ਕੈਫ਼ੀਅਤ ਰੇਲਗੱਡੀ ਹਾਦਸਾਗ੍ਰਸਤ, 10 ਡੱਬੇ ਲੀਹੋਂ ਲੱਥੇ, ਕਈ ਜ਼ਖ਼ਮੀ

ਰੇਲਵੇ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ | Accident

ਔਰੱਈਆ। ਰੋਡੇ ਫਾਟਕ ਕੋਲ ਇੱਕ ਡੰਪਰ ਨਾਲ ਟਕਰਾਉਣ ਕਾਰਨ 12225 ਕੈਫੀਅਤ ਐਕਸਪ੍ਰੈਸ ਰੇਲਗੱਡੀ ਹਾਦਸਾਗ੍ਰਸਤ ਹੋ ਗਈ। ਹਾਦਸੇ ਪਿੱਛੋਂ ਰੇਲਗੱਡੀ ਦੇ 10 ਡੱਬੇ ਲੀਹ ਤੋਂ ਲੱਥ ਗਏ। ਇਸ ਹਾਦਸੇ ਵਿੱਚ 21 ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਘਟਨਾ ਦੇਰ ਰਾਤ ਕਰੀਬ 2:40 ਵਜੇ ਵਾਪਰੀ। ਰੇਲਵੇ ਮੰਤਰਾਲੇ ਦੇ ਬੁਲਾਰੇ ਅਨਿਲ ਸਕਸੈਨਾ ਮੁਤਾਬਕ ਆਜ਼ਮਗੜ੍ਹ ਤੋਂ ਦਿੱਲੀ ਆ ਰਹੀ 12225 ਕੈਫੀਅਤ ਐਕਸਪ੍ਰੈਸ ਸਵੇਰੇ 2:40 ‘ਤੇ ਅਛਲਦਾ ਦੇ ਕੋਲ ਇੱਕ ਡੰਪਰ ਨਾਲ ਟਕਰਾਉਣ ਕਾਰਨ ਪਟੜੀ ਤੋਂ ਉੱਤਰ ਗਈ। ਅਨਿਲ ਸਕਸੈਨਾ ਮੁਤਾਬਕ ਰੇਲਵੇ ਟਰੈਕ ‘ਤੇ ਇਹ ਡੰਪਰ ਗੈਰ ਕਾਨੂੰਨੀ ਤਰੀਕੇ ਨਾਲ ਰਸਤਾ ਪਾ ਕਰ ਰਿਹਾ ਸੀ।

ਇਸੇ ਸਮੇਂ ਕੈਫ਼ੀਅਤ ਐਕਸਪ੍ਰੈਸ ਲੰਘ ਰਹੀ ਸੀ। ਰੇਲਗੱਡੀ ਨੂੰ ਆਉਂਦੇ ਵੇਖ ਕੇ ਡਰਾਈਵਰ ਨੇ ਡੰਪਰ ਟਰੈਕ ‘ਤੇ ਹੀ ਛੱਡ ਦਿੱਤਾ। ਬੁਲਾਰੇ ਮੁਤਾਬਕ ਰੇਲਵੇ ਟਰੈਕ ਨੂੰ ਇਸ ਤਰ੍ਹਾਂ ਨਾਲ ਪਾਰ ਕਰਨਾ ਨਾ ਸਿਰਫ਼ ਗੈਰ ਕਾਨੂੰਨੀ ਹੈ, ਸਗੋਂ ਰੇਲ ਯਾਤਰੀਆਂ ਲਈ ਜੋਖ਼ਮ ਭਰਿਆ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਪ੍ਰਿੰਸੀਪਲ ਸਕੱਤਰ (ਗ੍ਰਹਿ) ਅਰਵਿੰਦ ਕੁਮਾਰ ਨੇ ਦੱਸਿਆ ਕਿ 74 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਵਿੱਚੋਂ 4 ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਦੋ ਯਾਤਰੀਆਂ ਨੂੰ ਇਟਾਵਾ ਅਤੇ 2 ਨੂੰ ਸੈਫ਼ਈ ਰੈਫ਼ਰ ਕੀਤਾ ਗਿਆ ਹੈ। ਇਹ ਰੇਲਗੱਡੀ ਆਜ਼ਮਗੜ੍ਹ ਤੋਂ ਦਿੱਲੀ ਆ ਰਹੀ ਸੀ।

ਇਸ ਹਾਦਸੇ ਕਾਰਨ ਕਾਨਪੁਰ ਤੋਂ ਦਿੱਲੀ ਰੂਟ ਦੀਆਂ ਸਾਰੀਆਂ ਰੇਲਾਂ ਦਾ ਸੰਚਾਲਨ ਬੰਦ ਹੋ ਗਿਆ ਹੈ, ਉੱਥੇ ਕਈ ਰੇਲਾਂ ਰੱਦ ਕਰ ਦਿੱਤੀਆਂ ਗਈਆਂ ਹਨ। ਕਾਨਪੁਰ ਸਟੇਸ਼ਨ ਮੁਖੀ ਨੇ ਦੱਸਿਆ ਕਿ ਐਕਸੀਡੈਂਟ ਦੇ ਕਾਰਨ ਰਾਜਧਾਨੀ ਦਿੱਲੀ ਸਮੇਤ 40 ਰੇਲਗੱਡੀਆਂ ਨੂੰ ਲਖਨਊ-ਮੁਰਾਦਾਬਾਦ ਰੂਟ ਰਾਹੀਂ ਦਿੱਲੀ ਭੇਜਿਆ ਜਾ ਰਿਹਾ ਹੈ। ਉੱਥੇ ਕੁਝ ਰੇਲਾਂ ਨੂੰ ਕਨੌਜ-ਫਰੂਖਾਬਾਦ ਦੇ ਰਸਤਿਓਂ ਦਿੱਲੀ ਭੇਜਿਆ ਜਾਵੇਗਾ। ਕਾਨਪੁਰ ਸੈਂਟਰਲ ਤੋਂ ਚੱਲਣ ਵਾਲੀ ਸ਼ਤਾਬਦੀ ਸਮੇਤ ਸੱਤ ਡੀਐੱਮਯੂ ਰੇਲਾਂ ਨੂੰ ਰੱਦ ਕੀਤਾ ਗਿਆ ਹੈ। ਚਾਰ ਰਾਜਧਾਨੀ ਐਕਸਪ੍ਰੈਸ ਦੇ ਨਾਲ-ਨਾਲ ਗੋਮਤੀ ਐਕਸਪ੍ਰੈਸ ਦਾ ਵੀ ਰਸਤਾ ਬਦਲਿਆ ਗਿਆ ਹੈ। ਕਾਨਪੁਰ ਵਿੱਚ ਜੋ ਰੇਲ ਖੜ੍ਹੀ ਹੋਈ ਹੈ, ਉਸ ਨੂੰ ਕਾਸਗੰਜ ਦੇ ਰਸਤੇ ਅੱਗੇ ਭੇਜਿਆ ਜਾ ਰਿਹਾ ਹੈ।

ਰੇਲ ਮੰਤਰੀ ਨੇ ਦਿੱਤੇ ਆਦੇਸ਼

ਘਟਨਾ ਤੋਂ ਬਾਅਦ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਟਵੀਟ ਕਰਦੇ ਹੋਏ ਦੱਸਿਆ, ”ਕੈਫ਼ੀਅਤ ਐਕਸਪ੍ਰੈਸ ਦੇ ਇੰਜਨ ਨਾਲ ਇੱਕ ਡੰਪਰ ਟਕਰਾ ਗਿਆ, ਜਿਸ ਕਾਰਨ ਰੇਲ ਦੇ ਕੋਚ ਪਟੜੀ ਤੋਂ ਉੱਤਰ ਗਏ। ਕੁਝ ਯਾਰਤੀਆਂ ਨੂੰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮੈਂ ਨਿੱਜੀ ਤੌਰ ‘ਤੇ ਹਾਲਾਤ ਅਤੇ ਰਾਹਤ ਕਾਰਜਾਂ ‘ਤੇ ਨਜ਼ਰ ਰੱਖ ਰਿਹਾ ਹਾਂ। ਮੈਂ ਸੀਨੀਅਰ ਅਧਿਕਾਰੀਆਂ ਨੂੰ ਘਟਨਾ ਸਥਾਨ ‘ਤੇ ਪਹੁੰਚਣ ਦਾ ਨਿਰਦੇਸ਼ ਦਿੱਤਾ ਹੈ।”