ਸਿੱਧੂ ਦੀ ਦਰਿਆਦਿਲੀ ਨੇ ਮਨ ਮੋਹੇ

Ninder Ghugianvi, Meeting, Navjot Singh Sidhu, Article

ਨਵਜੋਤ ਸਿੰਘ ਸਿੱਧੂ ਨੂੰ ਮੈਂ ਪਹਿਲਾਂ ਕਦੇ ਨਹੀਂ ਸੀ ਮਿਲਿਆ ਤੇ ਹੁਣ ਲਗਾਤਾਰ ਚਾਰ-ਪੰਜ ਵਾਰੀ ਮਿਲਣ ਦਾ ਮੌਕਾ ਇਸ ਲਈ ਬਣਿਆ ਹੈ ਜਦ ਉਨ੍ਹਾਂ ਨੇ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਤੇ ਸੈਰ-ਸਪਾਟਾ ਵਿਭਾਗ ਦਾ ਮੰਤਰੀ ਹੁੰਦਿਆਂ ਪੰਜਾਬ ਦੀ ਸੱਭਿਆਚਾਰਕ ਨੀਤੀ ਘੜਨ ਵਾਸਤੇ ਲੇਖਕਾਂ, ਕਲਾਕਾਰਾਂ ਤੇ ਇਸ ਖੇਤਰ ਦੇ ਚੁਣਵੇਂ ਬੰਦਿਆਂ ਨੂੰ ਚੰਡੀਗੜ੍ਹ ਪੰਜਾਬ ਭਵਨ ‘ਚ ਇਕੱਠਿਆਂ ਕੀਤਾ ਤੇ ਲੰਮੇ ਵਿਚਾਰ-ਵਟਾਂਦਰੇ ਤੋਂ ਬਾਦ ਪੰਜਾਬ ਦੀ ਸੱਭਿਆਚਾਰਕ ਨੀਤੀ ਬਣਾਉਣ ਬਾਰੇ ਇੱਕ ਖਰੜਾ ਤਿਆਰ ਕਰਵਾਇਆ  ਖਰੜੇ ਦੀ ਸੋਧ-ਸੁਧਾਈ ਲਈ ਮੁੜ ਵਿਚਾਰ ਜਾਣੇ ਗਏ ਹਨ ਤੇ ਇਸ ਵੇਲੇ ਇਹ ਕੰਮ ਪੰਜਾਬ ਦਾ ਸੱਭਿਆਚਾਰਕ ਮਹਿਕਮਾ ਪੂਰੀ ਚੁਸਤੀ-ਫੁਰਤੀ ਨਾਲ ਕਰ ਰਿਹਾ ਹੈ

ਸਿੱਧੂ ਦਾ ਕਹਿਣਾ ਹੈ ਕਿ ਉਹਨੇ ਜੋ ਮਨ ਵਿੱਚ ਧਾਰ ਲਿਆ ਹੈ, ਉਹ ਹੋ ਕੇ ਰਹੇਗਾ ਤੇ ਉਹ ਕਰ ਕੇ ਵਿਖਾਏਗਾ ਜਿੱਥੋਂ ਤੀਕ ਮੇਰੀ ਜਾਣਕਾਰੀ ਹੈ ਕਿ ਪੰਜਾਬ ਦੇ ਸੱਭਿਆਚਾਰਕ ਮਹਿਕਮੇ ਨੂੰ ਭਾਸ਼ਾ ਵਿਭਾਗ ਦੇ ਮਹਿਕਮੇ ਵਾਂਗ ਲੋਕੀ ਮਹਿਕਮਾ ਹੀ ਨਹੀਂ ਸਮਝਦੇ, ਹੁਣ ਸਮਝਣ ਲੱਗ ਜਾਣਗੇ ਮੀਟਿੰਗਾਂ ਦੌਰਾਨ ਸਿੱਧੂ ਨੇ ਹਰ ਇੱਕ ਨੂੰ ਪੂਰਾ-ਪੂਰਾ ਸੁਣਿਆ ਹੈ, ਉਹ ਕਾਹਲਾ ਰਤਾ ਵੀ ਨਹੀਂ ਪਿਆ

ਉਸ ਨੇ ਤਾਂ ਇੱਕ ਮੀਟਿੰਗ ‘ਚ ਇਹ ਵੀ ਆਖਿਆ, ਤੁਸੀਂ ਸਾਰੇ ਮੈਥੋਂ ਵੱਡੇ ਹੋ ਤੇ ਆਦਰਯੋਗ ਹੋ, ਮੈਂ ਭੁੱਲਣਹਾਰ ਹਾਂ, ਮੈਂ ਗਲਤੀ ਵੀ ਕਰਾਂ ਤਾਂ ਸਿਰ ‘ਤੇ ਹੱਥ ਰੱਖਣਾ, ਤੁਸੀਂ ਕਿਸੇ ਨੇ ਰੁੱਸਣਾ ਨਹੀਂ, ਜੇ ਕੋਈ ਰੁੱਸ ਵੀ ਜਾਊ ਤਾਂ ਮੈਂ ਘਰ ਜਾ ਕੇ ਮਨਾਊਂਗਾ ਉਸਦੇ ਏਨਾ ਕਹਿਣ ‘ਤੇ ਆਵਾਜ਼ਾਂ ਉੱਠੀਆਂ ਕਿ ਅਸੀਂ ਤਾਂ ਅੱਜ ਹੀ ਰੁੱਸਦੇ ਆਂ, ਏਨੇ ਨਾਲ ਤੁਸੀਂ ਸਾਡੇ ਘਰ ਤਾਂ ਆ ਜਾਉਗੇ ਮੀਟਿੰਗਾਂ ‘ਚ ਹਾਸਾ-ਠੱਠਾ ਵੀ ਹੁੰਦਾ ਰਿਹਾ ਤੇ ਗੰਭੀਰਤਾ ਵੀ ਹਾਵੀ ਰਹੀ ਹੈ ਸਿੱਧੂ ਨਾ ਕਿਸੇ ਮੀਟਿੰਗ ਦੇ ਵਿਚਕਾਰੋਂ ਉਠਕੇ ਗਿਆ ਤੇ ਨਾ ਫੋਨ ਸੁਣਿਆ ਪਰ ਲੱਤਾਂ ਖਿੱਚਣ ਵਾਲੇ ਲੱਤਾਂ ਵੀ ਖਿੱਚਦੇ ਰਹੇ ਹਨ

ਇਹ ਪਹਿਲੀ ਵਾਰੀ ਹੋਇਆ ਕਿ ਕੋਈ ਸੱਭਿਆਚਾਰਕ ਮਾਮਲਿਆਂ ਦਾ ਮੰਤਰੀ ਪੰਜਾਬ ਦੇ  ਸੱਭਿਆਚਾਰ ਬਾਰੇ ਵੀ ਫਿਕਰਮੰਦ ਹੋਇਆ ਹੈ ਤੇ ਸੁਸਤਾ ਰਹੇ ਮਹਿਕਮੇ ‘ਚ ਜਾਨ ਪਈ ਹੈ ਪਹਿਲੇ ਮੰਤਰੀ ਸੁਸਤ ਹੀ ਰਹੇ ਹਨ ਉਹ ਸੋਚਦੇ ਰਹੇ ਕਿ ਸੱਭਿਆਚਾਰ ਦੀ ਗੱਲ ਕਰ ਕੇ ਕਮਲੇ-ਰਮਲੇ ਅਖਵਾਵਾਂਗੇ ਸਿੱਧੂ ਨੇ ਦੋ ਆਹਲਾ ਤੇ ਨੇਕ ਅਫ਼ਸਰ ਆਪਣੇ ਨਾਲ ਜੋੜੇ ਹਨ, ਸਕੱਤਰ ਸ.੍ਰ ਜਸਪਾਲ ਸਿੰਘ ਆਈਏਐਸ ਤੇ ਡਾਇਰੈਕਟਰ ਸ੍ਰ.ਸ਼ਿਵਦੁਲਾਰ ਸਿੰਘ ਢਿੱਲੋਂ ਆਈਏਐਸ ਇਸ ਵਾਰ ਦੇ ਬੱਜਟ ‘ਚ ਸੱਭਿਆਚਾਰ ਤੇ ਸੈਰ-ਸਪਾਟਾ ਲਈ 26 ਕਰੋੜ ਦਾ ਬੱਜਟ ਵੀ ਪਾਸ ਕਰਵਾ ਲਿਆ ਗਿਆ ਹੈ ਸੋ, ਜੇ ਕੁਝ ਅੱਛਾ ਹੋਣ ਲੱਗਿਆ ਹੈ ਤਾਂ ਸਾਨੂੰ ਸਭ ਨੂੰ ਸਲਾਹੁਤਾ ਤੇ ਹੌਸਲਾ ਅਫ਼ਜਾਈ ਕਰਨੀ ਬਣਦੀ ਹੈ

9 ਜੂਨ ਦੇ ਅਖ਼ਬਾਰਾਂ ‘ਚ ਖਬਰ ਸੀ ਕਿ ਪ੍ਰਸਿੱਧ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੇ ਪੰਜਾਬ ਸਰਕਾਰ ਵੱਲੋਂ ਮੁਫਤ ਇਲਾਜ ਕਰਵਾਏ ਜਾਣ ਦੇ ਐਲਾਨ ਤੋਂ ਬਾਦ ਪੰਜਾਬ ਦੇ ਸਿੱਖਿਆ ਤੇ ਸਿਹਤ ਮੰਤਰੀ ਆਨਾ-ਕਾਨੀ ਕਰਨ ਲੱਗੇ ਹਨ ਇਸੇ ਦਿਨ ਹੀ ਗਿਆਰਾਂ ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੇਖਕਾਂ ਤੇ ਕਲਾਕਾਰਾਂ ਦੀ ਮੀਟਿੰਗ ਸੱਦੀ ਹੋਈ ਸੀ ਮੈਂ ਵੀ ਇਸ ਮੀਟਿੰਗ ‘ਚ ਭਾਗ ਲੈਣ ਲਈ ਪੁੱਜਾ ਹੋਇਆ ਸਾਂ ਤੇ ਸਿੱਧੂ ਹੋਰਾਂ ਨਾਲ ਸਾਡੀ ਇਹ ਚੌਥੀ ਮੀਟਿੰਗ ਸੀ ਪੰਜਾਬ ਦੀ ਸੱਭਿਆਚਾਰਕ ਨੀਤੀ ਘੜਨ ਬਾਰੇ ਖਬਰ ਪੜ੍ਹਨ ਮਗਰੋਂ ਮੈਂ ਇਹ ਪੱਕਾ ਧਾਰ ਲਿਆ ਕਿ ਔਲਖ ਸਾਹਿਬ ਵਾਲਾ ਮੁੱਦਾ ਮੈਂ ਇਸ ਮੀਟਿੰਗ ‘ਚ ਚੁੱਕਾਗਾਂ

ਜਦ ਮੇਰੇ ਬੋਲਣ ਦੀ ਵਾਰੀ ਆਈ, ਤਾਂ ਮੈਂ ਕਿਹਾ, ‘ਅੱਜ ਔਲਖ ਸਾਹਿਬ ਬਾਰੇ ਖਬਰ ਲੱਗੀ ਹੈ,ਸਿੱਧੂ ਸਾਹਿਬ, ਆਹ ਨਾਟਕਾਂ ਵਾਲੇ ਸਾਹਮਣੇ ਬੈਠੇ ਨੇ (ਏਨਾ ਆਖਣ ‘ਤੇ ਕੋਈ ਵੀ ਨਹੀਂ ਬੋਲਿਆ) ਕੱਲ੍ਹ ਔਲਖ ਸਾਹਬ ਨੂੰ ਫੋਰਟਿਸ ‘ਚੋਂ ਰਿਲੀਵ ਕਰਨਾ ਹੈ ਪਰ ਉਨ੍ਹਾਂ ਉਨੀਂ ਲੱਖ ਦਾ ਬਿੱਲ ਉਨ੍ਹਾਂ ਦੇ ਪਰਿਵਾਰ ਦੇ ਹੱਥ ਫੜਾ ਦਿੱਤਾ ਹੈ, ਬੀਬੀ ਅਰੁਣਾ ਚੌਧਰੀ ਤੇ ਬ੍ਰਹਮ ਮਹਿੰਦਰਾ ਜੀ ਕਹਿ ਕੇ ਆਏ ਸਨ ਕਿ ਅਸੀਂ ਸਰਕਾਰ ਵੱਲੋਂ ਮੁਫਤ ਇਲਾਜ ਕਰਵਾਵਾਂਗੇ , ਹੁਣ ਸਰ , ਜੇ ਕਰਨਾ ਹੀ ਨਹੀਂ ਸੀ ਤਾਂ ਕਹਿਣ ਦੀ ਕੀ ਲੋੜ ਸੀ ਜਦ ਪਰਿਵਾਰ ਨੇ ਸਰਕਾਰ ਦਾ ਹਵਾਲਾ ਦਿੱਤਾ ਤਾਂ ਹਸਪਤਾਲ ਕਹਿ ਰਿਹੈ ਕਿ ਸਰਕਾਰ ਨੇ ਤਾਂ ਜ਼ੁਬਾਨੀ ਕਿਹਾ ਸੀ, ਲਿਖਤੀ ਨਹੀਂ, ਹੁਣ ਉੱਥੇ ਚੱਕਰ ਪੈ ਰਿਹੈ, ਮੰਤਰੀ ਜੀ ਦਾ ਫੋਨ ਬੰਦ ਆ ਰਿਹੈ, ਸਿੱਧੂ ਸਾਹਿਬ ਤੁਹਾਡੀ ਜੋ ਲੋਕਾਂ ‘ਚ ਇਮੇਜ ਹੈ , ਤੇ ਜੋ ਹੁਣ ਬਣ ਰਹੀ ਕਿ ਸਿੱਧੂ ਸਾਹਿਬ ਪੰਜਾਬ ਦੇ ਸੱਭਿਆਚਾਰ ਦੀ ਬੜੌਤਰੀ ਲਈ ਸਰਗਰਮ ਹੋ ਗਏ ਹਨ, ਲੋਕਾਂ ਵਿੱਚ ਅੱਛਾ ਸੁਨੇਹਾ ਜਾ ਰਿਹੈ  ਸਰ, ਤੁਸੀਂ ਸੱਭਿਆਚਾਰ ਦੇ ਮੰਤਰੀ ਹੋ , ਤੁਹਾਨੂੰ ਔਲਖ ਸਾਹਬ ਦਾ ਹਾਲ ਚਾਲ ਪੁੱਛਣ ਲਈ ਜਰੂਰ ਜਾਣਾ ਚਾਹੀਦਾ ਸੀ, ਸਰ ਤੁਸੀਂ ਔਲਖ ਸਾਹਬ ਦਾ ਪਤਾ ਲੈ ਕੇ ਆਉਂਦੇ ਤੇ ਕੋਈ ਹੱਲ ਕੱਢਦੇ

ਸਾਰੀ ਗੱਲ ਸੁਣ ਕੇ ਸਿੱਧੂ ਆਖਣ ਸਾਹਬ ਲੱਗੇ , ਵੇਖੋ, ਜੋ ਪਹਿਲਾਂ ਦੋ ਲੱਖ ਪੰਜਾਬ ਸਰਕਾਰ ਨੇ ਦਿੱਤੈ, ਜਾਂ ਔਲਖ ਸਾਹਿਬ ਦੇ ਪਰਿਵਾਰ ਨੇ ਖਰਚਿਆ , ਬਾਕੀ ਰਹਿੰਦਾ ਮੈਂ ਹੁਣੇ ਤੈਨੂੰ ਚੈੱਕ ਦੇ ਦਿੰਦਾਂ ਹਾਂ, ਤੂੰ ਜਾ ਕੇ ਦੇ ਆ   ਏਨੀ ਸੁਣ ਕੇ ਜਿਹੜੇ ਚੁੱਪ ਸਨ, ਤਾੜੀਆਂ ਮਾਰਨ ਲੱਗੇ  ਮੀਟਿੰਗ ਮੁੱਕਣ ਵਾਲੀ ਸੀ ਸਿੱਧੂ ਨੇ ਇਸ਼ਾਰਾ ਕਰਕੇ ਮੈਨੂੰ ਕੋਲ ਬੁਲਾਇਆ ਤੇ ਕਿਹਾ, ਤੂੰ ਹੁਣੇ ਫੋਨ ਕਰਕੇ ਪਤਾ ਕਰ, ਆਪਾਂ ਹੁਣੇ ਫੋਰਟਿਸ ਚਲਦੇ ਹਾਂ ਔਲਖ ਸਾਹਿਬ ਦਾ ਪਤਾ ਲੈਣ

ਮੈਂ ਔਲਖ ਸਾਹਿਬ ਵਾਲੇ ਫੋਨ ‘ਤੇ ਫੋਨ ਮਿਲਾਇਆ ਤਾਂ ਅੱਗੋਂ ਉਨ੍ਹਾਂ ਦੀ ਪਤਨੀ ਮਨਜੀਤ ਔਲਖ ਜੀ ਬੋਲੇ ਮੈਂ ਸਾਰੀ ਗੱਲ ਦੱਸੀ ਖੈਰ! ਮੀਟਿੰਗ ਮੁੱਕੀ  ਸਿੱਧੂ ਸਾਹਿਬ ਕਹਿੰਦੇ , ਆਪਾਂ ਸਾਢੇ ਚਾਰ ਵਜੇ ਹਰ ਹਾਲਤ ਫੋਰਟਿਸ ਪੁੱਜਣਾ ਹੈ ਪਾਤਰ ਸਾਹਬ ਨੂੰ ਵੀ ਨਾਲ ਲੈ ਕੇ ਚੱਲੋ ਮੈਂ ਪਾਤਰ ਸਾਹਬ ਨੂੰ ਦੱਸ ਦਿੱਤਾ  ਜਦੋਂ ਚੱਲਣ ਲੱਗੇ ਤਾਂ ਮੈਂ ਪਾਤਰ ਸਾਹਬ ਨੂੰ ਲੱਭਣ ਜਾਣ ਲੱਗਾ ਤਾਂ ਮੈਂ ਕਾਹਲ ‘ਚ ਸ਼ੀਸ਼ੇ ‘ਚ ਜਾ ਵੱਜਾ, ਖੂਨ ਦੀਆਂ ਧਤੀਰਾਂ ਮੱਥੇ ‘ਚੋਂ ਵਹਿ ਤੁਰੀਆਂ , ਰੁਮਾਲ ਮੱਥੇ ‘ਤੇ ਰੱਖ ਜਦ ਬਾਥਰੂਮ ਵੱਲ ਜਾਣ ਲੱਗਾ ਤਾਂ ਸਿੱਧੂ ਸਾਹਬ ਸਾਹਮਣਿਉਂ ਤੁਰੇ ਆ ਰਹੇ ਸਨ, ਓ ਆਹ ਕੀ ਚੰਨ ਚੜ੍ਹਾ ਲਿਆ, ਪਤੰਦਰਾ! ਤੂੰ ਵੀ ਮੇਰੇ ਵਾਂਗ ਜਨੂੰਨੀ ਐਂ,ਆਹ ਧੋਵੋ ਯਾਰ ਬਲੱਡ ਉਥੋਂ ਫੋਰਟਿਸ ‘ਚੋਂ ਇਹਦੇ ਵੀ ਟਾਂਕੇ ਲਗਵਾ ਦਿਆਂਗੇ

ਫੋਰਟਿਸ ਪੁੱਜੇ  ਸਿੱਧੂ ਸਾਹਿਬ ਡਾਕਟਰਾਂ ਨੂੰ ਆਖਣ ਲੱਗੇ ਕਿ ਕਿੰਨੇ ਪੈਸੇ ਬਾਕੀ ਹਨ ਦੱਸੋ ਤੇ ਚੱਕੋ ਡਾਕਟਰ ਨੇ ਕਿਹਾ ਕਿ ਅੱਠ ਲੱਖ ਬਾਕੀ ਹਨ ਉਹਨਾਂ ਜੇਬ ‘ਚੋਂ ਚੈੱਕਬੁੱਕ ਕੱਢੀ ਤੇ ਦਰਸਤਖ਼ਤ ਕਰਕੇ ਪਾਤਰ ਸਾਹਬ ਨੂੰ ਕਹਿੰਦੇ , ਤੁਸੀਂ ਦਿਓ ਪਾਤਰ ਸਾਹਬ! ਔਲਖ ਜੀ ਦੇ ਧੀ ਜਵਾਈ ਨੇ ਡਾਕਟਰ ਸਾਹਬ ਨੂੰ ਉਹ ਚੈੱਕ ਸੌਂਪ ਦਿੱਤਾ ਸਿੱਧੂ ਬੋਲਿਆ ,  ਦੇਖੋ ਨਾਵਲਕਾਰ, ਕਲਾਕਾਰ ਤੇ ਲੇਖਕ ਸਾਡੀ ਅਸਲੀ ਜਾਇਦਾਦ ਹਨ, ਇਹ ਮੈਂ ਜੇਬ ‘ਚੋਂ ਦਿੱਤੇ ਨੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ, ਬੱਸ ਚੁੱਪ

ਸਾਡੇ ਨਾਲ ਗਏ ਕਲਾਕਾਰ ਤੇ ਲੇਖਕ ਖੁਸ਼ ਸਨ ਤੇ ਸਿੱਧੂ ਸਾਹਬ ਦਾ ਧੰਨਵਾਦ ਕਰ ਰਹੇ ਸਨ ਪਾਤਰ ਸਾਹਬ ਨੇ ਕਿਹਾ ,  ਇਹ ਪਹਿਲੀ ਵਾਰ ਹੋਇਆ ਕਿ ਇੱਕ ਮੰਤਰੀ ਨੇ ਇੱਕ ਕਲਾਕਾਰ ਲਈ ਆਪਣੀ ਜੇਬ ਵਿੱਚੋਂ ਏਨੀ ਵੱਡੀ ਰਕਮ ਦਿੱਤੀ ਐ, ਧੰਨਵਾਦ ਕਰਨੋਂ ਕਿਵੇਂ ਰਹਿ ਸਕਦੇ ਆਂ

ਜੇ ਨਵਜੋਤ ਸਿੰਘ ਸਿੱਧੂ ਵਾਂਗ ਮੰਤਰੀ, ਸਾਬਕਾ ਮੰਤਰੀ , ਸਾਬਕਾ ਐਮਪੀ ਤੇ ਐਮਐਲਏਜ਼ ਹਜ਼ਾਰ ਹਜ਼ਾਰ ਰੁਪਏ ਵੀ ਜੇਬੋਂ ਕੱਢਣ ਤਾਂ ‘ਪੰਜਾਬ ਸੱਭਿਆਚਾਰਕ ਭਲਾਈ’ ਫੰਡ ਕਾਇਮ ਹੋ ਸਕਦੈ ਬੜੀ ਸੌਖ ਨਾਲ ਮੇਰੀ ਗੱਲ ਸੁਣ ਕੇ ਸਾਰੇ ਬੋਲੇ, ਆਪਾਂ ਕਰਵਾਵਾਂਗੇ  ਸਭ ਆਪੋ ਆਪਣੇ ਟਿਕਾਣਿਆਂ ਵੱਲ ਪਰਤਣ ਲੱਗੇ  ਪਾਤਰ ਸਾਹਿਬ , ਮੈਨੂੰ   ਲੁਧਿਆਣੇ ਉਤਾਰ ਦੇਣਾ ਆਪਣੇ ਰੁਮਾਲ ਨਾਲ ਮੱਥਾ ਫੜ ਕੇ ਮੈਂ ਪਾਤਰ ਸਾਹਿਬ ਦੀ ਕਾਰ ਵਿੱਚ ਬਹਿ ਗਿਆ

ਨਿੰਦਰ ਘਿਗਆਣਵੀ