਾਫ ਨੇ ਜੇਲ੍ਹ ਵਿਖੇ ਇੱਕ ਕੈਦੀ ਤੋਂ ਮੋਬਾਇਲ ਸਿਮ ਸਣੇ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਅਨੁਸਾਰ ਜੇਲ੍ਹ ਅਧਿਕਾਰੀ ਸਹਾਇਕ ਸੁਪਰਡੈਂਟ ਬਖਸ਼ੀਸ਼ ਲਾਲ ਨੇ ਨਾਭਾ ਕੋਤਵਾਲੀ ਪੁਲਿਸ ਨੂੰ ਜੇਲ੍ਹ ਵਿੱਚ ਨਜਰਬੰਦ ਇੱਕ ਕੈਦੀ ਨਵਨੀਤ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਜ਼ਿਲ੍ਹਾ ਮੁਹਾਲੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਕਿ ਜਦੋਂ ਜੇਲ੍ਹ ਸਟਾਫ ਵੱਲੋਂ ਬੈਰਕ ਨੰਬਰ 04 ਦੀ ਤਲਾਸ਼ੀ ਲਈ ਗਈ ਤਾਂ ਕਥਿਤ ਦੋਸ਼ੀ ਆਪਣੇ ਬਿਸਤਰੇ ’ਤੇ ਬੈਠਾ ਮੋਬਾਈਲ ਉੱਤੇ ਗੱਲਾਂ ਮਾਰ ਰਿਹਾ ਸੀ।

ਜਿਸ ਕਾਰਨ ਕੈਦੀ ਕੋਲੋਂ ਇੱਕ ਸੈਮਸੰਗ ਟੱਚ ਮੋਬਾਇਲ ਅਤੇ ਇੱਕ ਸਿਮ ਬਰਾਮਦ ਕੀਤਾ ਗਿਆ ਜੋ ਕਿ ਜੇਲ੍ਹ ਮੈਨੂਅਲ ਅਨੁਸਾਰ ਇਤਰਾਜਯੋਗ ਸਮੱਗਰੀ ਹੈ। ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਨਾਭਾ ਕੋਤਵਾਲੀ ਪੁਲਿਸ ਵੱਲੋਂ ਉਕਤ ਕਥਿਤ ਦੋਸ਼ੀ ਕੈਦੀ ਖਿਲਾਫ ਪ੍ਰੀਜਨ ਐਕਟ ਦੀ ਧਾਰਾ 52 ਏ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਨੂੰ ਅਮਲ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ