ਇਨੈਲੋ ਦਾ ਨਹਿਰੀ ਡਰਾਮਾ ਹੋਇਆ ਫਲਾਪ

Canal

Canal : ਨਹਿਰ ਪੁੱਟਣ ਦਾ ਪ੍ਰੋਗਰਾਮ ਨਾਕਾਮ, 73 ਆਗੂਆਂ ਨੇ ਦਿੱਤੀ ਗ੍ਰਿਫ਼ਤਾਰੀ

(ਖੁਸ਼ਵੀਰ ਸਿੰਘ ਤੂਰ) ਸ਼ੰਭੂ ਬਾਰਡਰ/ਪਟਿਆਲਾ)। ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵੱਲੋਂ ਅੱਜ ਪੰਜਾਬ ਅੰਦਰ ਦਾਖਲ ਹੋ ਕੇ ਨਹਿਰ ਦੀ ਪੁਟਾਈ ਕਰਨ ਦਾ ਪ੍ਰੋਗਰਾਮ ਬੁਰੀ ਤਰ੍ਹਾਂ ਨਾਕਾਮ ਹੋ ਗਿਆ ਨਹਿਰ ਪੁੱਟਣ ਲਈ ਕਈ ਦਿਨਾਂ ਤੋਂ ਲਲਕਾਰੇ ਮਾਰਦੇ ਆ ਰਹੇ 73  ਇਨੈਲੋ ਆਗੂ ਤੇ ਵਰਕਰ ਸ਼ੰਭੂ ਬਾਰਡਰ ‘ਤੇ ਗ੍ਰਿਫ਼ਤਾਰੀਆਂ ਦੇ ਕੇ ਸ਼ਾਂਤ ਹੋ ਗਏ ਡੇਢ ਕੁ ਘੰਟੇ ‘ਚ ਨਿਬੜ ਗਏ ਇਸ ਪ੍ਰੋਗਰਾਮ ਲਈ ਪੰਜਾਬ ਤੇ ਹਰਿਆਣਾ ਦੋਵੇਂ ਪਾਸੇ ਹਜ਼ਾਰਾਂ ਪੁਲਿਸ ਮੁਲਾਜ਼ਮ ਤੇ ਪੈਰਾ ਮਿਲਟਰੀ ਫੋਰਸ ਦੇ ਜਵਾਨ  ਦਿਨ ਭਰ ਡਟੇ ਰਹੇ।

ਪੰਜਾਬ ਪੁਲਿਸ ਨੇ ਇਨੈਲੋ ਦੇ 73 ਵਰਕਰਾਂ ਨੂੰ ਪੰਜਾਬ ਅੰਦਰ ਦਾਖਲ ਹੋਣ ‘ਤੇ ਧਾਰਾ 144 ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਹੋਣ ਵਾਲਿਆਂ ‘ਚ ਅਭੈ ਚੌਟਾਲਾ, ਅਰਜਨ ਚੌਟਾਲਾ ਸਮੇਤ ਇੱਕ ਐੱਮਪੀ ਅਤੇ ਇਨੈਲੋ ਦੇ 19 ਵਿਧਾਇਕਾਂ ਸਮੇਤ ਹੋਰ ਕਾਰਕੁੰਨ ਸ਼ਾਮਲ ਹਨ। ਜਾਣਕਾਰੀ ਅਨੁਸਾਰ ਅਭੈ ਚੌਟਾਲਾ ਦੀ ਅਗਵਾਈ ਹੇਠ ਸੈਂਕੜੇ ਇਨੈਲੋ ਵਰਕਰ ਦੁਪਹਿਰ ਸਾਢੇ ਤਿੰਨ ਵਜੇ ਦੀ ਕਰੀਬ ਹਰਿਆਣਾ ਪੁਲਿਸ ਦੇ ਦੋ ਨਾਕੇ ਤੋੜ ਕੇ ਪੰਜਾਬ ਦੀ ਹੱਦ ਅੰਦਰ ਦਾਖਲ ਹੋ ਗਏ। ਇੱਧਰ ਪੰਜਾਬ ਪੁਲਿਸ ਵੱਲੋਂ ਸਰੁੱਖਿਆ ਵਜੋਂ ਕਈ ਫੁੱਟ ਉੱਚੇ ਬੈਰੀਕੇਡ, ਰੇਤੇ ਦੀਆਂ ਟਰਾਲੀਆਂ, ਪੰਜਾਬ ਪੁਲਿਸ ਦੇ ਹਜ਼ਾਰਾਂ ਜਵਾਨਾਂ ਸਮੇਤ ਪੈਰਾ ਮਿਲਟਰੀ ਫੋਰਸ ਦੀਆਂ ਟੁਕੜੀਆਂ ਤਾਇਨਾਤ ਕੀਤੀਆਂ ਹੋਈਆਂ ਸਨ।

ਇਨੈਲੋਂ ਕਾਰਕੁੰਨਾ ਨੇ ਇੱਕ ਘੰਟੇ ਦੇ ਕਰੀਬ ਪ੍ਰਦਰਸ਼ਨ ਕੀਤਾ

ਇਨ੍ਹਾਂ ਸਾਰਿਆਂ ਦੀ ਅਗਵਾਈ ਏਡੀਜੀਪੀ ਲਾਅ ਐਡ ਆਰਡਰ ਹਰਦੀਪ ਸਿੰਘ ਢਿੱਲੋਂ ਵੱਲੋਂ ਕੀਤੀ ਜਾ ਰਹੀ ਸੀ। ਇਸ ਮੌਕੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਇਨੈਲੋਂ ਕਾਰਕੁੰਨਾ ਨੂੰ ਸਪੀਕਰਾਂ ਰਾਹੀਂ ਵਰਜਿਆ ਗਿਆ ਕਿ ਉਹ ਪੰਜਾਬ ਦੀ ਹੱਦ ‘ਚ ਦਾਖਲ ਹੋ ਗਏ ਹਨ। ਇਸ ਲਈ ਕੋਈ ਹੁੱਲੜਬਾਜੀ ਨਾ ਕਰਨ ਅਤੇ ਸ਼ਾਤੀ ਪੂਰਵਕ ਆਪਣਾ ਰੋਸ਼ ਪ੍ਰਦਰਸ਼ਨ ਕਰਨ।

ਇਸ ਦੌਰਾਨ ਇਨੈਲੋ ਦੇ ਕੁਝ ਵਰਕਰਾਂ ਵੱਲੋਂ ਪੰਜਾਬ ਪੁਲਿਸ ਦੇ ਲਾਏ ਗਏ ਬੇਰੀਕੇਡਸ ਉੱਪਰ ਚੜਨ ਦੀ ਕੋਸ਼ਿਸ ਕੀਤੀ ਗਈ ਜਿਨ੍ਹਾਂ ਨੂੰ ਪੰਜਾਬ ਪੁਲਿਸ ਨੇ ਨਾਕਾਮ ਕਰ ਦਿੱਤਾ। ਇਸ ਮੌਕੇ ਇਨੈਲੋ ਆਗੂ ਅਭੈ ਚੋਟਾਲਾ ਸਮੇਤ ਹੋਰ ਕਾਰਕੁੰਨਾਂ ਨੇ ਆਪਣੇ ਨਾਲ ਲਿਆਦੀਆਂ ਕਹੀਆਂ ਨਾਲ ਪੰਜਾਬ ਵਾਲੇ ਪਾਸੇ ਬੰਦ ਹੋਏ ਪੁੱਲ ਤੇ ਕੱਚੇ ਥਾਂ ‘ਤੇ ਟੱਕ ਲਾਕੇ ਆਪਣਾ ਰੋਸ਼ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਇੱਕ ਘੰਟੇ ਦੇ ਕਰੀਬ ਉੱਥੇ ਪ੍ਰਦਰਸ਼ਨ ਕੀਤਾ ਗਿਆ ਅਤੇ ਪੋਣੇ ਪੰਜ ਵਜੇ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਬੱਸਾਂ ਵਿੱਚ ਬੈਠਾ ਲਿਆ ਗਿਆ।

ਹਰਿਆਣਾ ਸਰਕਾਰ ਆਪਣੇ ਫਰਜ ਨਿਭਾਉਣ ਤੋਂ ਪੂਰੀ ਤਰ੍ਹਾਂ ਫੇਲ

ਇਸ ਤੋਂ ਬਾਅਦ ਇਨੈਲੋ ਦੇ ਹੋਰ ਕਾਰਕੁੰਨ ਵਾਪਸ ਹਰਿਆਣਾ ਨੂੰ ਮੁੜ ਗਏ।  ਗ੍ਰਿਫਤਾਰ ਹੋਣ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਭੈ ਚੋਟਾਲਾ ਨੇ ਹਰਿਆਣਾ ਦੀ ਭਾਜਪਾ ਸਰਕਾਰ ਤੇ ਦੋਸ਼ ਲਾਉਂਦਿਆ ਕਿਹਾ ਕਿ ਹਰਿਆਣਾ ਸਰਕਾਰ ਆਪਣੇ ਫਰਜ ਨਿਭਾਉਣ ਤੋਂ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ 2004 ਵਿੱਚ ਹਰਿਆਣਾ ਨੂੰ ਐਸਵਾਈਐਲ ਨਹਿਰ ਦਾ ਪਾਣੀ ਜਾਣਾ ਸੀ, ਪਰ ਸਰਕਾਰਾਂ ਦੀ ਨਲਾਇਕੀ ਕਾਰਨ ਨਹੀਂ ਜਾ ਸਕਿਆ ਅਤੇ ਪੰਜਾਬ ਸਰਕਾਰ ਵੱਲੋਂ ਅਸੰਵਿਧਾਨਕ ਬਿਲ ਪਾਸ ਕਰ ਦਿੱਤਾ ਗਿਆ। ਉਨਾਂ ਕਿਹਾ ਕਿ ਪੰਜਾਬ ਹਰਿਆਣਾ ਦਾ ਵੱਡਾ ਭਰਾ ਹੈ, ਇਸ ਲਈ ਉਹ ਛੋਟੇ ਭਰਾ ਦੇ ਲੋਕਾਂ ਨੂੰ ਪਾਣੀ ਬਿਨਾਂ ਨਾ ਮਾਰੇ।

ਚੋਟਾਲਾ ਨੇ ਕਿਹਾ ਕਿ ਹੁਣ ਤਾ ਸੁਪਰੀਮ ਕੋਰਟ ਨੇ ਵੀ ਹਰਿਆਣਾ ਦੇ ਹੱਕ ਵਿੱਚ ਫੈਸਲਾ ਸੁਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਐਸਵਾਈਐਲ ਦਾ ਪਾਣੀ ਹਰ ਹੀਲੇ ਹਰਿਆਣਾ ਵਿੱਚ ਲੈ ਕੇ ਜਾਣਗੇ। ਇੱਧਰ ਪੁਲਿਸ ਵੱਲੋਂ ਦਰਜ਼ਨ ਦੇ ਕਰੀਬ ਜਲ ਤੋਪਾ, ਅੱਥਰੂ ਗੈਸ ਵਾਲੀਆਂ ਗੱਡੀਆਂ, ਘੋੜ ਸਵਾਰ ਪੁਲਿਸ, ਬੀਐਸਐਫ ਦੀ ਇੱਕ ਟੁਕੜੀ ਸਮੇਤ 6 ਹਜ਼ਾਰ ਤੋਂ ਵੱਧ ਪੰਜਾਬ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਹੋਏ ਸਨ।

ਗ੍ਰਿਫਤਾਰ ਹੋਣ ਵਾਲਿਆ ਵਿੱਚ ਸਾਬਕਾ ਮੰਤਰੀ ਰਾਮਪਾਲ ਮਾਜਰਾ, ਕੁਲਦੀਪ ਸਿੰਘ ਮੰਗਾਲੀ, ਅਸੋਕ ਕੁਮਾਰ, ਜਸਬੀਰ ਰਾਦਾ, ਰਾਮਪਾਲ ਅੋਢਾ, ਤੇਜਬੀਰ ਸਿੰਘ, ਜਗਮਾਹਲ, ਰਾਜਪਾਲ ਸੈਦੀ, ਰਾਜੂ ਮੱਲੀ, ਸਤਨਾਮ ਸਿੰਘ,ਪਦਮ ਸਿੰਘ, ਵੇਦ ਨਾਰੰਗ, ਮਹਿੰਦਰ ਸਿੰਘ ਚੋਹਾਨ, ਨਿਸ਼ਾਨ ਸਿੰਘ, ਪ੍ਰਿਥੀ ਸਿੰਘ, ਸੀਲਾ ਰਾਣੀ, ਕ੍ਰਿਸਨਾ ਰਾਣੀ ਸਮੇਤ 100 ਤੋਂ ਵੱਧ ਇਨੈਲੋ ਕਾਰਕੁੰਨ ਸ਼ਾਮਲ ਹਨ।

ਇਸ ਤੋਂ ਪਹਿਲਾਂ ਅੰਬਾਲਾ ਦੀ ਸਬਜ਼ੀ ਮੰਡੀ ‘ਚ ਸਵੇਰੇ 11 ਵਜੇ ਤੋਂ ਇਕੱਤਰ ਹੋਣੇ ਸ਼ੁਰੂ ਹੋਏ ਇਨੈਲੋ ਵਰਕਰਾਂ ਦੀ ਗਿਣਤੀ ਦੁਪਹਿਰ ਤੱਕ 5 ਤੋਂ 6 ਹਜ਼ਾਰ ਤੱਕ ਪੁੱਜ ਗਈ ਜਿਸ ਉਪਰੰਤ 1 ਹਜ਼ਾਰ ਤੋਂ 1500 ਦੀ ਗਿਣਤੀ ‘ਚ ਇਨੈਲੋ ਵਰਕਰਾਂ ਨੇ ਪੰਜਾਬ ਵੱਲ ਕੂਚ ਕੀਤਾ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਇਹ ਇਨੈਲੋ ਵਰਕਰ ਹਰਿਆਣਾ ਪੁਲਿਸ ਦੇ ਬੈਰੀਕੇਡ ਤੋੜਕੇ ਪੰਜਾਬ ‘ਚ ਦਾਖਲ ਹੋ ਗਏ ਸ਼ੰਭੂ ਬਾਰਡਰ ‘ਤੇ ਘੰਟਾ ਭਰ ਚੱਲੇ ਪ੍ਰਦਰਸ਼ਨ ਤੋਂ ਬਾਅਦ ਸ਼ਾਮ ਪੰਜ ਵਜੇ ਦੇ ਕਰੀਬ ਪੰਜਾਬ ਪੁਲਿਸ ਵੱਲੋ ਇਨੈਲੋ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ

ਕਪੂਰੀ ਵਿਖੇ ਰਿਹਾ ਸ਼ਾਂਤ ਮਾਹੌਲ

ਪੰਜਾਬ ਪੁਲਿਸ ਵੱਲੋਂ ਕਪੂਰੀ ਵਿਖੇ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਕਪੂਰੀ ਵਿਖੇ ਸੰਗਰੂਰ ਦੇ ਐਸਐਸਪੀ ਇੰਦਰਬੀਰ ਸਿੰਘ ਪੁਲਿਸ ਫੋਰਸ ਸਮੇਤ ਡਟੇ ਹੋਏ ਸਨ। ਪੁਲਿਸ ਵੱਲੋਂ ਕਪੂਰੀ ਨੂੰ ਜਾਂਦੇ ਸਾਰੇ ਰਸਤਿਆਂ ‘ਤੇ ਪੂਰੀ ਨਾਕਾਬੰਦੀ ਕੀਤੀ ਹੋਈ ਸੀ। ਪੁਲਿਸ ਨੂੰ ਇਨੈਲੋ ਵਰਕਰਾਂ ਦੇ ਕਪੂਰੀ ‘ਚ ਦਾਖਲ ਹੋਣ ਦਾ ਡਰ ਸੀ।

ਕਪੂਰੀ ਵਾਲੇ ਰਸਤੇ ਵੀ ਪੂਰੀ ਤਰ੍ਹਾਂ ਸੀਲ (Canal )

ਇਸ ਮੌਕੇ ਦੇਖਿਆ ਗਿਆ ਕਿ ਕਪੂਰੀ ਵਾਲੇ ਰਸਤੇ ਵੀ ਪੂਰੀ ਤਰ੍ਹਾਂ ਸੀਲ ਕੀਤੇ ਹੋਏ ਸਨ। ਕਪੂਰੀ ਵਿਖੇ ਹੀ ਸਵ: ਇੰਦਰਾ ਗਾਂਧੀ ਵੱਲੋਂ ਐਸਵਾਈਐਲ ਨਹਿਰ ਦਾ ਨੀਂਹ ਪੱਥਰ 1982 ਵਿੱਚ ਰੱਖਿਆ ਸੀ। ਇਸ ਮੌਕੇ ਇੱਥੇ ਡਿਊਟੀ ‘ਤੇ ਤਾਇਨਾਤ ਐਸਐਸਪੀ ਇੰਦਰਬੀਰ ਸਿੰਘ ਨੇ ਦੱਸਿਆ ਕਿ ਇੱਥੇ ਸ਼ਾਮ ਤੱਕ ਸ਼ਾਂਤੀ ਬਣੀ ਰਹੀ ਅਤੇ ਇੱਧਰ ਕੋਈ ਵੀ ਇਨੈਲੋ ਵਰਕਰ ਨਹੀਂ ਪੁੱਜਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਪੂਰੀ ਨੂੰ ਆਉਣ ਵਾਲੀਆ ਸਾਰੀਆ ਸਿੰਗਲ ਸੜਕਾਂ ਤੇ ਘੇਰਾਬੰਦੀ ਕੀਤੀ ਹੋਈ ਸੀ। ਉਨ੍ਹਾਂ ਦੱਸਿਆ ਕਿ ਇਨੈਲੋ ਵਰਕਰ ਕਪੂਰੀ ਦੀ ਥਾਂ ਸੰਭੂ ਬਾਰਡਰ ‘ਤੇ ਹੀ ਪੁੱਜੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ