ਸਾਬਕਾ ਫੌਜੀਆਂ ਵੱਲੋਂ ਜਨਰਲ ਜੇ ਜੇ ਸਿੰਘ ‘ਤੇ ਮਾੜੇ ਵਤੀਰੇ ਦਾ ਦੋਸ਼

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਥਾਨਕ ‘ਜੈ ਜਵਾਨ’ ਕਲੋਨੀ ਵਿਖੇ ਸਾਬਕਾ ਫੌਜੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਨਾਲ ਇੱਕ ਭਰਵੀਂ ਬੈਠਕ ਕੀਤੀ ਗਈ। ਇਸ ਬੈਠਕ ‘ਚ ਡਾ. ਬਲਬੀਰ ਸਿੰਘ ਵੱਲੋਂ ਸਾਬਕਾ ਫੌਜੀਆਂ (Ex-Servicemen) ਵੱਲੋਂ ਚੋਣਾਂ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।

ਮੀਟਿੰਗ ਦੌਰਾਨ ਸਾਬਕਾ ਫੌਜੀ ਹੌਲਦਾਰ ਲੱਖਾ ਸਿੰਘ, ਸੁਬੇਗ ਸਿੰਘ, ਰਕੇਸ਼ ਕੁਮਾਰ, ਸੂਬੇਦਾਰ ਸ਼ਿਗਾਰ ਸਿੰਘ, ਸੂਬੇਦਾਰ ਡੀ ਐਨ ਸਿੰਘ ਤੇ ਸੂਬੇਦਾਰ ਬਲਦੇਵ ਸਿੰਘ ਵੜੈਚ ਨੇ ਕਿਹਾ ਹਲਕਾ ਪਟਿਆਲਾ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਜਨਰਲ ਜੇ. ਜੇ. ਸਿੰਘ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਚੋਣਾਂ ਤੋਂ ਇੱਕ ਦਿਨ ਬਾਅਦ ਜੈ ਜਵਾਨ ਕਲੋਨੀ ਵਿਚ ਆਏ ਤੇ ਉਨ੍ਹਾਂ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ‘ਚ ਨਾ ਭੁਗਤਣ ਦਾ ਦੋਸ਼ ਲਗਾਉਂਦਿਆਂ ਸਾਬਕਾ ਫੌਜੀਆਂ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ। ਸਾਬਕਾ ਫੌਜੀਆਂ ਨੇ ਕਿਹਾ ਕਿ ਵੋਟ ਹਰ ਨਾਗਰਿਕ ਦਾ ਸੰਵਿਧਾਨਕ ਅਧਿਕਾਰ ਹੈ ਤੇ ਸੰਵਿਧਾਨ ਨਾਲ ਇਹ ਹੱਕ ਵੀ ਦਿੰਦਾ ਹੈ ਕਿ ਕੋਈ ਵੀ ਵਿਅਕਤੀ ਆਪਣੀ ਵੋਟ ਗੁਪਤ ਅਤੇ ਕਿਸੇ ਦੇ ਵੀ ਪੱਖ ਵਿਚ ਵਰਤ ਸਕਦਾ ਹੈ।

ਇਸ ਮੌਕੇ ਡਾ. ਬਲਬੀਰ ਸਿੰਘ ਨੇ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਐਕਸ ਸਰਵਿਸਮੈਨਾਂ ਨਾਲ ਕੀਤੇ ਇਸ ਅਭੱਦਰ ਵਤੀਰੇ ਦੀ ਨਿੰਦਾ ਕਰਦਿਆਂ ਕਿਹਾ ਕਿ ਚੋਣਾਂ ਇੱਕ ਸਿਧਾਂਤਕ ਲੜਾਈ ਹੁੰਦੀਆਂ ਹਨ ਨਾ ਕਿ ਵਿਅਕਤੀਗਤ ਰੰਜਸ਼। ਇਸ ਮੌਕੇ ਸਾਬਕਾ ਫੌਜੀਆਂ ਵੱਲੋਂ ਇੱਕ ਰਸਤੇ ‘ਤੇ ਲੱਗੇ ਗੇਟ ਸਬੰਧੀ ਮੰਗ ਬਾਰੇ ਦੱਸਦਿਆਂ ਡਾ. ਸਿੰਘ ਨੇ ਕਿਹਾ ਕਿ ਆਮ  ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਇਹ ਮਸਲਾ ਪਹਿਲ ਦੇ ਅਧਿਕਾਰ ‘ਤੇ ਵਿਚਾਰਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ, ਸੁਬੇਗ ਸਿੰਘ ਸੰਧੂ, ਜਗਤਾਰ ਸਿੰਘ ਗਰੇਵਾਲ, ਹਰਮੇਸ਼ ਸਿੰਘ ਜ਼ਖਮੀ, ਤੇਜਾ ਸਿੰਘ, ਸ਼ਿੰਗਾਰਾ ਸਿੰਘ, ਮਹਿੰਦਰ ਸਿੰਘ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ