ਬੱਲੂਆਣਾ ਨੂੰ ਪੰਜਾਬ ਦਾ ਨੰਬਰ ਇਕ ਹਲਕਾ ਬਣਾਉਣਾ ਮੇਰਾ ਸੁਫਨਾ : ਵਿਧਾਇਕ ਮੁਸਾਫਿਰ

maan

ਮੁਖ ਮੰਤਰੀ ਪੰਜਾਬ ਨਾਲ ਵਿਧਾਇਕ ਮੁਸਾਫਿਰ ਨੇ ਕੀਤੀ ਮੁਲਾਕਾਤ, ਹਲਕਾ ਬੱਲੂਆਣਾ ਦੀਆਂ ਮੁਸ਼ਕਲਾਂ ਬਾਰੇ ਦਿੱਤੀ ਜਾਣਕਾਰੀ

ਬੱਲੂਆਣਾ, /ਫਾਜ਼ਿਲਕਾ (ਰਜਨੀਸ਼ ਰਵੀ)। ਹਲਕਾ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਮੁਸਾਫਿਰ (Balluana MLA Musafir) ਵੱਲੋਂ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਹਲਕੇ ’ਚ ਹਲਕਾ ਵਾਸੀਆਂ ਨੂੰ ਪਿਛਲੇ ਲੰਮੇ ਸਮੇਂ ਤੋਂ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਗਿਆ।

ਮੁਲਾਕਾਤ ਤੋਂ ਬਾਅਦ ਵਿਧਾਇਕ ਅਮਨਦੀਪ ਸਿੰਘ ਮੁਸਾਫਿਰ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਹਿਲਾਂ ਟੀਚਾ ਹਲਕਾ ਬੱਲੂਆਣਾ ਨੂੰ ਅਬੋਹਰ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਦਾ ਹੈ ਕਿਉਂਕਿ ਬੱਲੂਆਣਾ ਦਾ ਆਪਣੀ ਕੋਈ ਮਾਰਕੀਟ ਕਮੇਟੀ, ਤਹਿਸੀਲ, ਐਸ ਡੀ ਐਮ ,ਤਹਿਸੀਲਦਾਰ ਜਾਂ ਹੋਰ ਕੋਈ ਸਾਰੇ ਸਰਕਾਰੀ ਦਫ਼ਤਰ ਨਹੀਂ ਹੈ ਜੋ ਵੀ ਅਧਿਕਾਰੀ ਹਨ ਉਹ ਸਾਰੇ ਹੀ ਅਬੋਹਰ ਨਾਲ ਸਬੰਧਿਤ ਹਨ। ਹਲਕਾ ਵਾਸੀਆਂ ਨੂੰ ਆਪਣੇ ਨਿੱਕੇ-ਨਿੱਕੇ ਕੰਮਾਂ ਵਾਸਤੇ ਅਬੋਹਰ ਭੱਜਣਾ ਪੈਂਦਾ ਹੈ।

ਉਨ੍ਹਾ ਦੱਸਿਆ ਕਿ ਅੱਜ ਮੁੱਖ ਮੰਤਰੀ ਸਾਹਿਬ ਨਾਲ ਮੁਲਾਕਾਤ ਦੌਰਾਨ ਉਹਨਾਂ ਹਲਕਾ ਬੱਲੂਆਣਾ ਵਾਸਤੇ ਇੱਕ ਅਲੱਗ ਤੋਂ ਗ੍ਰਾਟ ਦੇਣ ਦੀ ਮੰਗ ਕੀਤੀ ਕਿਉਂਕਿ ਹਲਕਾ ਬੱਲੂਆਣਾ ਇੱਕ ਤਾਂ ਨਿਰੋਲ ਪੇਂਡੂ ਹਲਕਾ ਹੈ ਤੇ ਦੂਜਾ ਰਾਜਸਥਾਨ ਤੇ ਹਰਿਆਣਾ ਸੂਬੇ ਦੇ ਨਾਲ ਲੱਗਦੇ ਹੋਣ ਕਾਰਨ ਸਰਹੱਦੀ ਪਿੰਡਾਂ ’ਚ ਸੁੱਖ ਸਹੂਲਤਾਂ ਘੱਟ ਹਨ। ਸਿੱਖਿਆ ਖੇਤਰ ’ਚ ਸਕੂਲਾਂ ਚ ਭਾਰੀ ਕਮੀ ਹੈ।

ਹਲਕੇ ’ਚ ਇੱਕਾ-ਦੁੱਕਾ ਸਰਕਾਰੀ ਹਸਪਤਾਲ ਜਾਂ ਸੀ ਐਸ ਸੀ ਤਾਂ ਬਣੇ ਹੋਏ ਹਨ ਜਿੱਥੇ ਸਿਰਫ ਮਰੀਜ਼ ਨੂੰ ਰੈਫਰ ਹੀ ਲਿਖ ਕੇ ਦਿੱਤਾ ਜਾਦਾ ਹੈ ਕਿਉਕਿ ਉੱਥੇ ਸਟਾਫ ਹੀ ਨਹੀਂ ਹੈ ! ਪੀਣ ਵਾਲੇ ਪਾਣੀ ਦੀ ਵੀ ਬਹੁਤ ਕਿੱਲਤ ਹੈ। ਪਿੰਡਾਂ ਦੇ ਲੋਕਾਂ ਨੂੰ ਬਾਹਰੋ ਟੈਕਰਾਂ ’ਚ ਪਾਣੀ ਮੁੱਲ ਲੈਣਾ ਪੈਂਦਾ ਹੈ। ਸੰਚਾਈ ਲਈ ਨਹਿਰਾਂ ਦੇ ਟੇਲਾਂ ਤੇ ਪਿੰਡ ਪੈਂਦੇ ਹਨ ਜਿਸ ਕਰਕੇ ਖੇਤੀਬਾੜੀ ਬੜੇ ਲੰਮੇ ਸਮੇਂ ਤੋਂ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾ ਦੱਸਿਆ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੋਰ ਵੀ ਬਹੁਤ ਸਾਰੀਆਂ ਹਲਕਾ ਵਾਸੀਆਂ ਦੀਆਂ ਲੋੜਾਂ ਬਾਰੇ ਜਾਣੂ ਕਰਵਾਇਆ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਉਨ੍ਹਾ ਨੂੰ ਬੱਲੂਆਣਾ ਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਤੇ ਜਲਦ ਹੀ ਹਲਕਾ ਬੱਲੂਆਣਾ ਵਾਸਤੇ ਇੱਕ ਵੱਖਰਾ ਪੈਕੇਜ ਦੇਣ ਦਾ ਵੀ ਭਰੋਸਾ ਦਿੱਤਾ। ਵਿਧਾਇਕ ਨੇ ਦੱਸਿਆ ਕਿ ਮੁੱਖ ਮੰਤਰੀ ਦਾ ਇੱਕ ਹੀ ਸੁਪਨਾ ਹੈ ਕਿ ਸੂਬੇ ’ਚ ਹਰ ਤਰ੍ਹਾ ਦੇ ਭ੍ਰਿਸ਼ਟਾਚਾਰ ਦਾ ਖਾਤਮਾ ਤੇ ਪੰਜਾਬ ਨੂੰ ਨਸ਼ਿਆਂ ਦੀ ਦਲ ਦਲ ’ਚੋਂ ਕੱਢ ਕੇ ਤਰੱਕੀ ਦੇ ਰਾਹ ’ਤੇ ਲੈ ਕੇ ਜਾਣਾ।

ਉਨ੍ਹਾ ਭਰੋਸਾ ਦਿੱਤਾ ਕਿ ਜਿਸ ਤਰ੍ਹਾ ਸੂਬਾ ਵਾਸੀਆਂ ਨੂੰ ਬਿਜਲੀ ਦੇ ਬਿੱਲਾਂ ਤੋਂ ਛੁਟਕਾਰਾ ਦਿੱਤਾ ਹੈ ਉਸੇ ਤਰ੍ਹਾਂ ਕੁਝ ਹੀ ਮਹੀਨਿਆਂ ’ਚ ਸੂਬਾ ਵਾਸੀਆਂ ਨੂੰ ਦਿੱਲੀ ਦੀ ਤਰਜ਼ ਤੇ ਹੋਰ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ। ਜੋ ਵੀ ਚੋਣਾਂ ਦੌਰਾਨ ਪੰਜਾਬ ਵਾਸੀਆਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਇਕ ਇਕ ਕਰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਵਿਧਾਇਕ ਅਮਨਦੀਪ ਸਿੰਘ ਨੇ ਦੱਸਿਆ ਕਿ ਮੇਰੇ ਵੱਲੋਂ ਵੀ ਮੁੱਖ ਮੰਤਰੀ ਸਾਹਿਬ ਨੂੰ ਭਰੋਸਾ ਦਿੱਤਾ ਗਿਆ ਕਿ ਜਿਸ ਤਰ੍ਹਾ ਵੋਟਾਂ ਦੌਰਾਨ ਲੋਕਾਂ ਦੇ ਘਰਾਂ ’ਚ ਜਾ ਕੇ ਵੋਟਾਂ ਮੰਗੀਆਂ ਸਨ। ਉਨ੍ਹਾਂ ਦੇ ਜਾਇਜ਼ ਕੰਮ ਵੀ ਉਸੇ ਤਰ੍ਹਾਂ ਹੀ ਘਰ-ਘਰ ਜਾ ਕੇ ਕਰਾਂਗੇ। ਤੇ ਹਲਕਾ ਬੱਲੂਆਣਾ ਨੂੰ ਸੂਬੇ ਦਾ ਮੋਹਰੀ ਹਲਕਾ ਬਣਾਵਾਂਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ