ਭਾੜੇ ਦੇ ਕਾਤਲਾਂ ਤੋਂ ਕਰਵਾਇਆ ਸੀ ਆਈਏਐੱਸ ਅਧਿਕਾਰੀ ਦੇ ਸਹੁਰੇ ਦਾ ਕਤਲ

IAS officer's father-in-law murdered by hired assassins

ਜਾਅਲੀ ਫਰਦਾਂ ਸਹਾਰੇ ਜ਼ਮੀਨ ਦਿਖਾ ਕੇ ਕਰੋੜਾਂ ਰੁਪਏ ਲਏ, ਭੇਤ ਖੁੱਲ੍ਹਣ ਦੇ ਡਰੋਂ ਕਰਵਾਇਆ ਕਤਲ

ਪਟਿਆਲਾ | ਪਟਿਆਲਾ ਪੁਲਿਸ ਵੱਲੋਂ ਆਈਏਐੱਸ ਅਧਿਕਾਰੀ ਵਰੁਣ ਰੂਜਮ ਦੇ ਸਹੁਰੇ ਸਵਰਨ ਸਿੰਘ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਹ ਕਤਲ ਜ਼ਮੀਨੀ ਲੈਣ-ਦੇਣ ਦੇ ਮਾਮਲੇ ਵਿੱਚ ਹੀ ਉਨ੍ਹਾਂ ਦੇ ਜਾਣਕਾਰ ਵੱਲੋਂ ਭਾੜੇ ਦੇ ਕਾਤਲਾਂ ਵੱਲੋਂ ਕਰਵਾਇਆ ਗਿਆ ਸੀ। ਖਾਸ ਗੱਲ ਇਹ ਹੈ ਕਿ ਜਿਸ ਵਿਅਕਤੀ ਵੱਲੋਂ ਇਹ ਕਤਲ ਕਰਵਾਇਆ ਗਿਆ ਹੈ, ਉਸ ਕੋਲ ਆਪਣੀ ਜੱਦੀ ਪੁਸ਼ਤੈਨੀ ਜਮੀਨ ਸਿਰਫ਼ ਡੇਢ ਕਿੱਲਾ ਹੈ, ਪਰ ਉਸ ਵੱਲੋਂ ਸਵਰਨ ਸਿੰਘ ਤੇ ਹੋਰਨਾਂ ਦੇ ਜ਼ਮੀਨ ਵਾਲੇ ਪੈਸਿਆਂ ਰਾਹੀਂ ਹੀ ਕਰੋੜਾਂ ਰੁਪਏ ਦੇ ਲਗਜਰੀ ਵਾਹਣ ਖਰੀਦ ਕੇ ਰਾਜਿਆਂ-ਮਹਾਰਾਜਿਆਂ ਵਰਗੀ ਜ਼ਿੰਦਗੀ ਜਿਊਂ ਰਿਹਾ ਸੀ। ਉਸ ਕੋਲੋਂ ਜੋ ਲਗਜਰੀ ਕਾਰਾਂ, ਮੋਟਰਸਾਈਕਲ ਅਤੇ ਟਰੈਕਟਰ ਬਰਾਮਦ ਹੋਏ ਹਨ, ਉਸ ਨੂੰ ਦੇਖ ਕੇ ਪੁਲਿਸ ਦਾ ਮੂੰਹ ਵੀ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ ਹੈ। ਇਸ ਕਤਲ ਕਾਂਡ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਤਲ ਦਾ ਮੁੱਖ ਸਾਜਿਸ਼ਕਾਰ 41 ਸਾਲਾ ਜਗਤਾਰ ਸਿੰਘ 10ਵੀਂ ਪਾਸ ਤੇ 2008 ‘ਚ ਕੇਵਲ ਡੇਢ ਕਿੱਲੇ ਦਾ ਮਾਲਕ ਸੀ ਪਰੰਤੂ ਹੁਣ ਬਹੁਤ ਧਨ ਦੌਲਤ ਦਾ ਮਾਲਕ ਤੇ ਐਸ਼ੋ-ਇਸ਼ਰਤ ਨਾਲ ਰਹਿਣ ਦਾ ਆਦੀ ਸੀ। ਉਨ੍ਹਾਂ ਦੱਸਿਆ ਕਿ ਜਗਤਾਰ ਸਿੰਘ, ਸਵਰਨ ਸਿੰਘ ਦਾ ਜਾਣਕਾਰ ਹੀ ਸੀ ਤੇ ਉਸ ਨੇ ਜ਼ਮੀਨ ਖਰੀਦਣ ਲਈ ਸਵਰਨ ਸਿੰਘ ਵੱਲੋਂ ਦਿੱਤੇ ਕਰੀਬ 4 ਕਰੋੜ ਰੁਪਏ ਤੇ ਉਸ ਦੇ ਇੱਕ ਹੋਰ ਕਰੀਬੀ ਰਿਸ਼ਤੇਦਾਰ ਦੇ ਡੇਢ ਕਰੋੜ ਰੁਪਏ ਵਾਪਸ ਕਰਨ ਤੋਂ ਟਲਦਿਆਂ ਇਸ ਕਤਲ ਦੀ ਸਾਜਿਸ਼ ਰਚੀ।

ਇਸ ਕੇਸ ‘ਚ ਮੁੱਖ ਸਾਜਿਸ਼ਕਾਰ ਜਗਤਾਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਨਰੈਣਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੂੰ ਬਨੂੜ ਟੈਕਸ ਬੈਰੀਅਰ ਤੋਂ ਗ੍ਰਿਫਤਾਰ ਕੀਤਾ। ਜਦੋਂਕਿ ਇਸ ਵੱਲੋਂ ਇਸ ਵਾਰਦਾਤ ਨੂੰ ਪੈਸੇ ਲੈ ਕੇ ਅੰਜਾਮ ਦੇਣ ਵਾਲੇ ਭਾੜੇ ਦੇ ਕਾਤਲਾਂ 32 ਸਾਲਾ ਤੇ 10ਵੀਂ ਪਾਸ ਸਤਵਿੰਦਰ ਸਿੰਘ ਉਰਫ ਸੱਤਾ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਪਿਲਖਣੀ ਜ਼ਿਲ੍ਹਾ ਅੰਬਾਲਾ ਤੇ ਡਿਪਲੋਮਾ ਮਕੈਨੀਕਲ ਇੰਜੀਨੀਅਰਿੰਗ 27 ਸਾਲਾ ਕਾਰਤਿਕ ਚੌਹਾਨ ਉੇਰਫ ਸਚਿਨ ਪੁੱਤਰ ਸੁਖਵੀਰ ਸਿੰਘ ਵਾਸੀ ਪਿੰਡ ਬੀਟਾ ਅੰਬਾਲਾ ਨੂੰ ਵਾਰਦਾਤ ਸਮੇਂ ਵਰਤੀ ਸਵਿਫਟ ਡਿਜਾਇਰ ਗੱਡੀ ਸਮੇਤ ਦਾਣਾ ਮੰਡੀ ਸਾਹਾ ਤੋਂ ਕਾਬੂ ਕੀਤਾ। ਜਦੋਂਕਿ ਇਨ੍ਹਾਂ ਦਾ ਤੀਜਾ ਸਾਥੀ 12ਵੀਂ ਪਾਸ 32 ਸਾਲਾ ਚਰਨ ਸਿੰਘ ਉਰਫ ਚੀਨੂੰ ਵਾਸੀ ਦੁਖੇੜੀ ਜ਼ਿਲ੍ਹਾ ਅੰਬਾਲਾ ਅਜੇ ਫ਼ਰਾਰ ਹੈ। ਪੁੱਛਗਿੱਛ ਤੋਂ ਪਤਾ ਲੱਗਾ ਕਿ ਜਗਤਾਰ ਸਿੰਘ ਨੂੰ ਸਵਰਨ ਸਿੰਘ ਸਾਲ 2008 ‘ਚ ਜਮੀਨ ਖਰੀਦਣ ਦੇ ਸਬੰਧ ‘ਚ ਮਿਲਿਆ ਸੀ ਤੇ ਉਸ ਨੇ ਸਵਰਨ ਸਿੰਘ ‘ਤੇ ਆਪਣਾ ਭਰੋਸਾ ਬਣਾ ਲਿਆ। ਉਸ ਨੂੰ ਨਰੈਣਾ ਪਿੰਡ ਵਿਖੇ ਹੀ ਜਮੀਨ ਖਰੀਦਣ ਲਈ ਰਾਜੀ ਕਰ ਲਿਆ। ਸਵਰਨ ਸਿੰਘ ਨੂੰ 20 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੀਬ 20 ਏਕੜ ਜਮੀਨ ਦਿਵਾਉਣ ਬਦਲੇ ਮੋਟੀ ਰਕਮ ਹਾਸਲ ਕਰ ਲਈ ਪਰ ਇਸ ‘ਚੋਂ 20 ਏਕੜ ਜਮੀਨ ਦੀ ਜਾਅਲੀ ਫਰਦ ਬਣਾਕੇ ਸਵਰਨ ਸਿੰਘ ਨੂੰ ਦੇ ਦਿੱਤੀ। ਜਦੋਂ ਕਿ ਸਵਰਨ ਸਿੰਘ ਦੇ ਰਿਸ਼ਤੇਦਾਰ ਹਰਬੰਸ ਸਿੰਘ, ਜੋਕਿ ਦਰੋਣਾਚਾਰੀਆ ਐਵਾਰਡੀ ਹੈ, ਨੂੰ ਵੀ ਕਰੀਬ 10-12 ਏਕੜ ਜਮੀਨ ਦਿਵਾਉਣ ਦੇ ਬਦਲੇ ਮੋਟੀ ਰਕਮ ਹਾਸਲ ਕਰਕੇ ਉਸ ਨੂੰ ਵੀ ਇੱਕ ਜਾਅਲੀ ਫਰਦ ਬਣਾਕੇ ਦੇ ਦਿੱਤੀ। ਜਦਕਿ ਅਸਲ ਵਿੱਚ ਸਿਰਫ 10 ਏਕੜ ਜਮੀਨ ਦੀ ਹੀ ਰਜਿਸਟਰੀ ਕਰਵਾਈ ਸੀ ਪਰੰਤੂ ਸਵਰਨ ਸਿੰਘ ਤੇ ਉਸਦੇ ਰਿਸ਼ਤੇਦਾਰਾਂ ‘ਤੇ ਭਰੋਸਾ ਬਣਾਉਣ ਲਈ ਜਗਤਾਰ ਸਿੰਘ ਨੇ ਉਹਨਾਂ ਨੂੰ ਕਰੀਬ 30-32 ਏਕੜ ਜਮੀਨ ਦਾ ਆਪਣੀ ਜਮੀਨ ਦੇ ਨਾਲ ਲੱਗਦਾ ਇੱਕ ਟੱਕ ਦਿਖਾ ਕੇ ਉਹ ਜਮੀਨ ਸਵਰਨ ਸਿੰਘ ਧਿਰ ਦੀ ਦੱਸਦਾ ਰਿਹਾ ਅਤੇ ਉਨ੍ਹਾਂ ‘ਤੇ ਭਰੋਸਾ ਬਣਾਉਣ ਲਈ 32 ਏਕੜ ਜਮੀਨ ਦੀ ਵਾਹੀ ਖੁਦ ਕਰਕੇ ਜਮੀਨ ਦਾ ਠੇਕਾ ਉਹਨਾਂ ਨੂੰ ਦਿੰਦਾ ਰਿਹਾ ਤਾਂ ਕਿ ਸਵਰਨ ਸਿੰਘ ਧਿਰ ਨੂੰ ਉਸ ਵੱਲੋਂ ਜਮੀਨ ਦੀ ਮਾਰੀ ਠੱਗੀ ਸਬੰਧੀ ਕੋਈ ਸ਼ੱਕ ਨਾ ਹੋਵੇ। ਉਨ੍ਹਾਂ ਦੱਸਿਆ ਕਿ ਦੋ-ਢਾਈ ਮਹੀਨੇ ਪਹਿਲਾਂ ਸਵਰਨ ਸਿੰਘ ਨੂੰ ਸ਼ੱਕ ਹੋਣਾ ਸ਼ੁਰੂ ਹੋ ਗਿਆ ਸੀ ਤੇ ਸਵਰਨ ਸਿੰਘ ਨੇ ਨਰੈਣਾ ਪਿੰਡ ਦੇ ਪਟਵਾਰੀ ਪਾਸੋਂ ਜਮੀਨ ਦੀ ਪੁੱਛ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਜਗਤਾਰ ਸਿੰਘ ਨੂੰ ਪਤਾ ਲੱਗਾ ਕਿ ਉਸ ਦਾ ਪਰਦਾਫਾਸ਼ ਹੋ ਰਿਹਾ ਹੈ ਤੇ ਉਸ ਵੱਲੋਂ ਲੱਖਾਂ ਕਰੋੜਾਂ ਦੀ ਮਾਰੀ ਠੱਗੀ ਜੱਗ ਜਾਹਰ ਹੋ ਜਾਵੇਗੀ ਤਾਂ ਉਸ ਨੇ ਸਵਰਨ ਸਿੰਘ ਦਾ ਕਤਲ ਕਰਨ ਦਾ ਮਨ ਬਣਾ ਲਿਆ ਤੇ ਆਪਣੇ ਦੂਰ ਦੇ ਰਿਸ਼ਤੇਦਾਰ ਸਤਵਿੰਦਰ ਸਿੰਘ ਉਰਫ ਸੱਤਾ ਵਾਸੀ ਪਿੰਡ ਪਿਲਖਣੀ, ਅੰਬਾਲਾ ਰਾਹੀਂ ਕਾਰਤਿਕ ਚੌਹਾਨ ਤੇ ਚਰਨ ਸਿੰਘ ਦਾ ਇੰਤਜਾਮ ਕੀਤਾ। ਜਗਤਾਰ ਸਿੰਘ ਨੇ ਭਾੜੇ ਦੇ ਕਾਤਲਾਂ ਨੂੰ ਪੱਕੀ ਇਤਲਾਹ ਦਿੱਤੀ ਤੇ 18 ਨਵੰਬਰ ਨੂੰ ਦਸਵੀਂ ਵਾਲੇ ਦਿਨ ਸਵਰਨ ਸਿੰਘ ਨੂੰ ਇਨ੍ਹਾਂ ਨੇ ਸਵਿਫਟ ਡਿਜਾਇਰ ਗੱਡੀ ‘ਤੇ ਜਾਅਲੀ ਨੰਬਰ ਲਗਾਕੇ ਸਵਰਨ ਸਿੰਘ ਨੂੰ ਘੇਰਾ ਪਾ ਕੇ ਕਾਰ ਦਾ ਸ਼ੀਸ਼ਾ ਖੁਲਵਾਕੇ ਉਸਦੇ ਡਰਾਈਵਿੰਗ ਸੀਟ ‘ਤੇ ਬੈਠੇ ਦੇ ਹੀ ਸਿਰ ਤੇ ਛਾਤੀ ਵਿੱਚ ਨੇੜਿਓਂ ਦੇਸੀ ਪਿਸਤੌਲ 32 ਬੋਰ ਨਾਲ 4 ਗੋਲੀਆਂ ਮਾਰਕੇ ਉਸ ਦਾ ਕਤਲ ਕਰ ਦਿੱਤਾ ਤੇ ਉਸਦੀ ਸਵਰਨ ਸਿੰਘ ਲਿਖੇ ਕਾਰ ਦੀ ਛੱਲੇ ਵਾਲੀ ਚਾਬੀ ਵੀ ਸਬੂਤ ਵਜੋਂ ਨਾਲ ਲੈ ਗਏ। ਐੱਸਐੱਸਪੀ ਨੇ ਦੱਸਿਆ ਕਿ ਇਸ ਕੇਸ ਨੂੰ ਹੱਲ ਕਰਨ ਵਾਲੀ ਟੀਮ ਦੀ ਅਗਵਾਈ ਉਨ੍ਹਾਂ ਨੇ ਖ਼ੁਦ ਕੀਤੀ ਤੇ ਇਸ ਦੀ ਨਿਗਰਾਨੀ ਐੱਸਪੀ ਜਾਂਚ ਮਨਜੀਤ ਸਿੰਘ ਬਰਾੜ ਕਰ ਰਹੇ ਸਨ। ਇਸ ਟੀਮ ‘ਚ ਡੀਐੱਸਪੀ ਰਾਜਪੁਰਾ ਕ੍ਰਿਸ਼ਨ ਕੁਮਾਰ ਪਾਂਥੇ, ਇੰਸਪੈਕਟਰ ਦਲਬੀਰ ਸਿੰਘ ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਤੇ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀਆਈਏ ਪਟਿਆਲਾ ਸ਼ਾਮਲ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।