ਕਾਰਗਿਲ ਵਿਜੈ ਦਿਵਸ ’ਤੇ ਵਿਸ਼ੇਸ਼ : ਪਟਿਆਲਾ ਦੇ ਸਤਪਾਲ ਸਿੰਘ ਨੇ ਪਾਕਿਸਤਾਨ ਦੇ ਕੈਪਟਨ ਸਮੇਤ ਚਾਰ ਫੌਜੀਆਂ ਨੂੰ ਉਤਾਰਿਆ ਸੀ ਮੌਤ ਦੇ ਘਾਟ

50 ਜਣਿਆਂ ਦੀ ਸਪੈਸ਼ਲ ਟੀਮ ਨੇ ਇੱਕ ਹਜ਼ਾਰ ਪਾਕਿਸਤਾਨੀਆਂ ਦਾ ਮੋੜਿਆ ਸੀ ਮੂੰਹ

  • ਵੀਰ ਚੱਕਰ ਅਵਾਰਡ ਨਾਲ ਸਨਮਾਨਿਤ ਹੈ ਸਤਪਾਲ ਸਿੰਘ

(ਖੁਸ਼ਵੀਰ ਸਿੰਘ ਤੂਰ) ਪਟਿਆਲਾ । ਕਾਰਗਿਲ ਜੰਗ ’ਚ ਟਾਈਗਰ ਹਿੱਲ ’ਤੇ ਪਾਕਿਸਤਾਨ ਦੇ ਕੈਪਟਨ ਸਮੇਤ ਚਾਰ ਪਾਕਿਸਤਾਨੀ ਫ਼ੌਜੀਆਂ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਹਵਲਦਾਰ ਸਤਪਾਲ ਸਿੰਘ ਦੇਸ਼ ਦਾ ਅਸਲੀ ਨਾਇਕ ਹੈ । ਭਾਰਤੀ ਫੌਜ ਦੀ 50 ਜਣਿਆਂ ਦੀ ਸਪੈਸ਼ਲ ਪਲਟੂਨ ਨੇ ਪਾਕਿਸਤਾਨ ਦੇ ਤਿੰਨ ਹਮਲਿਆਂ ਨੂੰ ਫੇਲ੍ਹ ਕਰ ਦਿੱਤਾ ਅਤੇ ਉਨ੍ਹਾਂ ਦੇ ਅਫਸਰਾਂ ਸਮੇਤ ਦਰਜਨਾਂ ਫੌਜੀਆਂ ਨੂੰ ਮਾਰ ਕੇ ਹੌਂਸਲਾ ਪਸਤ ਕਰਦਿਆਂ ਇੱਕ ਹਜਾਰ ਸੈਨਿਕਾਂ ਨੂੰ ਵਾਪਸ ਮੁੜਨ ਲਈ ਮਜਬੂਰ ਕਰ ਦਿੱਤਾ। ਭਾਰਤੀ ਫੌਜ ਦੀ ਉਸ ਸਪੈਸ਼ਲ ਟੀਮ ਦਾ ਹੀਰੋ ਸੱਤਪਾਲ ਸਿੰਘ ਵੀਰ ਚੱਕਰ ਅਵਾਰਡ ਨਾਲ ਸਨਮਾਨਿਤ ਹੈ ਅਤੇ ਅੱਜ ਵੀ ਉਹ ਪੰਜਾਬ ਪੁਲਿਸ ’ਚ ਸੇਵਾਵਾਂ ਦੇ ਰਿਹਾ ਹੈ ।

ਸਾਬਕਾ ਫੌਜੀ ਸਤਪਾਲ ਸਿੰਘ ਨੇ ਦੱਸਿਆ ਕਿ ਕਾਰਗਿਲ ਯੁੱਧ ਦੌਰਾਨ ਉਹ 8 ਸਿੱਖ ਰੈਜੀਮੈਂਟ ’ਚ ਤੈਨਾਤ ਸੀ । ਟਾਈਗਰ ਹਿੱਲ ’ਤੇ ਭਾਰਤੀ ਫੌਜ ਦੇ 50 ਜਣਿਆਂ ਦੀ ਸਪੈਸ਼ਲ ਪਲਟੂਨ ਬਣਾਈ ਗਈ ਸੀ ਜਿਸ ਵਿੱਚ ਦੋ ਅਧਿਕਾਰੀ, ਚਾਰ ਜੇਸੀਓ ਅਤੇ 46 ਸਿਪਾਹੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੀ ਤਰਫੋਂ 10 ਮਈ, 14 ਮਈ ਅਤੇ 21 ਮਈ ਨੂੰ ਤਿੰਨ ਹਮਲੇ ਕੀਤੇ ਗਏ ਜੋ ਕਿ ਉਨ੍ਹਾਂ ਨੇ ਫੇਲ੍ਹ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਹੀ ਪਾਕਿਸਤਾਨ ਦੀ ਇੱਕ ਟੁਕੜੀ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਹਮਲੇ ਦਾ ਜਵਾਬ ਦਿੰਦਿਆਂ ਉਸ ਇਕੱਲੇ ਵੱਲੋਂ ਹੀ ਪਾਕਿਸਤਾਨ ਦੇ ਇੱਕ ਅਫਸਰ ਸਮੇਤ ਚਾਰ ਫੌਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਸ ਨੇ ਪਾਕਿਸਤਾਨ ਦੇ ਇੱਕ ਫੌਜੀ ’ਤੇ ਫਾਇਰ ਕੀਤਾ ਅਤੇ ਉਹ ਜਖਮੀ ਹੋ ਕੇ ਡਿੱਗ ਪਿਆ ।

ਇਸੇ ਦੌਰਾਨ ਹੀ ਏਕੇ 47 ਦੇ ਸ਼ੱਰੇ ਉਸ ਦੇ ਵੀ ਲੱਗੇ ਅਤੇ ਉਹ ਵੀ ਜਖਮੀ ਹੋ ਕੇ ਡਿੱਗ ਪਿਆ। ਸੱਤਪਾਲ ਦੱਸਦਾ ਹੈ ਕਿ ਜ਼ਖਮੀ ਹਾਲਤ ਵਿੱਚ ਉਹ ਦੋਵੇਂ ਜਣੇ ਖੜ੍ਹੇ ਹੋ ਗਏ ਅਤੇ ਦਸ ਮਿੰਟ ਤੱਕ ਉਨ੍ਹਾਂ ਦੀ ਗੁੱਥਮ ਗੁੱਥਾ ਲੜਾਈ ਵੀ ਚੱਲੀ ਅਤੇ ਉਸਨੇ ਆਪਣੀ ਬੈਲਟ ਨਾਲ ਪਾਕਿਸਤਾਨੀ ਫੌਜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਇਸ ਤੋਂ ਬਾਅਦ ਤਿੰਨ ਹੋਰ ਫ਼ੌਜੀਆਂ ਨੂੰ ਉਸ ਨੇ ਮਾਰ ਦਿੱਤਾ । ਬਾਅਦ ਵਿੱਚ ਪਤਾ ਲੱਗਾ ਕਿ ਜਿਸ ਨਾਲ ਉਸਦੀ ਗੁੱਥਮ ਗੁੱਥਾ ਲੜਾਈ ਹੋਈ ਅਤੇ ਜਿਸ ਨੂੰ ਮਾਰਿਆ ਸੀ ਉਹ ਪਾਕਿਸਤਾਨੀ ਫੌਜ ਦਾ ਕੈਪਟਨ ਕਰਨੈਲ ਸ਼ੇਰ ਖਾਂ ਸੀ ਜਿਸ ਨੂੰ ਬਾਅਦ ਵਿੱਚ ਪਾਕਿਸਤਾਨ ਵੱਲੋਂ ਵੱਕਾਰੀ ਨਿਸ਼ਾਨ -ਏ -ਹੈਦਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

ਸੱਤਪਾਲ ਨੇ ਦੱਸਿਆ ਕਿ ਇਸ ਲੜਾਈ ਵਿੱਚ ਭਾਰਤ ਦੇ ਤਿੰਨ ਜੇਸੀਓ ਅਤੇ 18 ਸਿਪਾਹੀ ਸ਼ਹੀਦ ਹੋ ਗਏ ਜਦਕਿ ਬਾਕੀ ਜਖਮੀ ਹੋ ਗਏ । ਉਨ੍ਹਾਂ ਦੀ ਟੁਕੜੀ ਨੇ ਪਾਕਿਸਤਾਨ ਦੇ 85 ਦੇ ਕਰੀਬ ਫ਼ੌਜੀ ਮਾਰ ਦਿੱਤੇ ਜਿਨ੍ਹਾਂ ਵਿੱਚ ਤਿੰਨ ਅਫਸਰ ਵੀ ਸ਼ਾਮਲ ਸਨ। ਜਦੋਂ ਪਾਕਿਸਤਾਨ ਦਾ ਕੈਪਟਨ ਸ਼ੇਰ ਖਾਂ ਮਾਰਿਆ ਗਿਆ ਤਾਂ ਪਾਕਿਸਤਾਨ ਦੇ ਇੱਕ ਹਜਾਰ ਫੌਜੀਆਂ ਨੂੰ ਵਾਪਸ ਭੱਜਣ ਲਈ ਮਜਬੂਰ ਹੋਣਾ ਪਿਆ । ਸਤਪਾਲ ਨੇ ਦੱਸਿਆ ਕਿ ਜੇਕਰ ਉਹ ਸ਼ੇਰ ਖਾਂ ਨੂੰ ਨਾ ਮਾਰਦਾ ਤਾਂ ਉਹ ਮੈਨੂੰ ਮਾਰ ਦਿੰਦਾ , ਇੱਕ ਨੇ ਤਾਂ ਮਰਨਾ ਹੀ ਸੀ। ਉਸ ਦੀ ਬਹਾਦਰੀ ਲਈ ਸਾਲ 1999 ’ਚ ਉਸ ਸਮੇਂ ਦੇ ਰਾਸ਼ਟਰਪਤੀ ਕੇ ਆਰ ਨਰਾਇਣਨ ਵੱਲੋਂ ਉਸ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ । ਉਹ ਸਾਲ 1992 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਸਾਲ 2009 ਵਿੱਚ ਉਹ ਫੌਜ ’ਚੋਂ ਹਵਲਦਾਰ ਦੇ ਪਦ ਤੋਂ ਰਿਟਾਇਰ ਹੋ ਗਿਆ ਸੀ ।

ਮੁੱਖ ਮੰਤਰੀ ਅਮਰਿੰਦਰ ਨੇ ਵੀ ਸਲਾਹਿਆ ਸੱਤਪਾਲ ਦੀ ਬਹਾਦਰੀ ਨੂੰ

ਸੱਤਪਾਲ ਸਿੰਘ ਨੇ ਦੱਸਿਆ ਕਿ ਸਾਲ 2010 ਵਿੱਚ ਉਹ ਪੰਜਾਬ ਪੁਲਿਸ ਵਿੱਚ ਸਿਪਾਹੀ ਦੇ ਤੌਰ ’ਤੇ ਭਰਤੀ ਹੋ ਗਿਆ । ਸਾਲ 2019 ਵਿੱਚ ਜਦੋਂ ਇਸ ਦਾ ਪਤਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਾ ਤਾਂ ਉਨ੍ਹਾਂ ਨੇ ਸਤਪਾਲ ਸਿੰਘ ਨੂੰ ਪ੍ਰਮੋਸ਼ਨ ਦਿੰਦਿਆਂ ਸਿੱਧਾ ਏਐਸਆਈ ਦੇ ਅਹੁਦੇ ’ਤੇ ਤੈਨਾਤ ਕਰ ਦਿੱਤਾ । ਉਸ ਨੇ ਦੱਸਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਜੋ ਕਾਰਗਿਲ ਯੁੱਧ ’ਤੇ ਕਿਤਾਬ ਲਿਖੀ ਗਈ ਹੈ ਉਸ ਵਿੱਚ ਵੀ ਉਸ ਦਾ ਵੇਰਵਾ ਅਤੇ ਫੋਟੋ ਲੱਗੀ ਹੋਈ ਹੈ ਅਤੇ ਅਮਰਿੰਦਰ ਸਿੰਘ ਵੱਲੋਂ ਵੀ ਉਸ ਦੀ ਬਹਾਦਰੀ ਨੂੰ ਸਲਾਹਿਆ ਗਿਆ ਹੈ।

ਪਟਿਆਲਾ ਜ਼ਿਲ੍ਹੇ ਦੇ ਦੋ ਬਹਾਦਰ ਯੋਧਿਆਂ ਨੇ ਵੀ ਦਿੱਤੀ ਸੀ ਕਾਰਗਿਲ ਜੰਗ ’ਚ ਸ਼ਹਾਦਤ

ਪਟਿਆਲਾ ਜ਼ਿਲ੍ਹੇ ਦੇ ਦੋ ਬਹਾਦਰ ਯੋਧਿਆਂ ਨੇ ਵੀ ਕਾਰਗਿਲ ਯੁੱਧ ’ਚ ਸ਼ਹਾਦਤ ਦਾ ਜਾਮ ਪੀਤਾ ਸੀ। ਉਕਤ ਫੌਜੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਣ ਹੈ ਕਿ ਉਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ । ਇਹਨਾਂ ’ਚ ਲਾਂਸ ਨਾਇਕ ਗੁਰਮੇਲ ਸਿੰਘ ਵਾਸੀ ਸੁਰਾਜਗੜ੍ਹ ਘੜਾਮ ਕਲਾਂ ਜ਼ਿਲ੍ਹਾ ਪਟਿਆਲਾ ਜੋ ਕਿ ਦੇਸ਼ ਦੇ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਇਸ ਕਾਰਗਿਲ ਜੰਗ ’ਚ ਸ਼ਹੀਦ ਹੋ ਗਿਆ ਸੀ। ਉਨ੍ਹਾਂ ਦੀ ਧਰਮ ਪਤਨੀ ਜਸਬੀਰ ਕੌਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਤੀ ਸ਼ਹੀਦ ਹੋਏ ਸਨ ਤਾਂ ਉਸ ਸਮੇਂ ਉਨ੍ਹਾਂ ਕੋਲ ਛੇ ਸਾਲ ਦਾ ਪੁੱਤਰ ਸੀ।

ਸਾਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਲੱਤ ਵਿੱਚੋਂ ਦੀ ਗੋਲੀ ਨਿਕਲ ਗਈ ਸੀ। ਜਸਬੀਰ ਕੌਰ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਦੇ ਪਤੀ ਦੀ ਘਾਟ ਤਾਂ ਉਨ੍ਹਾਂ ਨੂੰ ਸਾਰੀ ਉਮਰ ਰੜਕਦੀ ਰਹੇਗੀ ਪਰ ਉਨ੍ਹਾਂ ਦੇ ਪਤੀ ਨੇ ਦੇਸ਼ ਲਈ ਜੋ ਸ਼ਹਾਦਤ ਦਿੱਤੀ ਹੈ ਉਸ ’ਤੇ ਮਾਣ ਹੈ। ਜਸਵੀਰ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਸੀਨੀਅਰ ਅਸਿਸਟੈਂਟ ਦੇ ਅਹੁਦੇ ’ਤੇ ਨੌਕਰੀ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕਰਕੇ ਅੱਜ-ਕੱਲ੍ਹ ਉਹ ਨਾਇਬ ਤਹਿਸੀਲਦਾਰ ਦੇ ਅਹੁਦੇ ’ਤੇ ਰੋਪੜ ਵਿਖੇ ਤਾਇਨਾਤ ਹੈ । ਉਨ੍ਹਾਂ ਕੇਂਦਰ ਸਰਕਾਰ ਤੇ ਰਾਜ ਸਰਕਾਰ ਅੱਗੇ ਮੰਗ ਕੀਤੀ ਕਿ ਉਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਉਸ ਅਸਥਾਨ ’ਤੇ ਜ਼ਰੂਰ ਲੈ ਕੇ ਜਾਣ ਜਿੱਥੇ ਕਿ ਕਾਰਗਿਲ ਜੰਗ ਦੇ ਸ਼ਹੀਦਾਂ ਦੀ ਸਰਕਾਰ ਵੱਲੋਂ ਸਮਾਰਕ ਬਣਾਈ ਗਈ ਹੈ । ਇਸ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਫੌਜੀ ਗੁਰਮੇਲ ਸਿੰਘ ਵਾਸੀ ਅਕਾਲਗੜ੍ਹ ਨਾਭਾ ਨੇ ਵੀ ਕਾਰਗਿਲ ਜੰਗ ਵਿੱਚ ਆਪਣੀ ਸ਼ਹਾਦਤ ਦਿੱਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ