ਧੂੜ ਭਰੀ ਹਨ੍ਹੇਰੀ ਨਾਲ ਉੱਤਰ ਭਾਰਤ ਬੇਹਾਲ

North, India, Dust, Vapor

ਮੌਸਮ ਵਿਭਾਗ ਅਨੁਸਾਰ : ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ ‘ਚ ਅਗਲੇ ਦੋ ਦਿਨਾਂ ‘ਚ ਚੱਲੇਗੀ 25 ਤੋਂ 35 ਕਿਲੋਮੀਟਰ ਪ੍ਰਤੀਘੰਟਾ ਧੂੜ ਭਰੀ ਹਨ੍ਹੇਰੀ

  • ਯੂਪੀ ‘ਚ 13 ਦੀ ਮੌਤ, ਦਿੱਲੀ ‘ਚ ਐਤਵਾਰ ਤੱਕ ਨਿਰਮਾਣ ‘ਤੇ ਰੋਕ
  • ਮੰਗਲਵਾਰ ਤੇ ਬੁੱਧਵਾਰ ਨੂੰ ਦਿੱਲੀ ‘ਚ ਕਈ ਥਾਵਾਂ ‘ਤੇ ਆਮ ਨਾਲੋਂ 18 ਗੁਣਾ ਜ਼ਿਆਦਾ ਪ੍ਰਦੂਸ਼ਣ ਰਿਹਾ

ਨਵੀਂ ਦਿੱਲੀ, ਚੰਡੀਗੜ੍ਹ, (ਏਜੰਸੀ/ਸੱਚ ਕਹੂੰ ਨਿਊਜ਼)। ਧੂੜ  ਭਰੀ ਹਨ੍ਹੇਰੀ ਨੇ ਦਿੱਲੀ, ਹਰਿਆਣਾ, ਪੰਜਾਬ ਤੇ ਰਾਜਸਥਾਨ ਦੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ। ਧੁੰਦ ਦੀ ਵਜ੍ਹਾ ਕਾਰਨ ਦਿੱਲੀ ‘ਚ ਲਗਾਤਾਰ ਤੀਜੇ ਦਿਨ ਪ੍ਰਦੂਸ਼ਣ ਗੰਭੀਰ ਪੱਧਰ ‘ਤੇ ਪਹੁੰਚ ਗਿਆ ਅਗਲੇ ਚਾਰ ਦਿਨਾਂ ਤੱਕ ਇਸ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਮੌਸਮ ਵਿਭਾਗ ਅਨੁਸਾਰ 17 ਜੂਨ ਨੂੰ ਮੀਂਹ ਪੈ ਸਕਦਾ ਹੈ ਇਸ ਤੋਂ ਬਾਅਦ ਹੀ ਧੂੜ ਤੇ ਪ੍ਰਦੂਸ਼ਣ ਤੋਂ ਰਾਹਤ ਮਿਲ ਸਕਦੀ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਲੋਕਾਂ ਨੂੰ ਅਜਿਹੀ ਸਥਿਤੀ ‘ਚ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ ‘ਚ ਅਗਲੇ ਦੋ ਦਿਨਾਂ ‘ਚ 25 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧੂੜ ਭਰੀ ਹਵਾ ਚੱਲੇਗੀ। ਵਿਭਾਗ ਦੇ ਅਨੁਸਾਰ, ਸ਼ੁੱਕਰਵਾਰ ਸ਼ਾਮ ਤੋਂ ਹਵਾ ‘ਚ ਧੂੜ ਦੀ ਮਾਤਰਾ ਘੱਟ ਹੋਣੀ ਸ਼ੁਰੂ ਹੋਵੇਗੀ ਜਦੋਂ ਪੱਛਮ ਉੱਤਰ ਭਾਰਤ ਦੇ ਕੁਝ ਹਿੱਸਿਆਂ ‘ਚ ਗਰਜ਼ ਦੇ ਨਾਲ ਹਨ੍ਹੇਰੀ ਚੱਲਣ ਦੀ ਸੰਭਾਵਨਾ ਹੈ।

ਘੱਟ ਵਿਜੀਬਿਲੀਟੀ ਹੋਣ ਕਾਰਨ ਚੰਡੀਗੜ੍ਰ ਏਅਰਪੋਰਟ ‘ਤੇ ਜਹਾਜ਼ਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਗਈ ਹੈ। ਰਾਜਸਥਾਨ ਤੋਂ ਉੱਠੀ ਧੂੜ ਭਰੀ ਹਨ੍ਹੇਰੀ ਨੇ ਦਿੱਲੀ, ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਚੰਡੀਗੜ੍ਹ ਦੇ ਆਸਮਾਨ ‘ਚ ਧੂੜ ਦੀ ਅਜਿਹੀ ਚਾਦਰ ਵਿਛ ਗਈ ਹੈ ਕਿ ਸਵੇਰੇ ਤੋਂ ਜਹਾਜ਼ਾਂ ਦੀ ਆਵਾਜਾਈ ‘ਤੇ ਬ੍ਰੇਕ ਲੱਗ ਗਈ ਹੈ। ਸਵੇਰੇ ਤੋਂ ਚੰਡੀਗੜ੍ਹ ‘ਚ ਨਾ ਜਹਾਜ਼ਾਂ ਦੀ ਲੈਂਡਿੰਗ ਹੋ ਰਹੀ ਹੈ ਤੇ ਨਾ ਹੀ ਟੇਕਆਫ਼ ਹਵਾ ‘ਚ ਧੂੜ ਦੇ ਕਣਾਂ ਦੀ ਵਧੀ ਮਾਤਰਾ ਕਾਰਨ ਜਹਾਜ਼ਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਇੰਜ ਲੱਗ ਰਿਹਾ ਹੈ ਕਿ ਮੰਨੋ ਮੌਸਮ ਦਾ ਆਫਤਕਾਲ ਲਾਗੂ ਹੋ ਗਿਆ ਹੋਵੇ।

ਦਿੱਲੀ ‘ਚ ਰੁਕ ਸਕਦੀਆਂ ਹਨ ਉਸਾਰੀਆਂ

ਦਿੱਲੀ ‘ਚ ਸਾਹ ਲੈਣ ‘ਤੇ ਆਫ਼ਤ ਬਣੀ ਹੋਈ ਹੈ ਸ਼ਹਿਰ ਦੇ ਕਈ ਇਲਾਕਿਆਂ ‘ਚ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਪੱਧਰ ਤੋਂ ਵੀ ਕਾਫ਼ੀ ਉੱਪਰ ਪਹੁੰਚ ਗਿਆ ਹੈ। ਸੈਂਟਰਲ ਪਾਲਊਸ਼ਨ ਕੰਟਰੋਲ ਬੋਰਡ ਦੇ ਸਕੱਤਰ ਏ ਸੁਧਾਕਰ ਨੇ ਕਿਹਾ ਕਿ ਜੇਕਰ ਹਾਲਾਤ ਇਸ ਤਰ੍ਹਾਂ ਬਣੇ ਰਹੇ ਤਾਂ ਐਨਸੀਆਰ ‘ਚ ਉਸਾਰੀ ਕਾਰਜ ਰੋਕੇ ਜਾਣਗੇ। ਇਸ ਹਾਲਤ ਤੋਂ ਨਿਜਾਤ ਸਿਰਫ਼ ਤੇ ਸਿਰਫ਼ ਮੀਂਹ ਹੀ ਦਿਵਾ ਸਕਦਾ ਹੈ ਪਰ ਫਿਲਹਾਲ ਦੋ ਦਿਨਾਂ ਤੱਕ ਇਸ ਦੀ ਕੋਈ ਸੰਭਾਵਨਾ ਨਹੀਂ ਹੈ।

ਕਈ ਸੂਬਿਆਂ ‘ਚ ਕੁਦਰਤ ਦਾ ਕਰੋਪ

ਜ਼ਿਕਰਯੋਗ ਹੈ ਕਿ ਦਿੱਲੀ-ਐਨਸੀਆਰ, ਪੰਜਾਬ, ਹਰਿਆਣਾ, ਯੂਪੀ ਤੇ ਰਾਜਸਥਾਨ ਤੋਂ ਇਲਾਵਾ ਕੇਰਲ ‘ਚ ਵੀ ਲੋਕ ਕੁਦਰਤ ਦੇ ਕਰੋਪ ਤੋਂ ਪਰੇਸ਼ਾਨ ਹਨ। ਕੇਰਲਾ ‘ਚ ਭਾਰੀ ਮੀਂਹ ਨਾਲ ਸੜਕਾਂ ਸਮੁੰਦਰ ਬਣ ਗਈ ਤਾਂ ਯੂਪੀ ‘ਚ ਇੱਕ ਵਾਰ ਫਿਰ ਮੌਤ ਦੇ ਤੂਫ਼ਾਨ ਨੇ 13 ਵਿਅਕਤੀਆਂ ਦੀ ਜ਼ਿੰਦਗੀ ਖੋਹ ਲਈ ਹੈ ਰਾਜਸਥਾਨ ‘ਚ ਰੇਤ ਦਾ ਤੂਫ਼ਾਨ ਉਡ ਰਿਹਾ ਹੈ ਤੇ ਉਸ ਦੇ ਅਸਰ ਨਾਲ ਦਿੱਲੀ ਦੀ ਹਵਾ ਸਾਹਘੋਟੂ ਬਣੀ ਹੋਈ ਹੈ। ਓਧਰ ਪੂਰਬ-ਉੱਤਰ ਦੇ ਕਈ ਸੂਬਿਆਂ ‘ਚ ਹੜ੍ਹ ਦਾ ਸੰਕਟ ਖੜ੍ਹਾ ਹੋ ਗਿਆ ਹੈ।