ਉਦਯੋਗ ਵਿਭਾਗ ਦੀਆਂ 645 ਅਸਾਮੀਆਂ ਖਤਮ, 685 ਦੇ ਇਵਜ ‘ਚ ਸਿਰਫ਼ 38 ਨਾਲ ਚਲਾਇਆ ਜਾਵੇਗਾ ਕੰਮ

industry department | only 38 will be operated in lieu of 685 work.

638 ਅਸਾਮੀਆਂ ਦੇ ਇਵਜ਼ ਵਿੱਚ 38 ਨਵੀਆਂ ਅਸਾਮੀਆਂ ਸਿਰਜਣ ਦੀ ਪ੍ਰਵਾਨਗੀ, ਸਾਲਾਨਾ 24.90 ਕਰੋੜ ਰੁਪਏ ਦੀ ਹੋਵੇਗੀ ਬੱਚਤ

ਮਹੱਤਵਪੂਰਨ ਪ੍ਰਾਜੈਕਟਾਂ ਦੇ ਪ੍ਰਭਾਵੀ ਅਮਲ ਲਈ ਸਮੂਹ ਵਿਭਾਗ ਨੂੰ ਅਹਿਮ ਅਸਾਮੀਆਂ ਛੇਤੀ ਭਰਨ ਦੇ ਹੁਕਮ

ਚੰਡੀਗੜ, (ਅਸ਼ਵਨੀ ਚਾਵਲਾ) ਪੰਜਾਬ ਸਰਕਾਰ ਨੇ ਉਦਯੋਗ ਵਿਭਾਗ ਨਾਲ ਸਬੰਧਤ 645 ਨੌਕਰੀਆਂ ‘ਤੇ ਕੈਂਚੀ ਫੇਰ ਦਿੱਤੀ ਹੈ ਇਹ ਫੈਸਲਾ ਅੱਜ ਮੰਤਰੀ ਮੰਡਲ ਵੱਲੋਂ ਲਿਆ ਗਿਆ ਹੈ ਵਿਭਾਗ ਦੀਆਂ 683 ਅਸਾਮੀਆਂ ਦੇ ਇਵਜ ‘ਚ ਸਿਰਫ਼ 38 ਅਸਾਮੀਆਂ ਹੀ ਭਰੀਆਂ ਜਾਣਗੀਆਂ ਮੰਤਰੀ ਮੰਡਲ ਨੇ ਉੁਦਯੋਗ ਤੇ ਵਪਾਰ ਵਿਭਾਗ ਦੇ ਕੰਮਕਾਜ ਦੀ ਘੋਖ ਕਰਦਿਆਂ ਇਸ ਦੀਆਂ 683 ਅਸਾਮੀਆਂ ਨੂੰ ਗੈਰ-ਜਰੂਰੀ ਤੇ ਲੰਮੇ ਸਮੇਂ ਤੋਂ ਖਾਲੀ ਪਈਆਂ ਰਹਿਣ ਦੀ ਦਲੀਲ ਦਿੰਦਿਆਂ ਖਤਮ ਕਰਕੇ ਸਿਰਫ਼ 38 ਨਵੀਆਂ ਅਸਾਮੀਆਂ ਦੀ ਸਿਰਜਣਾ ਦਾ ਫੈਸਲਾ ਲਿਆ ਹੈ ਇਸ ਫੈਸਲੇ ਨਾਲ ਸਰਕਾਰ ਨੇ 24.90 ਕਰੋੜ ਦੀ ਸਾਲਾਨਾ ਬਚਤ ਦਾ ਦਾਅਵਾ ਕੀਤਾ ਹੈ ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।

ਮੰਤਰੀ ਮੰਡਲ ਨੇ ਸਮੂਹ ਵਿਭਾਗਾਂ ਨੂੰ ਸਾਰੀਆਂ ਮਹੱਤਵਪੂਰਨ ਖਾਲੀ ਅਸਾਮੀਆਂ ਭਰਨ ਦੇ ਕੰਮ ‘ਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਤਾਂ ਕਿ ਅਹਿਮ ਪ੍ਰਾਜੈਕਟਾਂ ਦੇ ਸਮਾਂਬੱਧ ਅਤੇ ਪ੍ਰਭਾਵੀ ਅਮਲ ਨੂੰ ਯਕੀਨੀ ਬਣਾਇਆ ਜਾ ਸਕੇ। ਮੰਤਰੀ ਮੰਡਲ ਨੇ ਮਹਿਸੂਸ ਕੀਤਾ ਕਿ ਸੂਬੇ ਦੇ ਵੱਡੇ ਅਤੇ ਤੇਜ਼ ਵਿਕਾਸ ਲਈ ਇਸ ਨੂੰ ਲਾਗੂ ਕਰਨਾ ਬਹੁਤ ਜ਼ਰੂਰੀ ਹੈ।

ਉਦਯੋਗ ਤੇ ਵਪਾਰ ਵਿਭਾਗ ਵਿੱਚ 1644 ਪ੍ਰਵਾਨਿਤ ਅਸਾਮੀਆਂ ਹਨ ਜਿਨਾਂ ਵਿੱਚੋਂ 650 ਅਸਾਮੀਆਂ ਖਾਲੀ ਹਨ ਜਦਕਿ ਕੰਟਰੋਲਰ ਆਫ ਸਟੋਰਜ਼ ਦੇ ਦਫ਼ਤਰ ਦੀਆਂ 84 ਪ੍ਰਵਾਨਿਤ ਅਸਾਮੀਆਂ ਹਨ ਅਤੇ ਇਨਾਂ ਵਿੱਚੋਂ 33 ਅਸਾਮੀਆਂ ਲਮੇਂ ਸਮੇਂ ਖਾਲੀ ਪਈਆਂ ਹਨ।

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਕਦਮ ਵਪਾਰਕ ਮਾਹੌਲ ਵਿੱਚ ਸੁਧਾਰ ਲਿਆਉਣ ਵਿੱਚ ਸਹਾਈ ਹੋਵੇਗਾ ਜਿਸ ਨਾਲ ਸੂਬੇ ਵਿੱਚ ਵਿਕਾਸ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਲਾਭ ਮਿਲੇਗਾ।
ਬੁਲਾਰੇ ਨੇ ਦੱਸਿਆ ਕਿ ਉਦਯੋਗਾਂ ਦੇ ਬਦਲਦੇ ਢਾਂਚੇ ਨਾਲ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ, ਦਾਇਰੇ ਅਤੇ ਭੂਮਿਕਾਵਾਂ ਨੂੰ ਮੁੜ ਪ੍ਰਭਾਸ਼ਿਤ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਅਜਿਹੇ ਹਲਾਤਾਂ ਦੇ ਮੱਦੇਨਜ਼ਰ ਵਿਭਾਗ ਦੇ ਪੁਨਰਗਠਨ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ।
ਜ਼ਿਕਰਯੋਗ ਹੈ ਕਿਪੰਜਾਬ ਵਿੱਚ ਛੋਟੇ ਅਤੇ ਦਰਮਿਆਨੇ ਉਦਯੋਗਾਂ ਦਾ ਦਬਦਬਾ ਹੈ। ਰਾਜ ਵਿੱਚ ਆਟੋ, ਸਾਈਕਲ ਪੁਰਜੇ, ਹੌਜਰੀ, ਖੇਡਾਂ ਦਾ ਸਮਾਨ, ਖੇਤੀਬਾੜੀ ਸੰਦ ਅਤੇ ਹੋਰ ਬਹੁਤ ਸਾਰੇ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਿਕ ਇਕਾਈਆਂ ਦਾ ਵਧੀਆ ਆਧਾਰ ਹੈ।

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਤਕਨੀਕੀ ਵਿੰਗ ਦੀ ਮੁੜ ਬਣਤਰ ਨੂੰ ਹਰੀ ਝੰਡੀ

ਮੰਤਰੀ ਮੰਡਲ ਨੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਇੰਜਨੀਅਰਿੰਗ  ਵਿੰਗ ਦੇ ਪੁਨਰਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ ਸੂਬਾ ਭਰ ਵਿੱਚ ਵਿਆਪਕ ਪੇਂਡੂ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇਗਾ। ਵਿਭਾਗ ਦੀ ਪੁਨਰਗਠਨ ਯੋਜਨਾ ਤਹਿਤ ਮੰਤਰੀ ਮੰਡਲ ਨੇ ਸਿੱਧੀ ਭਰਤੀ ਦੀਆਂ ਖਾਲੀ ਪਈਆਂ ਅਸਾਮੀਆਂ ਅਤੇ ਮੁੜ ਬਣਤਰ ਦੇ ਨਤੀਜੇ ਵਜੋਂ ਖਾਲੀ ਹੋਣ ਵਾਲੀਆਂ ਆਸਾਮੀਆਂ ਨੂੰ ਭਰਨ ਦੀ ਪ੍ਰਵਾਨਗੀ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।